ਆਫੀਆ ਸਦੀਕੀ ਦਾ ਜਹਾਦ

1972 ਵਿਚ ਪਾਕਿਸਤਾਨ ‘ਚ ਜੰਮੀ ਆਫੀਆ ਸਦੀਕੀ ਦੀ ਇਹ ਕਹਾਣੀ ‘ਆਫੀਆ ਸਦੀਕੀ ਦਾ ਜਹਾਦ’ ਰੌਂਗਟੇ ਖੜ੍ਹੇ ਕਰਨ ਵਾਲੀ ਹੈ। ਆਫੀਆ ਨੇ ਅਮਰੀਕਾ ਵਿਚ ਉਚ ਸਿੱਖਿਆ ਹਾਸਲ ਕੀਤੀ ਅਤੇ ਡਾਕਟਰ ਬਣੀ, ਪਰ ਉਸ ਦੇ ਜ਼ਿਹਨ ਵਿਚ ਉਸ ਸਿੱਖਿਆ ਨੇ ਵਾਹਵਾ ਉਥਲ-ਪੁਥਲ ਮਚਾਈ ਜੋ ਉਸ ਨੇ ਆਪਣੀ ਅੰਮੜੀ ਦੀਆਂ ਮਜਹਬੀ ਤਕਰੀਰਾਂ ਤੋਂ ਗ੍ਰਹਿਣ ਕੀਤੀ ਸੀ। ਕਿਸੇ ਨੂੰ ਚਿਤ-ਚੇਤਾ ਵੀ ਨਹੀਂ ਸੀ ਕਿ ਇਸ ਕੁੜੀ ਦਾ ਨਾਂ ਇੰਨੀ ਵੱਡੀ ਪੱਧਰ ਉਤੇ ਜਹਾਦ ਨਾਲ ਜੁੜ ਜਾਵੇਗਾ। ਬਾਅਦ ਵਿਚ ਅਮਰੀਕੀ ਜੇਲ੍ਹਾਂ ਵਿਚ ਇਸ ਕੁੜੀ ਨਾਲ ਜੋ ਹੋਈ-ਬੀਤੀ, ਉਹ ਸੁਣ ਕੇ ਤਾਂ ਪੱਥਰ-ਦਿਲ ਵੀ ਕੰਬ ਉਠਦੇ ਹਨ। ਇਹ ਅਸਲ ਵਿਚ ਇਕੱਲੀ ਆਫੀਆ ਦੀ ਕਥਾ-ਕਹਾਣੀ ਨਹੀਂ, ਸਗੋਂ ਉਸ ਪੀੜ੍ਹੀ ਦੀ ਹੋਣੀ ਦਾ ਬਿਆਨ ਹੈ ਜੋ ਜਹਾਦ ਦੇ ਨਾਂ ਹੇਠ ਰੜੇ ਮੈਦਾਨ ਵਿਚ ਕੁੱਦ ਪਏ। ਅੱਜਕੱਲ੍ਹ ਇਹ ਕੁੜੀ ਅਮਰੀਕੀ ਜੇਲ੍ਹ ਵਿਚ ਬੰਦ ਹੈ ਅਤੇ ਉਸ ਨੂੰ 86 ਸਾਲ ਦੀ ਕੈਦ ਦੀ ਸਜ਼ਾ ਮਿਲੀ ਹੋਈ ਹੈ। ਲੇਖਕ ਹਰਮਹਿੰਦਰ ਚਾਹਲ ਨੇ ਆਫੀਆ ਦੀ ਇਸ ਕਹਾਣੀ ਦੇ ਬਹਾਨੇ ਉਸ ਵੇਲੇ ਦੇ ਉਬਾਲੇ ਮਾਰਦੇ ਵਕਤ ਦੀ ਬਾਤ ਪਾਈ ਹੈ ਜਦੋਂ ਆਲਾ-ਦੁਆਲਾ ਬਹੁਤ ਤੇਜ਼ੀ ਨਾਲ ਕਰਵਟਾਂ ਲੈ ਰਿਹਾ ਸੀ ਅਤੇ ਮਾਸੂਮ ਜਿੰਦਾ ਇਨ੍ਹਾਂ ਕਰਵਟਾਂ ਦੇ ਰੂ-ਬ-ਰੂ ਹੋ ਰਹੀਆਂ ਸਨ। ਇਹ ਲੰਮੀ ਰਚਨਾ ਅਸੀਂ ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਇਸ ਅੰਕ ਤੋਂ ਲੜੀਵਾਰ ਪ੍ਰਕਾਸ਼ਤ ਕਰ ਰਹੇ ਹਾਂ। -ਸੰਪਾਦਕ

ਹਰਮਹਿੰਦਰ ਚਹਿਲ
ਅਫਗਾਨਿਸਤਾਨ ਦਾ ਸ਼ਹਿਰ ਗਜ਼ਨੀ। ਸੰਨ 2008 ਦੇ ਜੁਲਾਈ ਮਹੀਨੇ ਦੀ 17 ਤਾਰੀਖ ਸੀ। ਸਾਰਾ ਦਿਨ ਅੰਤਾਂ ਦੀ ਗਰਮੀ ਪੈਂਦੀ ਰਹੀ ਸੀ। ਦਿਨ ਢਲਣ ਲੱਗਿਆ ਤਾਂ ਗਰਮੀ ਦੀ ਤਪਸ਼ ਵੀ ਘਟਣ ਲੱਗੀ। ਆਖਰ ਲੰਬਾ ਦਿਨ ਗੁਜ਼ਰ ਗਿਆ ਤੇ ਥਾਣੇ ਦੀਆਂ ਕੰਧਾਂ ਦੇ ਪਰਛਾਵੇਂ ਵਿਹੜੇ ਦੇ ਦੂਜੇ ਸਿਰੇ ਜਾ ਪਹੁੰਚੇ। ਸੂਰਜ ਛੁਪਣ ਹੀ ਵਾਲਾ ਸੀ ਜਦੋਂ ਥਾਣੇਦਾਰ ਗਨੀ ਖਾਂ ਸ਼ਹਿਰ ਦਾ ਗੇੜਾ ਮਾਰਨ ਲਈ ਉਠਿਆ। ਅੱਜ ਉਸ ਦਾ ਸਾਰਾ ਦਿਨ ਬਾਹਰ ਹੀ ਗੁਜ਼ਰ ਗਿਆ ਸੀ। ਸਵੇਰ ਤੋਂ ਹੀ ਉਹ ਅਮਰੀਕਨ ਫ਼ੌਜ ਦੀ ਉਸ ਟੁਕੜੀ ਨਾਲ ਘੁੰਮ ਰਿਹਾ ਸੀ ਜੋ ਪਿੰਡਾਂ ਵੱਲ ਗੇੜਾ ਲਾਉਣ ਗਈ ਸੀ। ਅੱਜ ਕੱਲ੍ਹ ਇਸ ਇਲਾਕੇ ‘ਚ ਤਾਲਿਬਾਨ ਦਾ ਜ਼ੋਰ ਸੀ। ਅਮਰੀਕਨ ਫੌਜ, ਇਲਾਕੇ ਦੀ ਪੁਲਿਸ ਨੂੰ ਨਾਲ ਲੈ ਕੇ ਪਿੰਡਾਂ ਦੀ ਸਕਰੀਨਿੰਗ ਕਰਨ ਲੱਗੀ ਹੋਈ ਸੀ। ਅਮਰੀਕਨਾਂ ਨੇ ਇਸ ਇਲਾਕੇ ਨੂੰ ਤਾਲਿਬਾਨ ਤੋਂ ਮੁਕਤ ਕਰਵਾਉਣ ਦਾ ਬੀੜਾ ਚੁੱਕਿਆ ਹੋਇਆ ਸੀ। ਉਹ ਆਪਣੇ ਮਿਸ਼ਨ ‘ਚ ਕਾਮਯਾਬ ਵੀ ਹੋ ਰਹੇ ਸਨ। ਹਰ ਰੋਜ਼ ਸਵੇਰੇ ਹੀ ਫੌਜ ਦਾ ਕਾਫਲਾ ਚੱਲ ਪੈਂਦਾ ਸੀ। ਜਿਸ ਇਲਾਕੇ ‘ਚ ਉਨ੍ਹਾਂ ਜਾਣਾ ਹੁੰਦਾ, ਉਥੇ ਦੇ ਥਾਣੇ ਦਾ ਅਮਲਾ-ਫੈਲਾ ਨਾਲ ਜਾਂਦਾ ਸੀ। ਇਵੇਂ ਹੀ ਅੱਜ ਗਨੀ ਖਾਂ ਦੇ ਥਾਣੇ ਦੇ ਪਿੰਡਾਂ ਦੀ ਵਾਰੀ ਸੀ। ਇਸੇ ਲਈ ਅੱਜ ਉਸ ਦਾ ਸਾਰਾ ਦਿਨ ਬਾਹਰ ਘੁੰਮਦਿਆਂ ਹੀ ਗੁਜ਼ਰ ਗਿਆ ਸੀ। ਗਨੀ ਖਾਂ ਦੀ ਇੱਕ ਆਦਤ ਸੀ ਕਿ ਉਹ ਕਿੰਨਾ ਵੀ ਰੁੱਝਿਆ ਹੁੰਦਾ, ਪਰ ਸ਼ਾਮ ਵੇਲੇ ਸ਼ਹਿਰ ਦਾ ਚੱਕਰ ਜ਼ਰੂਰ ਮਾਰਦਾ। ਅੱਜ ਵੀ ਘਰੇ ਜਾਣ ਤੋਂ ਪਹਿਲਾਂ ਉਸ ਨੇ ਸ਼ਹਿਰ ‘ਚ ਗੇੜਾ ਕੱਢਣ ਦਾ ਮਨ ਬਣਾਇਆ। ਉਸ ਦੇ ਕਹਿਣ ‘ਤੇ ਹਵਾਲਦਾਰ ਕੁਝ ਸਿਪਾਹੀਆਂ ਨੂੰ ਲੈ ਆਇਆ ਤੇ ਡਰਾਈਵਰ ਨੇ ਪਿੱਕਅੱਪ ਟਰੱਕ ਥਾਣੇ ਦੇ ਗੇਟ ਮੂਹਰੇ ਲਿਆ ਖੜ੍ਹਾ ਕੀਤਾ।
ਗਨੀ ਖਾਂ ਅੱਗੇ ਡਰਾਈਵਰ ਨਾਲ ਬੈਠ ਗਿਆ ਤੇ ਬਾਕੀ ਅਮਲਾ ਟਰੱਕ ‘ਚ ਪਿੱਛੇ ਖੜ੍ਹ ਗਿਆ। ਥੋੜ੍ਹਾ ਘੁੰਮਦਿਆਂ ਡਰਾਈਵਰ ਨੇ ਟਰੱਕ ਬਾਜ਼ਾਰ ਵੱਲ ਮੋੜ ਲਿਆ। ਬਾਜ਼ਾਰ ‘ਚੋਂ ਲੰਘਦਾ ਹੋਇਆ ਟਰੱਕ ਗਲੀ ਦਾ ਮੋੜ ਮੁੜਨ ਲੱਗਿਆ ਤਾਂ ਗਨੀ ਖਾਂ ਨੇ ਸਾਹਮਣੇ ਬੰਦ ਪਈ ਇੱਕ ਦੁਕਾਨ ਮੂਹਰੇ ਬੁਰਕੇ ‘ਚ ਢਕੀ ਔਰਤ ਵੱਲ ਵੇਖਿਆ। ਉਹ ਔਰਤ ਭੁੰਜੇ ਬੈਠੀ ਸੀ ਤੇ ਉਸ ਦੇ ਨਾਲ ਬਾਰਾਂ ਕੁ ਸਾਲ ਦਾ ਮੁੰਡਾ ਸੀ। ਗਨੀ ਖਾਂ ਨੇ ਮਨ ਹੀ ਮਨ ਸੋਚਿਆ ਕਿ ਸ਼ਹਿਰ ‘ਚ ਮੰਗਤਿਆਂ ਦੀ ਗਿਣਤੀ ਬਹੁਤ ਵਧ ਗਈ ਹੈ। ਮੋੜ ਮੁੜਦਿਆਂ ਪਿੱਕਅੱਪ ਟਰੱਕ ਕੋਲ ਦੀ ਲੰਘਿਆ ਤਾਂ ਉਸ ਨੇ ਨੇੜਿਉਂ ਧਿਆਨ ਨਾਲ ਉਸ ਔਰਤ ਵੱਲ ਵੇਖਿਆ। ਔਰਤ ਨੇ ਕੋਲ ਰੱਖੇ ਕਾਲੇ ਰੰਗ ਦੇ ਵੱਡੇ ਬੈਗ ਨੂੰ ਘੁੱਟ ਕੇ ਹੱਥ ‘ਚ ਫੜਿਆ ਹੋਇਆ ਸੀ। ਉਦੋਂ ਹੀ ਗਨੀ ਖਾਂ ਦਾ ਪੁਲਸੀਆ ਦਿਮਾਗ ਹਰਕਤ ‘ਚ ਆ ਗਿਆ। ਉਸ ਨੇ ਸੋਚਿਆ ਕਿ ਇਹ ਐਡਾ ਵੱਡਾ ਬੈਗ ਕਿਉਂ ਚੁੱਕੀ ਫਿਰਦੀ ਹੈ? ਉਸ ਨੂੰ ਸ਼ੱਕ ਹੋਇਆ ਤਾਂ ਉਸ ਨੇ ਟਰੱਕ ਰੁਕਵਾ ਲਿਆ ਤੇ ਹੇਠਾਂ ਉਤਰਦਾ ਔਰਤ ਕੋਲ ਗਿਆ। ਇੱਕ ਪੈਰ ਚਬੂਤਰੇ ‘ਤੇ ਰੱਖਦਿਆਂ ਹਥਲਾ ਡੰਡਾ ਔਰਤ ਵੱਲ ਕਰ ਕੇ ਉਸ ਨੇ ਪੁੱਛਿਆ, “ਉਏ ਬੀਬੀ, ਕੌਣ ਐਂ ਤੂੰ?”
“ਮੈਂ ਤਾਂ ਗਰੀਬ ਔਰਤ ਆਂ। ਆਪਣੇ ਪਤੀ ਨੂੰ ਲੱਭਦੀ ਫਿਰਦੀ ਆਂ ਜੋ ਲੜਾਈ ‘ਚ ਕਿਧਰੇ ਗੁੰਮ ਹੋ ਗਿਐ।” ਇੰਨਾ ਕਹਿੰਦਿਆਂ ਉਹ ਖੜ੍ਹੀ ਹੋ ਗਈ। ਉਸ ਨੇ ਕੋਲ ਪਿਆ ਬੈਗ ਚੁੱਕ ਲਿਆ।
“ਤੇਰੇ ਨਾਲ ਇਹ ਮੁੰਡਾ ਕੌਣ ਐ?”
“ਇਹ ਤਾਂ ਕੋਈ ਅਨਾਥ ਐ। ਭੁਚਾਲ ਵੇਲੇ ਇਸ ਦੇ ਮਾਂ ਪਿਉ ਮਾਰੇ ਗਏ ਸਨ। ਮੈਂ ਇਸ ਨੂੰ ਨਾਲ ਲੈ ਆਈ ਸੀ।” ਇੰਨਾ ਕਹਿ ਕੇ ਉਹ ਉਠੀ, ਬੈਗ ਗਲ ਪਾਇਆ ਤੇ ਮੁੰਡੇ ਦੀ ਉਂਗਲ ਫੜ ਤੁਰ ਚੱਲੀ।
“ਉਹ ਬੀਬੀ ਰੁਕ।” ਗਨੀ ਖਾਂ ਨੇ ਅਗਾਂਹ ਹੋ ਕੇ ਰਸਤਾ ਰੋਕ ਲਿਆ। ਔਰਤ ਦੇ ਹਾਵ-ਭਾਵ ਅਤੇ ਬੋਲਣ ਦੇ ਢੰਗ ਨੇ ਉਸ ਦਾ ਸ਼ੱਕ ਹੋਰ ਵਧਾ ਦਿੱਤਾ। ਉਸ ਨੂੰ ਪਿਛਲੇ ਦਿਨੀਂ ਕਿਸੇ ਮੁਖ਼ਬਰ ਤੋਂ ਮਿਲੀ ਇਹ ਖ਼ਬਰ ਵੀ ਯਾਦ ਆਈ ਕਿ ਕੋਈ ਔਰਤ ਇੱਥੇ ਦੇ ਗਵਰਨਰ ‘ਤੇ ਆਤਮਘਾਤੀ ਹਮਲਾ ਕਰਨ ਦੀ ਤਾਕ ਵਿਚ ਹੈ। ਇੰਨੇ ਨੂੰ ਸਿਪਾਹੀਆਂ ਨੇ ਔਰਤ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ। ਇੱਕ ਨੇ ਅਗਾਂਹ ਹੋ ਕੇ ਉਸ ਤੋਂ ਬੈਗ ਫੜਿਆ ਤੇ ਉਸ ‘ਚ ਉਰਾ-ਪੁਰਾ ਵੇਖਣ ਲੱਗਿਆ। ਕੁਝ ਕਾਗਜ਼ ਬਾਹਰ ਕੱਢੇ। ਗਨੀ ਖਾਂ ਨੇ ਕਾਗਜ਼ ਧਿਆਨ ਨਾਲ ਵੇਖੇ ਤਾਂ ਉਹ ਬਹੁਤ ਹੈਰਾਨ ਹੋਇਆ। ਇਹ ਤਾਂ ਨਕਸ਼ੇ ਵਗੈਰਾ ਸਨ। ਉਸ ਦੇ ਕਹਿਣ ‘ਤੇ ਪੁਲਿਸ ਵਾਲਿਆਂ ਨੇ ਔਰਤ ਨੂੰ ਬੱਚੇ ਸਮੇਤ ਟਰੱਕ ‘ਚ ਬਿਠਾ ਲਿਆ ਤੇ ਥਾਣੇ ਵੱਲ ਲੈ ਤੁਰੇ। ਥਾਣੇ ਜਾ ਕੇ ਉਸ ਦੇ ਬੈਗ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ। ਹੋਰ ਵੀ ਹੈਰਾਨ ਕਰਨ ਵਾਲੀਆਂ ਚੀਜ਼ਾਂ ਬੈਗ ‘ਚੋਂ ਮਿਲੀਆਂ। ਦੋ ਬੋਤਲਾਂ ਵਿਚ ਕੋਈ ਖਤਰਨਾਕ ਕੈਮੀਕਲ ਸਨ ਜਿਹੜੇ ਬੰਬ ਬਣਾਉਣ ਦਾ ਮਸਾਲਾ ਜਾਪਦੇ ਸਨ। ਇਸ ਤੋਂ ਬਿਨਾਂ ਦੋ ਕਿਲੋ ਦੇ ਲੱਗਭੱਗ ਸੋਡੀਅਮ ਸਾਈਨਾਈਡ ਮਿਲਿਆ। ਬਾਕੀ ਹਜ਼ਾਰਾਂ ਹੱਥ ਲਿਖੇ ਕਾਗਜ਼ ਮਿਲੇ ਜਿਹੜੇ ਜ਼ਿਆਦਾ ਅੰਗਰੇਜ਼ੀ ‘ਚ ਸਨ। ਬੈਗ ‘ਚ ਕਾਫੀ ਸਾਰੇ ਨਕਸ਼ੇ ਸਨ ਜਿਨ੍ਹਾਂ ‘ਚ ਇਕ ਇੱਥੇ ਦੇ ਗਵਰਨਰ ਦੇ ਘਰ ਦਾ ਨਕਸ਼ਾ ਸੀ। ਉਸ ਔਰਤ ਨੇ ਆਪਣਾ ਨਾਂ ਸਲੀਹਾ ਦੱਸਿਆ।
ਗਨੀ ਖਾਂ ਨੂੰ ਹੁਣ ਪੂਰਾ ਯਕੀਨ ਹੋ ਚੁੱਕਾ ਸੀ ਕਿ ਇਹ ਔਰਤ ਕਿਸੇ ਅਤਿਵਾਦੀ ਜਥੇਬੰਦੀ ਦੀ ਮੈਂਬਰ ਹੈ ਅਤੇ ਹੋ ਸਕਦਾ ਹੈ ਕਿ ਇੱਥੋਂ ਦੇ ਗਵਰਨਰ ਨੂੰ ਆਮਤਘਾਤੀ ਹਮਲੇ ‘ਚ ਮਾਰਨ ਨਿਕਲੀ ਹੋਵੇ। ਉਸ ਨੇ ਤੁਰੰਤ ਗਵਰਨਰ ਦਫਤਰ ਖ਼ਬਰ ਕੀਤੀ। ਉਨ੍ਹਾਂ ਅੱਗੇ ਅਮਰੀਕਾ ਦੇ ਬਗਰਾਮ ਏਅਰਪੋਰਟ ਬੇਸ ਨੂੰ ਇਤਲਾਹ ਦਿੱਤੀ। ਇਸ ਵਿਚਕਾਰ ਰਾਤ ਨੂੰ ਔਰਤ ਦੀ ਕੁੱਟਮਾਰ ਵੀ ਹੋਈ ਪਰ ਉਸ ਨੇ ਮੂੰਹ ਨਾ ਖੋਲ੍ਹਿਆ। ਉਸ ਨਾਲ ਫੜੇ ਗਏ ਮੁੰਡੇ ਨੂੰ ਵੱਖਰਾ ਕਰ ਦਿੱਤਾ ਗਿਆ ਸੀ। ਅਗਲੇ ਦਿਨ ਸਵੇਰੇ ਹੀ ਅਮਰੀਕਨ ਫੌਜ ਦਾ ਕੈਪਟਨ ਰਾਬਰਟ ਸਿੰਡਰ ਆਪਣੀ ਟੁਕੜੀ ਲੈ ਕੇ ਗਜ਼ਨੀ ਥਾਣੇ ਵੱਲ ਚੱਲ ਪਿਆ। ਉਦੋਂ ਨੂੰ ਉਸ ਔਰਤ ਨੂੰ ਥਾਣੇ ‘ਚੋਂ ਕੱਢ ਕੇ ਨੇੜਲੀ ਇਮਾਰਤ ਦੇ ਵੱਡੇ ਕਮਰੇ ‘ਚ ਬਿਠਾਇਆ ਹੋਇਆ ਸੀ। ਕਾਬਲ ਤੋਂ ਅਫਗਾਨ ਸਰਕਾਰ ਦੇ ਕੁਝ ਵੱਡੇ ਅਧਿਕਾਰੀ ਵੀ ਉਸ ਨਾਲ ਗੱਲਬਾਤ ਕਰਨ ਲਈ ਪਹੁੰਚੇ ਹੋਏ ਸਨ।
ਜਦੋਂ ਕੈਪਟਨ ਸਿੰਡਰ ਆਪਣੇ ਅਮਲੇ-ਫੈਲੇ ਨਾਲ ਉਥੇ ਆਇਆ ਤਾਂ ਇਮਾਰਤ ਲੋਕਲ ਅਫਗਾਨਾਂ ਨੇ ਘੇਰੀ ਹੋਈ ਸੀ। ਉਹ ਹਥਿਆਰਬੰਦ ਸਨ ਕਿਉਂਕਿ ਉਥੇ ਇਹ ਗੱਲ ਫੈਲ ਚੁੱਕੀ ਸੀ ਕਿ ਥਾਣੇ ਵਾਲੇ ਕਿਸੇ ਬੇਕਸੂਰ ਔਰਤ ਨੂੰ ਅਮਰੀਕਨਾਂ ਦੇ ਹਵਾਲੇ ਕਰਨ ਲੱਗੇ ਹਨ। ਕੈਪਟਨ ਮਨ ਹੀ ਮਨ ਬੋਲਿਆ, ‘ਜਿਸ ਗੱਲ ਦਾ ਡਰ ਸੀ, ਉਹੀ ਹੋ ਗਿਆ।’ ਉਸ ਨੇ ਵੇਖਿਆ ਸੀ ਕਿ ਇੱਥੇ ਅਫਵਾਹਾਂ ਦਾ ਬਹੁਤ ਜ਼ੋਰ ਰਹਿੰਦਾ ਸੀ। ਮਾੜੀ ਜਿਹੀ ਗੱਲ ਹੋਈ ਨਹੀਂ, ਤੇ ਅਫਵਾਹ ਉਡੀ ਨਹੀਂ। ਇੰਨਾ ਹੀ ਨਹੀਂ, ਸਗੋਂ ਅਫਗਾਨ ਹਥਿਆਰਬੰਦ ਹੋ ਕੇ ਪਹੁੰਚ ਜਾਂਦੇ ਸਨ। ਅੱਜ ਵੀ ਇਵੇਂ ਹੀ ਹੋਇਆ ਸੀ। ਲੋਕਾਂ ਦੇ ਹਜੂਮ ਨੇ ਹਥਿਆਰ ਚੁੱਕੇ ਹੋਏ ਸਨ। ਆਲੇ ਦੁਆਲੇ ਨਜ਼ਰ ਮਾਰਦਿਆਂ ਉਸ ਨੇ ਮਨ ‘ਚ ਸੋਚਿਆ, ‘ਅੱਜ ਇੱਥੇ ਜ਼ਰੂਰ ਕੁਛ ਨਾ ਕੁਛ ਹੋ ਕੇ ਰਹੇਗਾ। ਇੱਕ ਤਾਂ ਔਰਤ ਦਾ ਮਾਮਲਾ ਐ ਤੇ ਉਪਰੋਂ ਉਹ ਰਾਤ ਦੀ ਫੜੀ ਹੋਈ ਐ। ਲੋਕ ਵੀ ਧੜਾ ਧੜ ਇਕੱਠੇ ਹੋ ਰਹੇ ਨੇ। ਪਤਾ ਨ੍ਹੀਂ ਹਾਲਾਤ ਕਿਹੋ ਜਿਹੇ ਬਣ ਜਾਣ।’ ਅਜਿਹੇ ਖਿਆਲਾਂ ਕਰ ਕੇ ਹੀ ਉਸ ਨੇ ਸਾਰਿਆਂ ਨੂੰ ਪੂਰੀ ਮੁਸਤੈਦੀ ਨਾਲ ਰਹਿਣ ਦਾ ਹੁਕਮ ਦਿੱਤਾ ਤੇ ਲੋਕਾਂ ਵਿਚੋਂ ਦੀ ਰਾਹ ਬਣਾਉਂਦਾ ਆਪਣੇ ਖਾਸ ਅਮਲੇ ਨਾਲ ਵੱਡੀ ਇਮਾਰਤ ਵੱਲ ਚੱਲ ਪਿਆ। ਅੱਗੇ ਤਿੰਨ ਕੁ ਪੌੜੀਆਂ ਚੜ੍ਹ ਕੇ ਉਹ ਇਮਾਰਤ ਦੇ ਦਰਵਾਜ਼ੇ ਤੱਕ ਪਹੁੰਚ ਗਏ। ਦੋ ਜਣੇ ਬਾਹਰ ਪਹਿਰੇ ‘ਤੇ ਖੜ੍ਹ ਗਏ। ਕੈਪਟਨ ਅਤੇ ਵਾਰੰਟ ਅਫਸਰ ਅੰਦਰ ਚਲੇ ਗਏ। ਦੁਭਾਸ਼ੀਆ ਵੀ ਉਨ੍ਹਾਂ ਦੇ ਨਾਲ ਸੀ। ਕੈਪਟਨ ਨੇ ਅੰਦਰ ਬੈਠੇ ਅਫਗਾਨ ਲੋਕਾਂ ਅਤੇ ਅਫਸਰਾਂ ਵੱਲ ਵੇਖਦਿਆਂ ਝੁਕ ਕੇ ਸਲਾਮ ਕਹੀ। ਉਸ ਨੇ ਆਲੇ ਦੁਆਲੇ ਨਜ਼ਰ ਮਾਰੀ। ਪਿਛਲੇ ਪਾਸੇ ਪਰਦਾ ਤਣਿਆਂ ਹੋਇਆ ਸੀ। ਉਹ ਸਮਝ ਗਿਆ ਕਿ ਗ੍ਰਿਫਤਾਰ ਕੀਤੀ ਔਰਤ ਇਸ ਪਰਦੇ ਉਹਲੇ ਹੋਵੇਗੀ। ਕੈਪਟਨ ਤੇ ਵਾਰੰਟ ਅਫਸਰ ਸਾਰਿਆਂ ਦੇ ਕੋਲ ਭੁੰਜੇ ਹੀ ਬੈਠ ਗਏ। ਉਨ੍ਹਾਂ ਅਜੇ ਗੱਲਬਾਤ ਸ਼ੁਰੂ ਕੀਤੀ ਹੀ ਸੀ ਕਿ ਉਥੇ ਗੋਲੀ ਚੱਲਣ ਦੀ ਆਵਾਜ਼ ਸੁਣੀ। ਇਹ ਆਵਾਜ਼ ਸੁਣਦਿਆਂ ਹੀ ਵਾਰੰਟ ਅਫਸਰ ਨੇ ਆਪਣਾ ਪਿਸਤੌਲ ਕੱਢ ਕੇ ਗੋਲੀ ਚਲਾ ਦਿੱਤੀ ਜੋ ਪਰਦੇ ਪਿੱਛੇ ਬੈਠੀ ਔਰਤ ਦੇ ਪੇਟ ‘ਚ ਲੱਗੀ। ਜਦੋਂ ਪਤਾ ਲੱਗਿਆ ਕਿ ਔਰਤ ਜ਼ਖ਼ਮੀ ਹੋ ਚੁੱਕੀ ਹੈ ਤਾਂ ਕੈਪਟਨ ਨੇ ਆਪਣੇ ਬੰਦਿਆਂ ਨੂੰ ਆਵਾਜ਼ ਮਾਰੀ। ਸਾਰਿਆਂ ਨੇ ਫਟਾਫਟ ਔਰਤ ਨੂੰ ਸਟਰੈਚਰ ‘ਤੇ ਪਾਇਆ ਅਤੇ ਪਿਛਲੇ ਦਰਵਾਜ਼ੇ ਰਾਹੀਂ ਆਪਣੇ ਟਰੱਕ ਤੱਕ ਪਹੁੰਚੇ। ਉਥੋਂ ਜ਼ਖ਼ਮੀ ਔਰਤ ਨੂੰ ਨਾਲ ਲੈ ਕੇ ਉਹ ਬਗਰਾਮ ਏਅਰਫੋਰਸ ਬੇਸ ਨੂੰ ਚੱਲ ਪਏ। ਉਥੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਨਾਲ ਹੀ ਉਸ ਦੀ ਅਸਲੀ ਪਛਾਣ ਲੱਭਣ ਲਈ ਫਿੰਗਰ ਪ੍ਰਿੰਟ ਲਏ ਗਏ। ਦੋ ਘੰਟਿਆਂ ਪਿੱਛੋਂ ਐਫ਼ਬੀæਆਈæ ਦੇ ਦਫਤਰੋਂ ਉਸ ਦੀ ਸਹੀ ਪਛਾਣ ਦੀ ਰਿਪੋਰਟ ਆ ਗਈ। ਜਦੋਂ ਸਾਰੇ ਮਹਿਕਮਿਆਂ ‘ਚ ਉਸ ਦੇ ਅਸਲੀ ਨਾਂ ਦਾ ਪਤਾ ਲੱਗਿਆ ਤਾਂ ਹਰ ਪਾਸੇ ਤਹਿਲਕਾ ਮੱਚ ਗਿਆ। ਉਹ ਕੋਈ ਆਮ ਔਰਤ ਨਹੀਂ ਸੀ। ਉਹ ਅਮਰੀਕਨ ਐਫ਼ਬੀæਆਈæ ਦੁਆਰਾ ਐਲਾਨੀ ਗਈ ਦੁਨੀਆਂ ਦੀ ਸਭ ਤੋਂ ਖਤਰਨਾਕ ਅਤਿਵਾਦੀ ਔਰਤ ਡਾæ ਆਫੀਆ ਸਦੀਕੀ ਸੀ।
2
ਇਸਮਤ ਜਹਾਨ ਬੁਲੰਦ ਸ਼ਹਿਰ ‘ਚ ਜਨਮੀ। ਇੱਥੇ ਹੀ ਉਸ ਨੇ ਬਚਪਨ ਬਿਤਾਇਆ। ਉਹ ਅੱਠ ਸਾਲ ਦੀ ਸੀ ਜਦੋਂ ਮੁਲਕ ਦਾ ਬਟਵਾਰਾ ਹੋ ਗਿਆ। ਫਿਰ ਉਹ ਪਰਿਵਾਰ ਨਾਲ ਪਾਕਿਸਤਾਨ ਚਲੀ ਆਈ। ਇੱਥੇ ਉਸ ਦਾ ਵਿਆਹ, ਮੁਹੰਮਦ ਸੁਲੇਹ ਸਦੀਕੀ ਨਾਲ ਹੋਇਆ। ਸੁਲੇਹ ਸਦੀਕੀ ਪੇਸ਼ੇ ਵਜੋਂ ਡਾਕਟਰ ਸੀ। ਵਿਆਹ ਦੇ ਕੁਝ ਚਿਰ ਪਿੱਛੋਂ ਉਹ ਇੰਗਲੈਂਡ ਚਲੇ ਗਏ। ਉਥੇ ਉਹ ਕਈ ਸਾਲ ਰਹੇ। ਉਨ੍ਹਾਂ ਦੇ ਪਰਿਵਾਰ ‘ਚ ਪਹਿਲਾਂ ਮੁੰਡੇ ਦਾ ਜਨਮ ਹੋਇਆ ਜਿਸ ਦਾ ਨਾਂ ਉਨ੍ਹਾਂ ਮੁਹੰਮਦ ਅਲੀ ਰੱਖਿਆ। ਫਿਰ 1966 ‘ਚ ਪਹਿਲੀ ਲੜਕੀ ਫੌਜ਼ੀਆ ਦਾ ਜਨਮ ਹੋਇਆ। ਇਸ ਪਿੱਛੋਂ ਉਹ ਵਾਪਸ ਪਾਕਿਸਤਾਨ ਮੁੜ ਆਏ। ਇੱਥੇ ਹੀ ਮਾਰਚ, 1972 ‘ਚ ਉਨ੍ਹਾਂ ਦੀ ਦੂਜੀ ਲੜਕੀ ਦਾ ਜਨਮ ਹੋਇਆ ਜਿਸ ਦਾ ਨਾਂ ਆਫੀਆ ਰੱਖਿਆ ਗਿਆ।
ਇਸੇ ਸਾਲ ਜੁਲਾਈ ਮਹੀਨੇ ਸੁਲੇਹ ਸਦੀਕੀ ਦੇ ਸਾਲੇ ਐਸ਼ਐਚæ ਫਾਰੂਕੀ ਦਾ ਪਰਿਵਾਰ ਉਨ੍ਹਾਂ ਨੂੰ ਮਿਲਣ ਆਇਆ। ਫਾਰੂਕੀ ਪਰਿਵਾਰ ਇਸਲਾਮਾਬਾਦ ਰਹਿੰਦਾ ਸੀ। ਖਾਉ ਪੀਉ ਤੋਂ ਵਿਹਲੇ ਹੋ ਕੇ ਉਹ ਡਰਾਇੰਗ ਰੂਮ ‘ਚ ਬੈਠ ਗਏ। ਗੱਲਾਂ ਚੱਲੀਆਂ ਤਾਂ ਛੇਤੀ ਹੀ ਉਹ ਮੌਜੂਦਾ ਮਸਲੇ ਬਾਰੇ ਗੱਲ ਕਰਨ ਲੱਗੇ। ਗੱਲ ਸ਼ੁਰੂ ਕਰਦਿਆਂ ਫਾਰੂਕੀ ਬੋਲਿਆ, “ਭਾਈ ਸਾਹਬ, ਭੁੱਟੋ ਨੇ ਮੁਲਕ ਦਾ ਬੇੜਾ ਡੋਬ ਕੇ ਰੱਖ ਦਿੱਤਾ।”
“ਕੀ ਕੀਤਾ ਜਾ ਸਕਦਾ ਐ, ਪਰ ਇਕੱਲਾ ਉਹ ਹੀ ਤਾਂ ਜ਼ਿੰਮੇਵਾਰ ਨ੍ਹੀਂ ਐ। ਸਾਰਿਆਂ ਨੇ ਰਲ ਕੇ ਹੀ ਪਾਕਿਸਤਾਨ ਦੇ ਮੂੰਹ ‘ਤੇ ਕਾਲਖ ਮਲੀ ਐ।”
“ਜੇ ਅਸਲ ਪੁੱਛਦੇ ਓਂ ਤਾਂ ਇਹ ਕੰਮ ਯਾਹੀਆ ਖਾਂ ਤੋਂ ਸ਼ੁਰੂ ਹੋਇਆ।” ਫਾਰੂਕੀ ਦੀ ਬੀਵੀ ਨੇ ਗੱਲਬਾਤ ‘ਚ ਹਿੱਸਾ ਲੈਂਦਿਆਂ ਆਪਣਾ ਵਿਚਾਰ ਦੱਸਿਆ।
“ਫੌਜ ਤਾਂ ਸਾਰੀ ਈ ਇਸ ਨਮੋਸ਼ੀ ਦਾ ਕਾਰਨ ਬਣੀ ਐਂ।”
“ਜੇ ਪਹਿਲਾਂ ਈ ਸੰਭਲ ਕੇ ਚਲਦੇ ਤਾਂ ਕੀ ਫਰਕ ਪੈਂਦਾ ਸੀ। ਅੱਜ ਆਹ ਦਿਨ ਤਾਂ ਨਾ ਵੇਖਣੇ ਪੈਂਦੇ।”
“ਸੱਚੀ ਗੱਲ ਤਾਂ ਇਹ ਐ ਕਿ ਇਨ੍ਹਾਂ ਨੇ ਪੂਰਬੀ ਪਾਕਿਸਤਾਨ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਨ੍ਹੀਂ ਕੀਤੀ। ਜਦੋਂ ਮੁਜੀਬ ਉਲ ਰਹਿਮਾਨ ਦੀ ਪਾਰਟੀ ਜਿੱਤ ਗਈ ਸੀ ਤਾਂ ਹਕੂਮਤ ਉਸ ਦੇ ਹਵਾਲੇ ਕਰ ਦਿੰਦੇ। ਅਸੂਲ ਤਾਂ ਇਹੀ ਕਹਿੰਦਾ ਐ।”
“ਅਸੂਲ ਆਮ ਲੋਕਾਂ ਲਈ ਨੇ। ਇਨ੍ਹਾਂ ਰਜਵਾੜਿਆਂ ਲਈ ਨ੍ਹੀਂ। ਇਨ੍ਹਾਂ ਨੇ ਤਾਂ ਉਨ੍ਹਾਂ ਲੋਕਾਂ ਨੂੰ ਕਦੇ ਬਰਾਬਰੀ ਦਾ ਦਰਜਾ ਵੀ ਨ੍ਹੀਂ ਦਿੱਤਾ ਸੀ। ਫਿਰ ਇਹ ਕੁਛ ਤਾਂ ਹੋਣਾ ਈ ਸੀ।”
“ਇੰਡੀਆ ਨੇ ਪੂਰਬੀ ਪਾਕਿਸਤਾਨ ਦੇ ਲੋਕਾਂ ਦੀ ਮੱਦਦ ਕਰ ਕੇ ਸਾਡੇ ਹਿੱਕ ‘ਤੇ ਮੂੰਗ ਦਲੀ ਐ। ਇੰਸ਼ਾ ਅੱਲਾ ਕਦੇ ਮੌਕਾ ਮਿਲਿਆ ਤਾਂ ਆਪਾਂ ਨੂੰ ਵੀ ਹਿਸਾਬ ਬਰਾਬਰ ਕਰਨਾ ਚਾਹੀਦਾ ਐ।” ਇਸ ਵਾਰ ਇਸਮਤ ਬੋਲੀ।
“ਇੰਡੀਆ ਨੇ ਜੋ ਵੀ ਕੀਤੈ, ਉਹ ਆਪਣੇ ਹਿਸਾਬ ਨਾਲ ਠੀਕ ਕੀਤੈ। ਉਸ ਦੀ ਥਾਂ ਕੋਈ ਹੋਰ ਮੁਲਕ ਹੁੰਦਾ ਤਾਂ ਉਸ ਨੇ ਵੀ ਇਹੀ ਕਰਨਾ ਸੀ। ਰਾਜਨੀਤੀ ਇਹੀ ਕਹਿੰਦੀ ਐ।” ਸੁਲੇਹ ਸਦੀਕੀ ਨੇ ਆਪਣਾ ਵਿਚਾਰ ਦੱਸਿਆ।
“ਜੋ ਵੀ ਹੋਇਆ ਚੰਗਾ ਜਾਂ ਮਾੜਾ ਇਹ ਵੱਖਰੀ ਗੱਲ ਐ, ਪਰ ਇਸ ਕਾਰਵਾਈ ਨੇ ਮੁਸਲਿਮ ਲੀਗ ਦੀ ਦੋ ਕੌਮਾਂ ਦੀ ਥਿਊਰੀ ਗਲਤ ਸਾਬਤ ਕਰ ਦਿੱਤੀ ਐ। ਇਸ ਗੱਲ ਨੇ ਪਾਕਿਸਤਾਨ ਦੀ ਹੋਂਦ ਨੂੰ ਈ ਗਲਤ ਸਾਬਤ ਕਰ ਦਿੱਤਾ ਐ।”
“ਤੇ ਹੋਰ, ਕਿਨ੍ਹਾਂ ਚਾਵਾਂ ਨਾਲ ਇੱਧਰ ਆਏ ਸੀ ਕਿ ਮੁਸਲਮਾਨਾਂ ਦਾ ਆਪਣਾ ਮੁਲਕ ਬਣ ਗਿਐ, ਪਰ ਇਨ੍ਹਾਂ ਬਾਂਦਰ ਰਾਜਨੀਤੀਵਾਨਾਂ ਨੇ ਲੋਕਾਂ ਦੀਆਂ ਭਾਵਨਾਵਾਂ ਕੁਚਲ ਕੇ ਰੱਖ ਦਿੱਤੀਆਂ ਨੇ। ਬੰਗਲਾ ਦੇਸ਼ ਨ੍ਹੀਂ ਬਣਿਆਂ, ਇਹ ਤਾਂ ਸਾਡੀ ਜਮਹੂਰੀਅਤ ਦੇ ਮੂੰਹ ‘ਤੇ ਚਪੇੜ ਐ।”
“ਬੰਗਲਾ ਦੇਸ਼ ਕਿਹੜਾ? ਮੈਂ ਨ੍ਹੀਂ ਇਸ ਨੂੰ ਮੰਨਦੀ। ਤੁਸੀਂ ਪੂਰਬੀ ਪਾਕਿਸਤਾਨ ਕਹੋ।” ਇਸਮਤ ਨਫਰਤ ‘ਚ ਬੋਲੀ।
“ਆਪਾ ਤੇਰੇ ਕਹਿਣ ਨਾਲ ਕੀ ਹੁੰਦਾ ਐ। ਪਿਛਲੇ ਹਫਤੇ ਈ ਤਾਂ ਸਾਡੇ ਪ੍ਰਧਾਨ ਮੰਤਰੀ ਭੁੱਟੋ ਸਾਹਿਬ ਸ਼ਿਮਲਾ ਸਮਝੌਤੇ ‘ਤੇ ਦਸਤਖਤ ਕਰ ਕੇ ਆਏ ਨੇ। ਉਸ ਸਮਝੌਤੇ ਦੀ ਮੁੱਖ ਮੱਦ ਇਹੀ ਐ ਕਿ ਪਾਕਿਸਤਾਨ ਬੰਗਲਾ ਦੇਸ਼ ਦੀ ਹੋਂਦ ਨੂੰ ਮੰਨਦਾ ਐ। ਉਸ ‘ਤੇ ਦਸਤਖਤ ਕਰਨ ਦਾ ਮਤਲਬ ਐ ਕਿ ਪਾਕਿਸਤਾਨ ਨੇ ਬੰਗਲਾ ਦੇਸ਼ ਨੂੰ ਮਾਨਤਾ ਦੇ ਦਿੱਤੀ ਐ।”
“ਇਹ ਸਮਝੌਤਾ ਵੀ ਤਾਂ ਭੁੱਟੋ ਨੇ ਆਪਣਾ ਅਕਸ ਬਚਾਉਣ ਲਈ ਈ ਕੀਤਾ ਐ। ਜੇ ਉਸ ਨੂੰ ਮੁਲਕ ਦੀ ਫਿਕਰ ਹੁੰਦੀ ਤਾਂ ਉਹ ਉਨ੍ਹਾਂ ਇੱਕ ਲੱਖ ਫੌਜੀਆਂ ਦੀ ਰਿਹਾਈ ਦੀ ਗੱਲ ਕਰਨੀ ਨਾ ਭੁੱਲਦਾ ਜਿਹੜੇ ਇੰਡੀਆ ਨੇ ਕੈਦੀ ਬਣਾਏ ਸਨ।”
“ਜੇ ਜਨਰਲ ਨਿਆਜ਼ੀ ਹਿੰਮਤ ਤੋਂ ਕੰਮ ਲੈਂਦਾ ਤਾਂ ਉਹ ਕੈਦ ਈ ਨ੍ਹੀਂ ਸਨ ਹੋਣੇ, ਤੇ ਸ਼ਾਇਦ ਅਸੀਂ ਬੰਗਲਾ ਦੇਸ਼ ਵੀ ਨਾ ਬਣਨ ਦਿੰਦੇ।” ਇਹ ਵਿਚਾਰ ਫਾਰੂਕੀ ਦੀ ਘਰਵਾਲੀ ਦਾ ਸੀ।
“ਬੇਗਮ, ਕੀ ਗੱਲ ਕਰਦੀ ਐਂ ਤੂੰ। ਇਸ ਵਿਚ ਨਿਆਜ਼ੀ ਸਾਹਬ ਦਾ ਕਸੂਰ ਨ੍ਹੀਂ ਐ। ਉਹ ਆਪਣੀ ਸਰਕਾਰ ਦੀ ਮਦਦ ਤੋਂ ਬਿਨਾਂ ਕਿੰਨਾ ਕੁ ਚਿਰ ਲੜ ਸਕਦਾ ਸੀ।”
“ਲੋਕਾਂ ਨੇ ਕਦੇ ਵੀ ਭੁੱਟੋ ਨੂੰ ਮੁਆਫ ਨ੍ਹੀਂ ਕਰਨਾ, ਨਾ ਹੀ ਫੌਜ ਕਰੇਗੀ। ਹੋਰ ਤਾਂ ਹੋਰ ਉਸ ਨੇ ਕਸ਼ਮੀਰ ਮੁੱਦੇ ਨੂੰ ਵੀ ਹੋਰ ਈ ਰੂਪ ਦੇ ਦਿੱਤਾ। ਇੰਡੀਆ ਦੇ ਕਬਜ਼ੇ ਹੇਠਲੇ ਕਸ਼ਮੀਰ ਦੀ ਹੱਦ ਨੂੰ ਲਾਈਨ ਆਫ ਕੰਟਰੋਲ ਦਾ ਰੂਪ ਦੇ ਆਇਆ। ਕਹਿੰਦਾ ਕਿ ਅੱਗੇ ਤੋਂ ਇਸ ਮਸਲੇ ਦਾ ਹੱਲ ਗੱਲਬਾਤ ਰਾਹੀਂ ਕੱਢਿਆ ਜਾਵੇਗਾ। ਕੋਈ ਪੁੱਛਣ ਵਾਲਾ ਹੋਵੇ ਕਿ ਜੇਕਰ ਅਗਾਂਹ ਕਦੇ ਇੰਡੀਆ, ਪਾਕਿਸਤਾਨ ‘ਤੇ ਹਮਲਾ ਕਰ ਦੇਵੇ ਤਾਂ ਉਸ ਦਾ ਹੱਲ ਵੀ ਗੱਲਬਾਤ ਰਾਹੀਂ ਈ ਕੱਢੀਂ।”
“ਭਾਈ ਸਾਹਬ ਇਹ ਸਭ ਤਾਂ ਹੋਣਾ ਹੀ ਸੀ। ਨਾਲੇ ਜੋ ਹੋ ਚੁੱਕਿਆ ਐ, ਉਹ ਬਦਲਿਆ ਨ੍ਹੀਂ ਜਾ ਸਕਦਾ। ਆਪਾਂ ਨੂੰ ਸੱਚਾਈ ਮੰਨਣੀ ਈ ਪੈਣੀ ਐਂ।” ਸੁਲੇਹ ਸਦੀਕੀ ਨੇ ਇਹ ਗੱਲ ਕਹੀ ਤਾਂ ਸਾਰੇ ਚੁੱਪ ਜਿਹੇ ਹੋ ਗਏ। ਫਾਰੂਕੀ ਨੇ ਗੱਲ ਦਾ ਰੁਖ ਬਦਲਦਿਆਂ ਹੋਰ ਗੱਲ ਛੇੜੀ, “ਭਾਈ ਸਾਹਬ ਤੁਹਾਡਾ ਅਫਰੀਕਾ ਜਾਣ ਦਾ ਪ੍ਰੋਗਰਾਮ ਕਿਵੇਂ ਐਂ।”
“ਬੱਸ ਸਭ ਤਿਆਰੀਆਂ ਮੁਕੰਮਲ ਨੇ। ਜ਼ਾਂਬੀਆ ਦੀ ਲੌਅਸਕਾ ਯੂਨੀਵਰਸਿਟੀ ਵੱਲੋਂ ਨੌਕਰੀ ਦਾ ਪੱਤਰ ਵੀ ਆ ਚੁੱਕਿਆ ਐ। ਹੁਣ ਤਾਂ ਸ਼ਾਇਦ ਇਸੇ ਮਹੀਨੇ ਜਾਣ ਦਾ ਪ੍ਰੋਗਰਾਮ ਬਣ ਜਾਵੇ।”
ਫਿਰ ਉਹ ਹੋਰ ਗੱਲਾਂ ਕਰਨ ਲੱਗੇ। ਸ਼ਾਮ ਢਲੇ ਫਾਰੂਕੀ ਪਰਿਵਾਰ ਜਾਣ ਲਈ ਉਠਿਆ। ਉਨ੍ਹਾਂ ਸਾਰੇ ਬੱਚਿਆਂ ਦੇ ਸਿਰ ‘ਤੇ ਹੱਥ ਰੱਖਿਆ। ਚਾਦਰ ‘ਚ ਲਪੇਟੀ ਪਈ ਛੋਟੀ ਜਿਹੀ ਆਫੀਆ ਦਾ ਮੂੰਹ ਚੁੰਮਿਆ। ਫਿਰ ਕਾਰ ‘ਚ ਬਹਿ ਕੇ ਚਲੇ ਗਏ। ਇਸ ਦੇ ਕੁਝ ਹਫਤੇ ਬਾਅਦ ਹੀ ਸਦੀਕੀ ਪਰਿਵਾਰ ਜ਼ਾਂਬੀਆ ਚਲਾ ਗਿਆ।
ਇੱਥੇ ਆ ਕੇ ਸੁਲੇਹ ਸਦੀਕੀ ਲੌਅਸਕਾ ਮੈਡੀਕਲ ਯੂਨੀਵਰਸਿਟੀ ‘ਚ ਪ੍ਰੋਫੈਸਰ ਦੀ ਨੌਕਰੀ ਕਰਨ ਲੱਗਿਆ। ਇਸਮਤ ਬੱਚਿਆਂ ਨੂੰ ਸੰਭਾਲਦੀ ਸੀ। ਉਹ ਸਾਰਾ ਦਿਨ ਘਰ ਵਿਹਲੀ ਰਹਿੰਦੀ ਸੀ। ਉਸ ਨੇ ਇਹ ਵਿਹਲਾ ਵਕਤ ਧਰਮ ਦੇ ਕੰਮਾਂ ਦੇ ਲੇਖੇ ਲਾਉਣ ਬਾਰੇ ਸੋਚਿਆ। ਧਾਰਮਿਕ ਕੰਮਾਂ ‘ਚ ਉਹ ਸ਼ੁਰੂ ਤੋਂ ਹੀ ਵਧ ਚੜ੍ਹ ਕੇ ਹਿੱਸਾ ਲੈਂਦੀ ਸੀ। ਇਸਲਾਮ ‘ਤੇ ਚਰਚਾ ਕਰਨਾ ਉਸ ਨੂੰ ਬਹੁਤ ਚੰਗਾ ਲੱਗਦਾ ਸੀ। ਇੱਥੇ ਉਸ ਨੇ ਗੁਆਂਢ ਦੀਆਂ ਔਰਤਾਂ ਨੂੰ ਦਿਨ ਵੇਲੇ ਇਕੱਠੀਆਂ ਕਰ ਲੈਣਾ ਤੇ ਉਨ੍ਹਾਂ ਨਾਲ ਧਾਰਮਿਕ ਮਸਲਿਆਂ ‘ਤੇ ਗੱਲਾਂ ਕਰਨੀਆਂ। ਚੰਗੀ ਬੁਲਾਰੀ ਹੋਣਾ ਉਸ ਦਾ ਵੱਡਾ ਗੁਣ ਸੀ। ਛੇਤੀ ਹੀ ਉਸ ਦੇ ਘਰ ਆਉਣ ਵਾਲੀਆਂ ਔਰਤਾਂ ਦੀ ਗਿਣਤੀ ਵਧਣ ਲੱਗੀ। ਫਿਰ ਤਾਂ ਇਹ ਗਿਣਤੀ ਇੰਨੀ ਹੋ ਗਈ ਕਿ ਉਸ ਨੂੰ ਕਿਧਰੇ ਬਾਹਰ ਜਗ੍ਹਾ ਦਾ ਪ੍ਰਬੰਧ ਕਰਨਾ ਪਿਆ। ਉਸ ਨੇ ਆਪਣੀ ਜਥੇਬੰਦੀ ਦਾ ਨਾਂ ਵੀ ਰੱਖ ਲਿਆ। ਯੂæਆਈæਓæ, ਮਤਲਬ ਯੁਨਾਈਟਡ ਇਸਲਾਮਿਕ ਔਰਗੇਨਾਈਜੇਸ਼ਨ। ਉਸ ਦਾ ਪ੍ਰਭਾਵ ਇੱਥੇ ਦੇ ਮੁਸਲਿਮ ਸਮਾਜ ‘ਚ ਵਧਣ ਲੱਗਿਆ। ਸਾਰੀ ਏਸ਼ੀਅਨ ਕਮਿਉਨਿਟੀ ‘ਚ ਸਦੀਕੀ ਪਰਿਵਾਰ ਮਸ਼ਹੂਰ ਹੋ ਗਿਆ। ਇਸਮਤ ਦਾ ਨਾਂ ਦਿਨੋ ਦਿਨ ਹਰ ਇੱਕ ਦੀ ਜ਼ੁਬਾਨ ‘ਤੇ ਆਉਣ ਲੱਗਿਆ। ਆਪਣੇ ਲੋਕਾਂ ਨੂੰ ਧਾਰਮਿਕ ਸਿਖਿਆ ਦੇਣ ਤੋਂ ਸਿਵਾਏ, ਇਸਮਤ ਇਹ ਵੀ ਕੋਸ਼ਿਸ਼ ਕਰਦੀ ਕਿ ਨੇੜਲੇ ਕ੍ਰਿਸ਼ਚੀਅਨ ਭਾਈਚਾਰੇ ‘ਚੋਂ ਲੋਕਾਂ ਨੂੰ ਆਪਣੇ ਧਰਮ ‘ਚ ਲਿਆਂਦਾ ਜਾਵੇ। ਇਸ ਕੰਮ ‘ਚ ਉਹ ਕਾਮਯਾਬ ਵੀ ਹੋ ਰਹੀ ਸੀ। ਆਫੀਆ ਭਾਵੇਂ ਉਦੋਂ ਬਹੁਤ ਛੋਟੀ ਸੀ, ਪਰ ਉਸ ਦੀ ਮਾਂ ਉਸ ਨੂੰ ਹਰ ਰੋਜ਼ ਅਜਿਹੇ ਇਕੱਠਾਂ ਵਿਚ ਨਾਲ ਲੈ ਕੇ ਜਾਂਦੀ। ਆਫੀਆ ਬੜੇ ਧਿਆਨ ਨਾਲ ਮਾਂ ਦੀਆਂ ਗੱਲਾਂ ਸੁਣਦੀ। ਆਫੀਆ ਭਾਵੇਂ ਪੂਰੀ ਤਰ੍ਹਾਂ ਇਨ੍ਹਾਂ ਗੱਲਾਂ ਨੂੰ ਨਹੀਂ ਸਮਝ ਸਕਦੀ ਸੀ, ਪਰ ਇਹ ਗੱਲਾਂ ਉਸ ਦੇ ਅਚੇਤ ਮਨ ‘ਚ ਉਤਰ ਰਹੀਆਂ ਸਨ। ਇਸਮਤ ਕਿਤੇ ਵੀ ਜਾਂਦੀ, ਨੰਨ੍ਹੀ ਆਫੀਆ ਉਸ ਦੇ ਨਾਲ ਹੁੰਦੀ।
ਆਖਰ ਸੁਲੇਹ ਦੀ ਨੌਕਰੀ ਦਾ ਵਕਤ ਪੂਰਾ ਹੋ ਗਿਆ। ਸਾਰਾ ਪਰਿਵਾਰ ਪਾਕਿਸਤਾਨ ਵਾਪਸ ਚੱਲ ਪਿਆ। ਆਫੀਆ ਉਸ ਵੇਲੇ ਸੱਤ ਸਾਲ ਦੀ ਸੀ। ਇਹ 1980 ਦਾ ਉਹ ਸਮਾਂ ਸੀ ਜਦੋਂ ਪਾਕਿਸਤਾਨ ਦੇ ਆਂਢ-ਗੁਆਂਢ ‘ਚ ਉਥਲ ਪੁਥਲ ਹੋ ਰਹੀ ਸੀ। ਇਰਾਨ ‘ਚ ਖੋਮੀਨੀ ਦੀ ਰੈਵੋਲਿਸ਼ਨਰੀ ਇਸਲਾਮਿਸਟ ਸਰਕਾਰ ਨੇ ਤਾਕਤ ਸੰਭਾਲ ਲਈ ਸੀ। ਹਰ ਪਾਸੇ ਉਸ ਦੀ ਚੜ੍ਹਤ ਸੀ। ਪਾਕਿਸਤਾਨ ‘ਚ ਉਹ ਸਭ ਕੁਝ ਬਦਲ ਗਿਆ ਸੀ ਜੋ ਉਨ੍ਹਾਂ ਦੇ ਅਫਰੀਕਾ ਜਾਣ ਵੇਲੇ ਸੀ। ਉਥੇ ਫੌਜੀ ਜਨਰਲ ਜ਼ਿਆ ਉਲ ਹੱਕ ਦੀ ਕਮਾਂਡ ਹੇਠ ਡਿਕਟੇਟਰਸ਼ਿਪ ਕਾਇਮ ਹੋ ਚੁੱਕੀ ਸੀ। ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜ਼ੁਲਿਫਕਾਰ ਅਲੀ ਭੁੱਟੋ ਜੋ ਬਹੁਤ ਅਮੀਰ ਬੰਦਾ ਸੀ, ਮੁਲਕ ਨੂੰ ਧਾਰਮਿਕ ਗਲਬੇ ਤੋਂ ਉਪਰ ਚੁੱਕ ਕੇ ਮਜ਼ਬੂਤ ਜਮਹੂਰੀਅਤ ਮੁਲਕ ਬਣਾਉਣਾ ਚਾਹੁੰਦਾ ਸੀ। ਇਸ ਨਾਲ ਧਾਰਮਿਕ ਵਿਅਕਤੀ, ਮਤਲਬ ਮੁਲਾਣੇ ਵਗੈਰਾ ਉਸ ਤੋਂ ਬਹੁਤ ਨਾਰਾਜ਼ ਸਨ।
ਜ਼ਿਆ-ਉਲ-ਹੱਕ ਨੇ ਮੌਕੇ ਦੀ ਨਬਜ਼ ਪਛਾਣਦਿਆਂ ਰਾਜ ਪਲਟਾ ਕਰ ਦਿੱਤਾ। ਉਸ ਦੇ ਆਉਂਦਿਆਂ ਹੀ ਮੁਲਾਣਿਆਂ ਦੀ ਚੰਗੀ ਸੁਣਵਾਈ ਹੋਣ ਲੱਗੀ। ਜ਼ਿਆ-ਉਲ-ਹੱਕ ਨੇ ਮੁਲਕ ਨੂੰ ਧਾਰਮਿਕ ਰੰਗ ਵਿਚ ਰੰਗਣਾ ਸ਼ੁਰੂ ਕਰ ਦਿੱਤਾ ਸੀ। ਉਹ ਜਾਣਦਾ ਸੀ ਕਿ ਜੇਕਰ ਪੱਕੇ ਪੈਰੀਂ ਰਾਜ ਸਥਾਪਤ ਕਰਨਾ ਹੈ ਤਾਂ ਲੋਕਾਂ ਨੂੰ ਧਾਰਮਿਕ ਹਥਿਆਰ ਨਾਲ ਕਾਬੂ ਕਰਨਾ ਪਵੇਗਾ। ਇਸ ਲਈ ਉਸ ਨੇ ਲੋੜੀਂਦੇ ਕਾਰਜ ਆਰੰਭ ਦਿੱਤੇ। ਉਸ ਨੇ ਧਾਰਮਿਕ ਅਸੂਲ ਲਾਗੂ ਕਰਨ ਲਈ ਕੌਂਸਲ ਆਫ ਇਸਲਾਮਿਕ ਆਈਡੀਆਲੋਜੀ ਕਾਇਮ ਕੀਤੀ। ਅਜਿਹੀਆਂ ਧਾਰਮਿਕ ਜਥੇਬੰਦੀਆਂ ਦੀ ਮੱਦਦ ਨਾਲ ਜ਼ਿਆ-ਉਲ-ਹੱਕ ਨੇ ਪਾਕਿਸਤਾਨ ਨੂੰ ਧਾਰਮਿਕ ਸਟੇਟ ਬਣਾਉਣ ਲਈ ਪੂਰੇ ਜਤਨ ਸ਼ੁਰੂ ਕਰ ਦਿੱਤੇ। ਉਸ ਦਾ ਪਹਿਲਾ ਕਦਮ ਸੀ ਔਰਤਾਂ ਨੂੰ ਪਰਦੇ ਅਤੇ ਚਾਰਦਿਵਾਰੀ ਵਿਚ ਬੰਦ ਕਰਨਾ। ਕਿੰਨੇ ਹੀ ਨਵੇਂ ਧਾਰਮਿਕ ਰੰਗ ਵਾਲੇ ਕਾਨੂੰਨ ਬਣਾ ਕੇ ਜ਼ਿਆ-ਉਲ-ਹੱਕ ਨੇ ਮੁਲਕ ਦੇ ਧਾਰਮਿਕ ਲੀਡਰਾਂ ਦਾ ਵਿਸ਼ਵਾਸ ਜਿੱਤ ਲਿਆ। ਹਰ ਪਾਸੇ ਧਾਰਮਿਕ ਰੰਗ ਉਭਰ ਰਿਹਾ ਸੀ ਜੋ ਪੱਛਮ ਦੇ ਵੀ ਖਿਲਾਫ ਸੀ। ਪੱਛਮ ਦੇ ਖਿਲਾਫ ਜ਼ੋਰ-ਸ਼ੋਰ ਨਾਲ ਪ੍ਰਚਾਰ ਹੋ ਰਿਹਾ ਸੀ। ਇਨ੍ਹੀਂ ਹੀ ਦਿਨੀਂ ਇਰਾਨ ‘ਚ ਅਮਰੀਕਨ ਅੰਬੈਂਸੀ ਦੇ ਸਟਾਫ ਨੂੰ ਕੈਦ ਕਰ ਲਿਆ ਗਿਆ। ਸਾਊਦੀ ਅਰਬ ‘ਚ ਇੰਤਹਾਪਸੰਦ ਇਸਲਾਮਵਾਦੀਆਂ ਨੇ ਮੱਕੇ ਦੀ ਪਵਿੱਤਰ ਵੱਡੀ ਮਸਜਿਦ ‘ਚ ਕਾਬਾ ‘ਤੇ ਕਬਜ਼ਾ ਕਰ ਲਿਆ। ਪਾਕਿਸਤਾਨ ਵਿਚ ਇੰਤਹਾਪਸੰਦਾਂ ਨੇ ਅਮਰੀਕਾ ਦੀ ਇਸਲਾਮਾਬਾਦ ਵਿਚਲੀ ਅੰਬੈਸੀ ਅੱਗ ਲਾ ਕੇ ਸਾੜ ਦਿੱਤੀ। ਪੱਛਮ ਖਿਲਾਫ ਹਰ ਥਾਂ ਗੁੱਸਾ ਭੜਕ ਰਿਹਾ ਸੀ। ਉਦੋਂ ਹੀ ਦਸੰਬਰ 1979 ਵਿਚ ਸੋਵੀਅਤ ਯੂਨੀਅਨ ਦੀਆਂ ਫੌਜਾਂ ਅਫਗਾਨਿਸਤਾਨ ‘ਚ ਦਾਖਲ ਹੋਈਆਂ। ਇਸ ਘਟਨਾ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ।
ਅਮਰੀਕਾ ਜੋ ਹੁਣ ਤੱਕ ਜ਼ਿਆ-ਉਲ-ਹੱਕ ਦੀਆਂ ਕਾਰਵਾਈਆਂ ਕਾਰਨ ਬਹੁਤ ਗੁੱਸੇ ਵਿਚ ਸੀ, ਉਸ ਨੂੰ ਹੁਣ ਉਸ ਦੀ ਲੋੜ ਮਹਿਸੂਸ ਹੋਈ। ਸੋਵੀਅਤ ਯੂਨੀਅਨ ਨੂੰ ਟੱਕਰ ਦੇਣ ਲਈ ਉਹ ਜਿਸ ਨੇੜਲੀ ਸ਼ਕਤੀ ਨੂੰ ਲੱਭ ਰਹੇ ਸਨ, ਜ਼ਿਆ-ਉਲ-ਹੱਕ ਉਸ ਦੇ ਬਿਲਕੁਲ ਫਿੱਟ ਆਉਂਦਾ ਸੀ। ਸਾਊਦੀ ਅਰਬ ਅਤੇ ਅਮਰੀਕਾ ਨੇ ਮਿਲ ਕੇ ਅਫਗਾਨਿਸਤਾਨ ‘ਚ ਸੋਵੀਅਤ ਯੂਨੀਅਨ ਖਿਲਾਫ ਲੜਨ ਦੀ ਸਕੀਮ ਬਣਾਈ ਜਿਸ ‘ਚ ਉਨ੍ਹਾਂ ਜ਼ਿਆ-ਉਲ-ਹੱਕ ਨੂੰ ਮੂਹਰੇ ਲਾ ਲਿਆ। ਜ਼ਿਆ ਨੇ ਪਾਕਿਸਤਾਨ ਦੀ ਖੁਫੀਆ ਏਜੈਂਸੀ ਆਈæਐਸ਼ਆਈæ ਨੂੰ ਇਸ ਦੀ ਕਮਾਂਡ ਸੰਭਾਲ ਦਿੱਤੀ। ਉਨ੍ਹਾਂ ਹੀ ਦਿਨ੍ਹਾਂ ‘ਚ ਅਫਰੀਕਾ ਤੋਂ ਵਾਪਸ ਆ ਕੇ ਡਾæ ਮੁਹੰਮਦ ਸੁਲੇਹ ਸਦੀਕੀ ਨੇ ਕਰਾਚੀ ਦੀ ਹਾਈ ਸੁਸਾਇਟੀ ‘ਗੁਲਸ਼ਨੇ ਇਕਬਾਲ’ ਵਿਚ ਬੰਗਲਾ ਖਰੀਦ ਲਿਆ ਜਿੱਥੇ ਵੱਡੇ ਵੱਡੇ ਅਫਸਰ ਅਤੇ ਅਸਰ ਰਸੂਖ ਵਾਲੇ ਹੋਰ ਲੋਕ ਰਹਿੰਦੇ ਸਨ। ਜ਼ਿਆ-ਉਲ-ਹੱਕ ਦੇ ‘ਚੀਫ ਆਫ ਸਟਾਫ’ ਮਿਰਜ਼ਾ ਅਸਲਮ ਬੇਗ ਦਾ ਪਰਿਵਾਰ ਸਦੀਕੀ ਦਾ ਗੁਆਂਢੀ ਸੀ। ਇਸ ਤਰ੍ਹਾਂ ਇਹ ਪਰਿਵਾਰ ਪਾਕਿਸਤਾਨ ‘ਤੇ ਰਾਜ ਕਰਨ ਵਾਲੇ ਗਰੁਪ ਦੇ ਬਿਲਕੁਲ ਨੇੜੇ ਆ ਗਿਆ।
ਇਸ ਵੇਲੇ ਆਫੀਆ ਆਪਣੇ ਬਚਪਨ ਦਾ ਆਨੰਦ ਮਾਣ ਰਹੀ ਸੀ ਅਤੇ ਉਸ ਦੀ ਮਾਂ ਇਸਮਤ ਸਦੀਕੀ ਆਪਣੀ ਧਾਰਮਿਕ ਜਥੇਬੰਦੀ ਯੂæਆਈæਓæ ਲਈ ਵੱਧ ਤੋਂ ਵੱਧ ਕੰਮ ਕਰ ਰਹੀ ਸੀ। ਉਹ ਦਿਨੋ ਦਿਨ ਮਸ਼ਹੂਰ ਹੋ ਰਹੀ ਸੀ। ਇੱਥੋਂ ਤੱਕ ਕਿ ਜ਼ਿਆ-ਉਲ-ਹੱਕ ਦੀ ਆਪਣੀ ਬੇਗਮ ਸ਼ਫੀਕਾ ਵੀ ਉਸ ਦੇ ਪ੍ਰਭਾਵ ਹੇਠ ਸੀ ਤੇ ਉਸ ਦੀਆਂ ਧਾਰਮਿਕ ਕਲਾਸਾਂ ਲੈ ਰਹੀ ਸੀ। ਉਸ ਵੇਲੇ ਤੱਕ ਇਸਮਤ ਉਚੀ ਸੁਸਾਇਟੀ ਵਿਚ ਇੱਕ ਬਹੁਤ ਹੀ ਇੱਜ਼ਤਦਾਰ ਮੁਕਾਮ ਹਾਸਲ ਕਰ ਚੁੱਕੀ ਸੀ। ਜ਼ਿਆ-ਉਲ-ਹੱਕ ਖੁਦ ਉਸ ਤੋਂ ਪ੍ਰਭਾਵਤ ਸੀ। ਜ਼ਿਆ, ਇਸਮਤ ਤੋਂ ਇੰਨਾ ਪ੍ਰਭਾਵਤ ਹੋਇਆ ਕਿ ਉਸ ਨੇ ਉਸ ਨੂੰ ਉਸ ਬੋਰਡ ਦੀ ਮੈਂਬਰ ਬਣਾ ਦਿੱਤਾ ਜੋ ਕੁਰਾਨ ਮੁਤਾਬਕ ਜ਼ਕਾਤ, ਮਤਲਬ ਚੈਰਿਟੀ ਇਕੱਠੀ ਕਰਨ ਅਤੇ ਇਸ ਨੂੰ ਖਰਚਣ ਦਾ ਇੰਤਜ਼ਾਮ ਕਰਦਾ ਸੀ। ਇਸ ਬੋਰਡ ਵਿਚ ਆਉਣ ਨਾਲ ਇਸਮਤ ਦਾ ਹੋਰ ਬਹੁਤ ਵੱਡੀਆਂ ਵੱਡੀਆਂ ਜਥੇਬੰਦੀਆਂ ਨਾਲ ਸੰਪਰਕ ਹੋਇਆ ਜੋ ਕਿਸੇ ਨਾ ਕਿਸੇ ਢੰਗ ਨਾਲ ਅਫਗਾਨਿਸਤਾਨ ਵਿਚ ਚੱਲ ਰਹੇ ਜਹਾਦ ਨਾਲ ਜੁੜੀਆਂ ਹੋਈਆਂ ਸਨ। ਅਫਗਾਨਿਸਤਾਨ ਲਈ ਜਾਣ ਵਾਲਾ ਪਹਿਲਾ ਲੜਾਕਾ ਜਹਾਦੀ ਗਰੁਪ ਸਦੀਕੀ ਪਰਿਵਾਰ ਦੇ ਘਰ ਤੋਂ ਥੋੜ੍ਹੀ ਹੀ ਦੂਰ ਸਥਿਤ ਬਿਨੂਰੀ ਕਸਬੇ ਦੀ ਮਸਜਿਦ ‘ਚੋਂ ਵਿਦਾ ਹੋਇਆ ਤਾਂ ਲੋਕਾਂ ਨੇ ਇਸ ਨੂੰ ਬੜੇ ਮਾਣ ਨਾਲ ਤੋਰਿਆ।
ਇਸ ਦੇ ਨਾਲ ਹੀ ਲੋਕਾਂ ਦੀਆਂ ਨਜ਼ਰਾਂ ‘ਚ ਸਦੀਕੀ ਪਰਿਵਾਰ ਖਾਸ ਕਰ ਕੇ ਇਸਮਤ ਲਈ ਇਜ਼ਤ ਹੋਰ ਵਧ ਗਈ। ਉਸ ਦਿਨ ਆਫੀਆ ਵੀ ਕੰਧ ਨਾਲ ਲੱਗੀ ਖੜ੍ਹੀ, ਤੁਰੇ ਜਾਂਦੇ ਜਹਾਦੀਆਂ ਨੂੰ ਵੇਖਦੀ ਰਹੀ। ਇਸ ਤਰ੍ਹਾਂ ਛੋਟੀ ਉਮਰ ‘ਚ ਹੀ ਆਫੀਆ ਜਹਾਦ ਬਾਰੇ ਸੁਣਨ ਲੱਗ ਪਈ ਸੀ। ਇਹੀ ਨਹੀਂ, ਸਗੋਂ ਉਸ ਦਾ ਜਹਾਦ ਨਾਲ ਲਗਾਉ ਹੋਣ ਲੱਗਿਆ। ਆਫੀਆ ਉਦੋਂ ਗੁਲਸ਼ਨੇ ਇਕਬਾਲ ‘ਚ ਲੋਕਲ ਇੰਗਲਿਸ਼ ਦੀ ਵਿਦਿਆਰਥਣ ਸੀ। ਉਹ ਸਕੂਲ ਵਿਚ ਇੰਗਲਿਸ਼, ਮੈਥ, ਸਾਇੰਸ, ਕੁਰਾਨ ਅਤੇ ਸੁੰਨਾ ਪੜ੍ਹ ਰਹੀ ਸੀ। ਆਫੀਆ ਉਦੋਂ ਬਹੁਤ ਮਾਸੂਮ ਸੀ ਅਤੇ ਉਸ ਦੀਆਂ ਰੁਚੀਆਂ ਵੀ ਮਾਸੂਮਾਂ ਵਾਲੀਆਂ ਸਨ। ਉਹ ਘਰ ਵਿਚ ਪੰਛੀਆਂ ਨੂੰ ਹਰ ਰੋਜ਼ ਚੋਗਾ ਪਾਉਂਦੀ। ਇਸ ਤੋਂ ਬਿਨਾਂ ਉਸ ਨੇ ਘਰ ‘ਚ ਕੁੱਤਾ, ਬਿੱਲੀ, ਬੱਤਖ, ਮੱਛੀਆਂ ਅਤੇ ਤੋਤੇ ਵਗੈਰਾ ਪਾਲਤੂ ਜਾਨਵਰ ਰੱਖੇ ਹੋਏ ਸਨ। ਵਿਹਲਾ ਵਕਤ ਉਹ ਇਨ੍ਹਾਂ ਜਾਨਵਰਾਂ ਨਾਲ ਖੇਡਦਿਆਂ ਬਿਤਾਉਂਦੀ।
ਆਪਣੀ ਮਾਂ ਦੇ ਅਸਰ ਹੇਠ ਉਹ ਵੀ ਬਹੁਤ ਧਾਰਮਿਕ ਹੋ ਰਹੀ ਸੀ। ਮਾਂ ਨੂੰ ਵੇਖ ਕੇ ਉਹਨੇ ਵੀ ਸਕੂਲ ਵਿਚ ਛੋਟੇ ਬੱਚਿਆਂ ਸਾਹਮਣੇ ਲੈਕਚਰ ਦੇਣੇ ਸ਼ੁਰੂ ਕਰ ਦਿੱਤੇ ਸਨ। ਸਦੀਕੀ ਪਰਿਵਾਰ ‘ਚ ਹਰ ਵੇਲੇ ਅਫਗਾਨਿਸਤਾਨ ਵਿਚ ਚੱਲ ਰਹੇ ਜਹਾਦ ਦੀਆਂ ਗੱਲਾਂ ਚਲਦੀਆਂ ਰਹਿੰਦੀਆਂ ਸਨ। ਸੁਲੇਹ ਸਦੀਕੀ ਦੀ ਭਾਵੇਂ ਇਨ੍ਹਾਂ ਗੱਲਾਂ ‘ਚ ਜ਼ਿਆਦਾ ਦਿਲਚਸਪੀ ਨਹੀਂ ਸੀ ਹੁੰਦੀ, ਪਰ ਉਸ ਦੀ ਪਤਨੀ ਦਿਲੋ ਜਾਨ ਨਾਲ ਜਹਾਦੀਆਂ ਦੀ ਮੱਦਦ ਕਰਦੀ। ਉਸ ਲਈ ਉਸ ਵੇਲੇ ਇਸ ਤੋਂ ਵੱਡਾ ਹੋਰ ਕੋਈ ਕੰਮ ਨਹੀਂ ਸੀ ਕਿ ਇਸਲਾਮ ਦੀ ਧਰਤੀ ਤੋਂ ਕਮਿਊਨਿਸਟਾਂ ਦਾ ਸਫਾਇਆ ਕਰਿਆ ਜਾਵੇ ਤੇ ਉਥੇ ਸੱਚਾ ਇਸਲਾਮੀ ਰਾਜ ਕਾਇਮ ਹੋਵੇ।
ਆਫੀਆ, ਮਾਂ ਦੀਆਂ ਇਨ੍ਹਾਂ ਕਾਰਵਾਈਆਂ ਨੂੰ ਬਹੁਤ ਹੀ ਧਿਆਨ ਨਾਲ ਵੇਖਦੀ। ਉਸ ਦਾ ਮਨ ਕਰਦਾ ਕਿ ਉਹ ਇਨ੍ਹਾਂ ਜਹਾਦੀਆਂ ਦੀ ਦਿਲੋ ਜਾਨ ਨਾਲ ਸੇਵਾ ਕਰੇ ਜੋ ਆਪਣੇ ਧਰਮ ਲਈ ਸ਼ਹੀਦ ਹੋ ਰਹੇ ਹਨ। ਉਹ ਜਹਾਦੀਆਂ ਦੇ ਬਹਾਦਰੀ ਭਰੇ ਕਾਰਨਾਮੇ ਸੁਣਦੀ ਤਾਂ ਉਸ ਨੂੰ ਲੱਗਦਾ ਕਿ ਇਹ ਹੀ ਧਰਮ ਦੇ ਅਸਲੀ ਹੀਰੋ ਹਨ। ਥੋੜ੍ਹੇ ਜਿਹੇ ਲੜਾਕਿਆਂ ਦੀ ਮਦਦ ਨਾਲ ਸ਼ੁਰੂ ਕੀਤਾ ਗਿਆ ਜਹਾਦ ਆਖਰ ਉਨ੍ਹਾਂ ਦੇ ਹੱਕ ਵਿਚ ਹੋਣ ਲੱਗਿਆ। ਵੱਡਾ ਕਾਰਨ ਅਮਰੀਕਾ ਸੀ ਜੋ ਪਰਦੇ ਪਿੱਛੇ ਰਹਿੰਦਾ ਜ਼ਿਆ-ਉਲ-ਹੱਕ ਨੂੰ ਮੂਹਰੇ ਲਾ ਕੇ ਸਾਰੀ ਲੜਾਈ ਆਪ ਲੜ ਰਿਹਾ ਸੀ। ਆਖਰ ਜਹਾਦੀਆਂ ਦਾ ਪਲੜਾ ਭਾਰੀ ਪੈਣ ਲੱਗਿਆ। ਹੌਲੀ ਹੌਲੀ ਉਨ੍ਹਾਂ ਸੋਵੀਅਤ ਯੂਨੀਅਨ ਨੂੰ ਅਫਗਾਨਿਸਤਾਨ ‘ਚੋਂ ਖਦੇੜ ਦਿੱਤਾ। ਫਿਰ ਸਮਝੌਤਾ ਹੋਇਆ ਜਿਸ ਮੁਤਾਬਕ ਸੋਵੀਅਤ ਯੂਨੀਅਨ ਉਥੋਂ ਆਪਣੀਆਂ ਫੌਜਾਂ ਕੱਢਣੀਆਂ ਮੰਨ ਗਿਆ।
ਜਦੋਂ ਸੋਵੀਅਤ ਯੂਨੀਅਨ ਦੀਆਂ ਫੌਜਾਂ ਅਫਗਾਨਿਸਤਾਨ ‘ਚੋਂ ਨੀਵੀਂ ਪਾਈ ਨਿਕਲਣੀਆਂ ਸ਼ੁਰੂ ਹੋਈਆਂ ਤਾਂ ਆਫੀਆ ਨੇ ਵੀ ਹੋਰਨਾਂ ਵਾਂਗ ਜਸ਼ਨ ਦੇ ਪ੍ਰੋਗਰਾਮਾਂ ‘ਚ ਵਧ ਚੜ੍ਹ ਕੇ ਹਿੱਸਾ ਲਿਆ। ਉਸ ਵੇਲੇ ਹਰ ਪਾਸੇ ਖੁਸ਼ੀ ਦਾ ਆਲਮ ਸੀ; ਖਾਸ ਕਰ ਕੇ ਸਦੀਕੀ ਪਰਿਵਾਰ ਦੇ ਘਰ ਵਿਚ। ਉਨ੍ਹਾਂ ਮੁਤਾਬਕ ਅੱਲਾ ਦੀ ਪਾਰਟੀ ਦੀ ਜਿੱਤ ਹੋ ਚੁੱਕੀ ਸੀ। ਉਨ੍ਹਾਂ ਦੀ ਸੋਚਣੀ ਸੀ ਕਿ ਇਹ ਜਹਾਦ ਹੀ ਸੀ ਜਿਸ ਨੇ ਅਫਗਾਨਿਸਤਾਨ ਨੂੰ ਕਮਿਊਨਿਸਟਾਂ ਤੋਂ ਆਜ਼ਾਦ ਕਰਵਾਇਆ। ਇਸ ਜਿੱਤ ਨੂੰ ਹਰ ਇੱਕ ਨੇ ਆਪਣੇ ਨੁਕਤੇ ਤੋਂ ਵੇਖਿਆ। ਅਮਰੀਕਾ ਨੂੰ ਲੱਗਿਆ ਕਿ ਉਸ ਨੇ ਚਿਰਾਂ ਤੋਂ ਚੱਲ ਰਹੀ ਸੀਤ ਜੰਗ ‘ਚ ਰੂਸ ਦੀ ਸਿਰੀ ਫੇਂਹ ਦਿੱਤੀ ਹੈ। ਅਫਗਾਨਿਸਤਾਨ ਦੇ ਲੋਕਾਂ ਨੂੰ ਲੱਗਿਆ ਕਿ ਉਨ੍ਹਾਂ ਜਹਾਦ ਦੇ ਰਾਹ ਜਾ ਕੇ ਆਪਣਾ ਮੁਲਕ ਆਜ਼ਾਦ ਕਰਵਾ ਲਿਆ ਹੈ; ਪਰ ਜਨਰਲ ਜ਼ਿਆ-ਉਲ-ਹੱਕ ਅਤੇ ਉਸ ਦੀ ਸਰਕਾਰ ਨੇ ਸੋਵੀਅਤ ਯੂਨੀਅਨ ਦੀ ਹਾਰ ਨੂੰ ਕਿਸੇ ਹੋਰ ਰੂਪ ‘ਚ ਵੇਖਿਆ। ਜ਼ਿਆ ਨੇ ਇਹ ਭੁਲੇਖਾ ਪਾਲ ਲਿਆ ਕਿ ਇਹ ਸਭ ਕੁਝ ਪਾਕਿਸਤਾਨ ਦੀ ਵਜ੍ਹਾ ਨਾਲ ਹੋਇਆ ਹੈ। ਉਸ ਦੀ ਸੋਚਣੀ ਸੀ ਕਿ ਇਸ ਵੇਲੇ ਪਾਕਿਸਤਾਨ ਕੁਝ ਵੀ ਕਰ ਸਕਦਾ ਹੈ। ਉਸ ਮੁਤਾਬਕ ਹੌਲੀ ਹੌਲੀ ਪਾਕਿਸਤਾਨ ਸਾਰੇ ਮੱਧ ਏਸ਼ੀਆ ਵਿਚ ਆਪਣਾ ਦਬਦਬਾ ਕਾਇਮ ਕਰ ਲਵੇਗਾ। ਉਸ ਨੇ ਅਫਗਾਨਿਸਤਾਨ ‘ਚੋਂ ਵਿਹਲਾ ਹੋ ਕੇ ਹੋਰ ਪਾਸਿਆਂ ਵੱਲ ਵੇਖਣਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਉਸ ਨੇ ਆਪਣਾ ਮੁੱਖ ਏਜੰਡਾ ਚਾਲੂ ਕਰਨ ਦੀ ਸੋਚੀ। ਉਹ ਸੀ ਇੰਡੀਆ ਵਾਲੇ ਪਾਸੇ ਦੇ ਕਸ਼ਮੀਰ ਦੀ ਆਜ਼ਾਦੀ। ਉਹ ਅਤੇ ਹੋਰ ਇਸ ਕਸ਼ਮੀਰ ਨੂੰ ਇੰਡੀਆ ਦੇ ਕਬਜ਼ੇ ਹੇਠਲਾ ਕਸ਼ਮੀਰ ਕਹਿੰਦੇ ਸਨ। ਪਾਕਿਸਤਾਨ ਵੱਲ ਦੇ ਕਸ਼ਮੀਰ ਨੂੰ ਆਜ਼ਾਦ ਕਸ਼ਮੀਰ ਕਿਹਾ ਜਾਂਦਾ ਸੀ। ਉਸ ਨੇ ਆਪਣੇ ਲੋਕਾਂ ਨੂੰ ਕਸ਼ਮੀਰ ਆਜ਼ਾਦ ਕਰਵਾਉਣ ਦਾ ਨਾਅਰਾ ਦਿੱਤਾ। ਇਸ ਦੇ ਲਈ ਉਸ ਨੇ ਉਹੀ ਢੰਗ ਤਰੀਕਾ ਚੁਣਿਆ ਜੋ ਕਦੇ ਅਮਰੀਕਾ ਨੇ ਅਫਗਾਨਿਸਤਾਨ ਵਿਚ ਚੁਣਿਆ ਸੀ; ਮਤਲਬ ਪਾਕਿਸਤਾਨ ਪਰਦੇ ਪਿੱਛੇ ਰਹਿੰਦਾ ਸਾਰੀ ਲੜਾਈ ਲੜੇਗਾ ਅਤੇ ਕਸ਼ਮੀਰ ‘ਚ ਤਿਆਰ ਕੀਤੇ ਜਹਾਦੀ ਅਸਲੀ ਲੜਾਈ ਲੜਨਗੇ। ਇਸੇ ਸੇਧ ਵਿਚ ਉਸ ਨੇ ਐਕਸ਼ਨ ਸ਼ੁਰੂ ਕੀਤਾ ਤਾਂ ਸ਼ਾਂਤ ਪਏ ਜੰਮੂ ਅਤੇ ਕਸ਼ਮੀਰ ‘ਚ ਭੁਚਾਲ ਆ ਗਿਆ। ਥਾਂ ਥਾਂ ਜਹਾਦੀ ਪੈਦਾ ਹੋ ਗਏ। ਇਸ ਖੇਡ ‘ਚ ਜ਼ਿਆ-ਉਲ-ਹੱਕ ਦੋ ਮਾਅਰਕੇ ਮਾਰਨੇ ਚਾਹੁੰਦਾ ਸੀ। ਇੱਕ ਤਾਂ ਸੀ ਇੰਡੀਆ ਤੋਂ ਕਸ਼ਮੀਰ ਖੋਹਣਾ ਅਤੇ ਦੂਜਾ ਸੀ ਬੰਗਲਾ ਦੇਸ਼ ਵਾਲਾ ਹਿਸਾਬ ਬਰਾਬਰ ਕਰਨਾ। ਉਹ ਸਵੈ-ਵਿਸ਼ਵਾਸ ਨਾਲ ਇੰਨਾ ਭਰ ਗਿਆ ਕਿ ਉਸ ਨੇ ਸੋਚਿਆ ਕਿ ਕਸ਼ਮੀਰ ਦੇ ਆਜ਼ਾਦ ਹੋਣ ਪਿੱਛੋਂ ਉਹ ਇਹ ਅਸਿੱਧੀ ਜੰਗ ਇੰਡੀਆ ਦੇ ਹੋਰ ਹਿੱਸਿਆਂ ਵਿਚ ਫੈਲਾ ਦੇਵੇਗਾ ਅਤੇ ਮੁਲਕ ਦੇ ਟੁਕੜੇ ਟੁਕੜੇ ਕਰ ਦੇਵੇਗਾ। ਕਸ਼ਮੀਰ ਦੇ ਨਾਲ ਹੀ ਉਸ ਨੇ ਪੰਜਾਬ ਉਤੇ ਵੀ ਅੱਖ ਰੱਖ ਲਈ। ਆਪਣਾ ਵੱਖਰਾ ਮੁਲਕ ਲੈਣ ਲਈ ਉਹ ਸਿੱਖਾਂ ਨੂੰ ਭੜਕਾਉਣ ਲੱਗਿਆ। ਉਸ ਦਾ ਕਹਿਣਾ ਸੀ ਕਿ ਅਸਲੀ ਲੜਾਈ ਤੁਸੀਂ ਲੜੋਗੇ ਤੇ ਮੱਦਦ ਸਾਰੀ ਉਹ ਕਰੇਗਾ। ਜ਼ਿਆ-ਉਲ-ਹੱਕ ਉਸ ਵੇਲੇ ਬਹੁਤ ਉਚੀਆਂ ਉਡਾਰੀਆਂ ਲਾ ਰਿਹਾ ਸੀ, ਪਰ ਕੁਦਰਤ ਆਪਣੀ ਖੇਡ ਆਪ ਖੇਡਦੀ ਹੈ। ਇੱਕ ਦਿਨ ਸਦੀਕੀ ਪਰਿਵਾਰ ਦੇ ਘਰ ਫਾਰੂਕੀ ਦਾ ਫੋਨ ਆਇਆ। ਫੋਨ ਇਸਮਤ ਨੇ ਚੁੱਕਿਆ ਤਾਂ ਅੱਗਿਓਂ ਉਹ ਬੋਲਿਆ, “ਆਪਾ ਗਜ਼ਬ ਹੋ ਗਿਆ।”
“ਕਿਉਂ ਕੀ ਹੋਇਆ?”
“ਜ਼ਿਆ ਸਾਹਿਬ ਨਹੀਂ ਰਹੇ।”
“ਹੈਂ!æææਕੀ ਕਿਹਾ?” ਇਮਸਤ ਨੂੰ ਆਪਣੇ ਕੰਨਾਂ ‘ਤੇ ਇਤਬਾਰ ਨਾ ਆਇਆ।
“ਹੁਣੇ ਹੁਣੇ ਪਤਾ ਲੱਗਿਆ ਐ ਕਿ ਜਨਰਲ ਜ਼ਿਆ-ਉਲ-ਹੱਕ ਹਵਾਈ ਹਾਦਸੇ ‘ਚ ਮਾਰੇ ਗਏ।”
ਇਸਮਤ ਤੋਂ ਕੋਈ ਜੁਆਬ ਨਾ ਦੇ ਹੋਇਆ। ਉਹ ਕੁਰਸੀ ਦੇ ਡੰਡੇ ਨੂੰ ਹੱਥ ਪਾਉਂਦੀ ਉਥੇ ਹੀ ਢੇਰੀ ਹੋ ਗਈ। ਉਧਰੋਂ ਦੋ ਚਾਰ ਵਾਰ ਆਵਾਜ਼ ਆਈ ਤਾਂ ਉਹ ਆਪਣੇ ਆਪ ਨੂੰ ਸੰਭਾਲਦੀ ਬੋਲੀ, “ਭਾਈ ਜਾਨ, ਇਹ ਤਾਂ ਬਹੁਤ ਵੱਡਾ ਕਹਿਰ ਹੋ ਗਿਆ। ਆਪਾਂ ਤਾਂ ਜਿਉਂਦੇ ਈ ਮਰ ਗਏ। ਆਪਣੇ ਲਈ ਤਾਂ ਉਹੀ ਸਭ ਕੁਝ ਸਨ। ਪਤਾ ਨ੍ਹੀਂ ਉਨ੍ਹਾਂ ਬਿਨਾਂ ਇਸ ਮੁਲਕ ਦਾ ਕੀ ਬਣੂੰਗਾ, ਪਰ ਇਹ ਸਭ ਹੋਇਆ ਕਿਵੇਂ?”
“ਉਹ ਕਿਧਰੇ ਦੌਰੇ ‘ਤੇ ਗਏ ਸਨ। ਨਾਲ ਕਈ ਵੱਡੇ ਫੌਜੀ ਅਫਸਰਾਂ ਤੋਂ ਇਲਾਵਾ ਅਮਰੀਕੀ ਰਾਜਦੂਤ ਵੀ ਸੀ। ਹੈਲੀਕਾਪਟਰ ਰਾਹੀਂ ਵਾਪਸ ਆ ਰਹੇ ਸਨ ਕਿ ਉਸੇ ਹੈਲੀਕਾਪਟਰ ‘ਚ ਕਿਸੇ ਨੇ ਬੰਬ ਰਖਵਾ ਦਿੱਤਾ। ਸਾਰੇ ਮਾਰੇ ਗਏ, ਕੋਈ ਵੀ ਨ੍ਹੀਂ ਬਚਿਆ।”
“ਭਾਈ ਜਾਨ, ਕਿਸ ਨੇ ਕੀਤਾ ਇਹ ਸਭ?”
“ਵੇਖੋ ਜੀ ਕੀ ਕਹਿ ਸਕਦੇ ਆਂ, ਪਰ ਲੱਗਦਾ ਹੈæææਇਹ ਜਾਂ ਤਾਂ ਅਮਰੀਕਾ ਨੇ ਕਰਵਾਇਆ ਐ ਤੇ ਜਾਂ ਰੂਸ ਨੇ।”
“ਅਮਰੀਕਾ ਭਲਾ ਅਜਿਹਾ ਕਿਉਂ ਕਰਵਾਊਗਾ। ਉਸ ਦੀ ਤਾਂ ਜ਼ਿਆ ਸਾਹਿਬ ਨੇ ਇੰਨੀ ਮਦਦ ਕੀਤੀ ਐ। ਰੂਸ ਦੀ ਇੱਥੇ ਤੱਕ ਪਹੁੰਚ ਨ੍ਹੀਂ ਹੋ ਸਕਦੀ।”
“ਹੋਰ ਫਿਰ ਕਿਸ ਨੇ ਕਰਵਾਇਆ ਹੋਇਆ ਇਹ ਕੰਮ?”
“ਮੇਰੇ ਖਿਆਲ ‘ਚ ਇਹ ਸਭ ਇੰਡੀਆ ਦਾ ਕੀਤਾ ਕਰਾਇਆ ਐ। ਇਸ ਵੇਲੇ ਸਭ ਤੋਂ ਜ਼ਿਆਦਾ ਇੰਡੀਆ ਈ ਜ਼ਿਆ ਸਾਹਿਬ ਤੋਂ ਡਰਦਾ ਸੀ।”
“ਆਪਾ ਹੋ ਸਕਦਾ ਐ ਕਿ ਤੇਰੀ ਗੱਲ ਸਹੀ ਹੋਵੇ। ਹੌਲੀ ਹੌਲੀ ਪਤਾ ਲੱਗੂਗਾ, ਪਰ ਹੋਇਆ ਬਹੁਤ ਮਾੜਾ।”
“ਮਾੜੇ ਵਰਗਾ ਮਾੜਾ। ਆਪਣਾ ਤਾਂ ਸਭ ਕੁਛ ਤਬਾਹ ਹੋ ਗਿਆ। ਆਪਾਂ ਨੂੰ ਜ਼ਿਆ ਸਾਹਿਬ ਨੇ ਬੜਾ ਇੱਜ਼ਤ ਮਾਣ ਦਿੱਤਾ ਸੀ। ਹੁਣ ਪਤਾ ਨ੍ਹੀਂ ਅੱਗੇ ਕੀ ਹੋਊਗਾ।”
ਇਸ ਪਿੱਛੋਂ ਫੋਨ ਕੱਟਿਆ ਗਿਆ। ਇਸਮਤ ਨੂੰ ਇਸ ਖ਼ਬਰ ਨੇ ਤੋੜ ਕੇ ਰੱਖ ਦਿੱਤਾ ਸੀ। ਛੋਟੀ ਜਿਹੀ ਆਫੀਆ ਮਾਂ ਨੂੰ ਧਾਹੀਂ ਰੋਂਦਿਆਂ ਵੇਖਦੀ ਰਹੀ।
ਜਿੱਥੇ ਜ਼ਿਆ ਪੱਖੀ ਲੋਕ ਇਸ ਹਾਦਸੇ ਨਾਲ ਟੁੱਟ ਕੇ ਬਿਖਰ ਗਏ ਸਨ, ਉਥੇ ਵਿਰੋਧੀ ਇਸ ਨੂੰ ਆਪਣੇ ਲਈ ਚੰਗਾ ਵਕਤ ਮੰਨ ਰਹੇ ਸਨ। ਉਨ੍ਹਾਂ ਮੁਤਾਬਕ ਜ਼ਾਲਮ ਹਾਕਮ ਤੋਂ ਖਹਿੜਾ ਛਡਵਾਉਣ ‘ਚ ਅੱਲਾ ਨੇ ਉਨ੍ਹਾਂ ਦੀ ਮੱਦਦ ਕੀਤੀ ਸੀ। ਇਨ੍ਹਾਂ ਲੋਕਾਂ ਵਿਚ ਸਭ ਤੋਂ ਉਪਰ ਬੇਨਜ਼ੀਰ ਭੁੱਟੋ ਸੀ। ਕੁਝ ਸਾਲ ਪਹਿਲਾਂ ਹੀ ਮੌਕੇ ਦੇ ਪ੍ਰਧਾਨ ਮੰਤਰੀ ਅਤੇ ਬੇਨਜ਼ੀਰ ਦੇ ਪਿਉ ਜ਼ੁਲਿਫਕਾਰ ਅਲੀ ਭੁੱਟੋ ਨੂੰ ਜ਼ਿਆ-ਉਲ-ਹੱਕ ਨੇ ਨਾ ਸਿਰਫ ਗੱਦੀਉਂ ਲਾਹਿਆ ਸੀ, ਸਗੋਂ ਬਾਅਦ ਵਿਚ ਫਾਹੇ ਵੀ ਲਗਵਾਇਆ ਸੀ। ਪਿਉ ਦੀ ਮੌਤ ਪਿੱਛੋਂ ਆਪਣੀ ਪਾਰਟੀ ਨੂੰ ਅੱਗੇ ਵਧਾਉਂਦਿਆਂ ਬੇਨਜ਼ੀਰ ਨੇ ਬੜੇ ਤਸੀਹੇ ਸਹੇ ਸਨ। ਜ਼ਿਆ-ਉਲ-ਹੱਕ ਦੀ ਸਰਕਾਰ ਨੇ ਉਸ ਨੂੰ ਖਤਮ ਕਰਨ ਦੀ ਕੋਈ ਕਸਰ ਨਹੀਂ ਛੱਡੀ ਸੀ। ਪਿਛਲੇ ਕੁਝ ਸਮੇਂ ਤੋਂ ਉਹ ਪਾਕਿਸਤਾਨ ‘ਚ ਰਹਿੰਦਿਆਂ ਲੋਕਾਂ ਨੂੰ ਫਿਰ ਤੋਂ ਲਾਮਬੰਦ ਕਰ ਰਹੀ ਸੀ। ਇਹ ਮੌਕਾ ਉਸ ਦੇ ਬਿਲਕੁਲ ਫਿੱਟ ਬੈਠ ਗਿਆ। ਉਸ ਨੇ ਜ਼ੋਰ-ਸ਼ੋਰ ਨਾਲ ਲੋਕਾਂ ਨੂੰ ਜਮਹੂਰੀਅਤ ਲਈ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ। ਉਸ ਦੀ ਮਿਹਨਤ ਦਾ ਹੀ ਨਤੀਜਾ ਸੀ ਕਿ ਕੁਝ ਦੇਰ ਬਾਅਦ ਹੋਈਆਂ ਚੋਣਾਂ ਵਿਚ ਉਸ ਦੀ ਪਾਰਟੀ ਬਹੁਮਤ ਲੈ ਗਈ ਅਤੇ ਬੇਨਜ਼ੀਰ ਭੁੱਟੋ ਕਿਸੇ ਇਸਲਾਮਿਕ ਮੁਲਕ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣ ਗਈ। ਜ਼ਿਆ ਦੇ ਵੇਲੇ ਤੋਂ ਜਿਹੜੇ ਲੋਕ ਧਾਰਮਿਕ ਗਲਬੇ ਹੇਠ ਦਬ ਕੇ ਰਹਿ ਗਏ ਸਨ, ਉਨ੍ਹਾਂ ਨੂੰ ਬੇਨਜ਼ੀਰ ਦੇ ਆਉਣ ਨਾਲ ਨਵੀਂਆਂ ਉਮੀਦਾਂ ਮਿਲ ਗਈਆਂ। ਮੁਲਾਣਿਆਂ ਦੀ ਜਕੜ ‘ਚ ਆਇਆ ਮੁਲਕ ਇੱਕ ਦਮ ਘੁਟਣ ‘ਚੋਂ ਬਾਹਰ ਆ ਗਿਆ।
1989 ਤੱਕ ਹਾਲਾਤ ਇੱਕ ਦਮ ਬਦਲ ਗਏ। ਇਸ ਤਬਦੀਲੀ ਨੂੰ ਇਸਮਤ ਨੇ ਨਵੇਂ ਨਜ਼ਰੀਏ ਤੋਂ ਵੇਖਿਆ। ਉਸ ਨੇ ਸੋਚਿਆ ਕਿ ਜੇ ਭੁੱਟੋ ਰਾਜਨੀਤੀ ਵਿਚ ਅੱਗੇ ਵਧ ਰਹੀ ਹੈ ਤਾਂ ਆਫੀਆ ਕਿਉਂ ਨਹੀਂ! ਉਸ ਦੀ ਸੋਚਣੀ ਸੀ ਕਿ ਆਫੀਆ ਕਿਸੇ ਗੱਲੋਂ ਵੀ ਬੇਨਜ਼ੀਰ ਤੋਂ ਘੱਟ ਨਹੀਂ ਹੈ। ਉਹ ਹੁਣ ਸਤਾਰਾਂ ਦੀ ਹੋ ਚੁੱਕੀ ਸੀ। ਉਸ ਨੇ ਮੁਢਲੀ ਪੜ੍ਹਾਈ ਵੀ ਪੂਰੀ ਕਰ ਲਈ ਸੀ। ਪੜ੍ਹਾਈ ਵੀ ਉਸ ਨੇ ਪਾਕਿਸਤਾਨ ਦੇ ਮਸ਼ਹੂਰ ਸੇਂਟ ਜੋਸਿਫ ਕਾਲਜ ਤੋਂ ਕੀਤੀ ਸੀ ਜਿੱਥੇ ਵੱਡੇ ਲੋਕਾਂ ਦੇ ਬੱਚੇ ਪੜ੍ਹਦੇ ਸਨ। ਉਸ ਨੇ ਹਰ ਵਿਸ਼ੇ ਵਿਚ ਏ ਗਰੇਡ ਲੈਂਦਿਆਂ ਕਲਾਸ ਵਿਚੋਂ ਟਾਪ ਕੀਤਾ ਸੀ। ਵੇਖਣ ਨੂੰ ਵੀ ਉਹ ਬਹੁਤ ਖੂਬਸੂਰਤ ਸੀ। ਕੱਦ ਭਾਵੇਂ ਉਸ ਦਾ ਛੋਟਾ, ਪੰਜ ਫੁੱਟ ਤਿੰਨ ਇੰਚ ਹੀ ਸੀ ਪਰ ਉਸ ਦੀ ਦਿੱਖ ਬੜੀ ਪ੍ਰਭਾਵਸ਼ਾਲੀ ਸੀ। ਹੈ, ਪਰ ਇਸ ਵਿਚ ਇੱਕ ਅੜਿੱਕਾ ਉਸ ਨੂੰ ਸਾਫ ਦਿਸ ਰਿਹਾ ਸੀ, ਉਹ ਇਹ ਸੀ ਕਿ ਪਾਕਿਸਤਾਨ ਵਿਚ ਰਹਿੰਦਿਆਂ ਆਫੀਆ ਦੀ ਛੇਤੀ ਹੀ ਸ਼ਾਦੀ ਹੋ ਜਾਣੀ ਸੀ। ਉਸ ਦੀ ਮਾਂ ਨੇ ਸੋਚ ਸੋਚ ਕੇ ਇਹ ਨਤੀਜਾ ਕੱਢਿਆ ਕਿ ਜੇ ਇਸ ਨੂੰ ਪੜ੍ਹਨ ਲਈ ਵਿਦੇਸ਼ ਭੇਜ ਦਿੱਤਾ ਜਾਵੇ ਤਾਂ ਇਹ ਬਹੁਤ ਅੱਗੇ ਵਧ ਸਕਦੀ ਹੈ; ਇਸ ਤਰ੍ਹਾਂ ਉਸ ਦੇ ਵਿਆਹ ਵਾਲਾ ਮਸਲਾ ਵੀ ਪਿਛਾਂਹ ਪੈ ਜਾਵੇਗਾ। ਆਫੀਆ ਦਾ ਭਰਾ ਮੁਹੰਮਦ ਅਲੀ ਪਹਿਲਾਂ ਹੀ ਪੜ੍ਹਾਈ ਲਈ ਅਮਰੀਕਾ ਗਿਆ ਹੋਇਆ ਸੀ। ਉਸ ਨੇ ਉਥੇ ਪੜ੍ਹਾਈ ਤੋਂ ਬਾਅਦ ਆਰਚੀਟੈਕਟ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ। ਆਖਰ ਇਸਮਤ ਨੇ ਅਲੀ ਨਾਲ ਸਲਾਹ ਕੀਤੀ। ਉਸ ਦਾ ਵੀ ਇਹੀ ਕਹਿਣਾ ਸੀ ਕਿ ਆਫੀਆ ਅਜੇ ਛੋਟੀ ਹੈ ਤੇ ਨਾਲ ਹੀ ਪੜ੍ਹਾਈ ‘ਚ ਬਹੁਤ ਹੁਸ਼ਿਆਰ ਵੀ ਹੈ। ਇਸ ਲਈ ਇਸ ਨੂੰ ਅਮਰੀਕਾ ਭੇਜ ਦਿੱਤਾ ਜਾਵੇ। ਆਫੀਆ ਦੇ ਮਾਂ ਪਿਉ ਨੇ ਸਲਾਹ ਮਸ਼ਵਰਾ ਕਰ ਕੇ ਆਖਰ ਆਫੀਆ ਨੂੰ ਅਮਰੀਕਾ ਭੇਜਣ ਦੀ ਤਿਆਰੀ ਅਰੰਭ ਦਿੱਤੀ।
(ਚੱਲਦਾ)

Be the first to comment

Leave a Reply

Your email address will not be published.