ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਵਿਚ ਫੌਜ ਵਾੜਨ ਖਿਲਾਫ ਰੋਸ ਪ੍ਰਗਟ ਕਰਨ ਲਈ ਕਰਵਾਏ ਜਾ ਰਹੇ ਸਮਾਗਮ ਨੂੰ ਲੈ ਕੇ ਪੰਥਕ ਧਿਰਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਹਮੋ-ਸਾਹਮਣੇ ਹੋ ਗਈਆਂ ਹਨ। ਸਰਬੱਤ ਖਾਲਸਾ ਵੱਲੋਂ ਥਾਪੇ ਗਏ ਤਖਤਾਂ ਦੇ ਜਥੇਦਾਰ ਤੇ ਸਰਬੱਤ ਖਾਲਸਾ ਦੀਆਂ ਹਮਾਇਤੀ ਧਿਰਾਂ ਵੱਲੋਂ ਸੰਕੇਤ ਦਿੱਤੇ ਗਏ ਸਨ ਕਿ ਉਹ 6 ਜੂਨ ਵਾਲੇ ਦਿਨ ਆਪਣਾ ਵੱਖਰਾ ਸਮਾਗਮ ਉਲੀਕ ਸਕਦੀਆਂ ਹਨ।
ਬੀਤੇ ਦਿਨੀਂ ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਨਜ਼ਦੀਕ ਹੀ ਨਵਾਂ ਸਕੱਤਰੇਤ ਸਥਾਪਤ ਕੀਤਾ ਜਾਵੇਗਾ ਜਿਥੋਂ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਤਖਤਾਂ ਦੇ ਜਥੇਦਾਰ ਪੰਥਕ ਫੈਸਲੇ ਲੈਣਗੇ ਤੇ ਇਨ੍ਹਾਂ ਬਾਰੇ ਆਦੇਸ਼, ਨਿਰਦੇਸ਼ ਤੇ ਹੁਕਮਨਾਮੇ ਵੀ ਜਾਰੀ ਕਰਨਗੇ। ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਹਾਲਾਂਕਿ ਕੁਝ ਵੀ ਸਾਫ ਨਹੀਂ ਕੀਤਾ, ਪਰ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਅਜਿਹਾ ਕਿਸੇ ਵੀ ਕੀਮਤ ‘ਤੇ ਨਹੀਂ ਹੋ ਸਕਦਾ। 6 ਜੂਨ ਨੂੰ ਲਗਾਤਾਰ ਦੋ ਸਾਲ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਇਸ ਵਾਰ ਜਿਥੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੀ ਗਿਣਤੀ ਵਧਾਈ ਜਾਵੇਗੀ, ਉਥੇ ਸਾਦੀ ਵਰਦੀ ਵਿਚ ਪੁਲਿਸ ਮੁਲਾਜ਼ਮ ਵੀ ਵੱਡੀ ਗਿਣਤੀ ਵਿਚ ਤਾਇਨਾਤ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਸੀæਸੀæਟੀæਵੀæ ਕੈਮਰਿਆਂ ਦੀ ਗਿਣਤੀ ਵੀ ਵਧਾਈ ਗਈ ਹੈ।
ਦੱਸਣਯੋਗ ਹੈ ਕਿ ਪੰਜਾਬ ਵਿਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਡੇਰਾ ਮੁਖੀ ਨੂੰ ਮੁਆਫੀ ਦੇਣ ਦੇ ਮਾਮਲੇ ਤੋਂ ਬਾਅਦ ਸ਼੍ਰੋਮਣੀ ਕਮੇਟੀ, ਤਖਤਾਂ ਦੇ ਜਥੇਦਾਰਾਂ ਤੇ ਅਕਾਲੀ ਦਲ ਖਿਲਾਫ਼ ਲੋਕਾਂ ਵਿਚ ਗੁੱਸਾ ਦੇਖਣ ਨੂੰ ਮਿਲਿਆ ਸੀ। ਸਰਬੱਤ ਖਾਲਸਾ ਵਿਚ ਹੋਏ ਵੱਡੇ ਇਕੱਠ ਤੋਂ ਬਾਅਦ ਦੀਵਾਲੀ ਵਾਲੇ ਦਿਨ ਵੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਸਥਿਤੀ ਤਣਾਅ ਵਾਲੀ ਬਣ ਗਈ ਸੀ। ਉਸ ਵੇਲੇ ਵੀ ਸ਼੍ਰੋਮਣੀ ਕਮੇਟੀ ਵੱਲੋਂ ਦਾਅਵੇ ਕੀਤੇ ਜਾ ਰਹੇ ਸਨ ਕਿ ਮਾਹੌਲ ਨੂੰ ਸ਼ਾਂਤ ਰੱਖਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ, ਪਰ ਬਾਵਜੂਦ ਇਨ੍ਹਾਂ ਪ੍ਰਬੰਧਾਂ ਦੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਧਿਆਨ ਸਿੰਘ ਮੰਡ ਆਪਣੇ ਕਈ ਸਮਰਥਕਾਂ ਸਮੇਤ ਉਥੇ ਪਹੁੰਚ ਗਏ ਸਨ ਤੇ ਉਨ੍ਹਾਂ ਆਪਣਾ ਵੱਖਰਾ ਸੰਦੇਸ਼ ਵੀ ਕੌਮ ਦੇ ਨਾਂ ਦਿੱਤਾ ਸੀ।
ਉਧਰ, ਸਰਬੱਤ ਖਾਲਸਾ ਵੱਲੋਂ ਥਾਪੇ ਗਏ ਤਖਤਾਂ ਦੇ ਜਥੇਦਾਰਾਂ ਦੀਆਂ ਸਰਗਰਮੀਆਂ ਨੇ ਸੱਤਾਧਾਰੀ ਅਕਾਲੀ ਦਲ ਦੇ ਹੋਸ਼ ਉਡਾ ਦਿੱਤੇ ਹਨ। ਸਰਕਾਰ ਜਥੇਦਾਰਾਂ ਦਾ ਮਿਸ਼ਨ ਫੇਲ੍ਹ ਕਰਨ ਵਿਚ ਜੁਟ ਗਈ ਹੈ। ਧਿਆਨ ਸਿੰਘ ਮੰਡ ਤੇ ਹੋਰ ਸਿੱਖ ਆਗੂਆਂ ਨੂੰ ਮੁੜ ਗ੍ਰਿਫਤਾਰ ਕਰ ਲਿਆ ਗਿਆ ਹੈ, ਹਾਲਾਂਕਿ ਕਿ ਸਿੱਖ ਜਥੇਬੰਦੀਆਂ ਦੇ ਵਿਰੋਧ ਪਿਛੋਂ ਅਗਲੇ ਦਿਨ ਹੀ ਰਿਹਾਅ ਕਰਨਾ ਪਿਆ। ਦਰਅਸਲ, ਬੀਤੇ ਦਿਨੀਂ ਜੇਲ੍ਹ ਵਿਚੋਂ ਪੈਰੋਲ ਉਤੇ ਰਿਹਾਅ ਕੀਤੇ ਗਏ ਦੋ ਸਿੱਖ ਕੈਦੀ ਦਵਿੰਦਰਪਾਲ ਸਿੰਘ ਭੁੱਲਰ ਤੇ ਗੁਰਦੀਪ ਸਿੰਘ ਖਹਿਰਾ ਨਾਲ ਮੁਲਾਕਾਤ ਕਰਨ ਪੁੱਜੇ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਸੀ ਕਿ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਜਲਦ ਹੀ ਆਪਣਾ ਕੰਮਕਾਜ ਸ਼ੁਰੂ ਕਰ ਦੇਣਗੇ। ਸਿੱਖ ਪੰਥ ਨਾਲ ਜੁੜੇ ਮਸਲਿਆਂ ਨੂੰ ਵਿਚਾਰਨ ਤੇ ਉਨ੍ਹਾਂ ਸਬੰਧੀ ਆਦੇਸ਼, ਨਿਰਦੇਸ਼ ਜਾਰੀ ਕਰਨ ਲਈ ਅਕਾਲ ਤਖ਼ਤ ਸਾਹਿਬ ਦੇ ਨੇੜੇ ਹੀ ਇਕ ਨਵਾਂ ਸਕੱਤਰੇਤ ਵੀ ਸਥਾਪਤ ਕੀਤਾ ਜਾਵੇਗਾ। ਦਾਦੂਵਾਲ ਵੱਲੋਂ ਨਵਾਂ ਸਕੱਤਰੇਤ ਸਥਾਪਤ ਕਰਨ ਦੇ ਬਿਆਨ ਤੋਂ ਬਾਅਦ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭੰਬਲਭੂਸੇ ਵਿਚ ਪੈ ਗਈ ਸੀ, ਉਥੇ ਹੀ ਸੁਰੱਖਿਆ ਏਜੰਸੀਆਂ ਵੀ ਹੈਰਾਨ ਹਨ ਕਿ ਇਹ ਦਫਤਰ ਆਖਰ ਕਿਥੇ ਖੋਲ੍ਹਿਆ ਜਾ ਰਿਹਾ ਹੈ।