ਚੰਡੀਗੜ੍ਹ: ਨਸ਼ਿਆਂ ਤੋਂ ਬਾਅਦ ਪੰਜਾਬ ਵਿਚ ਵਧ ਰਹੇ ਅਪਰਾਧਾਂ ਦਾ ਮਾਮਲਾ ਵੀ ਅਕਾਲੀ-ਭਾਜਪਾ ਸਰਕਾਰ ਲਈ ਸਿਰਦਰਦੀ ਬਣਦਾ ਜਾ ਰਿਹਾ ਹੈ। ਪੰਜਾਬ ਵਿਚ ਸ਼ੁਰੂ ਹੋਈ ਗੈਂਗਵਾਰ ਨੇ ਸਿਆਸੀ ਆਕਾਵਾਂ ਦੇ ਹੋਸ਼ ਉਡਾ ਦਿੱਤੇ ਹਨ। ਇਨ੍ਹਾਂ ਲੀਡਰਾਂ ਨੂੰ ਡਰ ਹੈ ਕਿ ਇਸ ਖੂਨੀ ਖੇਡ ਦੇ ਛਿੱਟੇ ਉਨ੍ਹਾਂ ਤੱਕ ਵੀ ਨਾ ਪਹੁੰਚ ਜਾਣ। ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਉਹ ਖੁਦ ਵੀ ਰਾਤ ਵੇਲੇ ਅਚਾਨਕ ਥਾਣਿਆਂ ਵਿਚ ਜਾ ਪਹੁੰਚੇ।
ਦਰਅਸਲ, ਪਿਛਲੇ ਦਿਨੀਂ ਵਾਪਰੀਆਂ ਘਟਨਾਵਾਂ ਤੋਂ ਬਾਅਦ ਜਿਥੇ ਸੱਤਾ ਧਿਰ ਗੈਂਗਸਟਰਾਂ ਉਤੇ ਸਖਤੀ ਦੇ ਸੰਕੇਤ ਦੇਣ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਵਿਰੋਧੀ ਧਿਰਾਂ ਵੀ ਇਸ ਮੁੱਦੇ ਉਤੇ ਸਿਆਸਤ ਕਰਨ ਦਾ ਮੌਕਾ ਹੱਥੋਂ ਨਹੀਂ ਜਾਣ ਦੇ ਰਹੇ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਜੇਕਰ ਗੈਂਗਸਟਰ ਖਤਮ ਹੋ ਗਏ ਤਾਂ ਫਿਰ ਅਕਾਲੀ ਦਲ ਵਿਚ ਕੌਣ ਬਚੇਗਾ। ਇਸ ਤੋਂ ਪਹਿਲਾਂ ਵੀ ਯੂਥ ਅਕਾਲੀ ਦਲ ਦੇ ਲੀਡਰਾਂ ਉਤੇ ਅਜਿਹੇ ਇਲਜ਼ਾਮ ਲੱਗਦੇ ਰਹੇ ਹਨ। ਇਸ ਲਈ ਅਕਾਲੀ ਦਲ ਵੇਲੇ ਸਿਰ ਹੀ ਇਸ ਮੁੱਦੇ ਨੂੰ ਨਾਕਾਰ ਕਰਨਾ ਚਾਹੁੰਦਾ ਹੈ। ਗੈਂਗਸਟਰ ਤੋਂ ਨੇਤਾ ਬਣੇ ਫਾਜ਼ਿਲਕਾ ਦੇ ਜਸਵਿੰਦਰ ਸਿੰਘ ਰੌਕੀ ਦੀ ਹੱਤਿਆ ਤੋਂ ਬਾਅਦ ਫੇਸਬੁੱਕ ‘ਤੇ ਸ਼ੁਰੂ ਹੋਈ ਗੈਂਗਵਾਰ ਨੇ ਪੁਲਿਸ ਤੇ ਸਰਕਾਰ ਦੀ ਹੋਸ਼ ਉਡਾ ਦਿੱਤੀ ਹੈ। ਪੁਲਿਸ ਸੂਤਰਾਂ ਮੁਤਾਬਕ ਇਸ ਵੇਲੇ ਪੰਜਾਬ ਵਿਚ 12 ਵੱਡੇ ਗੈਂਗ ਹਨ। ਇਨ੍ਹਾਂ ਵਿਚੋਂ ਨੌਂ ਗੈਂਗ ਤਾਂ ਇਕ-ਦੂਜੇ ਦੇ ਖੂਨ ਦੇ ਪਿਆਸੇ ਹਨ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਵਿਚੋਂ ਪੰਜ ਗੈਂਗਸਟਰ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚੋਂ ਹੀ ਆਪਣੇ ਗੈਂਗ ਚਲਾ ਰਹੇ ਹਨ। ਜੇਲ੍ਹਾਂ ਵਿਚੋਂ ਹੀ ਫੇਸਬੁੱਕ ਪੇਜ ਅਪਡੇਟ ਹੋ ਰਹੇ ਹਨ। ਪੰਜਾਬ ਪੁਲਿਸ ਦੇ ਸੂਤਰਾਂ ਮੁਤਾਬਕ ਪੰਜ ਦਰਜਨ ਗੈਂਗਾਂ ਦੇ 450 ਦੇ ਕਰੀਬ ਮੈਂਬਰਾਂ ਕੋਲ ਤਕਰੀਬਨ 100 ਆਧੁਨਿਕ ਹਥਿਆਰ ਹਨ। ਇਨ੍ਹਾਂ ਵਿਚ 9 ਐਮæਐਮæ, æ12 ਬੋਰ, 32 ਬੋਰ, æ315 ਬੋਰ ਤੇ 7æ68 ਐਮæਐਮæ ਦੇ ਪਿਸਤੌਲ ਹਨ। ਇਸ ਤੋਂ ਇਲਾਵਾ æ315 ਬੋਰ, æ12 ਬੋਰ ਅਤੇ æ303 ਬੋਰ ਦੀਆਂ ਰਾਈਫਲਾਂ ਸਮੇਤ ਡਬਲ ਬੋਰ ਗੰਨ, ਏਅਰਗੰਨ ਤੇ ਦੇਸੀ ਪਿਸਤੌਲ ਵੀ ਉਨ੍ਹਾਂ ਕੋਲ ਮੌਜੂਦ ਹੈ।
ਸਿਆਸੀ ਪਾਰਟੀਆਂ ਚਾਹੇ ਕੁਝ ਵੀ ਕਹਿਣ, ਪਰ ਇਹ 100 ਫੀਸਦੀ ਸੱਚਾਈ ਹੈ ਕਿ ਇਨ੍ਹਾਂ ਖਤਰਨਾਕ ਅਪਰਾਧੀ ਗਰੋਹਾਂ ਨੂੰ ਕਿਸੇ ਨਾ ਕਿਸੇ ਸਿਆਸੀ ਲੀਡਰ ਦੀ ਸਰਪ੍ਰਸਤੀ ਹਾਸਲ ਹੈ। ਇਹ ਗਰੋਹ ਹਥਿਆਰਾਂ ਦੀ ਧੌਂਸ ਨਾਲ ਸੁਪਾਰੀ ਕਤਲਾਂ, ਅਗਵਾ ਕਰ ਕੇ ਫਿਰੌਤੀਆਂ ਮੰਗਣ ਤੇ ਜ਼ਮੀਨਾਂ ਦੇ ਨਾਜਾਇਜ਼ ਕਰਵਾਉਣ ਲਈ ਮੋਟੀਆਂ ਰਕਮਾਂ ਹੜੱਪ ਰਹੇ ਹਨ। ਸਵਾਲ ਉੱਠਦਾ ਹੈ ਕਿ ਬਿਨਾ ਸਿਆਸੀ ਸਰਪ੍ਰਸਤੀ ਦੇ ਇਹ ਅਪਰਾਧੀ ਇਸ ਤਰ੍ਹਾਂ ਕਾਨੂੰਨ ਦੀਆਂ ਧੱਜੀਆਂ ਕਿਵੇਂ ਉਡਾ ਸਕਦੇ ਹਨ। ਇਹ ਅਪਰਾਧੀ ਜੇਲ੍ਹਾਂ ਵਿਚ ਵੀ ਸ਼ਾਹੀ ਠਾਠ ਨਾਲ ਰਹਿੰਦੇ ਹਨ। ਅਕਸਰ ਚੋਣਾਂ ਵੇਲੇ ਇਹ ਜ਼ਮਾਨਤ ‘ਤੇ ਰਿਹਾਅ ਹੋ ਕੇ ਬਾਹਰ ਆ ਜਾਂਦੇ ਹਨ।
____________________________________
ਸੁਖਬੀਰ ਬਾਦਲ ਦੀ ‘ਗੰਭੀਰਤਾ’ ਦੀ ਖੁੱਲ੍ਹੀ ਪੋਲ
ਅੰਮ੍ਰਿਤਸਰ: ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਾਕਿਆ ਹੀ ਪੰਜਾਬ ਪੁਲਿਸ ਵਿਚ ਸੁਧਾਰ ਕਰਨ ਲਈ ਗੰਭੀਰ ਹਨ? ਇਹ ਸਵਾਲ ਇਸ ਕਰ ਕੇ ਉੱਠਿਆ ਹੈ ਕਿਉਂਕਿ ਅੰਮ੍ਰਿਤਸਰ ਵਿਚ ਪੁਲਿਸ ਦੀ ਸ਼ਰੇਆਮ ਗੁੰਡਾਗਰਦੀ ਸਾਹਮਣੇ ਆਉਣ ਦੇ ਬਾਵਜੂਦ ਮੁਲਾਜ਼ਮਾਂ ਖਿਲਾਫ਼ ਕੋਈ ਸਖਤ ਕਾਰਵਾਈ ਨਹੀਂ ਕੀਤੀ ਗਈ। ਹੈਰਾਨੀ ਦੀ ਗੱਲ ਹੈ ਕਿ ਸੁਖਬੀਰ ਬਾਦਲ ਨੇ ਅੱਧੀ ਰਾਤ ਨੂੰ ਥਾਣਿਆਂ ਵਿਚ ਛਾਪੇ ਮਾਰ ਕੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਪੁਲਿਸ ਦੇ ਅਕਸ ਨੂੰ ਸੁਧਾਰਿਆ ਜਾਏਗਾ। ਉਸੇ ਦਿਨ ਇਹ ਘਟਨਾ ਸਾਹਮਣੇ ਆ ਗਈ, ਪਰ ਸੁਖਬੀਰ ਬਾਦਲ ਖਾਮੋਸ਼ ਹਨ। ਅੰਮ੍ਰਿਤਸਰ ਦੇ ਗਰੀਨ ਐਵੀਨਿਊ ਇਲਾਕੇ ਵਿਚ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟੇ ਜਾਣ ਦੀ ਵੀਡੀਓ ਸੀæਸੀæਟੀæਵੀæ ਕੈਮਰੇ ਵਿਚ ਕੈਦ ਹੋ ਗਈ ਸੀ। ਨੈਸ਼ਨਲ ਚੈਨਲਾਂ ‘ਤੇ ਇਹ ਵੀਡੀਓ ਨਸਰ ਹੋਣ ਤੋਂ ਬਾਅਦ ਵੀ ਪੁਲਿਸ ਅਧਿਕਾਰੀਆਂ ਵੱਲੋਂ ਇਨ੍ਹਾਂ ਪੁਲਿਸ ਮੁਲਾਜ਼ਮਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਗਈ ਹੈ। ਲੋਕ ਇਸ ਵੀਡੀਓ ‘ਤੇ ਕਮੈਂਟ ਕਰ ਕੇ ਇਨ੍ਹਾਂ ਪੁਲਿਸ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ।
__________________________________
ਸਰਕਾਰ ਤੇ ਪੰਜਾਬ ਪੁਲਿਸ ਦੇ ਵੱਸੋਂ ਬਾਹਰ ਹੋਇਆ ਮਸਲਾ
ਚੰਡੀਗੜ੍ਹ: ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਵੱਲੋਂ ਗੈਂਗਸਟਰਾਂ ਬਾਰੇ ਕੀਤੇ ਖੁਲਾਸੇ ਨੇ ਸਿਆਸੀ ਧਿਰਾਂ ਦੇ ਨਾਲ-ਨਾਲ ਆਮ ਲੋਕਾਂ ਦੀ ਚਿੰਤਾ ਵੀ ਵਧਾ ਦਿੱਤੀ ਹੈ। ਸਿਆਸੀ ਸ਼ਹਿ ਹਾਸਲ ਇਹ ਗੁੱਟ ਹੁਣ ਸਰਕਾਰ ਲਈ ਵੀ ਸਿਰਦਰਦੀ ਬਣਨ ਲੱਗੇ ਹਨ। ਪੁਲਿਸ ਮੁਖੀ ਅਨੁਸਾਰ ਪੰਜਾਬ ਵਿਚ 400 ਤੋਂ ਵੱਧ ਅਪਰਾਧੀਆਂ ਦੇ 57 ਦੇ ਤਕਰੀਬਨ ਗਰੋਹ ਸਰਗਰਮ ਹਨ। ਇਨ੍ਹਾਂ ਗੈਂਗਸਟਰਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਇਹ ਪੁਲਿਸ, ਨਿਆਂ ਪ੍ਰਣਾਲੀ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਵੀ ਟਿੱਚ ਸਮਝਦੇ ਹੋਏ ਅਗਵਾ, ਫ਼ਿਰੌਤੀਆਂ, ਕਤਲ, ਜ਼ਮੀਨਾਂ ਜਾਇਦਾਦਾਂ ‘ਤੇ ਨਾਜਾਇਜ਼ ਕਬਜ਼ੇ, ਲੁੱਟਾਂ ਖੋਹਾਂ ਅਤੇ ਔਰਤਾਂ ਨਾਲ ਵਧੀਕੀਆਂ ਦੀਆਂ ਵਾਰਦਾਤਾਂ ਨੂੰ ਬੇਖੌਫ਼ ਹੋ ਕੇ ਅੰਜਾਮ ਦੇ ਰਹੇ ਹਨ। ਇਨ੍ਹਾਂ ਦਾ ਤਾਣਾ-ਬਾਣਾ ਇੰਨਾ ਮਜ਼ਬੂਤ ਹੋ ਚੁੱਕਿਆ ਹੈ ਕਿ ਪਿਛਲੇ 15 ਮਹੀਨਿਆਂ ਦੌਰਾਨ 37 ਗੈਂਗਸਟਰ ਜੇਲ੍ਹਾਂ ਜਾਂ ਪੁਲਿਸ ਹਿਰਾਸਤ ਵਿਚੋਂ ਫਰਾਰ ਹੋਣ ਵਿਚ ਸਫਲ ਹੋ ਚੁੱਕੇ ਹਨ।
ਇਹ ਪੁਲਿਸ ਜਾਂ ਰਸੂਖਵਾਨਾਂ ਦੀ ਮਿਲੀ ਭੁਗਤ ਹੀ ਕਹੀ ਜਾ ਸਕਦੀ ਹੈ ਜਾਂ ਤਹਿਕੀਕਾਤ ਤੇ ਕਾਨੂੰਨੀ ਅਮਲੇ ਦੀ ਨਾਲਾਇਕੀ ਕਿ ਪਿਛਲੇ ਪੰਜ ਸਾਲਾਂ ਦੌਰਾਨ ਕਿਸੇ ਵੀ ਗ੍ਰਿਫ਼ਤਾਰ ਗੈਂਗਸਟਰ ਨੂੰ ਸਜ਼ਾ ਨਹੀਂ ਹੋਈ। ਜੇਲ੍ਹਾਂ ਵਿਚ ਬੰਦ ਗੈਂਗਸਟਰ ਨਾ ਸਿਰਫ ਹਰ ਕਿਸਮ ਦੀਆਂ ਸਹੂਲਤਾਂ ਦਾ ਆਨੰਦ ਮਾਣ ਰਹੇ ਹਨ ਬਲਕਿ ਮੋਬਾਈਲ ਅਤੇ ਇੰਟਰਨੈੱਟ ਰਾਹੀਂ ਜੇਲ੍ਹਾਂ ਵਿਚੋਂ ਹੀ ਆਪਣਾ ਕਾਰੋਬਾਰ ਵੀ ਬਖ਼ੂਬੀ ਚਲਾ ਰਹੇ ਹਨ।
ਪੁਲਿਸ ਮੁਖੀ ਵੱਲੋਂ ਗੈਂਗਸਟਰਾਂ ਬਾਰੇ ਕੀਤੇ ਗਏ ਇਨ੍ਹਾਂ ਖੁਲਾਸਿਆਂ ਤੋਂ ਇਹ ਸਵਾਲ ਉੱਭਰਨਾ ਸੁਭਾਵਕ ਹੈ ਕਿ ਪੁਖਤਾ ਜਾਣਕਾਰੀ ਹੋਣ ਦੇ ਬਾਵਜੂਦ ਅਮਨ-ਕਾਨੂੰਨ ਕਾਇਮ ਰੱਖਣ ਲਈ ਜ਼ਿੰਮੇਵਾਰ ਏਜੰਸੀਆਂ ਅਤੇ ਗ੍ਰਹਿ ਵਿਭਾਗ ਇਨ੍ਹਾਂ ਅਪਰਾਧੀ ਤੱਤਾਂ ਨੂੰ ਨੱਥ ਪਾਉਣ ਵਿਚ ਅਸਮਰੱਥ ਕਿਉਂ ਹੈ? ਸਪਸ਼ਟ ਹੈ ਕਿ ਇਨ੍ਹਾਂ ਗੈਂਗਸਟਰਾਂ ਦੇ ਤਾਰ ਪੁਲਿਸ, ਪ੍ਰਸ਼ਾਸਨ ਅਤੇ ਰਸੂਖ਼ਵਾਨ ਸਿਆਸਤਦਾਨਾਂ ਨਾਲ ਜੁੜੇ ਹੋਏ ਹਨ। ਰਸੂਖਵਾਨਾਂ ਦੀ ਸਰਪ੍ਰਸਤੀ, ਪੁਲਿਸ ਦੀ ਮਿਲੀ ਭੁਗਤ ਅਤੇ ਪ੍ਰਸ਼ਾਸਨ ਦੀ ਕਮਜ਼ੋਰੀ ਕਾਰਨ ਹੀ ਇਨ੍ਹਾਂ ਗੈਂਗਸਟਰਾਂ ਅਤੇ ਹੋਰ ਮਾਫ਼ੀਆ ਗਰੋਹਾਂ ਕੋਲ ਵੱਡੀ ਮਾਤਰਾ ਵਿਚ ਜਾਇਜ਼ ਅਤੇ ਨਾਜਾਇਜ਼ ਅਸਲਾ ਹੈ। ਉਹ ਹਥਿਆਰਾਂ ਦਾ ਨਾ ਸਿਰਫ ਦਲੇਰੀ ਨਾਲ ਦਿਖਾਵਾ ਕਰਦੇ ਹਨ ਬਲਕਿ ਅਜਿਹੇ ਦਿਖਾਵਿਆਂ ਦੀ ਵਰਤੋਂ ਲੋਕਾਂ ਨੂੰ ਡਰਾਉਣ ਧਮਕਾਉਣ ਅਤੇ ਹੋਰ ਗ਼ੈਰ ਸਮਾਜਿਕ ਤੇ ਅਪਰਾਧਕ ਕਾਰਵਾਈਆਂ ਕਰਨ ਲਈ ਵੀ ਕਰਦੇ ਹਨ।