ਗਿਆਨੀ ਜ਼ੈਲ ਸਿੰਘ ਤੇ ਰਾਸ਼ਟਰਪਤੀ ਭਵਨ

-ਗੁਲਜ਼ਾਰ ਸਿੰਘ ਸੰਧੂ
ਪੰਜ ਮਈ 2016 ਨੂੰ ਹਰਮਨ ਪਿਆਰੇ ਸਿਆਸਤਦਾਨ ਤੇ ਦੇਸ਼ ਦੇ 1982 ਤੋਂ 1987 ਤੱਕ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਜਨਮ ਦਿਨ ਸੀ। ਗਿਣੀ ਮਿਥੀ ਵਿਧੀ ਅਨੁਸਾਰ ਸਮਾਰੋਹ ਦੀ ਪ੍ਰਧਾਨਗੀ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਕਰਨੀ ਸੀ। 400 ਏਕੜ ਵਿਚ ਫੈਲੇ 340 ਕਮਰਿਆਂ ਤੇ 37 ਸਵਾਗਤੀ ਹਾਲਾਂ ਵਾਲੇ ਰਾਸ਼ਟਰਪਤੀ ਭਵਨ ਵਿਚ।

ਸੱਦਾ ਪੱਤਰ ਮੈਨੂੰ ਵੀ ਮਿਲਿਆ ਸੀ ਪਰ ਮੈਂ ਜਾ ਨਾ ਸਕਿਆ। ਮੈਨੂੰ ਇਸ ਭਵਨ ਦੇ ਰਕਬੇ, ਸਵਾਗਤੀ ਹਾਲਾਂ, 500 ਸੀਟਾਂ ਵਾਲੇ ਸਿਨੇਮਾ ਹਾਲ, ਸਵਿਮਿੰਗ ਪੂਲ ਤੇ ਹਰ ਰੋਜ਼ 8000 ਕੱਪੜੇ ਧੋਣ ਵਾਲੇ ਧੋਬੀ ਘਾਟ ਦੀ ਕੋਈ ਖਿੱਚ ਨਹੀਂ ਸੀ। ਇਹ ਤਾਂ ਮੈਂ ਪੰਜਾਬੀ ਨਾਵਲਕਾਰ ਕਰਨਲ ਨਰਿੰਦਰਪਾਲ ਸਿੰਘ ਦੇ ਰਾਸ਼ਟਰਪਤੀ ਭਵਨ ਦਾ ਕੰਪਟਰੋਲਰ ਹੁੰਦਿਆਂ 60 ਸਾਲ ਪਹਿਲਾਂ ਦੇਖ ਚੁੱਕਾ ਸਾਂ। ਮੈਂ ਤਾਂ ਸਮਾਗਮ ਵਿਚ ਸ਼ਾਮਿਲ ਹੋ ਰਹੇ ਮਿੱਤਰਾਂ ਨੂੰ ਮਿਲਣਾ ਸੀ ਜੋ ਹੋ ਨਹੀਂ ਸਕਿਆ।
ਇਸ ਪ੍ਰਸੰਗ ਵਿਚ ਮੈਨੂੰ ਗਿਆਨੀ ਜੀ ਨਾਲ ਬਿਤਾਏ ਕੁਝ ਪਲ ਚੇਤੇ ਆ ਗਏ ਹਨ। ਉਨ੍ਹਾਂ ਨੇ ਮੁੱਖ ਮੰਤਰੀ ਹੁੰਦਿਆਂ ਪੰਜਾਬ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦੇ ਡਾਇਰੈਕਟਰ ਦੀ ਅਸਾਮੀ ਖਾਲੀ ਹੋਈ ਤਾਂ ਮੈਨੂੰ ਅਤਰ ਸਿੰਘ ਨੇ ਸੁਝਾਇਆ ਕਿ ਮੈਂ ਗਿਆਨੀ ਜੀ ਨੂੰ ਮਿਲ ਲਵਾਂ ਤਾਂ ਇਹ ਅਸਾਮੀ ਮੈਨੂੰ ਮਿਲ ਸਕਦੀ ਹੈ। ਮੈਂ ਨਵੀਂ ਦਿੱਲੀ ਦੇ ਫਰੀਦਕੋਟ ਹਾਊਸ ਮਿਲਣ ਗਿਆ ਤਾਂ ਗਿਆਨੀ ਜੀ ਲਾਅਨ ਵਿਚ ਟਹਿਲ ਰਹੇ ਸਨ। ਮੈਂ ਨੌਕਰੀ ਦੀ ਮੰਗ ਪਾਈ ਤਾਂ ਮੈਨੂੰ ਉਨ੍ਹਾਂ ਦੋ ਗੱਲਾਂ ਪੁੱਛੀਆਂ। ਪਹਿਲੀ ਇਹ ਕਿ ਤਨਖਾਹ ਦਾ ਕਿੰਨਾ ਕੁ ਫਰਕ ਹੈ ਤੇ ਦੂਜੀ ਇਹ ਕਿ ਮੈਂ ਦਿੱਲੀ ਵਾਲੀ ਨੌਕਰੀ ਛੱਡਾਂ ਤਾਂ ਕਿਸ ਨੂੰ ਮਿਲੇਗੀ। ਤਨਖਾਹ ਦਾ ਬਹੁਤਾ ਫਰਕ ਨਹੀਂ ਸੀ ਤੇ ਦਿੱਲੀ ਵਾਲੀ ਨੌਕਰੀ ਖਾਲੀ ਕਰਨ ਉਤੇ ਇਹ ਕਿਸੇ ਨੂੰ ਵੀ ਮਿਲ ਸਕਦੀ ਸੀ, ਅਸਾਮੀ, ਬੰਗਾਲੀ, ਗੁਜਰਾਤੀ, ਮਰਾਠੇ ਜਾਂ ਤਾਮਿਲੀਅਨ ਕਿਸੇ ਨੂੰ ਵੀ। ਫੇਰ ਆਪਾਂ ਇਹ ਵਾਲੀ ਨੌਕਰੀ ਕਿਉਂ ਗਵਾਈਏ? ਮੈਂ ਚੰਡੀਗੜ੍ਹ ਵਾਲੀ ਉਤੇ ਕਿਸੇ ਪੰਜਾਬੀ ਨੂੰ ਲਾ ਲੈਂਦਾ ਹਾਂ। ਇਹ ਗੱਲ ਸੁਣਦੇ ਸਾਰ ਮੈਨੂੰ ਇਹ ਲੱਗਿਆ ਜਿਵੇਂ ਮੇਰੇ ਕੋਲ ਦਿੱਲੀ ਵਾਲੀ ਨੌਕਰੀ ਦੇ ਨਾਲ ਟੈਕਸਟ ਬੁੱਕ ਬੋਰਡ ਵਾਲੀ ਵੀ ਮੈਨੂੰ ਹੀ ਮਿਲ ਰਹੀ ਹੈ।
ਇੱਕ ਵਾਰੀ ਮੈਂ ਦੌਰੇ ਉਤੇ ਬਠਿੰਡੇ ਗਿਆ ਤਾਂ ਮੈਨੂੰ ਦਿਲ ਦੀ ਦਰਦ ਹੋਈ। ਅਖਬਾਰ ਵਾਲਿਆਂ ਨੇ ਖਬਰ ਵੀ ਛਾਪ ਦਿੱਤੀ। ਅਗਲੇ ਦਿਨ ਜਿਸ ਕਲਿਨਿਕ ਵਿਚ ਮੈਂ ਦਾਖਲ ਸਾਂ। ਅਚਾਨਕ ਹੀ ਭਗਦੜ ਸ਼ੁਰੂ ਹੋ ਗਈ। ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਮੇਰਾ ਹਾਲ ਪਤਾ ਕਰਨ ਆਏ। ਪਤਾ ਲੱਗਾ ਕਿ ਗਿਆਨੀ ਜੀ ਨੂੰ ਇਹ ਖਬਰ ਰਾਸ਼ਟਰਪਤੀ ਭਵਨ ਵਿਚ ਮਿਲੀ ਤਾਂ ਉਨ੍ਹਾਂ ਨੇ ਆਪਣੇ ਅਮਲੇ ਨੂੰ ਤਾੜ ਕੇ ਕਿਹਾ ਕਿ ਮੇਰੀ ਪੈਰਵੀ ਕਰਨ। ਗਿਆਨੀ ਜੀ ਦੀ ਇਹ ਅਪਣੱਤ ਮੈਨੂੰ ਅੰਤਮ ਸਵਾਸਾਂ ਤੱਕ ਯਾਦ ਰਹੇਗੀ।
ਗਿਆਨੀ ਜੀ ਪੰਜਾਬੀਆਂ ਨੂੰ ਪਿਆਰ ਹੀ ਨਹੀਂ ਸੀ ਕਰਦੇ, ਪਿਆਰ ਜਤਾਉਣਾ ਵੀ ਜਾਣਦੇ ਸਨ। ਰਾਸ਼ਟਰਪਤੀ ਦੀ ਪਦਵੀ ਤੋਂ ਸੇਵਾਮੁਕਤ ਹੋਣ ਸਮੇਂ ਉਨ੍ਹਾਂ ਨੇ ਦੇਸ਼ ਦੇ ਪੱਤਰਕਾਰ ਦੋਸਤਾਂ ਨੂੰ ਰਾਸ਼ਟਰਪਤੀ ਭਵਨ ਵਿਚ ਚਾਹ ‘ਤੇ ਸੱਦਿਆ। ਮੈਂ Ḕਪੰਜਾਬੀ ਟ੍ਰਿਬਿਊਨḔ ਦਾ ਸੰਪਾਦਕ ਸਾਂ ਤੇ ਵੀæਐਨæ ਨਰਾਇਨ ਮੁੱਖ ਸੰਪਾਦਕ। ਉਸ ਨੂੰ ਪਤਾ ਸੀ ਕਿ ਸੱਦਾ ਮੈਨੂੰ ਵੀ ਆਇਆ ਸੀ। ਸੱਦਾ ਸਾਡੀਆਂ ਬੀਵੀਆਂ ਲਈ ਵੀ ਸੀ। ਨਰਾਇਣਨ ਨੂੰ ਗਿਆਨੀ ਜੀ ਨਾਲ ਮੇਰੇ ਸਬੰਧਾਂ ਦਾ ਪਤਾ ਸੀ। ਉਹ ਹੈ ਵੀ ਥੋੜ੍ਹਾ ਸੰਗਾਊ ਸੀ। ਅਸੀਂ ਚਾਰੋ ਇਕੋ ਹੀ ਕਾਰ ਵਿਚ ਗਏ। ਥੋੜ੍ਹੀ ਦੇਰ ਵੀ ਹੋ ਗਈ। ਜਦੋਂ ਅਸੀਂ ਰਾਸ਼ਟਰਪਤੀ ਭਵਨ ਪਹੁੰਚੇ ਤਾਂ ਗਿਆਨੀ ਜੀ ਸਵਾਗਤ ਲਈ ਖੜ੍ਹੇ ਸਨ। ਮੈਂ ਤੇ ਨਾਰਾਇਣਨ ਅੱਗੇ ਸਾਂ। ਮੇਰੀ ਤੇ ਉਸ ਦੀ ਬੀਵੀ ਥੋੜ੍ਹਾ ਪਿੱਛੇ। ਮੈਨੂੰ ਇਕੱਲਿਆਂ ਵੇਖ ਗਿਆਨੀ ਜੀ ਨੇ ਇਕ ਹੀ ਫਿਕਰ ਬੋਲਿਆ, “ਬੀਬੀ ਨਹੀਂ ਆਈ?” ਮੈਂ ਦੋਵਾਂ ਬੀਬੀਆਂ ਨੂੰ ਗਿਆਨੀ ਜੀ ਨੂੰ ਮਿਲਾਇਆ ਤਾਂ ਰਾਸ਼ਟਰਪਤੀ ਜ਼ੈਲ ਸਿੰਘ ਆਪਣੇ ਖੱਬੇ ਹੱਥ ਨਾਲ ਮੇਰਾ ਸੱਜਾ ਹੱਥ ਫੜ ਕੇ ਪੱਤਰਕਾਰਾਂ ਦੀ ਉਸ ਭੀੜ ਵੱਲ ਤੁਰ ਪਏ ਜਿਹੜੀ ਉਡੀਕ ਕਰ ਰਹੀ ਸੀ। ਉਹ ਮੈਨੂੰ ਆਪਣੇ ਨਾਲ ਲੈ ਕੇ ਏਦਾਂ ਤੁਰ ਰਹੇ ਸਨ ਜਿਵੇਂ ਉਨ੍ਹਾਂ ਦਾ ਬੰਦਾ ਕੇਵਲ ਮੈਂ ਹੀ ਹੋਵਾਂ। ਮੇਰਾ ਮੁੱਖ ਸੰਪਾਦਕ ਨਾਰਾਇਣਨ ਜਿਵੇਂ ਮੇਰਾ ਪਿਛਲੱਗ ਹੋਵੇ। ਬਾਕੀ ਦੇ ਪੱਤਰਕਾਰ ਤਾਂ ਕੇਵਲ ਪੱਤਰਕਾਰ ਸਨ। ਉਹ ਸਾਰੇ ਦੇ ਸਾਰੇ ਇਕ ਦੂਜੇ ਤੋਂ ਪੁੱਛ ਰਹੇ ਸਨ ਕਿ ਮੈਂ ਕੌਣ ਸਾਂ।
ਗਿਆਨੀ ਜ਼ੈਲ ਸਿੰਘ ਦਾ ਪੰਜਾਬੀ ਪਿਆਰ ਨਿਵੇਕਲਾ ਸੀ। ਇਸ ਨੂੰ ਜਤਾਉਣ ਦਾ ਢੰਗ ਹੋਰ ਵੀ ਨਿਵੇਕਲਾ।
ਮੈਂ ਗਿਆਨੀ ਜ਼ੈਲ ਸਿੰਘ ਨੂੰ ਰਾਸ਼ਟਰਪਤੀ ਭਵਨ ਤੋਂ ਪਿਛੋਂ ਚਾਣਕੀਆਪੁਰੀ ਵਿਚ ਸਰਕੂਲਰ ਰੋਡ ਵਿਚ ਰਹਿੰਦਿਆਂ ਵੀ ਮਿਲਣ ਗਿਆ। 1988 ਦਾ ਪਹਿਲਾ ਦਿਨ ਸੀ। ਨਵੇਂ ਸਾਲ ਦੀ ਵਧਾਈ ਵੀ ਬਣਦੀ ਸੀ। ਮੇਰੇ ਵਰਗੇ ਹੋਰ ਵੀ ਕਈ, ਇੰਤਜ਼ਾਰ ਕਮਰੇ ਵਿਚ ਬੈਠੇ ਸਨ। ਮੈਂ ਵੀæਸੀæ ਸ਼ੁਕਲਾ ਨੂੰ ਪਛਾਣਦਾ ਸਾਂ। ਉਨ੍ਹਾਂ ਨੇ ਮੈਨੂੰ ਤੇ ਸ਼ੁਕਲਾ ਨੂੰ ਬੁਲਾਇਆ ਤੇ ਸ਼ੁਕਲਾ ਨੂੰ ਉਡੀਕਣ ਦਾ ਇਸ਼ਾਰਾ ਕਰਕੇ ਮੈਨੂੰ ਇਸ ਛੋਟੀ ਕੋਠੀ ਦੇ ਵੱਡੇ ਲਾਅਨ ਵਿਚ ਟਹਿਲਣ ਲਈ ਲੈ ਗਏ। ਇਹ ਤਾਂ ਵਿਹਲਾ ਹੈ, ਤੁਸੀਂ ਕੰਮਾਂ ਵਾਲੇ ਬੰਦੇ ਹੋ। ਸਾਡੇ ਦੋਨਾਂ ਲਈ ਉਸ ਦਾ ਇੱਕ ਹੀ ਵਾਕ ਸੀ।
ਸਰਕੂਲਰ ਰੋਡ ਵਾਲੀ ਕੋਠੀ ਛੋਟੀ ਸੀ। ਬਗੀਚਾ ਤੇ ਅਮਲਾ ਫੈਲਾ ਵੀ। ਪਰ ਗਿਆਨੀ ਜੀ ਦਾ ਖਲੂਸ ਤੇ ਨਿੱਘ ਘਟਿਆ ਨਹੀਂ ਸੀ, ਤੋਲਾ ਮਾਸਾ ਵੱਧ ਹੀ ਸੀ। ਬੱਝਵੇਂ ਚੁਗਿਰਦੇ ਵਿਚ ਇਸ ਦਾ ਪ੍ਰਭਾਵ ਹੋਰ ਵੀ ਬਝਵਾਂ ਸੀ।
ਗਿਆਨੀ ਜ਼ੈਲ ਸਿੰਘ ਦੇ 100ਵੇਂ ਜਨਮ ਦਿਨ ਨੂੰ ਚੇਤੇ ਕਰਦਿਆਂ ਮੈਂ ਇਸ ਗੱਲ ਦਾ ਮਾਣ ਕਰ ਸਕਦਾ ਹਾਂ ਕਿ ਮੈਂ ਆਪਣੇ ਜੀਵਨ ਵਿਚ ਦੁਨੀਆਂ ਦੀ ਸਭ ਤੋਂ ਵੱਡੀ ਡੈਮੋਕਰੇਸੀ ਦੀ ਉਚਤਮ ਹਸਤੀ ਦੇ ਨੇੜੇ ਰਿਹਾ ਹਾਂ।
ਅੰਤਿਕਾ:
(ਗਿਆਨੀ ਜੀ ਦੀ ਕਾਰਜ ਕੁਰਸੀ ਦੀ ਪਿਛਲੀ ਕੰਧ ਤੋਂ)
ਸੱਚੇ ਓਰੇ ਸਭ ਕੋ
ਉਪਰ ਸੱਚ ਆਚਾਰ।