ਚੰਡੀਗੜ੍ਹ: ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਸਦਕਾ ਸੂਬੇ ਵਿਚ ਮੈਡੀਕਲ ਸਿੱਖਿਆ ਨਾ ਸਿਰਫ ਦਿਸ਼ਾਹੀਣ ਹੀ ਹੋ ਚੁੱਕੀ ਹੈ ਬਲਕਿ ਨਿੱਜੀਕਰਨ ਵੱਲ ਵੀ ਧੱਕੀ ਜਾ ਰਹੀ ਹੈ। ਅਕਾਲੀ-ਭਾਜਪਾ ਸਰਕਾਰ ਦੇ ਨੌਂ ਸਾਲਾਂ ਦੌਰਾਨ ਸੂਬੇ ਵਿਚ ਸਰਕਾਰੀ ਖੇਤਰ ਵਿਚ ਇਕ ਵੀ ਮੈਡੀਕਲ ਸਿੱਖਿਆ ਸੰਸਥਾ ਸਥਾਪਤ ਨਹੀਂ ਹੋਈ ਜਦੋਂਕਿ ਗੁਆਂਢੀ ਸੂਬੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚ ਨਾ ਸਿਰਫ ਤਿੰਨ-ਤਿੰਨ ਨਵੇਂ ਮੈਡੀਕਲ ਕਾਲਜ ਹੀ ਹੋਂਦ ਵਿਚ ਆਏ ਹਨ ਬਲਕਿ ਪਹਿਲਾਂ ਸਥਾਪਤ ਕਾਲਜਾਂ ਵਿਚ ਸੀਟਾਂ ਵੀ ਵਧ ਗਈਆਂ ਹਨ। ਮੈਡੀਕਲ ਕਾਲਜਾਂ ਵਿਚ ਲੋੜੀਂਦੇ ਸਟਾਫ ਅਤੇ ਸਹੂਲਤਾਂ ਨਾ ਹੋਣ ਕਾਰਨ ਪੰਜਾਬ ਨੂੰ ਵੱਧ ਸੀਟਾਂ ਤਾਂ ਕੀ ਮਿਲਣੀਆਂ ਸਨ, ਉਲਟਾ ਭਾਰਤੀ ਮੈਡੀਕਲ ਕੌਂਸਲ ਵੱਲੋਂ ਸੀਟਾਂ ਘਟਾਉਣ ਲਈ ਹਰ ਸਾਲ ਚਿਤਾਵਨੀ ਦਿੱਤੀ ਜਾਂਦੀ ਹੈ।
ਸਰਕਾਰੀ ਮੈਡੀਕਲ ਕਾਲਜਾਂ ਵਿਚ ਪੋਸਟ ਗਰੈਜੂਏਸ਼ਨ ਡਿਪਲੋਮੇ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਹਨ। ਦੂਜੇ ਪਾਸੇ ਮੈਡੀਕਲ ਖੇਤਰ ਵਿਚ ਨਿੱਜੀਕਰਨ ਨੂੰ ਉਤਸ਼ਾਹਤ ਕਰਨ ਲਈ ਲੋੜੀਂਦੀਆਂ ਸ਼ਰਤਾਂ ਅਤੇ ਨਿਯਮਾਂ ਦੇ ਅਨੁਸਾਰੀ ਨਾ ਹੋਣ ਦੇ ਬਾਵਜੂਦ ਇਕ ਨਿੱਜੀ ਮੈਡੀਕਲ ਯੂਨੀਵਰਸਿਟੀ ਅਤੇ ਇਕ ਮੈਡੀਕਲ ਕਾਲਜ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਜਲੰਧਰ ਵਿਚ ਸਰਕਾਰ ਵੱਲੋਂ ਬਣਾਏ ਗਏ ਮੈਡੀਕਲ ਕਾਲਜ ਨੂੰ ਵੀ ਨਿੱਜੀ ਹੱਥਾਂ ਵਿਚ ਦੇ ਦਿੱਤਾ ਗਿਆ। ਸੌੜੇ ਸਿਆਸੀ ਮੁਫ਼ਾਦਾਂ ਲਈ ਲੋੜੀਂਦੇ ਬੁਨਿਆਦੀ ਢਾਂਚੇ ਦੀ ਅਣਹੋਂਦ ਦੇ ਬਾਵਜੂਦ ਆਯੁਰਵੈਦਿਕ ਯੂਨੀਵਰਸਿਟੀ ਵੀ ਸਥਾਪਤ ਕਰ ਦਿੱਤੀ ਗਈ। ਡਾਕਟਰੀ ਸਿੱਖਿਆ ਤੋਂ ਇਲਾਵਾ ਨਰਸਿੰਗ ਸਿੱਖਿਆ ਵਿਚ ਵੀ ਨਿੱਜੀਕਰਨ ਨੂੰ ਉਤਸ਼ਾਹਤ ਕੀਤਾ ਗਿਆ ਹੈ। ਸੂਬੇ ਵਿਚ ਸਰਕਾਰੀ ਖੇਤਰ ਵਿਚ ਸਿਰਫ ਚਾਰ ਮੈਡੀਕਲ ਕਾਲਜ ਹਨ ਜਦੋਂਕਿ ਨਿੱਜੀ ਖੇਤਰ ਵਿਚ 140 ਹਨ।
ਸਰਕਾਰ ਨੇ ਮੈਡੀਕਲ ਕਾਲਜਾਂ ਦੇ ਗਰੈਜੂਏਸ਼ਨ ਅਤੇ ਪੋਸਟ ਗਰੈਜੂਏਸ਼ਨ ਕੋਰਸਾਂ ਦੀਆਂ ਫੀਸਾਂ ਵਿਚ ਕਈ ਗੁਣਾ ਵਾਧਾ ਕਰ ਕੇ ਜਿਥੇ ਆਮ ਲੋਕਾਂ ਦੇ ਹੋਣਹਾਰ ਬੱਚਿਆਂ ਦੇ ਡਾਕਟਰ ਬਣਨ ਦੇ ਸੁਪਨੇ ਚੂਰ-ਚੂਰ ਕਰ ਦਿੱਤੇ ਹਨ ਉੱਥੇ ਪੈਸੇ ਦੇ ਸਿਰ ‘ਤੇ ਧਨਾਢਾਂ ਦੇ ਪੜ੍ਹਾਈ ਵਿਚ ਕਮਜ਼ੋਰ ਬੱਚਿਆਂ ਦੇ ਡਾਕਟਰ ਬਣਨ ਦਾ ਰਾਹ ਵੀ ਮੋਕਲਾ ਕਰ ਦਿੱਤਾ ਹੈ। ਇਸੇ ਤਰ੍ਹਾਂ ਸਰਕਾਰੀ ਸੇਵਾ ਕਰ ਰਹੇ ਸਰਕਾਰੀ ਡਾਕਟਰਾਂ ਲਈ ਪੋਸਟ ਗਰੈਜੂਏਟ ਕੋਰਸਾਂ ਵਿਚ ਦਖਲਾ ਲੈਣ ਦੇ ਨਿਯਮਾਂ ਵਿਚ ਸੋਧਾਂ ਕਰ ਕੇ ਸਿੱਧੇ ਪੋਸਟ ਗਰੈਜੂਏਟ ਕਰਨ ਵਾਲਿਆਂ ਨੂੰ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਮੈਡੀਕਲ ਸਿੱਖਿਆ ਵਿਭਾਗ ਦੀ ਇਸ ਤਸਵੀਰ ਤੋਂ ਸਰਕਾਰ ਦੀ ਇਸ ਪਾਸੇ ਬੇਰੁਖ਼ੀ ਸਪਸ਼ਟ ਹੋ ਜਾਂਦੀ ਹੈ, ਪਰ ਉਹ ਦਾਅਵੇ ਮੈਡੀਕਲ ਸਿੱਖਿਆ ਵਿਚ ਸੁਧਾਰ ਦੇ ਕਰ ਰਹੀ ਹੈ। ਪੰਜਾਬ ਦੇ ਪਟਿਆਲੇ ਅਤੇ ਅੰਮ੍ਰਿਤਸਰ ਸਥਿਤ ਦੋਵੇਂ ਪੁਰਾਣੇ ਅਤੇ ਕਿਸੇ ਸਮੇਂ ਬਿਹਤਰੀਨ ਮੰਨੇ ਜਾਂਦੇ ਸਰਕਾਰੀ ਮੈਡੀਕਲ ਕਾਲਜਾਂ ਦੀ ਹਾਲਤ ਸਰਕਾਰੀ ਬੇਰੁਖ਼ੀ ਕਾਰਨ ਕੱਖੋਂ ਹੌਲੀ ਹੋ ਚੁੱਕੀ ਹੈ। ਇਨ੍ਹਾਂ ਵਿਚ ਨਾ ਸਿਰਫ ਲੋੜੀਂਦੇ ਡਾਕਟਰਾਂ, ਪੈਰਾ ਮੈਡੀਕਲ ਅਤੇ ਹੋਰ ਸਟਾਫ ਦੀ ਹੀ ਘਾਟ ਹੈ ਬਲਕਿ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਵੀ ਹਾਸ਼ੀਏ ‘ਤੇ ਜਾ ਚੁੱਕੀਆਂ ਹਨ।
______________________________________
ਨਿਯੁਕਤੀਆਂ ਵਿਚ ਲਿਹਾਜ਼ੀਆਂ ਨੂੰ ਪਹਿਲ
ਚੰਡੀਗੜ੍ਹ: ਨਿਯਮਾਂ ਨੂੰ ਦਰਕਿਨਾਰ ਕਰਦਿਆਂ ਮੈਡੀਕਲ ਸਿੱਖਿਆ ਮੰਤਰੀ ਨੇ ਵਿਭਾਗ ਦੇ ਤਕਰੀਬਨ ਹਰੇਕ ਉੱਚ ਅਹੁਦੇ ਲਈ ਆਪਣੇ ਚਹੇਤੇ ਡਾਕਟਰਾਂ ਦੀ ਮਨਮਾਨੇ ਢੰਗ ਨਾਲ ਚੋਣ ਕੀਤੀ ਹੈ। ਅਜਿਹੀਆਂ ਨਿਯੁਕਤੀਆਂ ਦੇ ਲਾਭਪਾਤਰੀਆਂ ਵਿਚ ਮੰਤਰੀ ਅਨਿਲ ਜੋਸ਼ੀ ਦਾ ਗੁਆਂਢੀ ਵੀ ਸ਼ਾਮਲ ਹੈ। ਉਸ ਨੂੰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦਾ ਪ੍ਰਿੰਸੀਪਲ ਬਣਾਇਆ ਗਿਆ। ਵਿਭਾਗ ਦੇ ਸੂਤਰਾਂ ਅਨੁਸਾਰ ਇਹ ਸਾਰੀਆਂ ਨਿਯੁਕਤੀਆਂ ਮੰਤਰੀ ਦੇ ਹੁਕਮਾਂ ਉਤੇ ਹੋਈਆਂ। ਡਾæ ਬਚਨ ਲਾਲ ਭਾਰਦਵਾਜ ਨੂੰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦਾ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ, ਜਦੋਂ ਕਿ ਉਹ ਪੰਜਾਬ ਦੀ ਮੈਡੀਕਲ ਫੈਕਲਟੀ ਦੀ ਸੀਨੀਆਰਤਾ ਸੂਚੀ ਵਿਚ ਲੜੀ ਨੰਬਰ 35 ਉਤੇ ਹਨ। ਪਟਿਆਲਾ ਦੇ ਹੀ ਮੈਡੀਕਲ ਕਾਲਜ ਵਿਚ ਘੱਟੋ ਘੱਟ ਸੱਤ ਪ੍ਰੋਫੈਸਰ ਡਾæ ਭਾਰਦਵਾਜ ਤੋਂ ਸੀਨੀਅਰ ਹਨ।
_____________________________________
ਸਿਹਤ ਪ੍ਰਣਾਲੀ ਨੇ ਸਰਕਾਰ ਦੀ ਪੋਲ ਖੋਲ੍ਹੀ: ਚੰਨੀ
ਚੰਡੀਗੜ੍ਹ: ਪੰਜਾਬ ਕਾਂਗਰਸ ਵਿਧਾਇਕ ਦਲ ਦੇ ਆਗੂ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਹੈਲਥ ਸੈਂਟਰਾਂ ਤੇ ਹਸਪਤਾਲਾਂ ਦੀ ਮਾੜੀ ਹਾਲਤ ਨਾ ਸਿਰਫ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸੂਬੇ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹਦੀ ਹੈ ਬਲਕਿ ਸਰਕਾਰੀ ਹਸਪਤਾਲਾਂ ਦੀ ਲਾਗਤ ‘ਤੇ ਪ੍ਰਾਈਵੇਟ ਹਸਪਤਾਲਾਂ ਨੂੰ ਪ੍ਰਮੋਟ ਕਰਨ ਦੇ ਵੱਡੇ ਘਪਲੇ ਦਾ ਹਿੱਸਾ ਹੈ। ਗਰੀਬ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਰਹਿਮ ਉਤੇ ਛੱਡ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਡਿਸਪੈਂਸਰੀਆਂ ਤੋਂ ਲੈ ਕੇ ਪ੍ਰਾਇਮਰੀ ਹੈਲਥ ਸੈਂਟਰਾਂ ਤੇ ਪ੍ਰਮੁੱਖ ਸੰਸਥਾਵਾਂ ਵਿਚ ਵੀ ਲੋੜੀਂਦੇ ਸਟਾਫ, ਦਵਾਈਆਂ ਤੇ ਹੋਰਨਾਂ ਸੁਵਿਧਾਵਾਂ ਦੀ ਘਾਟ ਹੈ। ਬਾਦਲ ਸਰਕਾਰ ਨੇ ਕਦੇ ਵੀ ਕੈਂਸਰ ਪੀੜਤ ਖੇਤਰਾਂ ‘ਚ ਹੈਲਥ ਕੇਅਰ ਯੂਨਿਟ ਲਗਾਉਣ ਦੀ ਚਿੰਤਾ ਨਹੀਂ ਕੀਤੀ।