ਖਾਲਿਸਤਾਨ ਦੇ ਮੁੱਦੇ ‘ਤੇ ਮਾਨ ਤੇ ਯੂਨਾਈਟਿਡ ਅਕਾਲੀ ਦਲ ‘ਚ ਮਤਭੇਦ

ਅੰਮ੍ਰਿਤਸਰ: ਖਾਲਿਸਤਾਨ ਦੇ ਮੁੱਦੇ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਯੂਨਾਈਟਿਡ ਅਕਾਲੀ ਦਲ ਵਿਚਾਲੇ ਪੈਦਾ ਹੋਏ ਵਿਚਾਰਕ ਮਤਭੇਦ ਬਰਕਰਾਰ ਹਨ ਪਰ ਦੋਵੇਂ ਜਥੇਬੰਦੀਆਂ ਵਿਚਾਲੇ ਸਰਬੱਤ ਖਾਲਸਾ ਅਤੇ ਸਿੱਖ ਕੌਮ ਨਾਲ ਜੁੜੇ ਹੋਰ ਮੁੱਦਿਆਂ ‘ਤੇ ਇਕਜੁਟ ਹੋ ਕੇ ਇਕ ਮੰਚ ਤੋਂ ਕੰਮ ਕਰਨ ਦੀ ਸਹਿਮਤੀ ਹੋ ਗਈ ਹੈ।

ਇਸ ਦਾ ਦਾਅਵਾ ਯੂਨਾਈਟਿਡ ਅਕਾਲੀ ਦਲ ਦੇ ਸਕੱਤਰ ਜਨਰਲ ਗੁਰਦੀਪ ਸਿੰਘ ਬਠਿੰਡਾ ਨੇ ਕੀਤਾ।
ਪੰਜ ਤਖ਼ਤਾਂ ਦੀ ਯਾਤਰਾ ਲਈ ਗਏ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਦੇ ਨਾਲ ਸ਼ਾਮਲ ਸ੍ਰੀ ਬਠਿੰਡਾ ਨੇ ਆਖਿਆ ਕਿ ਆਪਸੀ ਮਤਭੇਦਾਂ ਬਾਰੇ ਸ਼ ਸਿਮਰਨਜੀਤ ਸਿੰਘ ਮਾਨ ਨਾਲ ਗੱਲਬਾਤ ਹੋ ਗਈ ਹੈ ਅਤੇ ਦੋਵੇਂ ਧਿਰਾਂ ਵਿਚਾਲੇ ਸਹਿਮਤੀ ਹੋਈ ਹੈ ਕਿ ਸਰਬੱਤ ਖ਼ਾਲਸਾ ਤੇ ਹੋਰ ਸਿੱਖ ਮੁੱਦਿਆਂ ਬਾਰੇ ਇਕਜੁਟ ਹੋ ਕੇ ਸਾਂਝੇ ਤੌਰ ‘ਤੇ ਕੰਮ ਕੀਤਾ ਜਾਵੇਗਾ। ਖ਼ਾਲਿਸਤਾਨ ਦੇ ਮੁੱਦੇ ‘ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਪਣੇ ਤੌਰ ‘ਤੇ ਜੱਦੋਜਹਿਦ ਜਾਰੀ ਰੱਖੇਗਾ। ਇਸੇ ਤਰ੍ਹਾਂ ਯੂਨਾਈਟਿਡ ਅਕਾਲੀ ਦਲ ਦੇਸ਼ ਵੰਡ ਵੇਲੇ ਸਿੱਖਾਂ ਨਾਲ ਕੀਤੇ ਵਾਅਦੇ ਕਿ ਉਨ੍ਹਾਂ ਨੂੰ ਉਤਰੀ ਭਾਰਤ ਵਿਚ ਅਜਿਹਾ ਖਿੱਤਾ ਦਿੱਤਾ ਜਾਵੇਗਾ, ਜਿਥੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣ, ਇਸ ਵਿਸ਼ੇਸ਼ ਅਕਾਰਾਂ ਵਾਲੇ ਖਿੱਤੇ ਦੀ ਪ੍ਰਾਪਤੀ ਲਈ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰੇਗਾ। ਉਨ੍ਹਾਂ ਆਖਿਆ ਕਿ ਦੋਵੇਂ ਜਥੇਬੰਦੀਆਂ ਆਪੋ-ਆਪਣੇ ਟੀਚੇ ਦੀ ਪ੍ਰਾਪਤੀ ਲਈ ਆਪੋ-ਆਪਣੇ ਢੰਗ ਨਾਲ ਸੰਘਰਸ਼ ਜਾਰੀ ਰੱਖਣਗੀਆਂ ਅਤੇ ਦੋਵਾਂ ਨੂੰ ਇਕ ਦੂਜੇ ਦੇ ਟੀਚੇ ਬਾਰੇ ਕੋਈ ਇਤਰਾਜ਼ ਨਹੀਂ ਹੋਵੇਗਾ।
ਦੱਸਣਯੋਗ ਹੈ ਕਿ ਮਾਨ ਦਲ ਆਜ਼ਾਦ ਸਿੱਖ ਰਾਜ ਖਾਲਿਸਤਾਨ ਦਾ ਹਾਮੀ ਹੈ ਜਦੋਂਕਿ ਯੂਨਾਈਟਿਡ ਅਕਾਲੀ ਦਲ ਸੰਵਿਧਾਨ ਦੇ ਘੇਰੇ ਹੇਠ ਵਿਸ਼ੇਸ਼ ਅਧਿਕਾਰਾਂ ਵਾਲੇ ਸਿੱਖ ਆਜ਼ਾਦ ਖਿੱਤੇ ਦਾ ਹਾਮੀ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਆਪਣਾ ਪੱਖ ਸਪੱਸ਼ਟ ਕਰਦਿਆਂ ਸ੍ਰੀ ਬਠਿੰਡਾ ਨੇ ਆਖਿਆ ਕਿ ਉਨ੍ਹਾਂ ਨੂੰ ਅਕਾਲ ਤਖ਼ਤ ਵੱਲੋਂ ਕੌਮ ਦਾ ਸ਼ਹੀਦ ਕਰਾਰ ਦਿੱਤਾ ਗਿਆ ਹੈ ਅਤੇ ਉਹ ਸਮੁੱਚੀ ਕੌਮ ਦੇ ਸਾਂਝੇ ਸ਼ਹੀਦ ਹਨ। ਉਨ੍ਹਾਂ ਦੀ ਜਥੇਬੰਦੀ ਸ਼ਹੀਦਾਂ ਦਾ ਸਤਿਕਾਰ ਕਰਦੀ ਹੈ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰੇਰਨਾ ਸਰੋਤ ਮੰਨਦੀ ਹੈ।
ਉਨ੍ਹਾਂ ਆਖਿਆ ਕਿ ਜਿਸ ਦਿਨ ਸਿੱਖ ਜਥੇਬੰਦੀਆਂ ਨੇ ਇਕੱਠੇ ਹੋ ਕੇ ਚੱਲਣ ਦਾ ਵਾਅਦਾ ਕੀਤਾ ਸੀ, ਉਸ ਦਿਨ ਇਹ ਤੈਅ ਹੋਇਆ ਸੀ ਕਿ ਦੋਵੇਂ ਜਥੇਬੰਦੀਆਂ ਆਪੋ-ਆਪਣੇ ਟੀਚੇ ਲਈ ਆਪਣੇ ਤੌਰ ‘ਤੇ ਸੰਘਰਸ਼ ਕਰਨਗੀਆਂ, ਪਰ ਸਰਬੱਤ ਖ਼ਾਲਸਾ ਇਕੱਠੇ ਹੋ ਕੇ ਸਾਂਝੇ ਮੰਚ ਤੋਂ ਕੀਤਾ ਜਾਵੇਗਾ।