ਚੰਡੀਗੜ੍ਹ: ਪੰਜਾਬ ਵਿਚ ਸਿਆਸਤਦਾਨਾਂ ਦੀਆਂ ਹਵਾਈ ਉਡਾਰੀਆਂ ਦੇ ਖਰਚੇ ਆਮ ਵਿਅਕਤੀ ਲਈ ਹੈਰਾਨੀ ਤੇ ਚਿੰਤਾ ਦਾ ਸਬੱਬ ਬਣ ਗਏ ਹਨ। ਪੰਜਾਬ ਦੇ ਡਾਇਰੈਕਟਰ ਸ਼ਹਿਰੀ ਹਵਾਬਾਜ਼ੀ (ਸਿਵਲ ਐਵੀਏਸ਼ਨ) ਤੋਂ ਮਿਲੇ ਅੰਕੜਿਆਂ ਮੁਤਾਬਕ ਪੰਜਾਬ ਸਰਕਾਰ ਦੀਆਂ ਪਿਛਲੇ ਚਾਰ ਵਰ੍ਹਿਆਂ ਦੀਆਂ ਹਵਾਈ ਯਾਤਰਾਵਾਂ ਦਾ ਖਰਚ ਤਕਰੀਬਨ 50 ਕਰੋੜ ਰੁਪਏ ਬਣਦਾ ਹੈ।
ਇਹ ਅੰਕੜੇ ਆਮ ਆਦਮੀ ਪਾਰਟੀ ਪੰਜਾਬ ਦੀ ਬੁੱਧੀਜੀਵੀ ਟੀਮ ਦੇ ਇੰਚਾਰਜ ਦਿਨੇਸ਼ ਚੱਢਾ ਨੇ ਚੰਡੀਗੜ੍ਹ ਦੇ ਮੀਡੀਆ ਨਾਲ ਸਾਂਝੇ ਕੀਤੇ ਹਨ। ਆਰæਟੀæਆਈæ ਤਹਿਤ ਮਿਲੇ ਅੰਕੜਿਆਂ ਮੁਤਾਬਕ ਸਾਲ 2012-13, 2013-14, 2014-15 ਅਤੇ ਫਰਵਰੀ 2016 ਤੱਕ ਚਾਰ ਸਾਲਾਂ ਵਿਚ ਪੰਜਾਬ ਸਰਕਾਰ ਦਾ ਹਵਾਈ ਯਾਤਰਾਵਾਂ ਦਾ ਖਰਚ ਤਕਰੀਬਨ 50 ਕਰੋੜ ਰੁਪਏ ਬਣਦਾ ਹੈ। ਇਸ 50 ਕਰੋੜ ਰੁਪਏ ਖਰਚ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ 38 ਕਰੋੜ ਰੁਪਏ ਵਿਚ ਖਰੀਦੇ ਹੈਲੀਕਾਪਟਰ ਨੂੰ ਚਲਾਉਣ ਲਈ ਤੇਲ ਖਰਚ, ਮੁਰੰਮਤ ਜਾਂ ਹੋਰ ਖਰਚੇ ਵੀ ਹੈਰਾਨ ਕਰ ਦੇਣ ਵਾਲੇ ਹਨ।
ਸਾਲ 2013-14 ਵਿਚ ਇਸ ਹੈਲੀਕਾਪਟਰ ਦੇ ਤੇਲ ਖਰਚ ਅਤੇ ਮੁਰੰਮਤ ਆਦਿ ਉਤੇ ਚਾਰ ਕਰੋੜ 85 ਲੱਖ 88 ਹਜ਼ਾਰ 759 ਰੁਪਏ ਖਰਚ ਕੀਤੇ ਗਏ। ਸਾਲ 2014-15 ਵਿਚ ਇਹ ਖਰਚ ਚਾਰ ਕਰੋੜ 64 ਲੱਖ 78 ਹਜ਼ਾਰ 259 ਰੁਪਏ ਅਤੇ 2015-16 ਵਿਚ ਇਹ ਖਰਚ ਤਿੰਨ ਕਰੋੜ 61 ਲੱਖ 60 ਹਜ਼ਾਰ 676 ਰੁਪਏ ਹਨ। ਇਸ ਤੋਂ ਇਲਾਵਾ ਪ੍ਰਾਈਵੇਟ ਤੌਰ ‘ਤੇ ਲਏ ਗਏ ਹਵਾਈ ਵਾਹਨਾਂ ਦਾ ਖਰਚ ਤਕਰੀਬਨ 37 ਕਰੋੜ ਰੁਪਏ ਬਣਦਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਆਰæਟੀæਆਈæ ਵਿਚ ਕਿਸੇ ਵੀ ਹਵਾਈ ਯਾਤਰਾ ਦਾ ਮਕਸਦ ਨਸ਼ਰ ਨਹੀਂ ਕੀਤਾ ਗਿਆ, ਬਲਕਿ ‘ਪਰਪਜ਼ ਆਫ ਫਲਾਈਟ’ ਵਾਲੇ ਕਾਲਮ ਵਿਚ ‘ਵੀæਆਈæਪੀæ’ ਦਰਜ ਕਰ ਦਿੱਤਾ ਗਿਆ ਹੈ। ਇਹ ਵੀ ਖੁਲਾਸਾ ਹੋਇਆ ਹੈ ਕਿ ਕੇਂਦਰ ਤੋਂ ਪੰਜਾਬ ਆਉਣ ਵਾਲੇ ਮੰਤਰੀ ਵੀ ਪੰਜਾਬ ਸਰਕਾਰ ਦੇ ਹੀ ਖਰਚ ਉਤੇ ਹਵਾਈ ਉਡਾਰੀਆਂ ਲਾਉਂਦੇ ਹਨ, ਜਿਨ੍ਹਾਂ ਵਿਚ ਕੇਂਦਰੀ ਮੰਤਰੀ ਨਿਤਨ ਗਡਕਰੀ, ਕੇਂਦਰੀ ਖੇਡ ਮੰਤਰੀ ਸਰਬਨੰਦਾ ਸੌਨੋਵਾਲ, ਰਾਜਨਾਥ ਸਿੰਘ, ਮੈਡਮ ਸਮ੍ਰਿਤੀ ਇਰਾਨੀ, ਥਾਵਰਚੰਦ ਗਹਿਲੋਤ, ਅਨੰਤ ਕੁਮਾਰ, ਅਰੁਣ ਜੇਤਲੀ, ਜਨਾਬ ਮੁਖ਼ਤਾਰ ਅਬਾਸ ਨਕਵੀ ਦੇ ਪੰਜਾਬ ਦੌਰੇ ਸ਼ਾਮਲ ਹਨ।