ਕੁਲਦੀਪ ਕੌਰ
ਫੋਨ: +91-98554-04330
ਫਿਲਮ Ḕਆਂਧੀ’ ਉਸ ਸਮੇਂ ਰਿਲੀਜ਼ ਹੋਈ ਜਦੋਂ ਇੰਦਰਾ ਗਾਂਧੀ ਆਪਣੇ ਸਿਆਸੀ ਫੈਸਲਿਆਂ ਕਾਰਨ ਚਾਰੇ ਪਾਸਿਉਂ ਆਲੋਚਨਾ ਵਿਚ ਘਿਰੀ ਹੋਈ ਸੀ। ਮੁਲ਼ਕ ਵਿਚ ਐਮਰਜੈਂਸੀ ਲੱਗੀ ਹੋਈ ਸੀ। ਫਿਲਮ ਵਿਚ ਨੇਤਾ ਬਣੀ ਅਦਾਕਾਰਾ ਸੁਚਿੱਤਰਾ ਸੇਨ ਅਤੇ ਉਸ ਦੇ ਪਤੀ ਬਣੇ ਸੰਜੀਵ ਕੁਮਾਰ ਦਾ ਕਿਰਦਾਰ ਇੰਦਰਾ ਗਾਂਧੀ ਅਤੇ ਉਸ ਦੇ ਪਤੀ ਫਿਰੋਜ਼ ਗਾਂਧੀ ਨਾਲ ਹੂ-ਬ-ਹੂ ਤਾਂ ਨਹੀਂ ਸੀ ਮਿਲਦਾ, ਪਰ ਫਿਲਮ ਇਸ਼ਾਰਿਆਂ-ਇਸ਼ਾਰਿਆਂ ਵਿਚ ਉਨ੍ਹਾਂ ਦੇ ਵਿਆਹ ਦੇ ਬੇਮੇਚਪਣ ਅਤੇ ਮਰਦਾਂ ਨਾਲ ਭਰੇ ਸਿਆਸੀ ਦ੍ਰਿਸ਼ ਵਿਚ ਕਿਸੇ ਔਰਤ ਨੇਤਾ ਦੀਆਂ ਬੇਲਗਾਮ ਸਿਆਸੀ ਖਾਹਿਸ਼ਾਂ ਨੂੰ ਬਿਆਨ ਕਰਦੀ ਸੀ।
ਇਹ ਫਿਲਮ ਰਿਲੀਜ਼ ਹੋਣ ਤੋਂ ਬਾਅਦ ਤੇਈ ਹਫਤੇ ਬਹੁਤ ਆਰਾਮ ਨਾਲ ਸਿਨਮਿਆਂ ਵਿਚ ਚੱਲਦੀ ਰਹੀ। ਉਨ੍ਹਾਂ ਹੀ ਦਿਨਾਂ ਵਿਚ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵਿਰੋਧੀ ਨੇਤਾਵਾਂ ਨੇ ਜਦੋਂ ਫਿਲਮ ਵਿਚ ਸੁਚਿੱਤਰਾ ਸੇਨ ਦੁਆਰਾ ਸ਼ਰਾਬ ਤੇ ਸਿਗਰਟ ਪੀਣ ਦੇ ਦ੍ਰਿਸ਼ਾਂ ਨੂੰ ਇੰਦਰਾ ਗਾਂਧੀ ਵਿਰੁੱਧ ਚੋਣ ਮੁਹਿੰਮ ਦਾ ਹਿੱਸਾ ਬਣਾ ਲਿਆ ਤਾਂ ਇੰਦਰਾ ਗਾਂਧੀ ਨੇ ਆਪਣੇ ਦਫਤਰੀ ਅਮਲੇ ਦੇ ਦੋ ਬਾਬੂਆਂ ਨੂੰ ਇਹ ਫਿਲਮ ਦੇਖਣ ਲਈ ਕਿਹਾ। ਫਿਲਮ Ḕਤੇ ਪਾਬੰਦੀ ਲਗਾ ਦਿੱਤੀ ਗਈ।
ਉਸ ਸਮੇਂ ਇੰਦਰ ਕੁਮਾਰ ਗੁਜਰਾਲ ਸੂਚਨਾ ਤੇ ਸੰਚਾਰ ਮੰਤਰੀ ਸਨ। ਉਨ੍ਹਾਂ ਨੂੰ ਫਿਲਮ ਦੀ ਮੁੱਖ ਕਿਰਦਾਰ ਅਤੇ ਇੰਦਰਾ ਗਾਂਧੀ ਵਿਚ ਅਜਿਹੀ ਕੋਈ ਸਮਾਨਤਾ ਨਜ਼ਰ ਨਾ ਆਈ ਜਿਸ ਕਾਰਨ ਇਸ ਫਿਲਮ ਉਤੇ ਪਾਬੰਦੀ ਲਾਉਣ ਦਾ ਫੈਸਲਾ ਕਰਨਾ ਪਿਆ ਹੋਵੇ, ਪਰ ਹੁਣ ਫਿਲਮ ਤੋਂ ਪਾਬੰਦੀ ਹਟਾਉਣੀ ਥੁੱਕ ਕੇ ਚੱਟਣ ਦੇ ਬਰਾਬਰ ਸੀ; ਇਸ ਲਈ ਇਸ ਫਿਲਮ ਦੇ ਨਿਰਮਾਤਾ ਨੂੰ ਫਿਲ਼ਮ ਵਿਚੋਂ ਆਰਤੀ ਦੇਵੀ (ਸੁਚਿੱਤਰਾ ਸੇਨ) ਦੇ ਸ਼ਰਾਬ-ਸਿਗਰਟ ਪੀਣ ਦੇ ਦ੍ਰਿਸ਼ਾਂ ਨੂੰ ਹਟਾਉਣ ਲਈ ਕਿਹਾ ਗਿਆ। ਦਿੱਲੀ ਅਤੇ ਮੁਲਕ ਦੇ ਕਈ ਸ਼ਹਿਰਾਂ ਵਿਚ ਲੱਗੇ ਪੋਸਟਰਾਂ Ḕਆਪਣੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਿਲੋ ਇਸ ਫਿਲਮ ਵਿਚ’ ਦਾ ਜਵਾਬ ਦੇਣ ਲਈ ਇਹ ਤੈਅ ਕੀਤਾ ਗਿਆ ਕਿ ਫਿਲਮ ਵਿਚ ਇੱਕ ਖਾਸ ਦ੍ਰਿਸ਼ ਪਾਇਆ ਜਾਵੇ। ਇਹ ਦ੍ਰਿਸ਼ ਹੁਣ ਵੀ ਇਸ ਫਿਲਮ ਵਿਚ ਮੌਜੂਦ ਹੈ। ਇਸ ਦ੍ਰਿਸ਼ ਵਿਚ ਆਰਤੀ ਦੇਵੀ ਆਪਣੇ ਪਿਤਾ ਨੂੰ ਦੀਵਾਰ Ḕਤੇ ਲੱਗੀ ਇੰਦਰਾ ਗਾਂਧੀ ਦੀ ਤਸਵੀਰ ਕੋਲ ਲੈ ਕੇ ਜਾਂਦੀ ਹੈ ਅਤੇ ਆਖਦੀ ਹੈ ਕਿ Ḕਮੈਂ ਲੋਕ ਸੇਵਾ ਦਾ ਰਾਹ ਇਸ ਨੇਤਾ ਦੀ ਪ੍ਰੇਰਨਾ ਨਾਲ ਚੁਣਿਆ ਹੈḔ। ਇਸ ਤਰ੍ਹਾਂ ਇਸ ਸੀਨ ਦੇ ਕਾਰਨ ਇਸ ਫਿਲਮ Ḕਤੇ ਲਾਈ ḔਐਮਰਜੈਂਸੀḔ ਚੁੱਕੀ ਗਈ।
ਇਹ ਫਿਲਮ ਹਿੰਦੀ ਨਾਵਲਕਾਰ ਕਮਲੇਸ਼ਵਰ ਦੇ Ḕਕਾਲੀ ਆਂਧੀ’ ਨਾਮ ਦੇ ਨਾਵਲ Ḕਤੇ ਆਧਾਰਿਤ ਸੀ। ਫਿਲਮ ਵਿਚ ਆਰਤੀ ਦੇਵੀ (ਸੁਚਿੱਤਰਾ ਸੇਨ) ਅਸੈਂਬਲੀ ਚੋਣਾਂ ਲਈ ਪ੍ਰਚਾਰ ਮੁਹਿੰਮ Ḕਤੇ ਨਿਕਲੀ ਹੋਈ ਹੈ। ਉਸ ਦਾ ਵਿਰੋਧੀ ਨੇਤਾ ਚੰਦਰ ਸੇਨ (ਉਮ ਸ਼ਿਵਪੁਰੀ) ਜਿੱਤ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਆਰਤੀ ਦੇਵੀ ਦੇ ਕੁਝ ਆਪਣੇ ਸਿਆਸੀ ਅਸੂਲ ਅਤੇ ਡਰ ਹਨ ਜਦਕਿ ਉਸ ਦੇ ਆਸ-ਪਾਸ ਅਜਿਹੇ ਘਾਗ ਨੇਤਾਵਾਂ ਦੀ ਕਮੀ ਨਹੀਂ ਜਿਨ੍ਹਾਂ ਨੂੰ ਚੋਣਾਂ ਜਿੱਤਣ ਲਈ ਹਰ ਹਰਬਾ ਵਰਤਣਾ ਆਉਂਦਾ ਹੈ। ਪ੍ਰਚਾਰ ਮੁਹਿੰਮ ਦੇ ਸਿਲਸਿਲੇ ਵਿਚ ਹੀ ਉਸ ਨੂੰ ਅਜਿਹੇ ਹੋਟਲ ਵਿਚ ਰੁਕਣਾ ਪੈਂਦਾ ਹੈ ਜਿਸ ਦਾ ਮਾਲਿਕ ਉਸ ਦਾ ਸਾਬਕਾ ਪਤੀ ਜੇæਕੇæ (ਸੰਜੀਵ ਕੁਮਾਰ) ਹੈ। ਉਹ ਪਿਛਲੇ ਕਈ ਸਾਲਾਂ ਤੋਂ ਅਲੱਗ ਰਹਿ ਰਹੇ ਹਨ ਅਤੇ ਉਨ੍ਹਾਂ ਦਾ ਆਪਸ ਵਿਚ ਕੋਈ ਰਾਬਤਾ ਨਹੀਂ। ਹੁਣ ਉਹ ਜਦੋਂ ਅਚਾਨਕ ਦੁਬਾਰਾ ਮਿਲਦੇ ਹਨ ਤਾਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਕਿਵੇਂ ਉਨ੍ਹਾਂ ਨੇ ਆਪੋ-ਆਪਣੇ ਸੁਭਾਵਾਂ ਵਿਚਲੀਆਂ ਖਾਮੀਆਂ ਦੂਰ ਕਰਨ ਦੀ ਥਾਂ ਆਪਣੇ ਰਿਸ਼ਤੇ ਦੀ ਹੀ ਬਲੀ ਦੇ ਦਿੱਤੀ। ਉਨ੍ਹਾਂ ਦੇ ਰਿਸ਼ਤੇ ਦੀਆਂ ਪੇਚੀਦਗੀਆਂ ਦਿਖਾਉਣ ਲਈ ਗੁਲਜ਼ਾਰ ਫਲੈਸ਼ਬੈਕ ਤਕਨੀਕ ਦੀ ਵਰਤੋਂ ਬਹੁਤ ਖੂਬਸੂਰਤੀ ਨਾਲ ਕਰਦਾ ਹੈ। Ḕਇਸ ਮੋੜ ਸੇ ਜਾਤੇ ਹੈ ਕੁਛ ਤੇਜ਼ ਕਦਮ ਰਸਤੇ, ਕੁਝ ਸੁਸਤ ਕਦਮ ਰਾਹੇਂ। ਪੱਥਰ ਕੀ ਹਵੇਲੀ ਕੋ, ਸ਼ੀਸੇ ਕੇ ਘਰੌਂਦੋ ਮੇਂ, ਤਿਨਕੋਂ ਕੇ ਨਸ਼ੇਮਨ ਤੱਕ, ਇਸ ਮੋੜ ਸੇ ਜਾਤੇ ਹੈਂ’ ਗਾਣੇ ਰਾਹੀਂ ਗੁਲਜ਼ਾਰ ਉਨ੍ਹਾਂ ਦੇ ਰਿਸ਼ਤੇ ਦੇ ਬਣਨ ਸਮੇਂ ਹੀ ਉਨ੍ਹਾਂ ਦੇ ਮਨੋਭਾਵਾਂ ਅਤੇ ਹਾਲਾਤ ਦੀ ਪੇਸ਼ਕਾਰੀ ਕਰਦਾ ਹੈ। ਇਸ ਫਿਲਮ ਦੀ ਅਸਲ ਰੂਹ ਇਸ ਦੇ ਗਾਣੇ ਹਨ ਜਿਨ੍ਹਾਂ ਵਿਚਲੀ ਨਾਜ਼ੁਕਤਾ, ਲੈਅ ਅਤੇ ਮਾਸੂਮੀਅਤ ਜਦੋਂ ਫਿਲਮ ਦੀ ਸਿਆਸੀ ਪਿੱਠਭੂਮੀ ਨਾਲ ਟੁਣਕਦੀ ਹੈ ਤਾਂ ਵੱਖਰੀ ਹੀ ਧੁਨ ਨਿਕਲਦੀ ਹੈ। ਇਸ ਫਿਲਮ ਦਾ ਦੂਜਾ ਗਾਣਾ Ḕਤੁਮ ਆ ਗਏ ਹੋ, ਨੂਰ ਆ ਗਿਆ ਹੈæææ ਨਹੀਂ ਤੋਂ ਚਿਰਾਗੋਂ ਸੇ, ਲੌਅ ਜਾ ਰਹੀ ਥੀæææ ਆਨੇ ਸੇ ਤੇਰੇ ਵਜ੍ਹਾ ਮਿਲ ਗਈ ਹੈ, ਬੜੀ ਬੇਵਜ੍ਹਾ ਜ਼ਿੰਦਗੀ ਜਾ ਰਹੀ ਥੀ’ ਆਪਣੀ ਵੱਖਰੀ ਜਜ਼ਬਾਤੀ ਸੁਰ ਕਾਰਨ ਹੁਣ ਵੀ ਬੰਨ੍ਹ ਕੇ ਬਿਠਾ ਲੈਂਦਾ ਹੈ। ਇਸ ਤੋਂ ਬਿਨਾ ਵੀ ਫਿਲਮ ਵਿਚ ਜਿਥੇ ਕੋਈ ਬੋਲ ਜਾਂ ਸੰਵਾਦ ਨਹੀਂ, ਉਥੇ ਆਰæਡੀæ ਬਰਮਨ ਦਾ ਸੰਗੀਤ ਗੱਲਾਂ ਕਰਦਾ ਹੈ। ਦਰਸ਼ਕਾਂ ਦੀਆਂ ਸਾਰੀਆਂ ਨਾਜ਼ੁਕ ਤੰਦਾਂ ਨੂੰ ਝੰਜੋੜਨ ਦੀ ਸਮਰੱਥਾ ਇਸ ਸੰਗੀਤ ਵਿਚ ਹੈ।
ਅੱਧਖੜ੍ਹ ਉਮਰ ਦੇ ਮੋੜ Ḕਤੇ ਮਿਲੇ ਆਰਤੀ ਦੇਵੀ ਅਤੇ ਜੇæਕੇæ ਹਾਲੇ ਆਪਣੀਆਂ ਯਾਦਾਂ ਦੇ ਘੁਸਮੁਸੇ ਵਿਚ ਹੀ ਸਫਰ ਕਰ ਰਹੇ ਹੁੰਦੇ ਹਨ ਕਿ ਵਿਰੋਧੀ ਪਾਰਟੀ ਦਾ ਨੇਤਾ ਉਨ੍ਹਾਂ ਦੀਆਂ ਇਕੱਠਿਆਂ ਦੀਆਂ ਤਸਵੀਰਾਂ ਜਨਤਕ ਕਰ ਦਿੰਦਾ ਹੈ। ਇਸ ਤੋਂ ਬਾਅਦ ਆਰਤੀ ਦੇਵੀ ਅਤੇ ਜੇæਕੇæ ਦੇ ਆਪਸੀ ਕਲੇਸ਼ ਦੇ ਕਾਰਨ ਦਿਸਣ ਲੱਗਦੇ ਹਨ। ਜੇæਕੇæ ਹੋਟਲ ਦਾ ਮਾਲਿਕ ਹੋਣ ਕਾਰਨ ਆਰਥਿਕ ਤੌਰ Ḕਤੇ ਤਾਂ ਠੀਕ-ਠਾਕ ਹੈ, ਪਰ ਉਸ ਲਈ ਪਤਨੀ ਦਾ ਅਰਥ ਘਰ ਨੂੰ ਸਹੇਜ ਕੇ ਰੱਖਣ ਵਾਲੀ ਸੁਆਣੀ ਹੈ। ਉਸ ਨੂੰ ਇਹ ਫੁੱਟੀ ਅੱਖ ਨਹੀਂ ਭਾਉਂਦਾ ਕਿ ਉਸ ਦੇ ਅਤੇ ਆਰਤੀ ਦੇ ਰਿਸ਼ਤੇ ਦਾ ਭੋਰਾ ਵੀ ਜ਼ਿਕਰ ਅਖਬਾਰਾਂ ਜਾਂ ਸਿਆਸੀ ਹਲਕਿਆਂ ਵਿਚ ਹੋਵੇ। ਉਸ ਦਾ ਇਸ ਮਸਲੇ ਬਾਰੇ ਨਜ਼ਰੀਆ ਇੰਨਾ ਸਖਤ ਹੈ ਕਿ ਉਸ ਨੂੰ ਪਾਰਟੀ ਦੇ ਕੰਮਾਂ ਵਿਚ ਉਲਝੀ ਪਤਨੀ ਤੋਂ ਕੋਫਤ ਆਉਣ ਲੱਗਦੀ ਹੈ। ਕਈ ਸਾਲ ਗੁਜ਼ਰਨ ਤੋਂ ਬਾਅਦ ਵੀ ਉਸ ਦੀ ਸਮਝ ਵਿਚ ਕੋਈ ਫਰਕ ਨਹੀਂ ਆਉਂਦਾ। ਉਧਰ ਆਰਤੀ ਲਈ ਸਿਆਸਤ ਉਸ ਦੀ ਜ਼ਿੰਦਗੀ ਦਾ ਮਹਤੱਵਪੂਰਨ ਪੱਖ ਹੈ ਜਿਸ ਨਾਲ ਉਸ ਨੂੰ ਪਛਾਣ ਮਿਲਦੀ ਹੈ ਤੇ ਉਹ ਕਿਸੇ ਵੀ ਕੀਮਤ Ḕਤੇ ਇਹ ਪਛਾਣ ਗੁਆਉਣਾ ਨਹੀਂ ਚਾਹੁੰਦੀ। ਇਹੀ ਨੁਕਤਾ ਉਨ੍ਹਾਂ ਵਿਚਕਾਰ ਸੇਹ ਦਾ ਤੱਕਲਾ ਬਣ ਜਾਂਦਾ ਹੈ ਤੇ ਉਨ੍ਹਾਂ ਦੀ ਅਲਹਿਦਗੀ ਦਾ ਕਾਰਨ ਬਣਦਾ ਹੈ। ਹੁਣ ਵੀ ਜਦੋਂ ਉਨ੍ਹਾਂ ਦੀਆਂ ਤਸਵੀਰਾਂ ਜਨਤਕ ਹੁੰਦੀਆਂ ਹਨ ਤਾਂ ਆਪਸੀ ਪਿਆਰ ਦੇ ਬਾਵਜੂਦ ਪੁਰਾਣਾ ਝਗੜਾ ਫਿਰ ਤਾਜ਼ਾ ਹੋ ਉੱਠਦਾ ਹੈ।
ਫਿਲ਼ਮ Ḕਆਂਧੀ’ ਆਪਣੀ ਪਟਕਥਾ ਅਤੇ ਵਿਸ਼ਾ-ਵਸਤੂ ਕਾਰਨ ਭਾਰਤੀ ਸਿਨੇਮਾ ਦੀਆਂ ਸਿਆਸੀ ਫਿਲਮਾਂ ਵਿਚੋਂ ਮਹਤੱਵਪੂਰਨ ਫਿਲ਼ਮ ਹੈ। ਇਸ ਵਿਚ ਸਿਆਸਤ ਦੇ ਹਰ ਤਰਾਂ ਦੇ ਰੰਗ-ਢੰਗ ਹੋਣ ਦੇ ਬਾਵਜੂਦ ਅਸਲ ਵਿਚ ਫਿਲ਼ਮ ਔਰਤ-ਮਰਦ-ਸਿਆਸਤ ਦੇ ਤਿਕੋਣ ਦੀ ਫਿਲਮ ਹੈ ਜਿਸ ਨੂੰ ਗੁਲਜ਼ਾਰ ਨੇ ਸੰਵੇਦਨਸ਼ੀਲਤਾ ਨਾਲ ਫਿਲਮਾਇਆ ਹੈ। ਔਰਤ ਲਈ ਸਿਆਸਤ ਕਰਨਾ ਕਿਵੇਂ ਦੋ-ਧਾਰੀ ਤਲਵਾਰ Ḕਤੇ ਤੁਰਨ ਵਾਂਗ ਹੈ, ਇਸ ਦੁਖਾਂਤ ਨੂੰ ਸੁਚਿੱਤਰਾ ਸੇਨ ਨੇ ਇੰਨੀ ਤਨਦੇਹੀ ਨਾਲ ਨਿਭਾਇਆ ਹੈ ਕਿ ਦਰਸ਼ਕ ਉਸ ਦੀਆਂ ਅੱਖਾਂ ਵਿਚੋਂ ਉਸ ਦੀ ਵੇਦਨਾ ਪੜ੍ਹ ਸਕਦਾ ਹੈ।