ਅੰਮ੍ਰਿਤਸਰ: ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਮੰਨੇ ਜਾਂਦੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵੱਲੋਂ ਆਪਣੇ ਉਤੇ ਲੱਗੇ ਦੋਸ਼ਾਂ ਲਈ ਸਿੱਖ ਜਗਤ ਕੋਲੋਂ ਮੁਆਫੀ ਮੰਗਣ ਦੀ ਪੇਸ਼ਕਸ਼ ਦਾ ਮਾਮਲਾ ਭਖਿਆ ਹੋਇਆ ਹੈ। ਬੇਸ਼ੱਕ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਫਿਲਹਾਲ ਅਜਿਹਾ ਕੋਈ ਪੱਤਰ ਪ੍ਰਾਪਤ ਹੋਣ ਦੀ ਪੁਸ਼ਟੀ ਨਹੀਂ ਕੀਤੀ, ਪਰ ਉਨ੍ਹਾਂ ਇਸ ਮੁੱਦੇ ‘ਤੇ ਕਿਸੇ ਵੀ ਫੈਸਲੇ ਤੋਂ ਪਹਿਲਾਂ ਵਿਚਾਰ ਚਰਚਾ ਲਈ ਸਿੱਖ ਜਥੇਬੰਦੀਆਂ ਅਤੇ ਹੋਰਨਾਂ ਸਿੰਘ ਸਾਹਿਬਾਨ ਨਾਲ ਜਲਦ ਬੈਠਕ ਕਰਨ ਦੀ ਹਾਮੀ ਭਰੀ ਹੈ।
ਜਗਦੀਸ਼ ਟਾਈਟਲਰ ਨੇ ਇਕ ਪੰਜਾਬੀ ਟੀæਵੀæ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਅਦਾਲਤ ਉਸ ਖਿਲਾਫ਼ ਦੋਸ਼ ਸਾਬਤ ਕਰਦੀ ਹੈ, ਤਾਂ ਉਹ ਸਜ਼ਾ ਲਈ ਤਿਆਰ ਹੈ, ਪਰ ਨਾਲ ਹੀ ਉਸ ਨੇ ਖੁਦ ਨੂੰ ਸਾਜ਼ਿਸ਼ ਤਹਿਤ ’84 ਦੇ ਕਤਲੇਆਮ ਨਾਲ ਜੋੜਨ ਦਾ ਖੁਲਾਸਾ ਵੀ ਕੀਤਾ ਹੈ। ਟਾਈਟਲਰ ਨੇ ਕਿਹਾ ਕਿ ਉਹ ਦੋਸ਼ਾਂ ਸਬੰਧੀ ਸਿੱਖ ਜਗਤ ਤੋਂ ਮੁਆਫੀ ਮੰਗਣ ਲਈ ਤਿਆਰ ਹੈ ਕਿਉਂਕਿ ਉਸ ਨੂੰ ਸਾਰੀ ਉਮਰ ਅਜਿਹੇ ਦੋਸ਼ਾਂ ਦਾ ਮਲਾਲ ਰਹੇਗਾ।
ਟਾਈਟਲਰ ਨੇ ਆਪਣਾ ਪਿਛੋਕੜ ਸਿੱਖ ਪਰਿਵਾਰ ਨਾਲ ਜੁੜਿਆ ਹੋਇਆ ਦੱਸਦਿਆਂ ਕਿਹਾ ਕਿ ਸਿੱਖਾਂ ਦੇ ਕਤਲਾਂ ਲਈ ਜ਼ਿੰਮੇਵਾਰ ਅਨਸਰ ਹਰ ਹੀਲੇ ਨੰਗੇ ਹੋਣੇ ਚਾਹੀਦੇ ਹਨ। ਟਾਈਟਲਰ ਨੇ ਕਿਹਾ ਕਿ ਨਸਲਕੁਸ਼ੀ ਪਿੱਛੇ ਅਨਸਰਾਂ ਨੂੰ ਉਹ ਨਹੀਂ ਜਾਣਦੇ, ਪਰ ਮੀਡੀਆ ਰਿਪੋਰਟਾਂ ਮੁਤਾਬਕ ਭਾਜਪਾ ਅਤੇ ਆਰæਐਸ਼ ਐਸ਼ ਦੇ ਕਈ ਆਗੂ ਇਸ ‘ਚ ਸ਼ਾਮਲ ਸਨ। ਉਧਰ, ਨਸਲਕੁਸ਼ੀ ਮਾਮਲੇ ਵਿਚ ਪੀੜਤਾਂ ਦਾ ਪੱਖ ਰੱਖਣ ਵਾਲੇ ਪ੍ਰਮੁੱਖ ਸਿੱਖ ਵਕੀਲ ਐਚæਐਸ਼ ਫੂਲਕਾ ਨੇ ਕਿਹਾ ਕਿ ਸਿੱਖ ਕਤਲੇਆਮ ਦਾ ਮੁੱਖ ਸਾਜ਼ਿਸ਼ ਕਰਤਾ ਕਿਸ ਮੁਫ਼ਾਦ ਖਾਤਰ ਸ੍ਰੀ ਅਕਾਲ ਤਖਤ ਸਾਹਿਬ ਆਉਣਾ ਚਾਹੁੰਦਾ ਹੈ, ਇਹ ਸਮਝ ਤੋਂ ਪਰ੍ਹੇ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀæਕੇæ ਦੀ ਅਗਵਾਈ ਹੇਠ ਵਫਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮਿਲਿਆ। ਵਫਦ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਜਥੇਦਾਰ ਨਾਲ ਮੁਲਾਕਾਤ ਕਰ ਕੇ ਟਾਈਟਲਰ ਵੱਲੋਂ ਕੀਤੀ ਗਈ ਪੇਸ਼ਕਸ਼ ਦੇ ਸਾਹਮਣੇ ਆਏ ਖੁਲਾਸੇ ਬਾਰੇ ਚਰਚਾ ਕੀਤੀ।
ਦਿੱਲੀ ਫੇਰੀ ਦੌਰਾਨ ਮਾਤਾ ਗੁਜ਼ਰੀ ਨਿਵਾਸ ਵਿਖੇ ਠਹਿਰੇ ਜਥੇਦਾਰ ਨੂੰ ਜੀæਕੇæ ਵੱਲੋਂ ਮੰਗ ਪੱਤਰ ਸੌਂਪ ਕੇ 1984 ਸਿੱਖ ਕਤਲੇਆਮ ਵਿਚ ਟਾਈਟਲਰ ਦੀ ਭੂਮਿਕਾ ਤੇ ਉਸ ‘ਤੇ ਕੱਸੇ ਗਏ ਕਾਨੂੰਨੀ ਸ਼ਿਕੰਜੇ ਦੀ ਜਾਣਕਾਰੀ ਦਿੱਤੀ ਗਈ। ਅਕਾਲੀ ਦਲ ਇਸ ਮਾਮਲੇ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਨਾਲ ਜੋੜ ਰਿਹਾ ਹੈ। ਜੀæਕੇæ ਨੇ ਦੱਸਿਆ ਕਿ ਮੀਡੀਆ ਰਿਪੋਰਟਾਂ ਅਨੁਸਾਰ ਟਾਈਟਲਰ ਵੱਲੋਂ ਪੱਤਰ ਭੇਜ ਕੇ ਜਥੇਦਾਰ ਨਾਲ ਮੁਲਾਕਾਤ ਕਰ ਕੇ ਸਿੱਖ ਕਤਲੇਆਮ ਦੇ ਮਸਲੇ ‘ਤੇ ਸਫਾਈ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਕਾਰਨ ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ਕਾਨੂੰਨੀ ਸ਼ਿਕੰਜੇ ਵਿਚ ਘਿਰੇ ਟਾਈਟਲਰ ਦੀ ਖੁਦ ਨੂੰ ਤੇ ਆਪਣੇ ਆਕਾਵਾਂ ਨੂੰ ਬਚਾਉਣ ਦੀ ਇਹ ਕੋਈ ਸਾਜ਼ਿਸ਼ ਤਾਂ ਨਹੀਂ। ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਲਈ ਸਿੱਖਾਂ ਦੇ ਵੋਟ ਇਕੱਤਰ ਕਰਨ ਦਾ ਕੋਈ ਨਵਾਂ ਹੱਥਕੰਡਾ ਤਾਂ ਨਹੀਂ। ਜੀæਕੇæ ਨੇ ਟਾਈਟਲਰ ਦੀ ਪੇਸ਼ਕਸ਼ ‘ਤੇ ਕਮੇਟੀ ਦੇ ਕਾਨੂੰਨੀ ਵਿਭਾਗ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਸਿੱਖਾਂ ਦੇ ਕਾਤਲਾਂ ਖਿਲਾਫ਼ ਮੁਸਤੈਦੀ ਨਾਲ ਲੜੀ ਗਈ ਲੜਾਈ ਦੀ ਇਹ ਅੰਗੜਾਈ ਹੈ ਕਿਉਂਕਿ ਅਦਾਲਤ ਵਿਚ ਪਿਛਲੀ ਤਰੀਕ ‘ਤੇ ਜੱਜ ਦਾ ਰੁਖ਼ ਟਾਈਟਲਰ ਤੇ ਉਸ ਦੇ ਸਾਥੀ ਹਥਿਆਰ ਵਪਾਰੀ ਅਭਿਸ਼ੇਕ ਵਰਮਾ ਖਿਲਾਫ਼ ਮਨੀ ਲਾਡਰਿੰਗ ਦੇ ਜ਼ਰੀਏ ਗਵਾਹ ਨੂੰ ਪ੍ਰਭਾਵਿਤ ਕਰਨ ਤੇ ਸਖਤ ਸੀ।
__________________________________
ਸ਼੍ਰੋਮਣੀ ਕਮੇਟੀ ਦਾ ਟਾਈਟਲਰ ਨੂੰ ਦੋ-ਟੁੱਕ ਜਵਾਬ
ਲੁਧਿਆਣਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਆਖਿਆ ਕਿ ਟਾਈਟਲਰ ਦੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਪੇਸ਼ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਅਕਾਲ ਤਖਤ ਸਾਹਿਬ ਉੱਤੇ ਸਿਰਫ ਸਿੱਖ ਹੀ ਪੇਸ਼ ਹੋ ਸਕਦੇ ਹਨ। ਉਨ੍ਹਾਂ ਆਖਿਆ ਕਿ ਜੇਕਰ ਟਾਈਟਲਰ ਆਪਣੀ ਆਤਮਿਕ ਸ਼ਾਂਤੀ ਲਈ ਮੱਥਾ ਟੇਕਣ ਚਾਹੁੰਦਾ ਹੈ ਤਾਂ ਉਹ ਆ ਸਕਦਾ ਹੈ, ਪਰ ਉਸ ਉਤੇ ਲੱਗੇ ਦੋਸ਼ਾਂ ਦਾ ਸਾਹਮਣਾ ਉਸ ਨੂੰ ਅਦਾਲਤ ਵਿਚ ਹੀ ਕਰਨਾ ਹੋਵੇਗਾ।
__________________________________
ਪੰਥਕ ਜਥੇਬੰਦੀਆਂ ਨਾਲ ਰਾਇ ਪਿਛੋਂ ਕੀਤਾ ਜਾਵੇਗਾ ਫੈਸਲਾ
ਨਵੀਂ ਦਿੱਲੀ: ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵੱਲੋਂ ਆਪਣਾ ਪੱਖ ਰੱਖਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਗਈ ਗੁਜਾਰਸ਼ ਬਾਰੇ ਮਾਮਲੇ ਬਾਰੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਹਾਲੇ ਤੱਕ ਅਜਿਹਾ ਕੋਈ ਪੱਤਰ ਅਕਾਲ ਤਖ਼ਤ ਸਾਹਿਬ ਕੋਲ ਨਹੀਂ ਪੁੱਜਾ ਹੈ ਪਰ ਜੇਕਰ ਅਜਿਹਾ ਪੱਤਰ ਆਇਆ ਤਾਂ ਤਖਤਾਂ ਦੇ ਜਥੇਦਾਰਾਂ ਸਮੇਤ ਪੰਥ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਤੇ ਜਥੇਬੰਦੀਆਂ ਦੇ ਮੁਖੀਆਂ ਨਾਲ ਵਿਚਾਰ ਵਟਾਂਦਰੇ ਮਗਰੋਂ ਹੀ ਉਕਤ ਮਸਲੇ ਬਾਰੇ ਫੈਸਲਾ ਲਿਆ ਜਾਵੇਗਾ।