ਰਾਵੀ ਦਾ ਪੁਲ

ਪਾਕਿਸਤਾਨੀ ਕਹਾਣੀਕਾਰਾ ਬੀਬੀ ਨਜ਼ਰ ਫਾਤਿਮਾ ਦੀ ਕਹਾਣੀ ‘ਰਾਵੀ ਦਾ ਪੁਲ’ ਸੱਚ ਜਾਪਦੀਆਂ ਕਥਾਵਾਂ ਨੂੰ ਸਿਰ ਪਰਨੇ ਕਰ ਸੁੱਟਦੀ ਹੈ। ਇਸ ਕਹਾਣੀ ਵਿਚ ਸਮਾਜ ਅੰਦਰ ਔਰਤ ਦੇ ਸਥਾਨ ਬਾਰੇ ਜਿਸ ਤਰ੍ਹਾਂ ਦੀ ਤਫਸੀਲ ਲੇਖਕਾ ਨੇ ਪਰੋਈ ਹੈ, ਉਹ ਕਹਾਣੀ ਦੀਆਂ ਪਰਤਾਂ ਖੁੱਲਦਿਆਂ-ਖੁੱਲ੍ਹਦਿਆਂ ਪਾਠਕ-ਮਨ ਉਤੇ ਵਦਾਣ ਵਾਂਗ ਵੱਜਦੀ ਪ੍ਰਤੀਤ ਹੋਣ ਲਗਦੀ ਹੈ। ਕਹਾਣੀ ਦੀ ਮੁੱਖ ਪਾਤਰ ਦੀ ਸ਼ਹਿਰ ਵਿਚੋਂ ਵਾਪਸੀ ਨਾਲ ਲੇਖਕਾ ਨੇ ਭਾਵੇਂ ਕਹਾਣੀ ਨੂੰ ਸੁਖਾਂਤਕ ਰੁਖ ਦੇ ਦਿੱਤਾ ਹੈ, ਪਰ ਉਸ ਨੇ ਇਸ ਵਿਚ ਵਿਰਾਟ ਦੁਖਾਂਤ ਦਾ ਬਿਰਤਾਂਤ ਬਾਖੂਬੀ ਸਿਰਜ ਦਿੱਤਾ ਹੈ।

-ਸੰਪਾਦਕ

ਨਜ਼ਰ ਫਾਤਿਮਾ
ਜਵਾਨੀ ਵਿਚ ਸਾਰਿਆਂ ਉਤੇ ਅਜਿਹੇ ਦਿਨ ਆਉਂਦੇ ਨੇ ਜਦੋਂ ਦਿਲ ਨੇਕੀਆਂ ਕਰਨ ਲਈ ਤੜਫਣ ਲੱਗ ਪੈਂਦਾ ਏ, ਜਦੋਂ ਆਪਣੀਆਂ ਤੇ ਆਲੇ-ਦੁਆਲੇ ਖਿੱਲਰੀਆਂ ਹੋਈਆਂ ਬੁਰਾਈਆਂ ਤੋਂ ਤੰਗ ਆ ਕੇ ਜੀਅ ਕਰਦਾ ਏ ਕਿਸੇ ਅਜਿਹੇ ਥਾਂ ਜਾ ਵਸੀਏ ਜਿੱਥੇ ਨਿਜੀ ਸਕੂਲ, ਸ਼ਰਾਫਤ ਤੇ ਸਾਦਗੀ ਹੋਵੇ।
ਇਹੋ ਮੂਡ ਫਰਮੀ ਉਤੇ ਆਪਣੇ ਗੁਲਬਰਗ ਦੇ ਬੰਗਲੇ ਵਿਚ ਬੈਠਿਆਂ ਤਾਰੀ ਹੋ ਗਿਆ। ਇਹ ਲੰਮੀਆਂ ਛੁੱਟੀਆਂ ਵੀ ਮੁਸੀਬਤ ਹੁੰਦੀਆਂ ਨੇ। ਮੱਰੀ ਗਈ ਸੀ, ਉਥੇ ਬਾਰਸ਼ਾਂ ਤੋਂ ਤੰਗ ਆ ਕੇ ਲਾਹੌਰ ਵਾਪਸ ਆ ਗਈ। ਹੁਣ ਆਪਣੀ ਤੇ ਆਪਣੇ ਆਂਢ-ਗੁਆਂਢ ਨੂੰ ਵੇਖੋ। ਸਾਰਾ ਦਿਨ ਸਕੂਟਰਾਂ ‘ਤੇ ਚੜ੍ਹ ਸੀਟੀਆਂ ਵਜਾਂਦੇ ਫਿਰਦੇ ਨੇ। ਫਰਮੀ ਦੀ ਆਪਣੀ ਜ਼ਿੰਦਗੀ ਕੀ ਸੀ? ਪੱਕੀ ਪਕਾਈ ਖਾ ਲਈ ਤੇ ਰਸਾਲੇ ਪੜ੍ਹਦੇ ਰਹੇ।
ਅੱਜ ਇਕ ਰਸਾਲੇ ਵਿਚ ਉਹਨੂੰ ਅਫਸਾਨਾ ਨਜ਼ਰੀਂ ਪਿਆ ਜਿਦ੍ਹਾ ਸਿਰਨਾਵਾਂ ਸੀ ‘ਜੰਨਤ-ਅਰਜ਼ੀ ਯਾਨਿ ਧਰਤੀ ਉਤੇ ਜੰਨਤ।’ ਇਸ ਅਫਸਾਨੇ ਵਿਚ ਦਿਹਾਤੀ ਜ਼ਿੰਦਗੀ ਦਾ ਨਕਸ਼ਾ ਅਜਿਹੇ ਮਨਖਿੱਚਵੇਂ ਤਰੀਕੇ ਨਾਲ ਬਣਾਇਆ ਗਿਆ ਸੀ ਕਿ ਫਰਮੀ ਤਾਂ ਪੜ੍ਹ ਕੇ ਝੂਮਣ ਲੱਗ ਪਈ।
ਲਿਖਣ ਵਾਲਾ ਤਾਂ ਲਾਹੌਰ ਦਾ ਰਹਿਣ ਵਾਲਾ ਸੀ, ਪਰ ਉਸ ਨੇ ਅਫਸਾਨਾ ਦਿਹਾਤੀ ਜ਼ਿੰਦਗੀ ਨੂੰ ਬਹੁਤ ਨੇੜਿਉਂ ਵੇਖ ਕੇ ਲਿਖਿਆ ਸੀ। ਇਸ ਕਹਾਣੀ ਵਿਚ ਸਰੋਂ ਦੀਆਂ ਪੈਲੀਆਂ ਦੀ ਨਿੰਮ੍ਹੀ ਨਿੰਮ੍ਹੀ ਖੁਸ਼ਬੋ ਵੱਸੀ ਹੋਈ ਸੀ ਤੇ ਪਿੰਡ ਦੀਆਂ ਅੱਲੜ੍ਹ ਮੁਟਿਆਰਾਂ ਦੇ ਹਾਸੇ ਪਏ ਗੂੰਜਦੇ ਸਨ, ਪਰ ਸਭ ਤੋਂ ਸ਼ਾਨਦਾਰ ਉਨ੍ਹਾਂ ਗੈਰਤਮੰਦ ਜੁਆਨਾਂ ਦਾ ਜ਼ਿਕਰ ਕੀਤਾ ਸੀ ਜਿਹੜੇ ਇੱਜਤ ਪਿੱਛੇ ਪਹਾੜਾਂ ਨਾਲ ਟਕਰਾ ਜਾਂਦੇ ਨੇ। ਜਦੋਂ ਫਰਮੀ ਨੇ ਇਹ ਲਫਜ਼ ਪੜ੍ਹੇ, ‘ਦਿਹਾਤ ਵਿਚ ਔਰਤ ਆਜ਼ਾਦ ਏ, ਤੇ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਏ। ਉਥੋਂ ਦੇ ਘਰ ਰਾਫਤ, ਗੈਰਤ ਤੇ ਮਾਮੀਅਤ ਦੇ ਪੰਘੂੜੇ ਨੇ’, ਤਾਂ ਉਸ ਨੇ ਪੱਕਾ ਇਰਾਦਾ ਕਰ ਲਿਆ ਕਿ ਸਦੀਕ ਮਾਮਾ ਜੀ ਨਾਲ ਉਨ੍ਹਾਂ ਦੇ ਪਿੰਡ ਜਾਣਾ ਏ ਤੇ ਅੱਜ ਈ ਜਾਣਾ ਏਂ। ਉਹਨੇ ਸਾਰਾ ਮਨਸੂਬਾ ਤਿਆਰ ਕਰ ਲਿਆ। ਇਹ ਡਾਇਰੀ ਤੇ ਦੋ ਤਿੰਨ ਪੈਨਸਿਲਾਂ ਲੈ ਕੇ ਚਲੀ ਜਾਵਾਂਗੀ, ਕੁਝ ਫੋਟੋ ਲਵਾਂਗੀ। ਕੁਝ ਅੱਲੜ੍ਹ ਮੁਟਿਆਰਾਂ ਦੇ ਇੰਟਰਵਿਊ ਹੋ ਜਾਣਗੇ ਤੇ ਕਾਲਜ ਮੈਗਜ਼ੀਨ ਲਈ ਬੜੀ ਸ਼ਾਨਦਾਰ ਸਰਵੇ ਰਿਪੋਰਟ ਤਿਆਰ ਹੋ ਜਾਵੇਗੀ।
ਉਹਨੇ ਜਾ ਕੇ ਮਾਂ ਨੂੰ ਪੁੱਛਿਆ, “ਸਦੀਕ ਮਾਮਾ ਜੀ ਚਲੇ ਤੇ ਨਹੀਂ ਗਏ।”
ਮਾਂ ਕਹਿਣ ਲੱਗੀ, “ਨਹੀਂ, ਅਜੇ ਤਾਂ ਉਹਦਾ ਸੂਟਕੇਸ ਇਥੇ ਈ ਪਿਆ ਏ।”
ਫਰਮੀ ਕਹਿਣ ਲੱਗੀ, “ਮੈਂ ਉਨ੍ਹਾਂ ਨਾਲ ਪਿੰਡ ਜਾਵਾਂਗੀ।”
“ਉਹ ਕਾਹਦੇ ਲਈ ਧੀਏ?”
“ਮੈਂ ਕਾਲਜ ਮੈਗਜ਼ੀਨ ਲਈ ਸਰਵੇ ਰਿਪੋਰਟ ਲਿਖਣੀ ਏਂ।” ਫਰਮੀ ਨੇ ਜੁਆਬ ਦਿੱਤਾ।
“ਪਿੰਡਾਂ ਦੀ ਜ਼ਿੰਦਗੀ ਬਾਰੇ ਰਿਪੋਰਟ!”
ਇੰਨੇ ਨੂੰ ਸਦੀਕ ਵੀ ਆ ਗਿਆ। ਸਦੀਕ ਫਰਮੀ ਦੀ ਮਾਂ ਦਾ ਦੂਰ ਦਾ ਰਿਸ਼ਤੇਦਾਰ ਸੀ। ਜਦੋਂ ਲਾਹੌਰ ਆਉਂਦਾ, ਇਨ੍ਹਾਂ ਦੇ ਬੰਗਲੇ ਵਿਚ ਰਾਤ ਰਹਿੰਦਾ ਤੇ ਸਵੇਰੇ ਜਾਣ ਲੱਗਾ ਸਾਰੇ ਟੱਬਰਾਂ ਨੂੰ ਪਿੰਡ ਆਉਣ ਦੀ ਦਾਅਵਤ ਦੇ ਜਾਂਦਾ। ਪਿਛਲੇ ਵੀਹਾਂ ਵਰ੍ਹਿਆਂ ਵਿਚ ਕਿਸੇ ਨੇ ਵੀ ਉਹਦੀ ਦਾਅਵਤ ਨਹੀਂ ਸੀ ਮੰਨੀ, ਪਰ ਅੱਜ ਫਰਮੀ ਆਪ ਈ ਤਿਆਰ ਹੋ ਗਈ ਸੀ।
ਮਾਂ ਕਹਿਣ ਲੱਗੀ, “ਜੇ ਇਹਦਾ ਪਿੰਡ ਵਿਚ ਜੀਅ ਨਾ ਲੱਗਾ?
ਸਦੀਕ ਕਹਿਣ ਲੱਗਾ, “ਬੂਹੇ ਅੱਗੇ ਬੱਸਾਂ ਦਾ ਅੱਡਾ ਏ। ਜਦੋਂ ਜੀਅ ਕਰੇਗਾ, ਵਾਪਸ ਆ ਜਾਏਗੀ।”
ਫਰਮੀ ਖੁਸ਼ੀ ਖੁਸ਼ੀ ਸਦੀਕ ਨਾਲ ਚਲੀ ਗਈ ਤੇ ਸ਼ਾਮ ਤੀਕਰ ਦੋਵੇਂ ਪਿੰਡ ਪਹੁੰਚ ਗਏ।
ਅਗਲੇ ਦਿਨ ਸਵੇਰੇ ਫਰਮੀ ਦੀ ਅੱਖ ਕੁਕੜੀਆਂ ਦੀ ਕੁੜ ਕੁੜ ਨਾਲ ਖੁੱਲ੍ਹੀ। ਮਾਮੀ ਨੇ ਉਹਦੇ ਲਈ ਆਂਡਾ ਤੇ ਪਰੌਂਠਾ ਪਕਾਇਆ। ਰੋਟੀ ਖਾਂਦਿਆਂ ਫਰਮੀ ਪਈ ਸੋਚਦੀ ਸੀ, ਪਈ ਖੇਤਾਂ ਵਿਚ ਕੰਮ ਕਰਦੀਆਂ ਔਰਤਾਂ ਦਾ ਇੰਟਰਵਿਊ ਕਿਸ ਤਰ੍ਹਾਂ ਲਿਆ ਜਾਵੇ? ਉਹਨੇ ਸੋਚਿਆ, ਕੈਮਰਾ ਤੇ ਡਾਇਰੀ ਲੈ ਕੇ ਖੇਤਾਂ ਵਿਚ ਚਲੀ ਜਾਨੀ ਆਂ; ਫਿਰ ਮਾਮੀ ਨੂੰ ਕਹਿਣ ਲੱਗੀ, “ਮਾਮੀ ਜੀ, ਜਦੋਂ ਤੁਸੀਂ ਰੋਟੀ ਲੈ ਕੇ ਪੈਲੀਆਂ ਵਿਚ ਜਾਉਗੇ ਤਾਂ ਮੈਨੂੰ ਵੀ ਨਾਲ ਲੈ ਚੱਲਣਾ। ਮੈਂ ਪੈਲੀਆਂ ਵੇਖਣੀਆਂ ਨੇ।”
ਮਾਮੀ ਕਹਿਣ ਲੱਗੀ, “ਅਸੀਂ ਤੇ ਕਦੀ ਘਰੋਂ ਈ ਨਹੀਂ ਨਿਕਲੇ। ਪੈਲੀਆਂ ਵਿਚ ਰੋਟੀ ਲੈ ਜਾਣ ਦਾ ਕੰਮ ਤਾਂ ਸਾਡੇ ਕਾਮੇ ਦੀ ਜ਼ਨਾਨੀ ਕਰਦੀ ਏ ਜਾਂ ਫਿਰ ਜਦੋਂ ਬਹੁਤ ਸਾਰੇ ਕੰਮੀਂ ਖੇਤਾਂ ਵਿਚ ਕੰਮ ਰਕਦੇ ਹੋਣ ਤਾਂ ਪਿੰਡ ਦੀਆਂ ਸਾਰੀਆਂ ਮੋਚਣਾਂ, ਮਰਾਸਣਾਂ ਤੇ ਤੀਕਣਾਂ ਆਪਣੇ ਮਰਦਾਂ ਲਈ ਰੋਟੀ ਲੈ ਕੇ ਜਾਂਦੀਆਂ ਨੇ। ਜੇ ਤੂੰ ਪੈਲੀਆਂ ਵੇਖਣੀਆਂ ਨੇ ਤਾਂ ਥੋੜ੍ਹੇ ਦਿਨ ਸਾਹ ਲੈ, ਸਾਡੀ ਗੱਡ ਲਾਇਲਪੁਰੋਂ ਆ ਜਾਂਦੀ ਏ ਤੇ ਉਹਦੇ ਉਤੇ ਬਹਿ ਕੇ ਚਲੀ ਚੱਲੀਂ। ਤੈਨੂੰ ਆਪਣਾ ਟਿੰਡਾਂ ਵਾਲਾ ਖੂਹ ਵਿਖਾ ਕੇ ਲਿਆਵਾਂਗੇ। ਅਸੀਂ ਘਰੋਂ ਨਹੀਂ ਨਿਕਲਣਾ। ਅਸੀਂ ਕੋਈ ਕੰਮੀ ਆਂ?”
ਉਦੋਂ ਸਦੀਕ ਆ ਗਿਆ। ਪੁੱਛਣ ਲੱਗਾ, “ਕੀ ਝਗੜਾ ਏ?”
ਮਾਮੀ ਕਹਿਣ ਲੱਗੀ, “ਤੇਰੀ ਭਣੇਵੀਂ ਕਹਿੰਦੀ ਏ, ਪੈਲੀਆਂ ਵੇਖਣੀਆਂ ਨੇ।”
ਸਦੀਕ ਕਹਿਣ ਲੱਗਾ, “ਕੀ ਡਰ ਏ, ਪੈਲੀਆਂ ਵੇਖ ਆਏ। ਤੂੰ ਇਹਨੂੰ ਬੁਰਕਾ ਦੇ ਦੇ। ਆਇਸ਼ਾ ਨੈਣ ਨੂੰ ਆਖ, ਇਹਨੂੰ ਫਿਰਾ ਲਿਆਏ।”
ਫਰਮੀ ਨੇ ਆਪਣੀ ਮਾਮੀ ਦਾ ਵੀਹ ਗਜ਼ ਦਾ ਚਿੱਟਾ ਬੁਰਕਾ ਪਾ ਲਿਆ ਤੇ ਆਇਸ਼ਾ ਨੈਣ ਨਾਲ ਪੈਲੀਆਂ ਵੇਖਣ ਚਲੀ ਗਈ। ਕੁਝ ਤੇ ਬੁਰਕੇ ਦਾ ਭਾਰ, ਕੁਝ ਧੁੱਪ ਤੇ ਉਤੋਂ ਪੈਲੀਆਂ ਦੀ ਹਮਕ। ਫਰਮੀ ਨੂੰ ਚੱਕਰ ਆ ਗਿਆ।
“ਐਨੀ ਬੂ ਕਿਉਂ ਏ ਇਥੇ?” ਫਰਮੀ ਨੇ ਪੁੱਛਿਆ।
ਆਇਸ਼ਾ ਕਹਿਣ ਲੱਗੀ, “ਪਿੰਡ ਦੇ ਨੇੜੇ ਦੀਆਂ ਪੈਲੀਆਂ ਵਿਚ ਤੇ ਬਦਬੂ ਹੁੰਦੀ ਈ ਏ।”
ਫਰਮੀ ਨੇ ਦੋ ਤਿੰਨ ਗਜ਼ ਬੁਰਕਾ ਹੱਥ ਦੁਆਲੇ ਵਲ੍ਹੇਟ ਕੇ ਨੱਕ ਅੱਗੇ ਕਰ ਲਿਆ। ਥੋੜ੍ਹੀ ਦੇਰ ਵਿਚ ਪਸੀਨਾ ਪਸੀਨਾ ਹੋ ਕੇ ਆਇਸ਼ਾ ਨੂੰ ਕਹਿਣ ਲੱਗੀ, “ਚੱਲ ਘਰ।” ਵਾਪਸ ਪਹੁੰਚੀ ਤਾਂ ਮਾਮੀ ਨੇ ਆਖਿਆ, “ਥੱਕ ਗਈ ਏਂ ਪੁੱਤਰ। ਚੁਬਾਰੇ ਵਿਚ ਜਾ ਕੇ ਲੰਮੀ ਪੈ ਜਾ। ਆਇਸ਼ਾ, ਜ਼ਰਾ ਬੀਬੀ ਦੇ ਪੈਰ ਘੁੱਟ ਦੇ।”
ਚੁਬਾਰੇ ਵਿਚ ਫਰਮੀ ਦੇ ਪੈਰ ਘੁੱਟਦਿਆਂ ਆਇਸ਼ਾ ਨੇ ਸਾਹਮਣੇ ਪੱਕੀ ਹਵੇਲੀ ਵੱਲ ਤੱਕਿਆ ਤੇ ਹੱਸ ਪਈ। ਫਰਮੀ ਨੇ ਸਿਰ ਉਚਾ ਕਰ ਕੇ ਵੇਖਿਆ। ਬਾਰਾਂ ਚੌਦਾਂ ਵਰ੍ਹਿਆਂ ਦੀ ਕੁੜੀ ਲਾਇਲੋਨ ਦਾ ਹਰਾ ਦੁਪੱਟਾ ਹੱਥ ਵਿਚ ਫੜੀ ਪੌੜੀਆਂ ਪਈ ਉਤਰਦੀ ਸੀ। ਆਇਸ਼ਾ ਕਹਿਣ ਲੱਗੀ, “ਇਹ ਇਹਨੂੰ ਸ਼ਾਹਣੀ ਕੋਲੋਂ ਮਿਲਿਆ ਏ।”
“ਸ਼ਾਹਣੀ ਕੌਣ ਏ?”
“ਸ਼ਾਹ ਜੀ ਦੀ ਘਰਵਾਲੀ। ਇਸ ਪਿੰਡ ਦੇ ਦੁਆਲੇ ਸਾਰੀ ਜ਼ਮੀਨ ਸ਼ਾਹ ਜੀ ਦੀ ਏ।”
“ਦੁਪੱਟਾ ਕਾਹਦਾ ਦਿੱਤਾ ਏ ਉਹਨੇ?”
“ਇਹ ਕੁੜੀਆਂ-ਚਿੜੀਆਂ ਆ ਕੇ ਸ਼ਾਹ ਜੀ ਨੂੰ ਖੁਸ਼ ਕਰਦੀਆਂ ਨੇ, ਤੇ ਸ਼ਾਹਣੀ ਕੁੜੀਆਂ ਨੂੰ ਖੁਸ਼ ਕਰਦੀ ਏ। ਕਿਸੇ ਨੂੰ ਦੁਪੱਟਾ ਦਿੱਤਾ, ਕਿਸੇ ਨੂੰ ਚੂੜੀਆਂ ਤੇ ਕਿਸੇ ਨੂੰ ਮਠਿਆਈ।”
ਫਰਮੀ ਉਠ ਕੇ ਬਹਿ ਗਈ। “ਪਰ ਪਿੰਡਾਂ ਦੀਆਂ ਔਰਤਾਂ ਬੜੀਆਂ ਗੈਰਤ ਵਾਲੀਆਂ ਹੁੰਦੀਆਂ ਨੇ।” ਉਹਨੇ ਆਖਿਆ।
ਆਇਸ਼ਾ ਕਹਿਣ ਲੱਗੀ, “ਪਹਿਲਾਂ ਸ਼ਾਹਣੀ ਵੀ ਬੜੀ ਗੈਰਤ ਵਾਲੀ ਸੀ। ਇਹਦੇ ਆਵਣ ਤੋਂ ਪਹਿਲਾਂ ਪਿੰਡ ਦੀਆਂ ਕੁੜੀਆਂ ਈ ਸ਼ਾਹ ਜੀ ਦੇ ਘਰ ਦਾ ਕੰਮ-ਧੰਦਾ ਕਰਦੀਆਂ ਸਨ, ਪਰ ਜਦੋਂ ਇਹ ਆਈ ਤਾਂ ਇਹਨੇ ਕੁੜੀਆਂ ਦਾ ਘਰ ਵਿਚ ਆਉਣਾ ਬੰਦ ਕਰ ਦਿੱਤਾ ਤੇ ਬੂਹੇ ਦੀ ਕੁੰਡੀ ਮਾਰ ਦਿੱਤੀ। ਸ਼ਾਹ ਜੀ ਨੂੰ ਬੜਾ ਵੱਟ ਚੜ੍ਹਿਆ। ਪਹਿਲਾਂ ਤੇ ਉਨ੍ਹਾਂ ਝਾੜਿਆ-ਝੱਬਿਆ, ਗਾਲ-ਮੰਦਾ ਕੀਤਾ, ਪਰ ਜਦੋਂ ਇਹਨੇ ਫਿਰ ਵੀ ਕੁੜੀਆਂ ਲਈ ਬੂਹਾ ਨਾ ਖੋਲ੍ਹਿਆ ਤਾਂ ਸ਼ਾਹ ਜੀ ਨੇ ਇਹਨੂੰ ਡੰਡਿਆਂ ਨਾਲ ਮਾਰਿਆ ਤੇ ਇਹਨੂੰ ਪਸਾਰ ਵਿਚ ਸੁੱਟ ਕੇ ਬਾਹਰੋਂ ਕੁੰਡੀ ਮਾਰ ਦਿੱਤੀ। ਸ਼ਾਮ ਨੂੰ ਸ਼ਾਹ ਜੀ ਮੈਨੂੰ ਕਹਿਣ ਲੱਗੇ, “ਜ਼ਰਾ ਅੰਦਰ ਜਾ ਕੇ ਵੇਖ, ਉਹਦਾ ਦਿਮਾਗ ਅਜੇ ਠੀਕ ਹੋਇਆ ਕਿ ਨਹੀਂ?” ਮੈਂ ਬੂਹਾ ਖੋਲ੍ਹਿਆ ਤੇ ਸ਼ਾਹਣੀ ਦਾ ਹਾਲ ਪੁੱਛਿਆ। ਕਹਿਣ ਲੱਗੀ, ‘ਸ਼ਾਹ ਜੀ ਚਾਹੁੰਦੇ ਨੇ ਕਿ ਮੈਂ ਗੁਨਾਹ ਕਰਨ ਵਿਚ ਉਨ੍ਹਾਂ ਦੀ ਸ਼ਰੀਕ ਬਣ ਜਾਵਾਂ, ਪਰ ਮੈਥੋਂ ਇਹ ਕੰਮ ਨਹੀਂ ਹੋਣਾ। ਇਹ ਹਯਾਤੀ ਚੰਦ ਰੋਜ਼ ਏ, ਆਖਰਤ ਹਮੇਸ਼ਾ ਰਹਿਣੀ ਏ। ਮੈਂ ਦੁਨੀਆਂ ਵਾਸਤੇ ਆਖਰਤ ਖਰਾਬ ਨਹੀਂ ਕਰਨੀ।’æææ ਮੈਂ ਬਾਹਰ ਆ ਕੇ ਸ਼ਾਹ ਜੀ ਨੂੰ ਸਮਝਾਇਆ, ਪਈ ਤੁਹਾਡੀ ਵਹੁਟੀ ਨੂੰ ਤੇ ਆਖ਼ਰਤ ਦੀ ਫਿਕਰ ਪਈ ਹੋਈ ਏ। ਉਹ ਕਹਿਣ ਲੱਗਾ, ‘ਮੈਂ ਇਹਦਾ ਇੰਤਜ਼ਾਮ ਕਰ ਲਾਂਗ।’ ਅਸਲ ਵਿਚ ਸ਼ਾਹ ਜੀ ਬਹੁਤ ਪੜ੍ਹੇ-ਲਿਖੇ ਆਦਮੀ ਨੇ। ਸਕੂਲ ਦਾ ਵੱਡਾ ਮਾਸਟਰ ਏ ਨਾ? ਉਹਦੇ ਨਾਲੋਂ ਵੀ ਬਹੁਤ ਪੜ੍ਹੇ ਹੋਏ ਨੇ।æææ ਉਨ੍ਹਾਂ ਸ਼ਾਹਣੀ ਨੂੰ ਸਮਝਾਇਆ, ਪਈ ਕਿਤਾਬਾਂ ਵਿਚ ਲਿਖਿਆ ਏ, ਸ਼ੌਹਰ ਦਾ ਦਰਜਾ ਖੁਦਾ ਦੇ ਬਰਾਬਰ ਹੁੰਦਾ ਏ। ਜੇ ਕੋਈ ਔਰਤ ਆਪਣੇ ਸ਼ੌਹਰ ਨੂੰ ਖੁਸ਼ ਕਰਨ ਲਈ ਇਕ ਗੁਨਾਹ ਕਰੇ ਤਾਂ ਫਰਿਸ਼ਤੇ ਉਹਦੇ ਨਾਂ ਦੇ ਅੱਗੇ ਦਸ ਨੇਕੀਆਂ ਲਿਖ ਦਿੰਦੇ ਨੇ; ਤੇ ਜੇ ਕੋਈ ਜ਼ਨਾਨੀ ਆਪਣੇ ਸ਼ੌਹਰ ਦੀ ਖੁਸ਼ੀ ਲਈ ਸੌ ਗੁਨਾਹ ਕਰੇ ਤਾਂ ਉਹਨੂੰ ਸੱਤਰ ਹਜ਼ਾਰ ਨੇਕੀਆਂ ਦਾ ਜਵਾਬ ਮਿਲਦਾ ਏ। ਇਹ ਗੱਲ ਸ਼ਾਹਣੀ ਦੀ ਸਮਝ ਵਿਚ ਆ ਗਈ, ਤੇ ਹੁਣ ਉਹ ਹਰ ਵੇਲੇ ਨੇਕੀਆਂ ਈ ਕਮਾਂਦੀ ਰਹਿੰਦੀ ਏ।”
ਫਰਮੀ ਕਹਿਣ ਲੱਗੀ, “ਕੁੜੀਆਂ ਦੀਆਂ ਮਾਂਵਾਂ ਨਹੀਂ ਮੋੜਦੀਆਂ?”
ਆਇਸ਼ਾ ਕਹਿਣ ਲੱਗੀ, “ਉਹ ਤੇ ਧੀਆਂ ਨੂੰ ਸਬਕ ਪੜ੍ਹਨ ਲਈ ਸ਼ਾਹਣੀ ਕੋਲ ਘੱਲਦੀਆਂ ਨੇ। ਉਨ੍ਹਾਂ ਨੂੰ ਵਿਚ ਦਾ ਹਾਲ ਕੀ ਪਤਾ ਏ?”
ਫਰਮੀ ਫਿਰ ਕਹਿਣ ਲੱਗੀ, “ਪਰ ਕੁੜੀਆਂ ਆਪ ਸ਼ਿਕਾਇਤ ਕਰ ਦੇਣ।”
ਆਇਸ਼ਾ ਕਹਿਣ ਲੱਗੀ, “ਕਾਹਨੂੰ ਸ਼ਿਕਾਇਤ ਕਰ ਦੇਣ? ਗਰੀਬਾਂ ਦੀਆਂ ਧੀਆਂ ਨੇ, ਆਪਣੇ ਘਰਾਂ ਵਿਚ ਇਨ੍ਹਾਂ ਨੂੰ ਅਣ-ਤੜਕੀ ਦਾਲ ਮਿਲਦੀ ਏ, ਤੇ ਸ਼ਾਹ ਜੀ ਦੇ ਘਰ ਕੁੱਕੜ ਪੱਕਦੇ ਨੇ। ਆਪਣਿਆਂ ਘਰਾਂ ਵਿਚ ਇਨ੍ਹਾਂ ਨੂੰ ਮਲਮਲ ਦਾ ਦੁਪੱਟਾ ਵੀ ਨਹੀਂ ਜੁੜ ਸਕਦਾ, ਤੇ ਸ਼ਾਹਣੀ ਨਾਇਲੋਨ ਦੇ ਦੁਪੱਟੇ ਦਿੰਦੀ ਏ। ਉਨ੍ਹਾਂ ਨੂੰ ਕਾਹਦੀ ਤਕਲੀਫ ਏ ਜੋ ਸ਼ਿਕਾਇਤ ਕਰਨ।”
ਫਰਮੀ ਬੋਲੀ, “ਪਰ ਇਨ੍ਹਾਂ ਦੇ ਭਰਾ, ਪਿਓ, ਕਿਸੇ ਨੂੰ ਗੈਰਤ ਨਹੀਂ ਆਉਂਦੀ? ਥਾਣੇ ਵਿਚ ਜਾ ਕੇ ਰਿਪੋਰਟ ਕਰ ਦੇਣ।”
ਆਇਸ਼ਾ ਹੱਸ ਪਈ, “ਦੋਵੇਂ ਥਾਣੇਦਾਰ ਸ਼ਾਹ ਜੀ ਦੇ ਪੱਕੇ ਯਾਰ ਨੇ। ਜਿਹੜਾ ਰਪਟ ਲੈ ਕੇ ਜਾਵੇਗਾ, ਉਹਦੀ ਆਪਣੀ ਰਪਟ ਹੋ ਜਾਵੇਗੀ।” ਫਿਰ ਆਇਸ਼ਾ ਨੇ ਫਰਮੀ ਦਾ ਮੋਢਾ ਹਿਲਾ ਕੇ ਆਖਿਆ, “ਇਹਦੀ ਕੀ ਲੋੜ ਏ? ਕਿਸੇ ਦਾ ਕੀ ਪਿਆ ਜਾਂਦਾ ਏ, ਸ਼ਾਹ ਜੀ ਦਾ ਦਿਲ ਖੁਸ਼ ਰਹਿੰਦਾ ਏ। ਸ਼ਾਹਣੀ ਦੀ ਆਖਰਤ ਪਈ ਬਣਦੀ ਏ। ਗਰੀਬਾਂ ਦੀਆਂ ਧੀਆਂ ਨੂੰ ਖਾਣ-ਹੰਢਾਣ ਨੂੰ ਪਿਆ ਮਿਲਦਾ ਏ ਤੇ ਸਾਡੇ ਜਿਹੀਆਂ ਦੀਆਂ ਰੋਜ਼ੀ ਪਈ ਚਲਦੀ ਏ। ਦੱਸ ਖਾਂ?” ਉਹਨੇ ਫਿਰ ਫਰਮੀ ਦਾ ਮੋਢਾ ਫੜ ਕੇ ਹਿਲਾਇਆ, “ਨੁਕਸਾਨ ਕੀਹਦਾ ਏ?”
ਆਇਸ਼ਾ ਦਾ ਫਲਸਫਾ ਏਡਾ ਡੂੰਘਾ ਸੀ, ਪਈ ਫਰਮੀ ਕੋਈ ਜਵਾਬ ਨਾ ਸੋਚ ਸਕੀ। ਆਇਸ਼ਾ ‘ਮੈਂ ਕੱਲ੍ਹ ਫਿਰ ਆਵਾਂਗੀ’ ਆਖ ਕੇ ਆਪਣੇ ਸਲੀਪਰ ਘਸੀਟਦੀਆਂ ਪੌੜੀਆਂ ਉਤਰ ਗਈ।
ਫਰਮੀ ਨੇ ਆਪਣੀ ਡਾਇਰੀ ਵਿਚ ਇਕ ਫਿਕਰਾ ਲਿਖਿਆ, “ਦਿਹਾਤ ਵਿਚ ਸਿਰਫ ਉਹ ਔਰਤਾਂ ਆਜ਼ਾਦ ਨੇ ਜਿਨ੍ਹਾਂ ਦੇ ਕੱਪੜਿਆਂ ਦੀਆਂ ਲੀਰਾਂ ਤੇ ਮਿੱਟੀ ਦਾ ਰੰਗ ਇਕੋ ਹੋਵੇ।”
ਉਹਨੇ ਹੋਰ ਕੁਝ ਲਿਖਣ ਦੀ ਕੋਸ਼ਿਸ਼ ਕੀਤੀ, ਪਰ ਆਇਸ਼ਾ ਦੀਆਂ ਗੱਲਾਂ ਨਾਲ ਉਹਦੇ ਦਿਮਾਗ ‘ਤੇ ਪਹੀਆ ਜਿਹਾ ਫਿਰਨ ਲੱਗ ਪਿਆ ਸੀ। ਉਹ ਇਕ ਗੱਲ ਸੋਚਦੀ ਤਾਂ ਦੂਜੀ ਸਾਹਮਣੇ ਆ ਜਾਂਦੀ ਸੀ। ਦੂਜੀ ਸੋਚਦੀ ਤਾਂ ਫੇਰ ਪਹਿਲੀ। ਹਾਰ ਕੇ ਉਹਨੇ ਡਾਇਰੀ ਤਕੀਏ ਥੱਲੇ ਧਰ ਦਿੱਤੀ ਤੇ ਲੰਮੀ ਪੈ ਗਈ। ਜੰਨਤ-ਅਰਜ਼ੀ ਜਿੱਥੇ ਔਰਤ ਆਜ਼ਾਦ ਏ! ਪਰ ਉਹ ਜੰਨਤ ਹੈ ਕਿੱਥੇ? ਸੋਚਦੀ ਸੋਚਦੀ ਫਰਮੀ ਸੌਂ ਗਈ।
ਅਗਲੇ ਦਿਨ ਦੁਪਹਿਰ ਦੀ ਰੋਟੀ ਖਾ ਕੇ ਫਰਮੀ ਚੁਬਾਰੇ ਵਿਚ ਲੇਟੀ ਪੜ੍ਹੇ ਹੋਏ ਅਖਬਾਰ ਨੂੰ ਫਿਰ ਪਈ ਪੜ੍ਹਦੀ ਸੀ ਕਿ ਆਇਸ਼ਾ ਆ ਗਈ। ਪਹਿਲਾਂ ਤਾਂ ਫਰਮੀ ਦੇ ਪੈਰ ਘੁਟਦੀ ਰਹੀ, ਫਿਰ ਕਹਿਣ ਲੱਗੀ, “ਬੀਬੀ ਜੀ, ਸ਼ਾਹਣੀ ਨੇ ਤੈਨੂੰ ਅੱਜ ਦੀ ਰੋਟੀ ‘ਤੇ ਬੁਲਾਇਆ ਏ।”
ਫਰਮੀ ਨੂੰ ਇੰਜ ਲੱਗਾ ਜਿਵੇਂ ਉਸ ਨੂੰ ਕਿਸੇ ਨੇ ਗਾਲ੍ਹ ਕੱਢੀ ਹੋਵੇ। ਉਹ ਤੜਫ ਕੇ ਉਠ ਬੈਠੀ, “ਮੈਨੂੰ ਬੁਲਾਇਆ ਏ? ਮੇਰਾ ਉਹਦੇ ਨਾਲ ਕੀ ਲੈਣ-ਦੇਣ ਏ? ਮੇਰਾ ਉਹਨੂੰ ਕਿਸ ਤਰ੍ਹਾਂ ਪਤਾ ਲੱਗਾ? ਜ਼ਰੂਰ ਤੂੰ ਗੱਲ ਕੀਤੀ ਹੋਵੇਗੀ।”
ਆਇਸ਼ਾ ਕਹਿਣ ਲੱਗੀ, “ਨਹੀਂ ਬੀਬੀ ਜੀ! ਸਹੁੰ ਰੱਬ ਦੀ, ਮੈਂ ਨਹੀਂ ਗੱਲ ਕੀਤੀ। ਉਹ ਜਿਹੜੀ ਹਲੀਮਾ ਏ ਨਾ, ਜਿਹੜੀ ਤੇਰੀ ਕੱਲ੍ਹ ਨਹੁੰ ਪਾਲਸ਼ ਪਈ ਵੇਖਦੀ ਸੀ, ਉਹਨੇ ਸ਼ਾਹਣੀ ਨੂੰ ਤੇਰੇ ਬਾਰੇ ਦੱਸਿਆ ਏ। ਮੈਂ ਅੱਜ ਗਈ ਤੇ ਕਹਿੰਦੀ ਸੀ ਪਈ, ‘ਕੁੰਡਲਾਂ ਵਾਲੇ ਕੱਟੇ ਹੋਏ ਵਾਲ ਨੇ ਤੇ ਗੋਰਾ ਰੰਗ।’ ਮੈਨੂੰ ਵੇਖ ਕੇ ਚੁੱਪ ਕਰ ਗਈ, ਪਰ ਮੈਨੂੰ ਪਤਾ ਏ, ਉਹ ਤੇਰੀਆਂ ਗੱਲਾਂ ਕਰਦੀ ਪਈ ਸੀ।”
ਫਰਮੀ ਗੁੱਸੇ ਨਾਲ ਰੋਣ ਲੱਗ ਪਈ, “ਕਿਉਂ ਮੇਰਾ ਨਾਂ ਕਿਸੇ ਨੇ ਲਿਆ ਏ? ਮੈਂ ਮਾਮਾ ਜੀ ਨੂੰ ਕਹਾਂਗੀ।”
ਆਇਸ਼ਾ ਕਹਿਣ ਲੱਗੀ, “ਆਪਣੇ ਮਾਮੇ ਨਾਲ ਗੱਲ ਨਾ ਕਰ। ਉਹਨੇ ਸ਼ਾਹ ਜੀ ਕੋਲੋਂ ਟਰੈਕਟਰ ਲਿਆ ਸੀ ਤੇ ਅਜੇ ਤੀਕਰ ਪੈਸੇ ਨਹੀਂ ਦਿੱਤੇ। ਸ਼ਾਹ ਜੀ ਅੱਗੇ ਬੋਲੇਗਾ ਤਾਂ ਉਨ੍ਹਾਂ ਨੇ ਇਹਦੀ ਚਟਣੀ ਬਣਾ ਦੇਣੀ ਏ।”
ਫਰਮੀ ਦੇ ਅੱਥਰੂ ਰੁਕ ਗਏ। ਉਹਨੂੰ ਇੰਜ ਲੱਗਾ ਜਿਵੇਂ ਕਿਸੇ ਨੇ ਕੁੱਟੀ ਹੋਈ ਬਰਫ ਉਹਦੀ ਗਰਦਨ ਉਤੇ ਧਰ ਦਿੱਤੀ ਹੋਵੇ। ਉਹਦਾ ਸਾਰਾ ਸਰੀਰ ਕੰਬਣ ਲੱਗ ਪਿਆ।
ਆਇਸ਼ਾ ਨੇ ਮੁਸਕਰਾ ਕੇ ਪੁੱਛਿਆ, “ਫਿਰ, ਕੀ ਜਵਾਬ ਦਿਆਂ ਸ਼ਾਹਣੀ ਨੂੰ?”
ਫਰਮੀ ਨੇ ਹੌਲੀ ਜਿਹੀ ਆਖਿਆ, “ਸ਼ਾਮ ਨੂੰ ਆਵਾਂਗੀ।”
ਆਇਸ਼ਾ ਨੇ ਖੁਸ਼ ਹੋ ਕੇ ਉਹਦੇ ਕੁੰਡਲਾਂ ਵਾਲੇ ਸਿਰ ‘ਤੇ ਹੱਥ ਫੇਰਿਆ ਤੇ ਕਹਿਣ ਲੱਗੀ, “ਬੜੀ ਅਕਲਾਂ ਵਾਲੀ ਧੀ ਏਂ ਤੂੰ। ਕੇਡੀ ਛੇਤੀ ਗੱਲ ਸਮਝੀ ਏਂ, ਪਰ ਜ਼ਰਾ ਹਨੇਰੇ ਪਏ ਚੱਲੀਂ।”
“ਹਾਂ।” ਫਰਮੀ ਨੇ ਆਖਿਆ, “ਹਨੇਰੇ ਪਏ ਚੱਲਾਂਗੀ।”
ਆਇਸ਼ਾ ਚਲੀ ਗਈ ਤੇ ਫਰਮੀ ਨੇ ਛੇਤੀ ਨਾਲ ਅਟੈਚੀ ਵਿਚ ਆਪਣੇ ਕੱਪੜੇ ਬੰਦ ਕੀਤੇ ਤੇ ਤਿਆਰ ਹੋ ਕੇ ਵਿਹੜੇ ਵਿਚ ਆ ਗਈ। ਉਹਦੀ ਮਾਮੀ ਸਾਗ ਪਈ ਘੋਟਦੀ ਸੀ ਤੇ ਉਹਦੇ ਮਾਮੇ ਦਾ ਨਿੱਕਾ ਪੁੱਤਰ ਕੋਲ ਬੈਠਾ ਫੱਟੀ ਪਿਆ ਲਿਖਦਾ ਸੀ।
ਫਰਮੀ ਨੇ ਆਖਿਆ, “ਮੈਂ ਲਾਹੌਰ ਚੱਲੀ ਆਂ।”
“ਐਡੀ ਛੇਤੀ ਤੁਰ ਚੱਲੀ ਏਂ? ਟਿੰਡਾਂ ਵਾਲਾ ਖੂਹ ਤੇ ਵੇਖ ਲੈਣਾ ਸੀ।”
“ਅਗਲੇ ਫੇਰੇ ਵੇਖਾਂਗੀ।”
“ਆਪਣੇ ਮਾਮੇ ਕੋਲੋਂ ਤੇ ਪੁੱਛ ਲੈਣਾ ਸੀ।”
“ਮੈਂ ਪੁੱਛ ਲਿਆ ਸੀ। ਕਹਿੰਦੇ ਸਨ, ਜਦੋਂ ਜੀਅ ਕਰੇ, ਘਰੇ ਚਲੀ ਜਾਈਂ। ਨਾਲੇ ਮੈਂ ਕੁਝ ਲਿਖਣ ਆਈ ਸਾਂ, ਉਹ ਪੂਰਾ ਹੋ ਗਿਆ ਏ। ਹੁਣ ਜਾ ਕੇ ਮਜਮੂਨ ਛਪਣ ਲਈ ਦੇਣਾ ਏ।”
“ਅੱਛਾ।” ਮਾਮੀ ਨੇ ਗੱਲ ਸਮਝ ਕੇ ਆਖਿਆ, “ਜੋ ਕੁਝ ਤੂੰ ਲਿਖਿਆ ਏ, ਉਹ ਹੁਣ ਲਾਹੌਰ ਜਾ ਕੇ ਛਾਪੇਂਗੀ?”
“ਹਾਂ।” ਫਰਮੀ ਨੇ ਜਵਾਬ ਦਿੱਤਾ, “ਲਾਹੌਰ ਜਾ ਕੇ ਛਾਪਾਂਗੀ।”
“ਠੀਕ ਏ।” ਮਾਮੀ ਨੇ ਆਖਿਆ, “ਅੱਲ੍ਹਾ ਬੇਲੀ। ਵੇ ਅਕਬਰ! ਛੱਡ ਰੋਟੀ ਤੇ ਆਪਾ ਨੂੰ ਬਸ ਵਿਚ ਬਿਠਾ ਕੇ ਆ।”
ਅਕਬਰ ਨੇ ਸਿਆਹੀ ਨਾਲ ਲਿਬੜੇ ਹੱਥ ਆਪਣੀ ਤੰਬੀ ਨਾਲ ਪੂੰਝੇ ਤੇ ਫਰਮੀ ਦਾ ਸੂਟਕੇਸ ਚੁੱਕ ਲਿਆ। ਫਿਰ ਅੱਡੇ ‘ਤੇ ਜਾ ਕੇ ਉਹਨੂੰ ਲਾਹੌਰ ਦੀ ਬੱਸ ਬਿਠਾ ਦਿੱਤਾ।
ਬੱਸ ਟੁਰ ਪਈ। ਫਰਮੀ ਦਾ ਦਿਲ ਅਜੇ ਵੀ ਪਿਆ ਕੰਬਦਾ ਸੀ। ਉਹ ਮੁੜ-ਮੁੜ ਕੇ ਬਾਰੀ ਵਿਚੋਂ ਬਾਹਰ ਤੱਕਦੀ ਸੀ, ਜਿਵੇਂ ਉਹਦੇ ਪਿਛੇ ਕੋਈ ਪਿਆ ਆਉਂਦਾ ਹੋਵੇ। ਜਿਉਂ ਜਿਉਂ ਪਿੰਡ ਦੂਰ ਹੁੰਦਾ ਗਿਆ, ਫਰਮੀ ਦੇ ਦਿਲ ਤੋਂ ਭਾਰ ਲੱਥਦਾ ਗਿਆ। ਆਖਰ ਜਦੋਂ ਬੱਸ ਰਾਵੀ ਦੇ ਪੁਲ ਉਤੇ ਪਹੁੰਚੀ, ਸ਼ਾਮ ਹੋ ਚੁੱਕੀ ਸੀ ਤੇ ਲਾਹੌਰ ਦੀਆਂ ਰੌਸ਼ਨੀਆਂ ਝਿਲਮਿਲ-ਝਿਲਮਿਲ ਕਰਦੀਆਂ ਦਰੱਖਤਾਂ ਦਿਆਂ ਪੱਤਰਾਂ ਵਿਚੋਂ ਪਈਆਂ ਲੱਭਦੀਆਂ ਸਨ। ਫਰਮੀ ਨੂੰ ਇਤਮਿਨਾਨ ਹੋ ਗਿਆ ਕਿ ਉਹ ਵਾਪਸ ਉਸ ਜੰਨਤ-ਅਰਜ਼ੀ ਵਿਚ ਪਹੁੰਚ ਗਈ ਏ, ਜਿੱਥੇ ਔਰਤ ਆਜ਼ਾਦ ਏ, ਤੇ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਏ। ਜਿੱਥੇ ਜ਼ਹਾਲਤ ਇਲਮ ਦਾ ਭੇਸ ਵਟਾ ਕੇ ਆ ਜਾਏ, ਫਿਰ ਵੀ ਉਹਨੂੰ ਜ਼ਹਾਲਤ ਈ ਆਖਿਆ ਜਾਂਦਾ ਏ; ਜਿੱਥੇ ਬਦੀ ਨੂੰ ਬਦੀ ਕਹਿਣ ਵਾਲੇ ਵਸਦੇ ਨੇ, ਜਿਥੇ ਜ਼ੁਲਮ ਦਾ ਨਾਂ ਜ਼ੁਲਮ ਏ।