ਚੰਡੀਗੜ੍ਹ: ਬਾਦਲ ਸਰਕਾਰ ਬਾਰੇ ‘ਮੰਦਾ’ ਬੋਲਣ ਵਾਲੇ ਪੰਜਾਬੀ ਇਲੈਕਟ੍ਰੋਨਿਕ ਮੀਡੀਆ ਦੇ ਸਫਾਏ ਲਈ ਮੁੜ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪੰਜਾਬ ਵਿਚ ਵਿਚ ਜ਼ੀ ਪੰਜਾਬੀ ਟੀæਵੀæ ਚੈਨਲ ਦਾ ਪ੍ਰਸਾਰਨ ਬੰਦ ਕਰਨ ਦਾ ਮੁੱਦਾ ਭਖਿਆ ਹੋਇਆ ਹੈ। ਸੂਬੇ ਵਿਚ ਬਾਦਲਾਂ ਦੀ ਸਰਪ੍ਰਸਤੀ ਵਾਲੇ ਫਾਸਟਵੇਅ ਕੇਬਲ ਨੈੱਟਵਰਕ ਵੱਲੋਂ ਇਸ ਚੈਨਲ ਨੂੰ ਅਚਾਨਕ ਗਾਇਬ ਕਰ ਦਿੱਤਾ ਗਿਆ।
ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਟੂਡੇ, ਏæਬੀæਪੀæ ਸਾਂਝਾ ਅਤੇ ਡੇਅ ਐਂਡ ਨਾਈਟ ਵਰਗੇ ਨਿਊਜ਼ ਚੈਨਲਾਂ ਦਾ ਇਸੇ ਢੰਗ ਨਾਲ ਸਫਾਇਆ ਕੀਤਾ ਗਿਆ ਸੀ। ਏæਬੀæਪੀæ ਪੰਜਾਬੀ ਚੈਨਲ ਦਾ ਤਾਂ ਖੁੱਲ੍ਹਣ ਤੋਂ ਪਹਿਲਾਂ ਹੀ ਬੋਰੀਆ ਬਿਸਤਰਾ ਗੋਲ ਕਰ ਦਿੱਤਾ ਗਿਆ ਸੀ ਜਿਸ ਕਾਰਨ 2000 ਪੱਤਰਕਾਰਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ। ਪੰਜਾਬ ਵਿਚ 70 ਫੀਸਦੀ ਲੋਕ ਕੇਬਲ ਨੈੱਟਵਰਕ ਦੀ ਵਰਤੋਂ ਕਰਦੇ ਹਨ ਤੇ ਸੂਬੇ ਵਿਚ ਇਕੋ ਇਕ ਕੰਪਨੀ ਫਾਸਟਵੇਅ ਇਹ ਸੇਵਾ ਦਿੰਦੀ ਹੈ ਜਿਸ ‘ਤੇ ਬਾਦਲਾਂ ਦਾ ਕਬਜ਼ਾ ਹੈ। ਇਹੀ ਕਾਰਨ ਹੈ ਕਿ ਸਰਕਾਰ ਵਿਰੁੱਧ ਬੋਲਣ ਵਾਲੇ ਚੈਨਲਾਂ ਦੀ ਆਵਾਜ਼ ਹਮੇਸ਼ਾ ਲਈ ਬੰਦ ਕਰ ਦਿੱਤੀ ਜਾਂਦੀ ਹੈ।
ਅਸਲ ਵਿਚ ਪੰਜਾਬ ਸਰਕਾਰ ਦੀ ਬੋਲੀ ਬੋਲਣ ਵਾਲੇ ਪੀæਟੀæਸੀæ ਪੰਜਾਬੀ ਚੈਨਲ ਦੀ ਹੀ ਸਰਦਾਰੀ ਹੈ। ਸੂਬੇ ਵਿਚ ਕਾਂਗਰਸ ਸਰਕਾਰ ਵੇਲੇ ਪੰਜਾਬ ਟੂਡੇ ਚੈਨਲ ਦੀ ਤੂਤੀ ਬੋਲਦੀ ਸੀ, ਪਰ ਅਕਾਲੀ ਸਰਕਾਰ ਆਉਣ ‘ਤੇ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗਿਆ। ਉਸ ਤੋਂ ਬਾਅਦ ਕਈ ਪੰਜਾਬੀ ਚੈਨਲ ਆਏ, ਪਰ ਅਕਾਲੀਆਂ ਨਾਲ ਕਿਸੇ ਦੀ ਰਗ ਨਾ ਰਲੀ ਤੇ ਸਸਤੇ ਵਿਚ ਹੀ ਚਲਦੇ ਬਣੇ। ਅਕਾਲੀ ਸਰਕਾਰ ਬਣਦਿਆਂ ਹੀ ਡੇਅ ਐਂਡ ਨਾਈਟ ਵਰਗੇ ਨਿਊਜ਼ ਚੈਨਲ ਆਏ ਸਨ, ਪਰ ਕੇਬਲ ਨੈੱਟਵਰਕ ‘ਤੇ ਇਨ੍ਹਾਂ ਦਾ ਪ੍ਰਸਾਰਨ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਇਹ ਚੈਨਲ ਬੰਦ ਹੋ ਗਏ। ਇਸ ਤੋਂ ਬਾਅਦ ਏæਬੀæਪੀ ਚੈਨਲ ਦਾ ਵੀ ਇਹੋ ਹਸ਼ਰ ਹੋਇਆ। ਹੁਣ ਪੀæਟੀæਸੀæ ਨਿਊਜ਼ ਤੋਂ ਬਿਨਾਂ ਜ਼ੀæ ਪੰਜਾਬੀ ਹੀ ਚੈਨਲ ਬਚਿਆ ਹੈ ਜਿਸ ਨੂੰ ‘ਸੋਧਾ’ ਲਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਅਸਲ ਵਿਚ ਇਸ ਪੰਜਾਬੀ ਚੈਨਲ ‘ਤੇ ਟੀਮ ਇਨਸਾਫ ਦੇ ਮੁੱਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਇੰਟਰਵਿਊ ਤੋਂ ਬਾਅਦ ‘ਜ਼ੀ ਪੰਜਾਬੀ ਹਰਿਆਣਾ-ਹਿਮਾਚਲ’ ਚੈਨਲ ਦਾ ਪ੍ਰਸਾਰਨ ਕੇਬਲ ਉਤੇ ਬੰਦ ਕਰ ਦਿੱਤਾ ਗਿਆ ਸੀ।
ਉਧਰ, ਸਰਕਾਰ ਦੀ ਇਸ ਨੀਤੀ ਵਿਰੁੱਧ ਰੋਹ ਵੀ ਭੜਕ ਗਿਆ ਹੈ। ਟੀਮ ਇਨਸਾਫ ਸਮੇਤ ਕਾਂਗਰਸ ਵੀ ਇਸ ਧੱਕੇਸ਼ਾਹੀ ਵਿਰੁੱਧ ਨਿੱਤਰ ਆਈ ਹੈ। ਲੁਧਿਆਣਾ ਸਥਿਤ ਫਾਸਟਵੇਅ ਕੇਬਲ ਦਾ ਦਫਤਰ ਘੇਰਨ ਵਾਲੇ ਵਿਧਾਇਕ ਬੈਂਸ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਮੌਕੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਟੀਮ ਇਨਸਾਫ ਦੇ ਮੈਂਬਰਾਂ ‘ਤੇ ਲਾਠੀਚਾਰਜ ਕਰ ਦਿੱਤਾ। ਲਾਠੀਚਾਰਜ ਦੌਰਾਨ ਪੁਲਿਸ ਵੱਲੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਕੀਤੀ ਗਈ ਖਿੱਚ-ਧੂਹ ਵਿਚ ਉਨ੍ਹਾਂ ਦੀ ਪੱਗ ਲਹਿ ਗਈ ਅਤੇ ਸਾਰੇ ਕੱਪੜੇ ਪਾਟ ਗਏ। ਪੁਲਿਸ ਲਾਠੀਚਾਰਜ ਤੋਂ ਬਾਅਦ ਕੁਝ ਸਮਰਥਕਾਂ ਨੇ ਪਥਰਾਅ ਵੀ ਕੀਤਾ। ਇਸ ਘਟਨਾ ਵਿਚ ਵਿਧਾਇਕ ਬੈਂਸ, ਕੌਂਸਲਰ ਪਰਮਿੰਦਰ ਸਿੰਘ ਸੋਮਾ ਅਤੇ ਦੋ ਦਰਜਨ ਤੋਂ ਵੱਧ ਟੀਮ ਇਨਸਾਫ ਦੇ ਮੈਂਬਰ ਫੱਟੜ ਹੋ ਗਏ। ਪੁਲਿਸ ਨੇ ਇਸ ਮਾਮਲੇ ਬਾਰੇ ਵੱਖ-ਵੱਖ ਅਪਰਾਧਕ ਧਾਰਾਵਾਂ ਤਹਿਤ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ 15 ਮੈਂਬਰਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਉਧਰ, ਫਾਸਟਵੇਅ ਦੇ ਸੀæਈæਓæ ਪਿਊਸ਼ ਮਹਾਜਨ ਦਾ ਕਹਿਣਾ ਹੈ ਕਿ ਨੈੱਟਵਰਕ ਉਤੇ ‘ਜ਼ੀ ਪੰਜਾਬੀ’ ਚੈਨਲ ਬੰਦ ਨਹੀਂ ਹੈ। ਫਾਸਟਵੇਅ ਦੇ ਪਲੈਟੀਨਮ ਪੈਕੇਜ ਅਤੇ ਐਚæਡੀæ ਉਤੇ ਇਹ ਵੇਖਿਆ ਜਾ ਰਿਹਾ ਹੈ।
__________________________________
ਲੋਕਤੰਤਰ ਦੇ ਚੌਥੇ ਥੰਮ੍ਹ ਦੀ ਆਵਾਜ਼ ਦੱਬਣ ਦਾ ਯਤਨ: ਕਾਂਗਰਸ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਵਿਚ ਜ਼ੀ ਪੰਜਾਬੀ ਟੀæਵੀ ਦਾ ਟੈਲੀਕਾਸਟ ਬੰਦ ਕਰਨ ਦੀ ਨਿੰਦਾ ਕੀਤੀ ਹੈ। ਦੋਵਾਂ ਆਗੂਆਂ ਨੇ ਸਰਕਾਰ ਦੀ ਕਾਰਵਾਈ ਨੂੰ ਤਾਨਾਸ਼ਾਹੀ ਤੇ ਲੋਕਤੰਤਰ ਦੇ ਚੌਥੇ ਥੰਮ੍ਹ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਟੈਲੀਵਿਜ਼ਨ ਚੈਨਲਾਂ, ਕੇਬਲ ਦੀ ਵੰਡ, ਰੇਤ ਖੁਦਾਈ, ਟਰਾਂਸਪੋਰਟ, ਸ਼ਰਾਬ ਦੇ ਬਿਜ਼ਨਸ, ਹਰ ਚੀਜ਼ ਉਤੇ ਬਾਦਲਾਂ ਦੇ ਏਕਾਧਿਕਾਰ ਨੂੰ ਖਤਮ ਕਰ ਦੇਣਗੇ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਜ਼ੀ ਪੰਜਾਬੀ, ਏæਬੀæਪੀæ ਸਾਂਝਾ, ਡੇਅ ਐਂਡ ਨਾਈਟ ਵਰਗੇ ਨਿਊਜ਼ ਚੈਨਲਾਂ ਨੂੰ ਬੰਦ ਕਰ ਕੇ ਲੋਕਾਂ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ ਕਿ ਬਾਦਲਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ।