ਜੰਗਲਨਾਮਾ:ਬਸਤਰ ਦੇ ਜੰਗਲਾਂ ਵਿਚ

ਪੰਜਾਬੀ ਦੀ ਚਰਚਿਤ ਕਿਤਾਬ ‘ਜੰਗਲਨਾਮਾ’ ਦਾ ਲੇਖਕ ਸਤਨਾਮ (ਅਸਲ ਨਾਂ ਗੁਰਮੀਤ) ਪਿਛਲੇ ਦਿਨੀਂ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਿਆ। ਇਸ ਕਿਤਾਬ ਵਿਚ ਉਨ੍ਹਾਂ ਜੋ ਬਿਰਤਾਂਤ ਸਿਰਜਿਆ ਹੈ, ਉਸ ਦਾ ਲਾਗਾ-ਦੇਗਾ ਸਿਰਫ ਜੰਗਲ ਨਾਲ ਨਹੀਂ, ਸਗੋਂ ਜ਼ਿੰਦਗੀ ਦੇ ਹਰ ਉਸ ਮਰਹੱਲੇ ਨਾਲ ਹੈ ਜਿਸ ਵਿਚ ਜੀਣ ਦੀ ਤਾਂਘ ਉਛਾਲੇ ਮਾਰਦੀ ਹੈ। ਕਿਤਾਬ ਵਿਚ ਚਰਚਾ ਵਿਚ ਆਏ ਇਨ੍ਹਾਂ ਜੰਗਲਾਂ ਦਾ ਬਿਰਤਾਂਤ ਦੱਸਦਾ ਹੈ ਕਿ ਸਤਨਾਮ ਨੇ ਇਸ ਯਾਤਰਾ ਰਾਹੀਂ ਉਨ੍ਹਾਂ ਲੋਕਾਂ, ਉਨ੍ਹਾਂ ਦੇ ਫਿਕਰਾਂ ਅਤੇ ਉਨ੍ਹਾਂ ਦੇ ਜੁਝਾਰੂ ਜੀਵਨ ਬਾਰੇ ਲੰਮੀ ਬਾਤ ਸੁਣਾਈ ਹੈ।

ਇਹ ਬਾਤ ਇਸ ਕਰ ਕੇ ਵਧੇਰੇ ਦਿਲਚਸਪ ਹੋ ਨਿਬੜੀ ਹੈ ਕਿਉਂਕਿ ਪਾਠਕ ਨੂੰ ਇਸ ਵਿਚੋਂ ਵਾਰ-ਵਾਰ ਆਪਣੇ ਹੀ ਜੀਵਨ ਦੇ ਝਲਕਾਰੇ ਦਿਸਦੇ ਹਨ। ਇਹ ਬਾਤ ਸੁਣਾਉਂਦਿਆਂ ਸਤਨਾਮ ਦੀ ਬਿਰਤਾਂਤ-ਜੁਗਤ ਕਮਾਲ ਦੀ ਹੈ। ਇਸ ਬਿਰਤਾਂਤ ਵਿਚੋਂ ਮਾਓਵਾਦੀਆਂ ਦੇ ਘੋਲ ਦੀ ਝਲਕ ਤਾਂ ਮਿਲਦੀ ਹੀ ਹੈ, ਸਾਹਿਤਕ ਪੱਖ ਤੋਂ ਬਹੁਤ ਥਾਂਈਂ ਰੂਸੀ ਕਲਾਸਿਕ ਰਚਨਾਵਾਂ ਦੇ ਝਉਲੇ ਵੀ ਪੈਂਦੇ ਹਨ। ਪੰਜਾਬੀ ਵਿਚ ਅਜਿਹੀ ਅਨੂਠੀ ਰਚਨਾ ਘੱਟ ਹੀ ਨਜ਼ਰੀਂ ਪੈਂਦੀ ਹੈ। ਇਸ ਅੰਕ ਤੋਂ ‘ਜੰਗਲਨਾਮਾ’ ਲੜੀਵਾਰ ਛਾਪਿਆ ਜਾ ਰਿਹਾ ਹੈ। -ਸੰਪਾਦਕ

ਸਤਨਾਮ

ਉਹ ਪਹਿਲਾ ਦਿਨ ਸੀ ਜਦੋਂ ਮੈਂ ਜੰਗਲ ਵਿਚ ਦਾਖ਼ਲ ਹੋਇਆ, ਪਰ ਉਹ ਦਿਨ ਨਹੀਂ, ਰਾਤ ਸੀ। ਦਿਨ ਦੇ ਵਕਤ ਮੈਂ ਕਿਸੇ ਵੀ ਤਰ੍ਹਾਂ ਜੰਗਲ ਦਾ ਰੁਖ਼ ਨਹੀਂ ਸੀ ਕਰ ਸਕਦਾ। ਉਸ ਅੰਦਰ ਜਾਣ ਵਾਸਤੇ ਰਾਤ ਦੇ ਹਨੇਰੇ ਦੀ ਜ਼ਰੂਰਤ ਸੀ। ਜੇ ਮੈਂ ਦਿਨ ਦੇ ਵਕਤ ਬੈਲਾਡਿੱਲਾ ਸ਼ਹਿਰ ਵਿਚ ਪਹੁੰਚ ਗਿਆ ਹੁੰਦਾ ਤਾਂ ਸਮੇਂ ਨੂੰ ਸ਼ਹਿਰ ਦੀਆਂ ਸੜਕਾਂ ਉਪਰ ਘੁੰਮ ਕੇ ਗੁਜ਼ਾਰਦਾ ਜਾਂ ਕੋਈ ਨਿਵੇਕਲੀ ਥਾਂ ਲੱਭ ਕੇ ਸੁਸਤਾ ਲੈਂਦਾ ਅਤੇ ਰਾਤ ਪੈਣ ਦੀ ਉਡੀਕ ਕਰਦਾ। ਫਿਰ ਵੀ ਮੈਂ ਤੈਅ ਸਮੇਂ ਤੋਂ ਕੋਈ ਤਿੰਨ ਘੰਟੇ ਪਹਿਲਾਂ ਪਹੁੰਚ ਗਿਆ ਸਾਂ। ਦੂਰੋਂ ਕਿਤਿਓਂ ਰਾਮਲੀਲ੍ਹਾ ਹੋਣ ਦੀ ਆਵਾਜ਼ ਆ ਰਹੀ ਸੀ। ਮੈਂ ਉਸ ਪਾਸੇ ਵੱਲ ਪੈਦਲ ਰੁਖ਼ ਕੀਤਾ ਕਿਉਂਕਿ ਰਿਕਸ਼ੇ ਨੇ ਮੇਰੇ ਉਤੇ ਵਕਤ ਦਾ ਬੋਝ ਬਣਾਈ ਰੱਖਣਾ ਸੀ ਜਿਸ ਨੂੰ ਮੈਂ ਉਤਾਰਨਾ ਚਾਹੁੰਦਾ ਸਾਂ। ਦੋ ਘੰਟੇ ਦੇ ਖੱਪ-ਖ਼ਾਨੇ ਨੇ ਕੋਈ ਥਕਾਵਟ ਨਹੀਂ ਦਿੱਤੀ, ਸਗੋਂ ਵਕਤ ਦੇ ਗੁਜ਼ਰਨ ਨੇ ਮੈਨੂੰ ਹਲਕਾ ਕਰ ਦਿੱਤਾ ਸੀ। ਮੇਰੇ ਕੋਲ ਇਕ ਘੰਟਾ ਰਹਿ ਗਿਆ ਸੀ ਤੇ ਸ਼ਹਿਰ ਦੀ ਖੱਬੀ ਬਾਹੀ ਦੀ ਬਾਹਰ ਦੀ ਸੜਕ ਉਤੇ ਮੈਂ ਕਿਸੇ ਦਾ ਇੰਤਜ਼ਾਰ ਕਰਨਾ ਸੀ।
ਬਹਰਹਾਲ, ਅੱਧੀ ਰਾਤ ਦਾ ਪਹਿਰ ਸੀ ਜਦੋਂ ਮੇਰੇ ਗਾਈਡ ਨੇ ਮੈਨੂੰ ਕਿਹਾ, “ਵਕਤ ਹੋ ਗਿਐ, ਚੱਲਦੇ ਹਾਂ।”
ਮੈਂ ਆਪਣੀ ਕਿੱਟ ਉਠਾਈ, ਪਰ ਤੁਰਨ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਲਈ ਕਿ ਬੂਟ ਢਿੱਲਾ ਨਾ ਰਹਿ ਗਿਆ ਹੋਵੇ, ਮੈਂ ਬੂਟਾਂ ਦੇ ਤਸਮਿਆਂ ਨੂੰ ਇਕ ਵਾਰ ਫੇਰ ਕੱਸਿਆ।
“ਤਿਆਰ”, ਮੈਂ ਕਿਹਾ ਅਤੇ ਨਾਲ ਹੀ ਸਿਰ ਨਾਲ ‘ਹਾਂ’ ਦਾ ਇਸ਼ਾਰਾ ਕਰ ਦਿੱਤਾ। ਮੇਰਾ ਗਾਈਡ ਮੁਸਕਰਾਇਆ ਤੇ ਉਸ ਨੇ ਵੀ ਉਸੇ ਅੰਦਾਜ਼ ਵਿਚ ਸਿਰ ਹਿਲਾ ਦਿੱਤਾ। ਅਸੀਂ ਇਕ ਵਾਰ ਫਿਰ ਸ਼ਹਿਰ ਦੀ ਉਸ ਬਾਹੀ ਦੇ ਬਾਹਰ ਵਾਲੇ ਹਿੱਸੇ ਵਿਚ ਦਾਖ਼ਲ ਹੋਏ। ਉਚੀਆਂ ਨੀਵੀਆਂ ਗਲੀਆਂ ਵਿਚੋਂ ਚੱਕਰ ਕੱਟਦੇ ਹੋਏ ਅਸੀਂ ਚੌੜੀ ਸੜਕ ਉਤੇ ਪਹੁੰਚੇ ਜਿਹੜੀ ਸ਼ਹਿਰ ਤੋਂ ਬਾਹਰ ਵੱਲ ਨਿਕਲਦੀ ਸੀ। ਅਜੇ ਵੀ ਕੋਈ ਟਾਵਾਂ ਟੱਲਾ ਆਦਮੀ ਰਾਮਲੀਲ੍ਹਾ ਦੇਖ ਕੇ ਮੁੜ ਰਿਹਾ ਸੀ। ਕੋਈ ਪੈਦਲ ਵਿਅਕਤੀ ਸਾਨੂੰ ਪਾਰ ਨਹੀਂ ਸੀ ਕਰ ਸਕਦਾ ਅਤੇ ਅਸੀਂ ਕਿਸੇ ਨੂੰ ਪਾਰ ਕਰਨਾ ਨਹੀਂ ਸੀ। ਦਰਮਿਆਨ ਦੀ ਹਨੇਰੇ ਦੀ ਵਿੱਥ ਸਾਡੇ ਲਈ ਸਭ ਤੋਂ ਚੰਗੀ ਚੀਜ਼ ਸੀ।
ਪੱਕੀ ਸੜਕ ਦੇ ਕਿਨਾਰੇ ਤੋਂ ਹੇਠਾਂ ਅਸੀਂ ਕੱਚੇ ਉਤੇ ਤੁਰ ਪਏ, ਅੱਗੜ ਪਿੱਛੜ। ਹੁਣ ਬੂਟਾਂ ਦਾ ਕੋਈ ਖੜਾਕ ਨਹੀਂ ਸੀ ਰਿਹਾ। ਅਜੇ ਕੁਝ ਦੇਰ ਲਈ ਸਾਨੂੰ ਵੱਡੀ ਸੜਕ ਦੇ ਨਾਲ ਨਾਲ ਹੀ ਚੱਲਣਾ ਪੈਣਾ ਸੀ ਤੇ ਇਹ ਪੰਧ ਸਾਡੇ ਲਈ ਜਿੰਨੀ ਛੇਤੀ ਮੁੱਕ ਜਾਵੇ, ਚੰਗਾ ਹੀ ਹੋਣਾ ਸੀ।
ਅਚਾਨਕ ਦੂਰ ਮੋੜ ਤੋਂ ਮੁੜੀ ਕਾਰ ਨੇ ਸਾਨੂੰ ਚਾਨਣ ਵਿਚ ਨੁਹਾ ਦਿੱਤਾ। ਮੇਰੇ ਗਾਈਡ ਨੇ ਹੱਥ ਦੇ ਇਸ਼ਾਰੇ ਨਾਲ ਮੈਨੂੰ ਐਨ ਆਪਣੇ ਪਿੱਛੇ ਹੋਣ ਦਾ ਸੰਕੇਤ ਦਿੱਤਾ। ਜਦ ਤੱਕ ਮੈਂ ਉਸ ਦੇ ਇਸ ਸੰਕੇਤ ਉਤੇ ਅਮਲ ਕਰਦਾ, ਤਦ ਤਕ ਕਾਰ ਸਾਡੇ ਦੋਵਾਂ ਦੇ ਕੋਲੋਂ ਦੀ ਗੁਜ਼ਰ ਗਈ। ਕਾਰ ਦੇ ਗੁਜ਼ਰ ਜਾਣ ਨੇ ਹਨੇਰੇ ਨੂੰ ਹੋਰ ਵੀ ਗਾੜ੍ਹਾ ਬਣਾ ਦਿੱਤਾ। ਰੋਸ਼ਨੀ ਦੇ ਹੜ੍ਹ ਤੋਂ ਬਾਅਦ ਇੱਕਦਮ ਘੁੱਪ ਹਨੇਰਾ ਪਸਰਨ ਕਾਰਨ ਹੱਥ ਨੂੰ ਹੱਥ ਦਿਖਾਈ ਨਹੀਂ ਸੀ ਦਿੰਦਾ। ਆਪਣੇ ਗਾਈਡ ਦੇ ਆਕਾਰ ਨੂੰ ਮੁੜ ਹਨੇਰੇ ਵਿਚੋਂ ਲੱਭਣ ਲਈ ਮੈਨੂੰ ਕਈ ਪਲਾਂ ਦਾ ਇੰਤਜ਼ਾਰ ਕਰਨਾ ਪਿਆ।
“ਵੈਸੇ ਇਸ ਸੜਕ ਉਤੇ ਟ੍ਰੈਫਿਕ ਬਹੁਤ ਘੱਟ ਹੁੰਦੀ ਹੈ, ਪਰ ਕਈ ਵਾਰ ਪੁਲਿਸ ਦੀ ਗੱਡੀ ਲੰਘਦੀ ਹੈ”, ਉਸ ਨੇ ਬਹੁਤ ਹੀ ਮੱਧਮ ਆਵਾਜ਼ ਵਿਚ ਕਿਹਾ। ਉਸ ਨੇ ਹੈੱਡ ਲਾਈਟਾਂ ਤੋਂ ਪਛਾਣ ਲਿਆ ਸੀ ਕਿ ਉਹ ਚਾਰ ਪਹੀਆਂ ਵਾਲਾ ਵਾਹਨ ਜੀਪ ਨਹੀਂ ਸੀ। ਕੁਝ ਮਿੰਟ ਬਾਅਦ ਉਸ ਨੇ ਫਿਰ ਕਿਹਾ, “ਥੋੜ੍ਹਾ ਹੀ ਰਸਤਾ ਹੈ” ਅਤੇ ਚੁੱਪਚਾਪ ਚੱਲਣ ਲੱਗ ਗਿਆ। ਕੁਝ ਮਿੰਟ ਹੋਰ ਤੇ ਫਿਰ ਅਸੀਂ ਸੜਕ ਕੰਢੇ ਦੇ ਦਰੱਖ਼ਤਾਂ ਦੀਆਂ ਪਾਲਾਂ ਵਿਚ ਬਣੇ ਰਾਹ ਉਤੇ ਤੁਰਨ ਲੱਗੇ। ਥੋੜ੍ਹਾ ਅਗਾਂਹ ਜਾਣ ਤੋਂ ਬਾਅਦ ਉਹ ਰੁਕਿਆ, ਇੱਕ ਪਲ ਵਾਸਤੇ ਪਿੱਛੇ ਵੱਲ ਦੀ ਸੜਕ ਦਾ ਦੂਰ ਤੱਕ ਜਾਇਜ਼ਾ ਲਿਆ ਤੇ ਫਿਰ ਇੱਕ ਪਗਡੰਡੀ ਉਤੇ ਚੜ੍ਹ ਕੇ ਝਾੜੀਆਂ ਦੇ ਇਕ ਝੁੰਡ ਵੱਲ ਹੋ ਲਿਆ। ਝਾੜੀਆਂ ਵਿਚ ਪਹੁੰਚ ਕੇ ਉਸ ਨੂੰ ਮੈਂ ਇਹ ਕਹਿੰਦੇ ਸੁਣਿਆ, “ਮੈਂ।”
ਕੁਝ ਪਲ ਬੀਤੇ ਤੇ ਫਿਰ ਇਕ ਆਕਾਰ ਸਾਡੇ ਵੱਲ ਵਧਿਆ ਜਿਸ ਨੇ ਸਾਡੇ ਨਾਲ ਵਾਰੋ ਵਾਰੀ ਹੱਥ ਮਿਲਾਇਆ। ਫਿਰ ਉਹ ਆਕਾਰ ਝੁਕਿਆ ਤੇ ਆਪਣੀ ਕਿੱਟ ਮੋਢਿਆਂ ਉਤੇ ਪਾ ਕੇ ਸਿੱਧਾ ਹੋ ਗਿਆ। ਚੰਦਰਮਾ ਦੀ ਜਿੰਨੀ ਕੁ ਰੌਸ਼ਨੀ ਸੀ, ਉਸ ਵਿਚ ਮੈਂ ਐਨਾ ਹੀ ਦੇਖ ਸਕਿਆ ਕਿ ਸਾਨੂੰ ਮਿਲਣ ਵਾਲਾ ਵਿਅਕਤੀ ਦਰਮਿਆਨੇ ਕੱਦ ਤੇ ਇਕਹਿਰੇ ਬਦਨ ਦਾ ਸੀ ਅਤੇ ਮੇਰੇ ਗਾਈਡ ਵਾਂਗ ਹੀ ਫੁਰਤੀਲਾ ਜਾਪ ਰਿਹਾ ਸੀ।
ਅਸੀਂ ਪਾਲ ਬਣਾ ਲਈ। ਸਭ ਤੋਂ ਅੱਗੇ “ਸਾਡਾ” ਗਾਈਡ (ਹੁਣ ਉਹ ਸਾਡਾ ਹੋ ਗਿਆ ਸੀ ਕਿਉਂਕਿ ਉਹ ਦੋਵਾਂ ਦੇ ਅੱਗੇ ਸੀ), ਦਰਮਿਆਨ ‘ਚ ਮੈਂ ਅਤੇ ਤੀਸਰੇ ਸਥਾਨ ਉਤੇ ਨਵਾਂ ਸਾਥੀ।
ਇਕ ਹੋਰ ਪਗਡੰਡੀ ਉਤੇ ਮੁੜਨ ਤੋਂ ਪਹਿਲਾਂ ਸਾਡੇ ਗਾਈਡ ਨੇ ਕਿਹਾ ਕਿ ਅਸੀਂ ਟਾਰਚ ਨਹੀਂ ਜਲਾਵਾਂਗੇ। ਅਸੀਂ ਭਾਵੇਂ ਸ਼ਹਿਰ ਦੀ ਆਬਾਦੀ ਤੋਂ ਚਿਰੋਕਣੇ ਦੂਰ ਨਿਕਲ ਆਏ ਸਾਂ, ਪਰ ਹੁਣ ਅਸੀਂ ਅੱਠ ਦਸ ਘਰਾਂ ਦੇ ਇਕ ਝੁੰਡ ਕੋਲੋਂ ਗੁਜ਼ਰਨਾ ਸੀ ਜੋ ਪੰਜਾਹ ਤੋਂ ਕੁਝ ਜ਼ਿਆਦਾ ਕਰਮਾਂ ਦੀ ਦੂਰੀ ਉਪਰ ਸੀ। ਸਾਡੇ ਤਿੰਨਾਂ ਕੋਲ ਇਕ ਇਕ ਟਾਰਚ ਸੀ ਜਿਸ ਨੂੰ ਹਰ ਜਣਾ ਉਦੋਂ ਜਲਾਉਂਦਾ ਜਦੋਂ ਉਸ ਨੇ ਦੇਖਣਾ ਹੁੰਦਾ ਕਿ ਉਸ ਦਾ ਪੈਰ ਪਗਡੰਡੀ ਉਤੇ ਰੱਖਿਆ ਜਾ ਰਿਹਾ ਹੈ ਕਿ ਨਹੀਂ। ਇਹ ਜਲਾਉਣਾ ਅੱਖ ਦੇ ਝਮਕਣ ਵਾਂਗ ਹੁੰਦਾ, ਪਲ ਤੋਂ ਕਿਤੇ ਘਟ ਸਮੇਂ ਦਾ; ਜਾਂ ਫਿਰ ਅਸੀਂ ਇਸ ਦਾ ਬਟਨ ਉਦੋਂ ਨੱਪਦੇ ਸਾਂ ਜਦ ਗਾਈਡ ਪੈਰ ਦੀ ਠੋਕਰ ਮਾਰ ਕੇ ਸੰਕੇਤ ਦੇ ਦਿੰਦਾ ਕਿ ਰਸਤੇ ਵਿਚ ਪੱਥਰ ਜਾਂ ਕੋਈ ਹੋਰ ਰੁਕਾਵਟ ਹੈ। ਹੁਣ ਸਾਡੇ ਵਾਸਤੇ ਇਹ ਜ਼ਰੂਰੀ ਹੋ ਗਿਆ ਕਿ ਮੈਂ ਗਾਈਡ ਦੇ ਪੈਰਾਂ ਉਤੇ ਨੀਝ ਲਾ ਕੇ ਦੇਖਾਂ ਅਤੇ ਪਿਛਲਾ ਜਣਾ ਮੇਰੇ ਪੈਰਾਂ ਦਾ ਧਿਆਨ ਕਰੇ ਕਿ ਇਹ ਕਿੱਥੇ ਰੱਖੇ ਜਾਂਦੇ ਹਨ।
ਪਗਡੰਡੀ ਇਕਦਮ ਨਿਵਾਣ ਵਿਚ ਉਤਰਦੀ ਸੀ। ਹਨੇਰੇ ਵਿਚ ਇੰਜ ਲਗਦਾ ਸੀ ਜਿਵੇਂ ਕਿਸੇ ਡੂੰਘੀ ਖੱਡ ਵਿਚ ਉਤਰ ਰਹੀ ਹੋਵੇ। ਪੈਰ ਟਿਕਾਉਣ ਲਈ ਟੇਕ ਵੀ ਮੁਸ਼ਕਲ ਨਾਲ ਹੀ ਮਿਲ ਰਹੀ ਸੀ। ਗਾਈਡ ਇਕ ਇਕ ਕਰ ਕੇ ਕਦਮ ਪੂਰੀ ਇਹਤਿਆਤ ਨਾਲ ਟਿਕਾਉਂਦਾ ਤੇ ਫਿਰ ਮੇਰੇ ਕਦਮ ਦੀ ਉਡੀਕ ਕਰਦਾ। ਇਸੇ ਤਰ੍ਹਾਂ ਮੈਂ ਆਪਣੇ ਤੋਂ ਪਿਛਲੇ ਦੇ ਸਬੰਧ ਵਿਚ ਕਰਦਾ। ਇਸ ਤਰ੍ਹਾਂ ਅਸੀਂ ਹੇਠਾਂ ਉਤਰਦੇ ਗਏ। ਇਕ ਕਦਮ ਉਤੇ ਇਕ ਪੱਥਰ ਤੋਂ ਅਚਾਨਕ ਮੇਰਾ ਪੈਰ ਤਿਲਕਿਆ। ਇਸ ਤੋਂ ਪਹਿਲਾਂ ਕਿ ਮੈਂ ਹੇਠਾਂ ਵੱਲ ਲੁੜਕ ਜਾਂਦਾ, ਗਾਈਡ ਨੇ ਮੈਨੂੰ ਠੱਲ੍ਹ ਲਿਆ, ਪਰ ਰੋਕੇ ਜਾਣ ਤੋਂ ਪਹਿਲਾਂ ਮੈਂ ਦੂਹਰਾ ਹੋ ਗਿਆ ਸਾਂ ਤੇ ਮੇਰਾ ਸਾਰਾ ਭਾਰ ਟੇਢੇ ਹੋਏ ਪੈਰ ਉਤੇ ਆ ਗਿਆ ਸੀ। ਖ਼ੈਰ, ਮੈਂ ਸਿੱਧਾ ਹੋਇਆ ਤੇ ਫਿਰ ਅਸੀਂ ਅਗਾਂਹ ਵਧਣ ਲੱਗੇ ਤੇ ਆਖ਼ਰ ਪੱਧਰ ਜ਼ਮੀਨ ਉਤੇ ਆ ਗਏ।
ਜਲਦੀ ਹੀ ਅਸੀਂ ਉਨ੍ਹਾਂ ਘਰਾਂ ਦੀ ਜੂਹ ਤੋਂ ਪਾਰ ਹੋ ਗਏ। ਹੁਣ ਅਸੀਂ ਲੋੜ ਮੁਤਾਬਕ ਟਾਰਚ ਜਲਾ ਸਕਦੇ ਸਾਂ। ਪਗਡੰਡੀਆਂ ਉਤੋਂ ਦੀ ਅਸੀਂ ਕੋਈ ਦੋ ਘੰਟੇ ਖ਼ਾਮੋਸ਼ ਤੁਰਦੇ ਗਏ। ਚਾਰੇ ਪਾਸੇ ਹਨੇਰਾ ਤੇ ਚੁੱਪ ਪਸਰੇ ਹੋਏ ਸਨ। ਪੱਥਰਾਂ ਦੇ ਵਿਚ ਬਣੀਆਂ ਵਿੰਗੀਆਂ ਟੇਢੀਆਂ ਪਗਡੰਡੀਆਂ ਨੇ ਸਾਨੂੰ ਇਹ ਇਜਾਜ਼ਤ ਨਾ ਦਿੱਤੀ ਕਿ ਅਸੀਂ ਆਲੇ ਦੁਆਲੇ ਨੂੰ ਨਜ਼ਰ ਭਰ ਕੇ ਦੇਖ ਸਕੀਏ। ਸਾਨੂੰ ਇਹ ਪਤਾ ਸੀ ਕਿ ਅਸੀਂ ਪੱਥਰਾਂ ਅਤੇ ਦਰੱਖ਼ਤਾਂ ਦੇ ਜੰਗਲ ਵਿਚੋਂ ਗੁਜ਼ਰ ਰਹੇ ਹਾਂ ਅਤੇ ਹਨੇਰਾ ਸਾਨੂੰ ਦੂਰ ਤਕ ਦੇਖਣ ਨਹੀਂ ਦੇਵੇਗਾ।

ਦੋ ਘੰਟਿਆਂ ਤੋਂ ਸਾਡੇ ਵਿਚੋਂ ਕੋਈ ਨਹੀਂ ਸੀ ਬੋਲਿਆ। ਇਸ ਸ਼ਾਂਤ ਮਾਹੌਲ ਨੂੰ ਸਿਰਫ਼ ਸਾਡੇ ਕਦਮਾਂ ਦੀ ਹੌਲੀ ਹੌਲੀ ਹੁੰਦੀ ਆਵਾਜ਼ ਹੀ ਤੋੜਦੀ ਜਾਂ ਫਿਰ ਸਾਡੀਆਂ ਕਿੱਟਾਂ ਵਿਚ ਰੱਖੀਆਂ ਬੋਤਲਾਂ ਵਿਚਲੇ ਪਾਣੀ ਦੇ ਉਛਲਣ ਦੀ ਆਵਾਜ਼ ਕੁਝ ਸ਼ੋਰ ਪੈਦਾ ਕਰਦੀ। ਬੇਸ਼ੱਕ, ਪਾਣੀ ਦਾ ਸ਼ੋਰ ਸਾਡੇ ਕਦਮਾਂ ਦੀ ਆਵਾਜ਼ ਤੋਂ ਜ਼ਿਆਦਾ ਸੁਣਾਈ ਦਿੰਦਾ ਸੀ। ਚੱਲਦਿਆਂ ਅਸੀਂ ਇਹੋ ਹੀ ਮਹਿਸੂਸ ਕਰ ਰਹੇ ਸਾਂ। ਵੈਸੇ ਵੀ ਪੈਰ ਤਾਂ ਕਈ ਫੁੱਟ ਹੇਠਾਂ ਸਨ ਜਦ ਕਿ ਪਾਣੀ ਦੀ ਬੋਤਲ ਐਨ ਮੋਢੇ ਦੇ ਕੋਲੋਂ ਕੰਨਾਂ ਤੱਕ ਮਾਰ ਕਰਦੀ ਸੀ। ਬਾਅਦ ‘ਚ ਸਾਨੂੰ ਪਤਾ ਲੱਗਿਆ ਕਿ ਹਰ ਕੋਈ ਪਾਣੀ ਦੀ ਆਵਾਜ਼ ਜ਼ਿਆਦਾ ਮਹਿਸੂਸ ਕਰ ਰਿਹਾ ਸੀ, ਪਰ ਇਹ ਆਵਾਜ਼ ਉਸ ਦੇ ਆਪਣੇ ਹੀ ਮੋਢਿਆਂ ਤੋਂ ਆਉਂਦੀ ਸੀ ਅਤੇ ਦੂਸਰੇ ਦਿਆਂ ਤੋਂ ਨਹੀਂ। ਦੂਸਰੇ ਦੀ ਸਿਰਫ਼ ਕਦਮ-ਚਾਪ ਹੀ ਸੁਣਾਈ ਦਿੰਦੀ।
ਜਦ ਤੁਰਦਿਆਂ ਤੁਰਦਿਆਂ ਢਾਈ ਘੰਟੇ ਹੋ ਗਏ ਤਾਂ ਗਾਈਡ ਨੇ ਕਦਮ ਰੋਕ ਲਏ। ਉਸ ਨੇ ਕਿਹਾ ਕਿ ਅਸੀਂ ਦਸ ਮਿੰਟ ਦਾ ਆਰਾਮ ਕਰਾਂਗੇ ਅਤੇ ਫਿਰ ਚੱਲ ਪਵਾਂਗੇ। ਕਿੱਟਾਂ ਉਤਾਰੀਆਂ, ਪਾਣੀ ਦੇ ਦੋ ਦੋ ਘੁੱਟ ਪੀ ਕੇ ਅਸੀਂ ਆਰਾਮ ਕਰਨ ਲੱਗੇ। ਹੁਣ ਅਸੀਂ ਕਿਸੇ ਵੀ ਆਬਾਦੀ ਤੋਂ ਬਹੁਤ ਦੂਰ ਸਾਂ ਅਤੇ ਥੋੜ੍ਹਾ ਖੁੱਲ੍ਹੀ ਆਵਾਜ਼ ਵਿਚ ਬੋਲ ਸਕਦੇ ਸਾਂ। ਉਚੀ ਹੋਣ ਉਤੇ ਵੀ ਸਾਡੀ ਆਵਾਜ਼ ਐਨੀ ਕੁ ਹੀ ਸੀ ਕਿ ਪੰਜ-ਛੇ ਫੁੱਟ ਤੋਂ ਪਾਰ ਇਸ ਨੂੰ ਕੋਈ ਨਹੀਂ ਸੀ ਸੁਣ ਸਕਦਾ। ਜੰਗਲ ਵਿਚ ਭਾਵੇਂ ਸਾਡੀ ਆਵਾਜ਼ ਨੂੰ ਖ਼ਾਮੋਸ਼ੀ ਤੋਂ ਬਿਨਾਂ ਸੁਣਨ ਵਾਲਾ ਕੋਈ ਨਹੀਂ ਸੀ, ਪਰ ਇਹ ਅਸੂਲ ਸੀ ਅਤੇ ਹਰ ਕਿਸੇ ਨੇ ਇਸ ਦੀ ਪਾਲਣਾ ਕਰਨੀ ਸੀ। ਰਾਤ ਨੂੰ ਜੰਗਲ ਸ਼ਾਇਦ ਇਸੇ ਲਈ ਖ਼ਾਮੋਸ਼ ਹੁੰਦਾ ਹੈ ਕਿ ਜਾਨਵਰ ਤੇ ਪੰਛੀ ਆਰਾਮ ਕਰ ਲੈਣ। ਅਸੀਂ ਉਨ੍ਹਾਂ ਦੇ ਆਰਾਮ ਵਿਚ ਵਿਘਨ ਨਹੀਂ ਸੀ ਪਾ ਸਕਦੇ।
ਅਸੀਂ ਕੋਈ ਜ਼ਿਆਦਾ ਗੱਲਾਂ ਨਹੀਂ ਕੀਤੀਆਂ। ਬਹੁਤਾ ਕਰ ਕੇ ਚੁੱਪ ਹੀ ਰਹੇ। ਦਸ ਮਿੰਟ ਹੋਏ ਤਾਂ ਪਾਣੀ ਦੇ ਦੋ ਦੋ ਘੁੱਟ ਹੋਰ ਭਰ ਕੇ ਅਸੀਂ ਕਿੱਟਾਂ ਮੋਢਿਆਂ ਉਤੇ ਲੱਦੀਆਂ ਅਤੇ ਅਗਾਂਹ ਵੱਲ ਚਾਲੇ ਪਾ ਦਿੱਤੇ।
ਸਾਡੀ ਪਗਡੰਡੀ ਕਦੇ ਜੰਗਲ ਵਿਚ ਹੁੰਦੀ, ਕਦੇ ਕਿਸੇ ਖੇਤ ਵਿਚ ਅਤੇ ਕਦੇ ਕਿਸੇ ਝਾੜ ਝਖਾੜ ਵਿਚ। ਪੱਥਰਾਂ ਦਾ ਸਾਥ ਤਿੰਨਾਂ ਹੀ ਤਰ੍ਹਾਂ ਦੀਆਂ ਥਾਂਵਾਂ ਵਿਚ ਸਾਂਝਾ ਸੀ। ਹਨੇਰੇ ਵਿਚ ਕਈ ਵਾਰ ਪੈਰ ਕਿਸੇ ਰੁੱਖ ਦੇ ਮੁੱਢ ਨਾਲ ਟਕਰਾਅ ਜਾਂਦੇ, ਕਦੇ ਕਿਸੇ ਪੱਥਰ ਨਾਲ ਅਤੇ ਕਦੇ ਉਂਜ ਹੀ ਰਸਤੇ ਤੋਂ ਪਾਸੇ ਹੋ ਜਾਂਦੇ। ਇਕ ਨੂੰ ਆਈ ਕਿਸੇ ਰੁਕਾਵਟ ਕਾਰਨ ਅਸੀਂ ਤਿੰਨੇ ਰੁਕ ਜਾਂਦੇ ਤੇ ਫਿਰ ਇਕੱਠੇ ਅਗਾਂਹ ਵਧਦੇ। ਠੋਕਰ ਖਾਣ ਵਾਲਾ ਹੱਥ ਦੇ ਸੰਕੇਤ ਨਾਲ ਹੀ ਅਗਾਂਹ ਨੂੰ ਤੁਰਨ ਲਈ ਕਹਿ ਦਿੰਦਾ ਤੇ ਚੱਲਣਾ ਜਾਰੀ ਰਹਿੰਦਾ। ਇਹ ਸਾਰਾ ਕੁਝ ਚੁੱਪ ਚਾਪ ਹੁੰਦਾ ਤੇ ਕੋਈ ਵੀ ਕੁਝ ਨਾ ਬੋਲਦਾ।
ਕੋਈ ਇਕ ਘੰਟੇ ਦੇ ਹੋਰ ਸਫ਼ਰ ਤੋਂ ਬਾਅਦ ਸਾਡੇ ‘ਚੋਂ ਅਚਾਨਕ ਇਕ ਨੇ ਕਿਹਾ “ਗੱਡੀ” ਅਤੇ ਅਸੀਂ ਤਿੰਨੋਂ ਅੱਖ ਦੇ ਪਲਕਾਰੇ ਵਿਚ ਉਛਲ ਕੇ ਝਾੜੀਆਂ ਵਿਚ ਹੋ ਗਏ ਤੇ ਲੇਟ ਗਏ। ਇਕ ਮੋਟਰ ਸਾਈਕਲ ਦੀ ਰੌਸ਼ਨੀ ਸਾਡੇ ਸਿਰਾਂ ਤੋਂ ਦੀ ਗੁਜ਼ਰੀ ਅਤੇ ਕੁਝ ਦੇਰ ਵਿਚ ਫਟ ਫਟ ਦੀ ਆਵਾਜ਼ ਮੱਧਮ ਹੋ ਕੇ ਦੂਰ ਕਿਤੇ ਗੁੰਮ ਹੋ ਗਈ। ਮੈਂ ਹੈਰਾਨ ਸਾਂ ਕਿ ਪੱਥਰਾਂ ਦੁਆਲੇ ਵਲ ਖਾਂਦੀਆਂ ਇਨ੍ਹਾਂ ਲੀਹਾਂ ਵਿਚ ਮੋਟਰ ਸਾਈਕਲ ਕਿਵੇਂ ਚੱਲ ਸਕਦਾ ਹੈ। ਗਾਈਡ ਨੇ ਦੱਸਿਆ ਕਿ ਅਸੀਂ ਛੋਟੀ ਨਹਿਰ ਤੋਂ ਹਟਵੇਂ ਰਸਤੇ ਉਤੇ ਚੱਲ ਰਹੇ ਹਾਂ। ਅਸੀਂ ਇਕ ਪੁਲ ਨੂੰ ਪਿੱਛੇ ਛੱਡ ਆਏ ਸਾਂ ਅਤੇ ਮੋਟਰ ਸਾਈਕਲ ਉਸੇ ਤੋਂ ਹੀ ਗੁਜ਼ਰਿਆ ਸੀ। ਜਿਸ ਰਸਤੇ ‘ਤੇ ਅਸੀਂ ਚੱਲ ਰਹੇ ਸਾਂ, ਮੋਟਰ ਸਾਈਕਲ ਦਾ ਰਸਤਾ ਉਸ ਨੂੰ ਕੱਟਦਾ ਸੀ, ਪਰ ਹਨੇਰੇ ਵਿਚ ਇਹ ਅੰਦਾਜ਼ਾ ਨਹੀਂ ਸੀ ਲੱਗ ਸਕਿਆ ਕਿ ਅਸੀਂ ਕਿਸੇ ਅਜਿਹੇ ਰਾਹ ਉਤੋਂ ਦੀ ਗੁਜ਼ਰੇ ਹਾਂ। ਗਾਈਡ ਮੁਤਾਬਕ ਪੁਲ ਉਤੋਂ ਚਾਰ ਪਹੀਆਂ ਵਾਲੀ ਗੱਡੀ ਗੁਜ਼ਰ ਹੀ ਨਹੀਂ ਸੀ ਸਕਦੀ, ਸੋ ਗੱਡੀ ਦਾ ਡਰ ਨਿਰਮੂਲ ਸੀ। ਮੋਟਰ ਸਾਈਕਲ ਦਾ ਗੁਜ਼ਰਨਾ ਵੀ ਕਦੇ ਕਦਾਈਂ ਵਾਪਰ ਸਕਣ ਵਾਲਾ ਮੌਕਾ ਹੀ ਸੀ। ਫਿਰ ਵੀ ਅਸੀਂ ਕੁਝ ਦੇਰ ਹੋਰ ਅੱਧ ਲੇਟੇ ਉਡੀਕ ਕਰਦੇ ਰਹੇ ਕਿ ਕੋਈ ਦੁਪਹੀਆ ਵਾਹਨ ਹੋਰ ਵੀ ਨਾ ਹੋਵੇ। ਸਵੇਰ ਦੇ ਤਿੰਨ ਚਾਰ ਵਜੇ ਦੇ ਦਰਮਿਆਨ ਦਾ ਸਮਾਂ ਸੀ ਅਤੇ ਇਸ ਵਕਤ ਸ਼ਹਿਰ ਵੱਲੋਂ ਕਿਸੇ ਮੋਟਰ ਸਾਈਕਲ ਦਾ ਪਹੁੰਚਣਾ ਸ਼ੰਕਾ ਉਪਜਾਉਂਦਾ ਸੀ। ਗਾਈਡ ਚੌਕਸ ਹੋ ਗਿਆ ਤੇ ਉਸ ਨੇ ਦੂਰ ਤੱਕ ਦੀ ਆਵਾਜ਼ ਸੁਣਨ ਲਈ ਕੰਨ ਖੜ੍ਹੇ ਕਰ ਲਏ। ਜਲਦੀ ਹੀ ਉਸ ਨੂੰ ਯਕੀਨ ਹੋ ਗਿਆ ਕਿ ਖ਼ਤਰੇ ਵਾਲੀ ਗੱਲ ਕੋਈ ਨਹੀਂ।
ਸਾਰੇ ਰਸਤੇ ਨੂੰ ਖ਼ਾਮੋਸ਼ੀ ਨਾਲ ਤੈਅ ਕਰਨ ਦਾ ਰਾਜ਼ ਮੈਨੂੰ ਹੁਣ ਸਮਝ ਪਿਆ। ਜੰਗਲ ਤੇ ਝਾੜ ਝਖਾੜ ਵਿਚ ਕਿਸੇ ਵੀ ਗੱਡੀ ਦੀ ਰੌਸ਼ਨੀ ਤਾਂ ਇਨ੍ਹਾਂ ਰੁਕਾਵਟਾਂ ਕਾਰਨ ਥੋੜ੍ਹੇ ਫ਼ਾਸਲੇ ਉਤੇ ਹੀ ਰੁਕ ਜਾਂਦੀ ਹੈ, ਪਰ ਉਸ ਦੇ ਚੱਲਣ ਦੀ ਗੂੰਜ ਦੁਰ ਤੱਕ ਸੁਣਾਈ ਦਿੰਦੀ ਹੈ। ਫਿਰ ਵੀ ਗਾਈਡ ਨੂੰ ਗਿਲਾਨੀ ਹੋਈ ਕਿ ਉਹ ਮੋਟਰ ਸਾਈਕਲ ਦੀ ਆਵਾਜ਼ ਨੂੰ ਪਹਿਲਾਂ ਕਿਉਂ ਨਾ ਸੁਣ ਸਕਿਆ। ਸ਼ਾਇਦ ਉਹ ਸੋਚਾਂ ਵਿਚ ਗਲਤਾਨ ਹੋਵੇਗਾ ਕਿ ਉਸ ਨੇ ਕੋਈ ਵਿਸ਼ੇਸ਼ ਜ਼ਿੰਮੇਦਾਰੀ ਨਿਭਾਉਣੀ ਹੈ ਅਤੇ ਇਸ ਕਾਰਨ ਉਸ ਦੇ ਕੰਨ ਪਹਿਲਾਂ ਹੀ ਬਿੜਕ ਨਹੀਂ ਸਨ ਲੈ ਸਕੇ। ਤੀਸਰੇ ਸਥਾਨ ਉਤੇ ਆ ਰਹੇ ਸਾਥੀ ਨੇ ਪਲਕ ਝਪਕਣ ਦੇ ਸਮੇਂ ਜਿੰਨਾ ਰੌਸ਼ਨੀ ਨੂੰ ਪਾਸੇ ਤੋਂ ਆਉਂਦੇ ਦੇਖ ਲਿਆ ਸੀ ਤੇ ਉਹ ‘ਗੱਡੀ’ ਬੋਲ ਉਠਿਆ ਸੀ।
ਸਵੇਰ ਹੋਣ ਤੋਂ ਪਹਿਲਾਂ ਗਾਈਡ ਸਾਨੂੰ ਪਗਡੰਡੀ ਤੋਂ ਉਤਾਰ ਕੇ ਡੂੰਘਾ ਝਾੜੀਆਂ ਵਿਚ ਲੈ ਗਿਆ ਅਤੇ ਵਿਸ਼ਾਲ ਦਰੱਖ਼ਤ ਹੇਠਾਂ ਕਿੱਟ ਉਤਾਰਦਿਆਂ ਕਿਹਾ, “ਇਕ ਘੰਟਾ ਸੌਵਾਂਗੇ ਤੇ ਸੂਰਜ ਉਗਣ ਤੋਂ ਪਹਿਲਾਂ ਹੀ ਤੁਰ ਪਵਾਂਗੇ।”
ਹਰ ਕਿਸੇ ਨੇ ਕਿੱਟ ਉਤਾਰ ਦਿੱਤੀ। ਉਸ ਨੇ ਆਪਣੀ ਕਿੱਟ ਵਿਚੋਂ 4 ਜਰਬ 6 ਦੀ ਇਕ ਪਲਾਸਟਿਕ ਸ਼ੀਟ ਕੱਢੀ ਅਤੇ ਜ਼ਮੀਨ ਸਾਫ਼ ਕਰ ਕੇ ਉਸ ਉਤੇ ਵਿਛਾ ਦਿੱਤੀ। ਫਿਰ ਉਸ ਨੇ ਸਾਨੂੰ ਦੋਵਾਂ ਨੂੰ ਕਿਹਾ ਕਿ ਅਸੀਂ ਸੌਂ ਜਾਈਏ ਜਦਕਿ ਉਹ ਪਹਿਰਾ ਦੇਵੇਗਾ। ਆਰਾਮ ਦੀ ਜ਼ਰੂਰਤ ਉਸ ਨੂੰ ਵੀ ਸੀ ਅਤੇ ਸਾਡੇ ਤੋਂ ਵੱਧ ਸੀ, ਕਿਉਂਕਿ ਉਸ ਨੇ ਰਸਤਾ ਤਲਾਸ਼ਣਾ ਸੀ ਤੇ ਚੌਕਸੀ ਦਾ ਭਾਰ ਵੀ ਉਠਾਉਣਾ ਸੀ ਜਿਸ ਨਾਲ ਯਕੀਨਨ ਜ਼ਿਆਦਾ ਤਾਕਤ ਖ਼ਰਚ ਹੁੰਦੀ ਹੈ ਜਦ ਕਿ ਉਸ ਦੇ ਪਿਛੇ ਪਿਛੇ ਚੱਲਣ ਵਾਲੇ ਅਸੀਂ ਇਸ ਭਾਰ ਤੋਂ ਤਕਰੀਬਨ ਮੁਕਤ ਸਾਂ। ਸੋ ਉਸ ਦੀ ਜ਼ਿੰਮੇਦਾਰੀ ਵੰਡਾਉਣਾ ਜ਼ਰੂਰੀ ਸੀ। ਵੀਹ ਵੀਹ ਮਿੰਟ ਦੀ ਵਾਰੀ ਲੈਣ ਦੀ ਥਾਂ ਉਨ੍ਹਾਂ ਨੇ ਤੀਹ ਤੀਹ ਮਿੰਟ ਆਪਸ ਵਿਚ ਵੰਡ ਲਏ ਤੇ ਮੈਨੂੰ ਛੋਟ ਦੇ ਦਿੱਤੀ।
ਜੰਗਲ ਵਿਚ ਪਹਿਲੀ ਰਾਤ। ਹੇਠੋਂ ਜ਼ਮੀਨ ਠੰਢੀ, ਉਪਰੋਂ ਤਰੇਲ ਦਾ ਮੀਂਹ, ਚਾਰ ਫੁੱਟ ਚੌੜੇ ਉਚੇ ਨੀਵੇਂ ‘ਪਲੰਘ’ ਉਤੇ ਨੀਂਦ ਕਿਸ ਨੂੰ ਆਉਂਦੀ? ਮੈਨੂੰ ਨਹੀਂ ਪਤਾ ਕਿ ਉਨ੍ਹਾਂ ਕਦ ਆਪਣੀ ਵਾਰੀ ਬਦਲੀ, ਪਰ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਗਾਈਡ ਪਹਿਲਾਂ ਹੀ ਉਠ ਕੇ ਬੈਠ ਚੁੱਕਾ ਸੀ ਜਦ ਕਿ ਦੂਸਰਾ ਜਣਾ ਨਜ਼ਰਾਂ ਤੋਂ ਉਹਲੇ ਕਿਤੇ ਸੰਤਰੀ ਦੀ ਜ਼ਿੰਮੇਵਾਰੀ ਨਿਭਾਅ ਰਿਹਾ ਸੀ। ਸੁਬਹ ਦੀ ਹਲਕੀ ਹਲਕੀ ਰੌਸ਼ਨੀ ਸ਼ੁਰੂ ਹੋ ਰਹੀ ਸੀ। ਪੰਛੀ ਇਕ ਦੂਸਰੇ ਨੂੰ ਸੰਗੀਤ ਸੁਣਾ ਕੇ ਜਗਾਉਣ ਦਾ ਆਹਰ ਸ਼ੁਰੂ ਕਰ ਚੁੱਕੇ ਸਨ। ਹੌਲੀ ਹੌਲੀ ਫੁੱਟ ਰਹੀ ਰੌਸ਼ਨੀ ਵਿਚ ਮੈਂ ਉਸ ਵੱਲ ਪਹਿਲੀ ਵਾਰ ਗ਼ੌਰ ਨਾਲ ਵੇਖਿਆ। 22-23 ਸਾਲ ਦਾ ਹਲਕੇ ਭੂਰੇ ਰੰਗ ਦਾ ਜਵਾਨ। ਮੱਥਾ ਚੌੜਾ, ਬੁੱਲ੍ਹਾਂ ‘ਤੇ ਸੁਬਹ ਵਰਗੀ ਠੰਢੀ ਮਿੱਠੀ ਮੁਸਕਰਾਹਟ, ਗੱਲ੍ਹਾਂ ਉਤੇ ਮੱਧਮ ਜਿਹੀ ਲਾਲੀ, ਅੱਖਾਂ ਵਿਚ ਦੋਸਤਾਨਾ ਤੱਕਣੀ ਅਤੇ ਸੰਜੀਦਗੀ ਦਾ ਸੁਮੇਲ। ਇਹ ਉਹ ਨੌਜਵਾਨ ਸੀ ਜਿਹੜਾ ਮੈਨੂੰ ਰਾਤ ਦੇ ਹਨੇਰੇ ਵਿਚ ਸ਼ਹਿਰ ਦੀ ਖੱਬੀ ਬਾਹੀ ਵੱਲ ਸੜਕ ਤੋਂ ਵੀਹ ਕਦਮ ਦੇ ਫ਼ਾਸਲੇ ਉਤੇ ਮਿਲਿਆ ਸੀ। ਜੇ ਅਸੀਂ ਹਨੇਰੇ ਵਿਚ ਇਕ ਦੂਸਰੇ ਨੂੰ ਨਾ ਮਿਲ ਕੇ ਕਿਸੇ ਤੀਜੇ ਤੇ ਚੌਥੇ ਨੂੰ ਟੱਕਰ ਪਏ ਹੁੰਦੇ ਤਾਂ? ਪਰ ਇਸ ਦੀ ਗੁੰਜਾਇਸ਼ ਨਹੀਂ ਸੀ। ਬੱਸ, ਨਹੀਂ ਸੀ।
“ਤੇਰਾ ਨਾਂ?”
“ਬਾਸੂ।”
“ਬੰਗਾਲੀ ਤਾਂ ਲਗਦਾ ਨਹੀਂ!”
“ਨਹੀਂ ਹਾਂ, ਪਰ ਬੋਲ ਸਕਦਾ ਹਾਂ।” ਫਿਰ ਉਸ ਨੇ ਆਪਣੀ ਗਾਈਡ ਵਾਲੀ ਜ਼ਿੰਮੇਦਾਰੀ ਵੱਲ ਮੁੜਦਿਆਂ ਕਿਹਾ, “ਤਿਆਰੀ ਕਰੋ! ਪੰਜ ਮਿੰਟ ਵਿਚ ਤੁਰ ਪਵਾਂਗੇ।”
ਉਹ ਤੀਸਰੇ ਸਾਥੀ ਵੱਲ ਗਿਆ ਤੇ ਉਸ ਨੂੰ ਬੁਲਾ ਲਿਆਇਆ। ਸਾਡੀਆਂ ਅੱਖਾਂ ਮਿਲੀਆਂ, ਮੁਸਕਰਾ ਕੇ ਇਕ ਦੂਜੇ ਨੂੰ ਪਹਿਲੀ ਕੁਦਰਤੀ ਸਲਾਮ ਕੀਤੀ ਤੇ ਫਿਰ ਉਸ ਨਾਲ ਹੱਥ ਮਿਲਾਉਣ ਲਈ ਮੈਂ ਉਠਣ ਲੱਗਾ।
ਮੇਰੇ ਪੈਰ ਨੇ ਮੇਰਾ ਸਾਥ ਨਹੀਂ ਦਿੱਤਾ ਅਤੇ ਇਕ ਚੀਸ ਨੇ ਮੈਨੂੰ ਉਥੇ ਹੀ ਦੱਬ ਲਿਆ।
“ਕੀ ਹੋਇਆ?”
“ਪੈਰ ਮੋਚ ਖਾ ਗਿਆ। ਪੈ ਗਈ ਮੁਸੀਬਤ!” ਮੇਰੇ ਮੂੰਹੋਂ ਨਿਕਲਿਆ।
“ਰਾਤ ਦੀ ਠੰਢ ਨੇ ਸੱਟ ਦੀ ਪੀੜ ਨੂੰ ਬਾਹਰ ਕੱਢ ਲਿਆਂਦਾ ਹੈ।” ਬਾਸੁ ਨੇ ਕਿਹਾ।
ਬਾਸੂ ਨੇ ਕਿੱਟ ਵਿਚੋਂ ਮਲ੍ਹਮ ਕੱਢੀ ਤੇ ਮੈਨੂੰ ਫੜਾ ਦਿੱਤੀ। ਆਪ ਉਹ ਕੱਖ ਕਾਨੇ ਤੇ ਸੁੱਕੀਆਂ ਲੱਕੜਾਂ ਇਕੱਠੀਆਂ ਕਰਨ ਲੱਗ ਪਿਆ।
ਪੈਰ ਨੂੰ ਮਲ੍ਹਮ ਲਗਾ ਕੇ ਤੇ ਸੇਕ ਦੇਣ ਤੋਂ ਬਾਅਦ ਉਸ ਨੂੰ ਮੁਸ਼ਕਲ ਨਾਲ ਬੂਟ ਦੇ ਹਵਾਲੇ ਕਰ ਕੇ ਮੈਂ ਉਠਣ ਦਾ ਯਤਨ ਕੀਤਾ, ਪਰ ਕਾਮਯਾਬ ਨਹੀਂ ਹੋਇਆ। ਤੀਸਰੇ ਸਾਥੀ ਦੀ ਬਾਂਹ ਦੇ ਸਹਾਰੇ ਨਾਲ ਪੰਜ ਸੱਤ ਕਦਮ ਚੱਲਣ ਤੋਂ ਬਾਅਦ ਮੈਂ ਉਸ ਦਾ ਹੱਥ ਫੜ ਲਿਆ ਤੇ ਜ਼ੋਰ ਨਾਲ ਘੁੱਟਿਆ।
“ਪੈਰ ਨੇ ਸਾਡੇ ਹੱਥ ਮਿਲਾਉਣ ਨੂੰ ਰੋਕ ਦਿੱਤਾ ਸੀ।” ਹੱਥ ਘੁੱਟਦਿਆਂ ਮੈਂ ਕਿਹਾ, ਪਰ ਉਹ ਸਿਰਫ਼ ਮੁਸਕਰਾਇਆ ਤੇ ਪਿਆਰ ਨਾਲ ਮੇਰਾ ਮੋਢਾ ਨੱਪ ਦਿੱਤਾ। ਦੋ ਤਿੰਨ ਵਾਕ ਹੋਰ ਬੋਲਣ ਤੋਂ ਬਾਅਦ ਜਦ ਮੈਂ ਉਸ ਦਾ ਪ੍ਰਤੀਕਰਮ ਜਾਣਨਾ ਚਾਹਿਆ ਤਾਂ ਉਹ ਫਿਰ ਮੁਸਕਰਾ ਪਿਆ।
ਦਰਅਸਲ ਅਸੀਂ ਬਿਲਕੁਲ ਹੀ ਬੇਗਾਨੀਆਂ ਬੋਲੀਆਂ ਬੋਲਣ ਵਾਲੇ ਅਜਨਬੀ ਸਾਂ। ਅਸੀਂ ਬੁੱਲ੍ਹਾਂ ਦੀ ਮੁਸਕਰਾਹਟ ਅਤੇ ਅੱਖਾਂ ਨਾਲ ਹੀ ਗੱਲਾਂ ਕਰ ਸਕਦੇ ਸੀ। ਮੈਂ ਉਸ ਦੇ ਸਹਾਰੇ ਤੋਂ ਮੁਕਤ ਹੋ ਕੇ ਖ਼ੁਦ ਦੋ-ਤਿੰਨ ਕਦਮ ਟਿਕਾਏ। ਹੌਲੀ ਹੌਲੀ ਤੁਰਿਆ ਤਾਂ ਜਾ ਸਕਦਾ ਸੀ ਪਰ ਇਸ ਨਾਲ ਪੰਧ ਨਹੀਂ ਸੀ ਮੁੱਕ ਸਕਦਾ। ਬਾਸੂ ਨੇ ਇਕ ਬਾਂਸ ਤੋਂ ਸੋਟਾ ਭੰਨ ਕੇ ਮੈਨੂੰ ਦਿੱਤਾ। ਚੱਲਣਾ ਥੋੜ੍ਹਾ ਆਸਾਨ ਹੋ ਗਿਆ, ਪਰ ਇਹ ਫਿਰ ਵੀ ਹੌਲੀ ਹੌਲੀ ਹੀ ਸੀ। ਉਨ੍ਹਾਂ ਮੇਰੀ ਕਿੱਟ ਲੈ ਲੈਣੀ ਚਾਹੀ, ਪਰ ਕਿੱਟ ਨੂੰ ਮੈਂ ਮੋਢੇ ਉਤੇ ਚੜ੍ਹਾ ਚੁੱਕਾ ਸੀ ਅਤੇ ਉਤਾਰਨਾ ਨਹੀਂ ਸੀ ਚਾਹੁੰਦਾ। ਥੋੜ੍ਹੀ ਦੇਰ ਬਾਅਦ ਪੈਰ ਨੇ ਗਰਮੀ ਫੜ ਲਈ, ਚਾਲ ਕੁਝ ਵੱਲ ਹੋਈ, ਪਰ ਇਹ ਤੇਜ਼ ਨਹੀਂ ਸੀ।
“ਸ਼ਹਿਰ ਵਾਪਸ ਲਿਜਾਣਾ ਪਵੇਗਾ ਤੇ ਕਈ ਦਿਨ ਉਥੇ ਹੀ ਟਿਕਣਾ ਪਵੇਗਾ।” ਬਾਸੂ ਬੋਲਿਆ।
“ਮੈਂ ਵਾਪਸ ਜਾਣ ਲਈ ਨਹੀਂ ਆਇਆ। ਪੈਰ ਠੀਕ ਹੋ ਜਾਵੇਗਾ।”
ਰਾਤ ਜਿਹੀ ਨਾ ਸਹੀ, ਪਰ ਚਾਲ ਨੇ ਐਨੀ ਕੁ ਰਵਾਨੀ ਫੜ ਲਈ ਕਿ ਬਾਸੂ ਨੂੰ ਵਾਪਸ ਪਰਤਣ ਦੀ ਗੱਲ ਫਿਰ ਨਹੀਂ ਦੁਹਰਾਉਣੀ ਪਈ। ਉਨ੍ਹਾਂ ਮੇਰੀ ਪਾਣੀ ਵਾਲੀ ਬੋਤਲ ਲੈ ਲਈ। ਇਕ ਕਿੱਲੋ ਦੇ ਕਰੀਬ ਭਾਰ ਘੱਟ ਹੋ ਗਿਆ, ਪਰ ਮੈਨੂੰ ਲੱਗਾ ਜਿਵੇਂ ਦਸ ਕਿਲੋ ਤੋਂ ਆਰਾਮ ਮਿਲਿਆ ਹੋਵੇ। ਅਸੀਂ ਮੱਠੀ ਮੱਠੀ ਚਾਲੇ ਤੁਰਦੇ ਗਏ। ਕਿਤੇ ਕਿਤੇ ਜਦ ਉਚੀ ਨੀਵੀਂ ਥਾਂਵੇਂ ਪੈਰ ਰੱਖਿਆ ਜਾਂਦਾ ਜਾਂ ਪੱਥਰ ਦਾ ਕੋਈ ਟੁਕੜਾ ਪੈਰ ਹੇਠ ਆ ਜਾਂਦਾ ਤਾਂ ਚੀਸ ਉਠ ਪੈਂਦੀ। ਦਿਨ ਦੇ ਚੜ੍ਹਨ ਨਾਲ ਪੈਰ ਵਿਚ ਗਰਮਾਇਸ਼ ਵੀ ਵਧਦੀ ਗਈ। ਬੇਸ਼ੱਕ, ਇਹ ਸੂਰਜ ਕਾਰਨ ਨਹੀਂ ਸਗੋਂ ਚੱਲਦੇ ਰਹਿਣ ਕਰ ਕੇ ਪੈਦਾ ਹੋਈ ਸੀ, ਪਰ ਦਿਨ ਦੇ ਚੜ੍ਹਨ ਨਾਲ ਹੋਈ ਰੌਸ਼ਨੀ ਨੇ ਪੈਰ ਨੂੰ ਸਹੀ ਥਾਂ ਟਿਕਾਉਣ ਦੀ ਸਹੂਲਤ ਮੁਹੱਈਆ ਕਰ ਦਿੱਤੀ ਸੀ। ਮੈਂ ਸੋਚਿਆ ਕਿ ਰਾਤ ਨੂੰ ਪਹਿਲੇ ਆਰਾਮ ਸਮੇਂ ਜੇ ਅਸੀਂ ਦਸ ਮਿੰਟ ਦੀ ਬਜਾਏ ਕਿਤੇ ਅੱਧਾ ਘੰਟਾ ਆਰਾਮ ਕਰ ਲਿਆ ਹੁੰਦਾ ਤਾਂ ਯਕੀਨਨ ਸਿਆਪਾ ਖੜ੍ਹਾ ਹੋ ਜਾਂਦਾ। ਹਨੇਰੇ ਨੇ ਮੇਰੀ ਹਿੰਮਤ ਖੋਹ ਲੈਣੀ ਸੀ, ਕਿਉਂਕਿ ਮੈਦਾਨ ਵਰਗਾ ਪੱਧਰਾ ਰਾਹ ਜੰਗਲ ਵਿਚ ਮਿਲਣਾ ਨਹੀਂ ਸੀ।
ਰਾਤ ਨੂੰ ਇਕ ਘੰਟੇ ਦੌਰਾਨ ਜਿੰਨੀ ਵੀ ਨੀਂਦ ਆਈ ਸੀ, ਬੇ-ਫ਼ਿਕਰੀ ਦੀ ਆਈ ਸੀ। ਉਨ੍ਹਾਂ ਮੈਨੂੰ ਪਹਿਰੇਦਾਰੀ ਤੋਂ ਸੁਰਖ਼ਰੂ ਕਰ ਕੇ ਮੇਰੇ ਉਪਰ ਬੋਝ ਜਿਹਾ ਲੱਦ ਦਿੱਤਾ ਸੀ।
“ਬਾਸੂ, ਮੈਂ ਰਾਤ ਦੇ ਬੋਝ ਦਾ ਕੀ ਕਰਾਂਗਾ।”
“ਪਹਿਰੇ ਤੋਂ ਛੁੱਟੀ ਦਾ?”
“ਹਾਂ।”
“ਪਰ ਇਹ ਸਾਡੀ ਜ਼ਿੰਮੇਵਾਰੀ ਸੀ ਅਤੇ ਅਸੀਂ ਹੀ ਨਿਭਾਉਣੀ ਸੀ।”
ਬਾਸੂ ਅਤੇ ਉਸ ਦੇ ਨਾਲ ਵਾਲੇ ਸਾਥੀ ਕੋਲ ਹਥਿਆਰ ਕੋਈ ਨਹੀਂ ਸੀ। ਫਿਰ ਵੀ ਪਹਿਰੇ ਦੀ ਜ਼ਿੰਮੇਦਾਰੀ ਨਿਭਾਈ ਗਈ। ਉਸ ਨੇ ਮੈਨੂੰ ਦੱਸਿਆ ਕਿ ਜਦੋਂ ਉਹ ਸ਼ਹਿਰ ਵੱਲ ਜਾਂਦੇ ਹਨ ਤਾਂ ਹਥਿਆਰ ਨਾਲ ਲੈ ਕੇ ਨਹੀਂ ਜਾਂਦੇ। ਰਾਤ ਨੂੰ ਕੋਈ ਖ਼ਤਰਾ ਖੜ੍ਹਾ ਹੋ ਜਾਣ ਦੀ ਸਥਿਤੀ ਵਿਚ ਅਸੀਂ ਦੌੜ ਕੇ ਹੀ ਬਚਾਅ ਕਰ ਸਕਦੇ ਹਾਂ। ਦਰਅਸਲ, ਪਹਿਰਾ ਬਿੜਕ ਰੱਖਣ ਦਾ ਸੀ, ਖ਼ਤਰੇ ਨੂੰ ਦੂਰੋਂ ਭਾਂਪਣ ਦਾ। ਬਾਸੂ ਖ਼ਤਰੇ ਨੂੰ ਦੂਰੋਂ ਭਾਂਪ ਸਕਦਾ ਸੀ। ਰਾਤ ਨੂੰ ਵੀ ਸਾਰੇ ਰਸਤੇ ਦੌਰਾਨ ਉਹ ਵਿਚ ਵਿਚ ਰੁਕ ਜਾਂਦਾ ਰਿਹਾ ਸੀ ਅਤੇ ਆਲੇ ਦੁਆਲੇ ਵੱਲ ਕੰਨ ਘੁਮਾ ਕੇ ਤੇ ਨੀਝ ਨਾਲ ਤੱਕ ਕੇ ‘ਹੂੰ’ ਕਹਿ ਕੇ ਅਗਾਂਹ ਤੁਰ ਪੈਂਦਾ ਸੀ। ਉਸ ਦੇ ਕੰਨ ਕਿਸੇ ਸ਼ਿਕਾਰੀ ਵਾਂਗ ਬਾਰੀਕ ਆਵਾਜ਼ਾਂ ਸੁਣਨ ਅਤੇ ਉਨ੍ਹਾਂ ਦੇ ਦਰਮਿਆਨ ਵਖਰੇਵਾਂ ਕਰਨ ਵਿਚ ਤਾਕ ਹੋ ਚੁੱਕੇ ਲਗਦੇ ਸਨ। ਜਦ ਵੀ ਪਗਡੰਡੀ ਇਕ ਤੋਂ ਦੋ ਵਿਚ ਪਾਟਦੀ, ਉਹ ਪਲ ਭਰ ਲਈ ਟਾਰਚ ਦਾ ਬਟਨ ਨੱਪਦਾ ਅਤੇ ਇਕ ਨੂੰ ਚੁਣ ਲੈਂਦਾ। ਸਿਰਫ਼ ਇਕ ਥਾਂ ਉਤੇ ਹੀ ਉਸ ਨੇ ਖ਼ਤਾ ਖਾਧੀ, ਪਰ ਪੰਦਰਾਂ ਵੀਹ ਕਦਮ ਚੱਲਣ ਤੋਂ ਬਾਅਦ ਉਹ ਰੁਕਿਆ, ਹਨੇਰੇ ਵਿਚ ਜੰਗਲ ਨੂੰ ਘੂਰਿਆ, ਜ਼ਮੀਨ ਉਤੇ ਟਾਰਚ ਦੀ ਰੌਸ਼ਨੀ ਨੂੰ ਤੇਜ਼ੀ ਨਾਲ ਤਿਲਕਾਇਆ ਤੇ ਫਿਰ ਵਾਪਸ ਮੁੜ ਕੇ ਦੂਸਰੀ ਲੀਹੇ ਚੱਲ ਪਿਆ। ਮੈਂ ਹੈਰਾਨ ਸਾਂ ਕਿ ਰਾਤ ਦੇ ਹਨੇਰੇ ਵਿਚ ਉਹ ਜੰਗਲ ਦੇ ਰਸਤਿਆਂ ਨੂੰ ਕਿੰਨੀ ਬਾਰੀਕੀ ਨਾਲ ਪਛਾਣ ਸਕਦਾ ਹੈ, ਜਿਵੇਂ ਰੋਜ਼ ਹੀ ਉਨ੍ਹਾਂ ਉਤੋਂ ਗੁਜ਼ਰਦਾ ਹੋਵੇ।
ਬਾਸੂ ਸ਼ਹਿਰ ਤੋਂ ਕੁਝ ਸਮਾਨ ਖਰੀਦ ਕੇ ਲਿਆਇਆ ਹੋਇਆ ਸੀ। ਤਿੰਨ ਜਣਿਆਂ ਦੇ ਦੋ ਡੰਗ ਦੇ ਪੱਕੇ ਹੋਏ ਚੌਲ, ਅਚਾਰ ਤੇ ਥੋੜ੍ਹੇ ਜਿੰਨੇ ਬਿਸਕੁਟ। ਰਾਤ ਨੂੰ ਜਦ ਉਹ ਮੈਨੂੰ ਮਿਲਿਆ ਸੀ ਤਾਂ ਸਭ ਤੋਂ ਪਹਿਲਾਂ ਜਿਹੜੀ ਗੱਲ ਉਸ ਨੇ ਪੁੱਛੀ ਸੀ, ਉਹ ਟਾਰਚ ਬਾਰੇ ਸੀ।
“ਟਾਰਚ ਹੈ ਜੇ?” ਉਸ ਦਾ ਪਹਿਲਾ ਸਵਾਲ ਸੀ।
ਟਾਰਚ ਤੋਂ ਬਿਨਾਂ ਉਹ ਤੇ ਮੈਂ ਮਿਲ ਹੀ ਨਹੀਂ ਸਾਂ ਸਕਦੇ। ਸਫ਼ਰ ਦੌਰਾਨ ਇਸ ਦੀ ਜ਼ਰੂਰਤ ਵੀ ਬਹੁਤ ਰਹਿਣੀ ਸੀ।
(ਚਲਦਾ)