ਅਪਰਾਧਕ ਵਾਰਦਾਤਾਂ ਦੇ ਮਾਮਲੇ ਵਿਚ ਮੋਹਰੀ ਸੂਬਿਆਂ ਵੱਲ ਵਧਿਆ ਪੰਜਾਬ

ਚੰਡੀਗੜ੍ਹ: ਅੰਮ੍ਰਿਤਸਰ ਦੀਆਂ ਸੜਕਾਂ ‘ਤੇ ਦਿਨ-ਦਿਹਾੜੇ ਗੈਂਗਵਾਰ ਨੂੰ ਵੇਖ ਇੰਜ ਲੱਗ ਰਿਹਾ ਸੀ ਕਿ ਪੰਜਾਬ ਹੁਣ ਯੂæਪੀæ ਤੇ ਬਿਹਾਰ ਤੋਂ ਵੀ ਅੱਗੇ ਟੱਪ ਗਿਆ ਹੈ। ਸਿਆਸੀ ਪਾਰਟੀਆਂ ਦੀ ਸ਼ਹਿ ‘ਤੇ ਹੀ ਵਧ-ਫੁੱਲ ਰਹੇ ਗੈਂਗ ਹੁਣ ਇੰਨੇ ਬੇਖ਼ੌਫ ਹੋ ਗਏ ਹਨ ਕਿ ਉਨ੍ਹਾਂ ਨੂੰ ਪੁਲਿਸ ਦਾ ਵੀ ਕੋਈ ਡਰ ਖਤਰਾ ਨਹੀਂ ਰਿਹਾ। ਇਹ ਗੈਂਗਸਟਰ ਸ਼ਰੇਆਮ ਪੁਲਿਸ ਨੂੰ ਵੰਗਾਰ ਰਹੇ ਹਨ ਤੇ ਜੇਲ੍ਹਾਂ ਵਿਚੋਂ ਹੀ ਆਪਣੇ ਗੈਂਗ ਚਲਾ ਰਹੇ ਹਨ। ਅੰਕੜਿਆਂ ਮੁਤਾਬਕ ਪਿਛਲੇ ਵਰ੍ਹੇ ਰਾਜ ਵਿਚ 693 ਕਤਲ ਹੋਏ ਹਨ। ਇਸ ਤੋਂ ਇਲਾਵਾ ਹਰੇਕ ਦੋ ਦਿਨਾਂ ਬਾਅਦ ਨੌਂ ਵਿਅਕਤੀਆਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।

ਹੈਰਾਨੀ ਦੀ ਗੱਲ ਹੈ ਕਿ ਇਹ ਸਭ ਕੁਝ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਸੂਬੇ ਵਿਚ ਅਮਨ-ਅਮਾਨ ਹੈ। ਪੁਲਿਸ ਦੀ ਮੰਨੀਏ ਤਾਂ ਸੂਬੇ ਵਿਚ ਇੰਨੇ ਗੈਂਗ ਹੋ ਗਏ ਹਨ ਕਿ ਪਿਛਲੇ ਵਰ੍ਹੇ ਹੀ ਜਗਦੀਪ ਸਿੰਘ ਉਰਫ਼ ਜੱਗੂ ਸਮੇਤ 65 ਗੈਂਗ ਬੇਨਕਾਬ ਕੀਤੇ ਗਏ। ਉਨ੍ਹਾਂ ਕੋਲੋਂ 414 ਪਿਸਤੌਲਾਂ, 87 ਰਿਵਾਲਵਰ, 57 ਰਾਈਫਲਾਂ, 30 ਬੰਦੂਕਾਂ, 26 ਮੈਗਜ਼ੀਨ, 9 ਬੰਬ, ਦੋ ਡੈਟੋਨੇਟਰ, ਤਿੰਨ ਹੱਥ ਗੋਲੇ ਬਰਾਮਦ ਕੀਤੇ ਸਨ। ਗੈਂਗਸਟਰ ਜਸਵਿੰਦਰ ਸਿੰਘ ਰੌਕੀ ਦਾ ਕਤਲ ਜਿਥੇ ਪੰਜਾਬ ਵਿਚ ਅਮਨ-ਕਾਨੂੰਨ ਦੀ ਹਾਲਤ ਉਤੇ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ, ਉਥੇ ਸੂਬੇ ਵਿਚ ਗੈਂਗਸਟਰ ਗਰੋਹਾਂ ਦੇ ਤੇਜ਼ੀ ਨਾਲ ਵਧਣ-ਫੁੱਲਣ ਦੇ ਸੰਕੇਤ ਵੀ ਦੇ ਰਿਹਾ ਹੈ।
ਇਨ੍ਹਾਂ ਗੈਂਗਸਟਰਾਂ ਦੀਆਂ ਸਿਆਸੀ ਆਗੂਆਂ ਅਤੇ ਉੱਚ ਅਧਿਕਾਰੀਆਂ ਨਾਲ ਜੁੜੀਆਂ ਤਾਰਾਂ ਸਿਆਸਤ ਅਤੇ ਪ੍ਰਸ਼ਾਸਨ ਵਿਚ ਆ ਚੁੱਕੇ ਨਿਘਾਰ ਦੀ ਮੂੰਹ ਬੋਲਦੀ ਤਸਵੀਰ ਹਨ। ਇਹੀ ਕਾਰਨ ਹੈ ਕਿ ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ਹੁਣ ਗੈਂਗਸਟਰਾਂ, ਜ਼ਮੀਨ, ਨਸ਼ੇ ਤੇ ਰੇਤ ਮਾਫ਼ੀਆ ਜਿਹੇ ਗਰੋਹਾਂ, ਅਨੈਤਿਕ ਸਿਆਸੀ ਆਗੂਆਂ ਅਤੇ ਭ੍ਰਿਸ਼ਟ ਪ੍ਰਸ਼ਾਸਕਾਂ ਦੀ ਧਰਤੀ ਬਣਦੀ ਜਾ ਰਹੀ ਹੈ। ਕੋਈ ਸਮਾਂ ਸੀ ਜਦੋਂ ਅਜਿਹੇ ਵਰਤਾਰੇ ਲਈ ਬਿਹਾਰ ਅਤੇ ਉੱਤਰ ਪ੍ਰਦੇਸ਼ ਜਿਹੇ ਕੁਝ ਸੂਬਿਆਂ ਦਾ ਨਾਂ ਲਿਆ ਜਾਂਦਾ ਸੀ, ਪਰ ਹੁਣ ਜਾਪਦਾ ਹੈ ਕਿ ਪੰਜਾਬ ਨੇ ਇਨ੍ਹਾਂ ਨੂੰ ਵੀ ਮਾਤ ਦੇ ਦਿੱਤੀ ਹੈ।
ਪੰਜਾਬ ਨੂੰ ਕੈਲੇਫੋਰਨੀਆ ਬਣਾਉਣ ਅਤੇ ਮੁਲਕ ਦਾ ਨੰਬਰ ਇਕ ਸੂਬਾ ਬਣਾਉਣ ਦੇ ਦਾਅਵੇ ਕਰਨ ਵਾਲੇ ਸਿਆਸੀ ਆਗੂ ਵੀ ਗੈਂਗਸਟਰਾਂ ਅਤੇ ਵੱਖ-ਵੱਖ ਕਿਸਮ ਦੇ ਮਾਫ਼ੀਆ ਗਰੋਹਾਂ ਦੇ ਸਰਪ੍ਰਸਤ ਬਣ ਕੇ ਸਾਹਮਣੇ ਆ ਰਹੇ ਹਨ। ਕਿਸੇ ਸਮੇਂ ਨਾ ਸਿਰਫ ਮੁਲਕ ਬਲਕਿ ਦੁਨੀਆਂ ਦੀ ਬਿਹਤਰੀਨ ਅਤੇ ਅਨੁਸ਼ਾਸਿਤ ਫੋਰਸ ਜਾਣੀ ਜਾਂਦੀ ਪੰਜਾਬ ਪੁਲਿਸ ਨਾ ਕੇਵਲ ਖ਼ੁਦ ਹੀ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਧਸੀ ਦਿਖਾਈ ਦਿੰਦੀ ਹੈ ਬਲਕਿ ਨੈਤਿਕ ਪੱਖੋਂ ਕੱਖੋਂ ਹੌਲੇ ਸਿਆਸੀ ਆਗੂਆਂ ਸਾਹਮਣੇ ਵੀ ਸਾਹਸੱਤਹੀਣ ਹੋਈ ਜਾਪਦੀ ਹੈ। ਅਜਿਹੀ ਸਥਿਤੀ ਵਿਚ ਪੰਜਾਬ ਅਤੇ ਪੰਜਾਬੀਆਂ ਦੀ ਹੋਣੀ ਨੂੰ ਚਿਤਵਣਾ ਕੋਈ ਔਖਾ ਨਹੀਂ।
ਪਹਿਲਾਂ ਹੀ ਨਸ਼ਿਆਂ, ਬੇਰੁਜ਼ਗਾਰੀ ਅਤੇ ਖੇਤੀ ਸੰਕਟ ਸਮੇਤ ਹੋਰ ਕਈ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਪੰਜਾਬ ਲਈ ਗੈਂਗਸਟਰਾਂ ਦੇ ਵਰਤਾਰੇ ਦੀ ਦਸਤਕ ਹੋਰ ਵੀ ਚਿੰਤਾ ਵਾਲੀ ਗੱਲ ਹੈ। ਅਪਰਾਧੀਆਂ, ਰਸੂਖ਼ਵਾਨਾਂ ਅਤੇ ਭ੍ਰਿਸ਼ਟ ਪੁਲਿਸ ਅਧਿਕਾਰੀਆਂ ਦਾ ਅਨੈਤਿਕ ਗੱਠਜੋੜ ਜਿਥੇ ਇਨ੍ਹਾਂ ਵੱਡੇ ਘਰਾਂ ਦੇ ਕਾਕਿਆਂ ਦੀ ਜਾਨ ਦਾ ਖੌਅ ਅਤੇ ਪਰਿਵਾਰਾਂ ਦੀ ਬਰਬਾਦੀ ਦਾ ਸਬੱਬ ਬਣ ਰਿਹਾ ਹੈ, ਉੱਥੇ ਪੰਜਾਬ ਅਤੇ ਪੰਜਾਬੀਆਂ ਲਈ ਗੰਭੀਰ ਚੁਣੌਤੀ ਵੀ ਹੈ। ਪੁਲਿਸ ਅਤੇ ਰਸੂਖ਼ਵਾਨਾਂ ਦੀ ਸਰਪ੍ਰਸਤੀ ਹੇਠ ਹੀ ਇਨ੍ਹਾਂ ਗੈਂਗਸਟਰ ਗਰੋਹਾਂ ਅਤੇ ਹੋਰ ਮਾਫ਼ੀਆ ਗਰੁੱਪਾਂ ਨੂੰ ਹਥਿਆਰ ਅਤੇ ਅਸਲਾ ਮੁਹੱਈਆ ਹੋ ਰਿਹਾ ਹੈ ਜਿਨ੍ਹਾਂ ਆਸਰੇ ਉਹ ਆਮ ਲੋਕਾਂ ਨੂੰ ਦਬਾਉਣ ਅਤੇ ਲੁੱਟਣ ਦੇ ਰਾਹ ਪਏ ਹੋਏ ਹਨ। ਚੋਣਾਂ ਅਤੇ ਹੋਰ ਮੌਕਿਆਂ ‘ਤੇ ਰਸੂਖ਼ਵਾਨਾਂ ਤੇ ਪੁਲਿਸ ਵੱਲੋਂ ਇਨ੍ਹਾਂ ਨੂੰ ਆਪਣੇ ਸੌੜੇ ਮਨਸੂਬਿਆਂ ਲਈ ਵਰਤਿਆ ਜਾਂਦਾ ਹੈ। ਇਹ ਵਰਤਾਰਾ ਪੰਜਾਬ ਦੇ ਅਮਨਪਸੰਦ ਨਾਗਰਿਕਾਂ ਦੀ ਨੀਂਦ ਹਰਾਮ ਕਰਨ ਦਾ ਸਬੱਬ ਬਣ ਗਿਆ ਹੈ।
_______________________________________
ਜੇਲ੍ਹਾਂ ਵਿਚ ਬੈਠੇ ਗੈਂਗਸਟਰਾਂ ‘ਤੇ ਸਖਤੀ
ਹੁਸ਼ਿਆਰਪੁਰ: ਪੰਜਾਬ ਦੀਆਂ 6 ਜੇਲ੍ਹਾਂ ਵਿਚ ਪੁਲਿਸ ਵੱਲੋਂ ਕੀਤੀ ਛਾਪੇਮਾਰੀ ਦੌਰਾਨ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਪੰਜਾਬ ਦੇ ਜੇਲ੍ਹ ਮੰਤਰੀ ਸੋਹਨ ਸਿੰਘ ਠੰਡਲ ਨੇ ਦੱਸਿਆ ਕਿ ਹਾਲ ਹੀ ਵਿਚ ਮਾਰੇ ਗਏ ਇਕ ਗੈਂਗਸਟਰ ਦੇ ਕਤਲ ਦੀ ਸਾਜ਼ਿਸ਼ ਜੇਲ੍ਹਾਂ ਵਿਚ ਬੈਠੇ ਗੈਂਗਸਟਰਾਂ ਨੇ ਰਚੀ ਅਤੇ ਮੋਬਾਈਲ ਫੋਨ ਜ਼ਰੀਏ ਵਾਰਦਾਤ ਕੀਤੀ। ਇਸ ਤੋਂ ਇਲਾਵਾ ਸਮੇਂ ਸਮੇਂ ‘ਤੇ ਵੱਖ-ਵੱਖ ਗੈਂਗਸਟਰਾਂ ਵੱਲੋਂ ਸੋਸ਼ਲ ਮੀਡੀਆ ‘ਤੇ ਜੇਲ੍ਹ ਅੰਦਰੋਂ ਤਸਵੀਰਾਂ ਅਤੇ ਹੋਰ ਪੋਸਟਾਂ ਪਾਏ ਜਾਣਾ ਵੀ ਸਾਹਮਣੇ ਆਉਂਦਾ ਰਹਿੰਦਾ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਛਾਪੇਮਾਰੀ ਕੀਤੀ ਗਈ। ਪੰਜਾਬ ਦੀਆਂ ਨਾਭਾ, ਸੰਗਰੂਰ, ਗੁਰਦਾਸਪੁਰ, ਹੁਸ਼ਿਆਰਪੁਰ, ਪੱਟੀ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿਚ ਛਾਪੇਮਾਰੀ ਕੀਤੀ ਗਈ ਸੀ। ਮੁੱਖ ਤੌਰ ‘ਤੇ ਅੰਮ੍ਰਿਤਸਰ ਜੇਲ੍ਹ ਵਿਚੋਂ 21 ਮੋਬਾਈਲ ਫੋਨ, 8 ਸਿਮ, ਕੁਝ ਸਰਿੰਜਾਂ ਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ।