ਗੁਰਦੁਆਰਾ ਪੈਲਾਟਾਈਨ ਦੀਆਂ ਚੋਣਾਂ ‘ਚ ਟੱਕਰ ਸਿੱਧੀ

ਸ਼ਿਕਾਗੋ (ਬਿਊਰੋ): ਸਥਾਨਕ ਗੁਰਦੁਆਰਾ ਪੈਲਾਟਾਈਨ ਦੀ ਪ੍ਰਬੰਧਕ ਕਮੇਟੀ ਸਿੱਖ ਰਿਲੀਜੀਅਸ ਸੁਸਾਇਟੀ ਦੀ ਅਦਾਲਤ ਦੇ ਹੁਕਮਾਂ ‘ਤੇ ਆਉਂਦੀ 10 ਫਰਵਰੀ ਨੂੰ ਹੋ ਰਹੀ ਵਿਸ਼ੇਸ਼ ਚੋਣ ਲਈ ਮੁਕਾਬਲਾ ਦੋ ਧਿਰਾਂ ਵਿਚਾਲੇ ਸਿੱਧਾ ਹੋਵੇਗਾ। ਸੁਸਾਇਟੀ ਦੇ ਬੋਰਡ ਦੀਆਂ ਪੰਜ ਸੀਟਾਂ ਲਈ ਨੌਂ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਲਏ ਜਾਣ ਕਾਰਨ ਦਸ ਉਮੀਦਵਾਰ-ਗੁਰਮੀਤ ਸਿੰਘ ਭੋਲਾ, ਮਹਾਂਬੀਰ ਸਿੰਘ ਬਰਾੜ, ਸੁਖਦੇਵ ਕੌਰ ਘੁਮਾਣ, ਅੰਮ੍ਰਿਤਪਾਲ ਸਿੰਘ ਗਿੱਲ, ਕੁਲਦੀਪ ਸਿੰਘ ਝੱਟੂ, ਗੁਰਦੀਪ ਸਿੰਘ ਜੌਹਲ, ਅਮਰਜੀਤ ਸਿੰਘ ਜੌਹਰ, ਸੰਤੋਖ ਸਿੰਘ, ਸਰਵਣ ਸਿੰਘ ਅਤੇ ਸੋਖੀ ਸਿੰਘ ਚੋਣ ਮੈਦਾਨ ਵਿਚ ਰਹਿ ਗਏ ਹਨ। ਇਸੇ ਤਰ੍ਹਾਂ ਸੰਵਿਧਾਨ ਅਮਲ ਕਮੇਟੀ (ਸੀ ਆਈ ਸੀ) ਦੀ ਇਕ ਸੀਟ ਲਈ ਨਾਮਜ਼ਦਗੀ ਕਾਗਜ਼ ਭਰਨ ਵਾਲੇ ਪੰਜ ਵਿਚੋਂ ਤਿੰਨ ਉਮੀਦਵਾਰਾਂ ਵਲੋਂ ਕਾਗਜ਼ ਵਾਪਸ ਲੈ ਲਏ ਜਾਣ ਉਪਰੰਤ ਆਰਥਰ ਸਿੰਘ ਗੁਲਾਟੀ ਅਤੇ ਜਸਦੇਵ ਸਿੰਘ ਵਿਚਾਲੇ ਸਿੱਧਾ ਮੁਕਾਬਲਾ ਹੋਵੇਗਾ।
ਸੂਤਰਾਂ ਅਨੁਸਾਰ ਬੋਰਡ ਲਈ ਨਾਮਜ਼ਦਗੀ ਕਾਗਜ਼ ਵਾਪਸ ਲੈਣ ਵਾਲਿਆਂ ਵਿਚ ਮੱਖਣ ਸਿੰਘ ਕਲੇਰ, ਨਰਿੰਦਰ ਸਿੰਘ, ਹਰਮਿੰਦਰ ਸਿੰਘ ਖਹਿਰਾ, ਪੀ ਐਸ ਗਿੱਲ, ਏ ਐਸ ਗੁਲਾਟੀ, ਗਿਆਨ ਸਿੰਘ ਸੀਹਰਾ, ਇਰਵਿਨਪ੍ਰੀਤ ਸਿੰਘ, ਜਤਿੰਦਰ ਸਿੰਘ ਗਰੇਵਾਲ ਤੇ ਹਰਵਿੰਦਰਪਾਲ ਸਿੰਘ ਦੇ ਨਾਂ ਸ਼ਾਮਲ ਹਨ। ਜਦੋਂਕਿ ਸੀ ਆਈ ਸੀ ਲਈ ਨਾਂ ਵਾਪਸ ਲੈਣ ਵਾਲਿਆਂ ਵਿਚ ਨਰਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਗਿੱਲ ਅਤੇ ਗਿਆਨ ਸਿੰਘ ਸੀਹਰਾ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਆਉਂਦੀ 10 ਫਰਵਰੀ ਨੂੰ ਹੋ ਰਹੀਆਂ ਇਹ ਵਿਸ਼ੇਸ਼ ਚੋਣਾਂ ਸਿੱਖ ਸੰਗਤ ਇੰਟੈਗਰਿਟੀ ਐਸੋਸੀਏਸ਼ਨ ਨਾਂ ਦੀ ਜਥੇਬੰਦੀ ਵਲੋਂ ਅਦਾਲਤ ਵਿਚ ਕੀਤੇ ਗਏ ਕੇਸ ਬਾਰੇ ਪੰਥਕ ਸਲੇਟ ਦੀ ਅਗਵਾਈ ਹੇਠਲੇ ਪ੍ਰਬੰਧਕੀ ਬੋਰਡ ਨਾਲ ਪਿਛਲੇ ਸਾਲ ਅਕਤੂਬਰ ਮਹੀਨੇ ਹੋਏ ਰਾਜ਼ੀਨਾਮੇ ਪਿਛੋਂ ਅਦਾਲਤ ਦੇ ਹੁਕਮਾਂ ‘ਤੇ ਹੋ ਰਹੀਆਂ ਹਨ। ਸਿੱਖ ਸੰਗਤ ਇੰਟੈਗਰਿਟੀ ਐਸੋਸੀਏਸ਼ਨ ਵਲੋਂ ਕੇਸ ਬੋਰਡ ਦੀਆਂ 2010 ਵਿਚ ਹੋਈਆਂ ਚੋਣਾਂ ਵਿਚ ਹੇਰਾ-ਫੇਰੀ ਹੋਣ ਦੇ ਦੋਸ਼ਾਂ ਨੂੰ ਲੈ ਕੇ ਕੀਤਾ ਗਿਆ ਸੀ। ਇਸ ਕੇਸ ਉਪਰ ਸਿੱਖ ਰਿਲੀਜੀਅਸ ਸੁਸਾਇਟੀ ਦਾ ਕੋਈ ਤਿੰਨ ਲੱਖ ਡਾਲਰ ਤੋਂ ਵੀ ਵੱਧ ਪੈਸਾ ਖਰਚ ਹੋਇਆ। ਦੱਸਣਯੋਗ ਹੈ ਕਿ ਅਦਾਲਤ ਦੇ ਹੁਕਮਾਂ ਉਤੇ ਬੋਰਡ ਦੀਆਂ ਪੰਜ ਅਤੇ ਸੰਵਿਧਾਨ ਅਮਲ ਕਮੇਟੀ ਦੀ ਇਕ ਸੀਟ ਲਈ ਇਹ ਚੋਣਾਂ 2010 ਵਿਚ ਚੁਣੇ ਗਏ ਮੈਂਬਰਾਂ ਵਲੋਂ ਅਸਤੀਫਾ ਦਿਤੇ ਜਾਣ ਪਿਛੋਂ ਹੋ ਰਹੀਆਂ ਹਨ ਅਤੇ ਇਨ੍ਹਾਂ ਦੀ ਮਿਆਦ ਅਪਰੈਲ 2014 ਤੱਕ ਹੀ ਹੋਵੇਗੀ। ਗੁਰੂ ਘਰ ਦਾ ਪ੍ਰਬੰਧ ਚਲਾਉਂਦੀ ਸਿੱਖ ਰਿਲੀਜੀਅਸ ਸੁਸਾਇਟੀ ਦੇ ਨੌਂ ਬੋਰਡ ਮੈਂਬਰ ਹਨ ਅਤੇ ਤਿੰਨ ਸੀ ਆਈ ਸੀ ਮੈਂਬਰ। ਸੁਸਾਇਟੀ ਦੇ ਵਿਧਾਨ ਅਨੁਸਾਰ ਬੋਰਡ ਮੈਂਬਰਾਂ ਦੀ ਮਿਆਦ ਚਾਰ ਸਾਲ ਦੀ ਹੁੰਦੀ ਹੈ ਅਤੇ ਸੀ ਆਈ ਸੀ ਮੈਂਬਰ ਦੀ ਮਿਆਦ ਛੇ ਸਾਲ।
ਚੋਣ ਮੈਦਾਨ ਵਿਚ ਇਕ ਪਾਸੇ ਪ੍ਰਬੰਧ ‘ਤੇ ਕਾਬਜ ਮੌਜੂਦਾ ਪੰਥਕ ਸਲੇਟ ਹੈ ਜਦੋਂਕਿ ਦੂਜੇ ਪਾਸੇ ਸ਼ਿਕਾਗੋ ਸਿੱਖਸ ਅਤੇ ਸਿੱਖ ਸੰਗਤ ਇੰਟੈਗਰਿਟੀ ਐਸੋਸੀਏਸ਼ਨ ਵਲੋਂ ਚੋਣ ਸਾਂਝੇ ਤੌਰ ‘ਤੇ ਲੜੀ ਜਾ ਰਹੀ ਹੈ। ਬੋਰਡ ਮੈਂਬਰਾਂ ਲਈ ਉਮੀਦਵਾਰ ਬੀਬੀ ਸੁਖਦੇਵ ਕੌਰ ਘੁਮਾਣ, ਕੁਲਦੀਪ ਸਿੰਘ ਝੱਟੂ, ਗੁਰਦੀਪ ਸਿੰਘ ਜੌਹਲ, ਸੰਤੋਖ ਸਿੰਘ ਤੇ ਅਮਰਜੀਤ ਸਿੰਘ ਜੌਹਰ ਅਤੇ ਸੀ ਆਈ ਸੀ ਲਈ ਜਸਦੇਵ ਸਿੰਘ ਪੰਥਕ ਸਲੇਟ ਵਲੋਂ ਉਮੀਦਵਾਰ ਹਨ ਜਦੋਂ ਕਿ ਦੂਜੀ ਧਿਰ ਵਲੋਂ ਗੁਰਮੀਤ ਸਿੰਘ ਭੋਲਾ, ਮਹਾਂਬੀਰ ਸਿੰਘ ਬਰਾੜ, ਸਰਵਣ ਸਿੰਘ, ਅੰਮ੍ਰਿਤਪਾਲ ਸਿੰਘ ਗਿੱਲ ਤੇ ਸੋਖੀ ਸਿੰਘ ਅਤੇ ਸੀ ਆਈ ਸੀ ਲਈ ਆਰਥਰ ਸਿੰਘ ਗੁਲਾਟੀ ਉਮੀਦਵਾਰ ਹਨ।
ਮੌਜੂਦਾ ਪ੍ਰਧਾਨ ਬੀਬੀ ਸੁਖਦੇਵ ਕੌਰ ਘੁਮਾਣ, ਕੁਲਦੀਪ ਸਿੰਘ ਝੱਟੂ ਤੇ ਅਮਰਜੀਤ ਸਿੰਘ ਜੌਹਰ 2010 ਦੀਆਂ ਚੋਣਾਂ ਵਿਚ ਚੁਣੇ ਗਏ ਸਨ ਅਤੇ ਅਸਤੀਫਾ ਦੇਣ ਪਿਛੋਂ ਮੁੜ ਚੋਣ ਲੜ ਰਹੇ ਹਨ।

Be the first to comment

Leave a Reply

Your email address will not be published.