‘ਮਹਾਨ’ ਦੇਸ਼ ਦਾ ‘ਉਤਮ’ ਰਾਜ ਪ੍ਰਬੰਧ

-ਜਤਿੰਦਰ ਪਨੂੰ
ਸ਼ਾਮ ਦੇ ਵਕਤ ਵੱਖੋ-ਵੱਖ ਟੀ ਵੀ ਚੈਨਲਾਂ ਉਤੇ ਹੁੰਦੀਆਂ ਬਹਿਸਾਂ ਨੂੰ ਸੁਣਨਾ ਬੰਦ ਭਾਵੇਂ ਨਹੀਂ ਕੀਤਾ ਜਾਂਦਾ, ਪਰ ਬਹੁਤ ਹੱਦ ਤੱਕ ਘੱਟ ਕਰ ਦੇਣਾ ਠੀਕ ਲੱਗਦਾ ਹੈ। ਉਹ ਕਈ ਵਾਰੀ ਏਦਾਂ ਦੀ ਭੜਕਾਊ ਭਾਸ਼ਾ ਵਿਚ ਗੱਲ ਕਰਦੇ ਹਨ ਕਿ ਗਲੀ ਵਿਚੋਂ ਲੰਘਦਾ ਕੋਈ ਮਿੱਤਰ ਇਹ ਸੋਚ ਕੇ ਘੰਟੀ ਵਜਾ ਸਕਦਾ ਹੈ ਕਿ ਜੇ ਮੀਆਂ-ਬੀਵੀ ਦਾ ਝਗੜਾ ਹੋ ਗਿਆ ਹੈ ਤਾਂ ਛੱਡ-ਛੁਡਾ ਕਰਾ ਆਈਏ।

ਪਹਿਲਾਂ ਇਨ੍ਹਾਂ ਬਹਿਸਾਂ ਵਿਚ ਕੁਝ ਵੱਖੋ-ਵੱਖ ਵੰਨਗੀ ਦੇ ਲੋਕ ਬੈਠੇ ਹੁੰਦੇ ਸਨ ਤੇ ਹੁਣ ਲਗਭਗ ਹਰ ਬਹਿਸ ਵਿਚ ਦੋ ਕੁ ਜਣੇ ਹੋਰ ਵਿਚਾਰਧਾਰਾਵਾਂ ਦੇ ਬਿਠਾ ਕੇ ਇੱਕ ਭਾਜਪਾ ਦਾ ਬੁਲਾਰਾ, ਇੱਕ ਆਰ ਐਸ ਐਸ ਦਾ, ਇੱਕ ਉਨ੍ਹਾਂ ਨਾਲ ਜੁੜੀ ਕਿਸੇ ਅਖੌਤੀ ਸਮਾਜ ਸੇਵੀ ਸੰਸਥਾ ਦਾ ਤੇ ਇੱਕ ਕੋਈ ਸੰਤ ਰੂਪ ਹਿੰਦੂਤਵ ਦਾ ਪ੍ਰਚਾਰਕ ਸੱਦ ਕੇ ਦੋ ਦੇ ਮੁਕਾਬਲੇ ਪੰਜ ਨੂੰ ਭਾਰੂ ਹੋਣ ਦਾ ਮੌਕਾ ਪੇਸ਼ ਕੀਤਾ ਜਾਂਦਾ ਹੈ। ਕਦੇ-ਕਦੇ ਕੁਝ ਸਾਊ ਦਿੱਖ ਵਾਲੇ ਚੈਨਲ ਫਿਰ ਵੀ ਉਸਾਰੂ ਬਹਿਸ ਪੇਸ਼ ਕਰਨ ਤਾਂ ਵੇਖਣੀ ਅਤੇ ਸੁਣਨੀ ਪੈ ਜਾਂਦੀ ਹੈ। ਇਹੋ ਜਿਹੀ ਇੱਕ ਸ਼ਾਮ ਦੀ ਬਹਿਸ ਅਸੀਂ ਇਸ ਹਫਤੇ ਸੁਣੀ ਹੈ। ਇਹ ਬਹਿਸ ਵੱਖੋ-ਵੱਖ ਰਾਜਸੀ ਪ੍ਰਬੰਧਾਂ ਬਾਰੇ ਸੀ, ਜਿਸ ਵਿਚ ਬਹੁਤਾ ਕਰ ਕੇ ਇਸ ਗੱਲ ਬਾਰੇ ਸਭ ਦੀ ਸਹਿਮਤੀ ਸੀ ਕਿ ਨੁਕਸ ਹੁੰਦਿਆਂ ਵੀ ਭਾਰਤ ਦਾ ਰਾਜ ਪ੍ਰਬੰਧ ਸਭ ਤੋਂ ਵਧੀਆ ਹੈ।
ਭਾਰਤੀ ਹੋਣ ਕਰ ਕੇ ਇਸ ਨੂੰ ਕੱਟਣ ਦੀ ਮੈਂ ਲੋੜ ਨਹੀਂ ਸਮਝਦਾ, ਪਰ ਉਲਾਰ ਹੋ ਕੇ ਇਸ ਦਾ ਪੱਖ ਪੂਰਨਾ ਵੀ ਮੇਰੇ ਲਈ ਸੌਖਾ ਨਹੀਂ। ਬਹੁਤ ਹੈਰਾਨ ਕਰਨ ਵਾਲੀਆਂ ਦਲੀਲਾਂ ਪੇਸ਼ ਹੋ ਰਹੀਆਂ ਸਨ। ਇੱਕ ਸੱਜਣ ਨੇ ਤੈਸ਼ ਵਿਚ ਆ ਕੇ ਕਿਹਾ, ‘ਚੀਨ ਦਾ ਕੋਈ ਰਾਜ ਪ੍ਰਬੰਧ ਹੈ, ਜਿੱਥੇ ਇੱਕੋ ਪਾਰਟੀ ਤੋਂ ਲੀਡਰ ਚੁਣਨੇ ਪੈਂਦੇ ਹਨ?’ ਮੈਨੂੰ ਲੱਗਾ ਕਿ ਇਸ ਦੇ ਅੰਦਰਲਾ ਕਮਿਊਨਿਸਟ ਵਿਰੋਧੀ ਬੋਲਦਾ ਹੈ। ਫਿਰ ਉਸ ਨੇ ਕਿਹਾ, ‘ਪਾਕਿਸਤਾਨ ਵੀ ਕੋਈ ਦੇਸ਼ ਹੈ, ਜਿਸ ਦੀ ਹੋਂਦ ਦਾ ਅੱਧਾ ਸਮਾਂ ਲੋਕਾਂ ਨੂੰ ਫੌਜੀ ਰਾਜ ਹੰਢਾਉਣਾ ਪਿਆ ਹੈ?’ ਮੈਨੂੰ ਲੱਗਾ ਕਿ ਇਸ ਦੇ ਅੰਦਰਲਾ ਜਮਹੂਰੀਅਤ ਪਸੰਦ ਬੋਲ ਰਿਹਾ ਹੈ, ਜਿਸ ਨੂੰ ਚੀਨ ਤੇ ਪਾਕਿਸਤਾਨ ਦੇ ਦੋਵੇਂ ਰਾਜ ਪ੍ਰਬੰਧ ਚੰਗੇ ਨਹੀਂ ਲੱਗ ਰਹੇ। ਫਿਰ ਉਸ ਨੇ ਇਹ ਗੱਲ ਕਹਿ ਦਿੱਤੀ ਕਿ ਅਮਰੀਕਾ ਵੀ ਕੋਈ ਦੇਸ਼ ਹੈ, ਜਿਥੇ ਕਿਸੇ ਡੋਨਾਲਡ ਟਰੰਪ ਨੂੰ ਵੀ ਰਾਸ਼ਟਰਪਤੀ ਚੁਣਿਆ ਜਾ ਸਕਦਾ ਹੈ? ਇਸ ਦਾ ਮਤਲਬ ਇਹ ਕਿ ਸਾਰੇ ਗਲਤ ਹਨ ਤੇ ਸਿਰਫ ਭਾਰਤ ਹੀ ਉਤਮ ਨਮੂਨਾ ਹੈ।
ਵਾਰ-ਵਾਰ ਸੋਚਣ ਤੋਂ ਬਾਅਦ ਸਾਡੇ ਮਨ ਵਿਚ ਇਹ ਸਵਾਲ ਉਠਦਾ ਹੈ ਕਿ ਕੀ ਭਾਰਤ ਹੀ ਲੋਕ-ਰਾਜ ਲਈ ਇੱਕ ਉਤਮ ਨਮੂਨਾ ਹੈ, ਜਿਸ ਦੇ ਪ੍ਰਬੰਧ ਵਿਚ ਛਾਨਣੀ ਤੋਂ ਵੱਧ ਛੇਕ ਨਜ਼ਰ ਆਉਂਦੇ ਹਨ?
ਜੀ ਹਾਂ, ਭਾਰਤ ਉਹ ਰਾਜ ਪ੍ਰਬੰਧ ਹੈ, ਜਿਸ ਵਿਚ ਇੱਕ ਛੋਟੀ ਉਮਰ ਦਾ ਜਵਾਕ ਰਾਹੁਲ ਗਾਂਧੀ ਭਰੇ ਮੈਦਾਨ ਵਿਚ ਲੋਕਾਂ ਸਾਹਮਣੇ ਆਪਣੇ ਬਾਪ ਤੋਂ ਵੀ ਵੱਡੀ ਉਮਰ ਵਾਲੇ ਪ੍ਰਧਾਨ ਮੰਤਰੀ ਦੀ ਹਾਜ਼ਰੀ ਵਿਚ ਇਹ ਕਹਿ ਸਕਦਾ ਹੈ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਕੀ ਹੈ, ਇਹ ਤਾਂ ਮੈਂ ਅੱਜ ਰਾਤ ਨੂੰ ਸੰਭਾਲ ਸਕਦਾ ਹਾਂ? ਇਸ ਦਾ ਦੂਸਰਾ ਅਰਥ ਹੈ, ‘ਮਨਮੋਹਨ ਸਿੰਘ ਦਾ ਕੀ ਹੈ, ਉਸ ਨੂੰ ਤਾਂ ਪ੍ਰਧਾਨ ਮੰਤਰੀ ਦੀ ਕੁਰਸੀ ਨਿੱਘੀ ਰੱਖਣ ਲਈ ਬਿਠਾਇਆ ਹੈ, ਕੁਰਸੀ ਦਾ ਅਸਲੀ ਮਾਲਕ ਮੈਂ ਹਾਂ। ਉਸ ਦੀ ਆਪਣੀ ਪਾਰਟੀ ਵੱਲੋਂ ਬਣਾਏ ਹੋਏ ਪ੍ਰਧਾਨ ਮੰਤਰੀ ਅਤੇ ਮੰਤਰੀਆਂ ਨੇ ਮੰਤਰੀ ਮੰਡਲ ਦੀ ਮੀਟਿੰਗ ਬੁਲਾ ਕੇ ਇੱਕ ਬਿੱਲ ਪਾਸ ਕੀਤਾ ਸੀ ਤੇ ਉਸ ਨੇ ਉਹ ਪ੍ਰੈਸ ਕਾਨਫਰੰਸ ਵਿਚ ਪਾੜ ਕੇ ਕੂੜੇਦਾਨ ਦੇ ਵਿਚ ਸੁੱਟ ਕੇ ਇੱਕ ਤਰ੍ਹਾਂ ਉਸ ਵੇਲੇ ਦੀ ਸਰਕਾਰ ਨੂੰ ਕੂੜੇਦਾਨ ਵਿਚ ਸੁੱਟਣ ਜੋਗੀ ਕਿਹਾ ਸੀ। ਭਾਰਤ ਦਾ ਲੋਕ-ਰਾਜੀ ਪ੍ਰਬੰਧ ਇਸ ਬੇਹੂਦਗੀ ਨੂੰ ਵੀ ਇਸ ਲਈ ਬਰਦਾਸ਼ਤ ਕਰ ਗਿਆ ਕਿ ਕਾਂਗਰਸ ਪਾਰਟੀ ਵਿਚ ਉਹ ਲੋਕ ਬੜੀ ਵੱਡੀ ਗਿਣਤੀ ਵਿਚ ਹਨ, ਜਿਹੜੇ ਪ੍ਰਿਅੰਕਾ ਗਾਂਧੀ ਦੇ ਘਰ ਪੁੱਤਰ ਦੇ ਜਨਮ ਪਿੱਛੋਂ ਸੋਨੀਆ ਗਾਂਧੀ ਦੇ ਘਰ ਅੱਗੇ ਨੱਚਦੇ ਗਾ ਰਹੇ ਸਨ, ‘ਆਹਾ, ਮੈਂ ਤੋ ਮਾਮਾ ਬਨ ਗਿਆ’। ਸਚਮੁੱਚ ਭਾਰਤ ਕਮਾਲ ਦਾ ਲੋਕਤੰਤਰ ਹੈ!
ਇਸ ਲੋਕਤੰਤਰ ਵਿਚ ਇੱਕ ਵਾਰੀ ਇੱਕ ਕਾਂਗਰਸੀ ਆਗੂ ਨੇ ਕਿਹਾ ਸੀ, ‘ਇੰਦਰਾ ਇਜ਼ ਇੰਡੀਆ ਐਂਡ ਇੰਡੀਆ ਇਜ਼ ਇੰਦਰਾ’, ਯਾਨਿ ਇੰਦਰਾ ਹੀ ਭਾਰਤ ਹੈ ਤੇ ਭਾਰਤ ਹੀ ਇੰਦਰਾ ਹੈ। ਫਿਰ ਇੱਕ ਕਾਂਗਰਸੀ ਆਗੂ ਨੇ ਰਾਸ਼ਟਰਪਤੀ ਬਣਨ ਦੀ ਇੱਛਾ ਵਿਚ ਇਹ ਕਿਹਾ ਸੀ, ‘ਇੰਦਰਾ ਗਾਂਧੀ ਭਾਰਤੀ ਲੋਕਾਂ ਨੂੰ ਰੱਬ ਵੱਲੋਂ ਦਿੱਤਾ ਗਿਆ ਤੋਹਫਾ ਹੈ, ਮੈਂ ਉਸ ਦੇ ਕਹਿਣ ਉਤੇ ਝਾੜੂ ਲਾ ਸਕਦਾ ਹਾਂ।’ ਹੁਣ ਓਸੇ ਭਾਰਤ ਵਿਚ ਇੱਕ ਕੇਂਦਰੀ ਮੰਤਰੀ ਕਹਿੰਦਾ ਪਿਆ ਹੈ ਕਿ ਨਰਿੰਦਰ ਮੋਦੀ ਭਾਰਤ ਦੇ ਲੋਕਾਂ ਨੂੰ ਭਗਵਾਨ ਦਾ ਦਿੱਤਾ ਤੋਹਫਾ ਹੈ। ਲੀਡਰਾਂ ਦੀ ਨਸਲ ਬਦਲ ਗਈ ਹੈ, ਪਰ ਕਿਰਦਾਰ ਨਹੀਂ ਬਦਲਿਆ, ਚਾਪਲੂਸੀ ਵਿਚ ਹੱਦਾਂ ਟੱਪਣ ਦਾ ਰੁਝਾਨ ਕਾਇਮ ਹੈ।
ਭਾਰਤ ਦਾ ਲੋਕਤੰਤਰ ਏਨਾ ਵਧੀਆ ਹੈ ਕਿ ਵਾਜਪਾਈ ਸਰਕਾਰ ਦੌਰਾਨ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਪਾਰਲੀਮੈਂਟ ਵਿਚ ਕਿਹਾ ਸੀ ਕਿ ਉਿਥੇ ਇਹੋ ਜਿਹੇ ਆਗੂ ਹਨ, ਜਿਨ੍ਹਾਂ ਦੇ ਧੀ ਨਾ ਵੀ ਹੋਵੇ ਤਾਂ ਜਵਾਈ ਸਾਹਮਣੇ ਆ ਜਾਂਦੇ ਹਨ। ਭਾਜਪਾ ਵਾਲੇ ਬੜੇ ਭੜਕੇ ਸਨ। ਕਾਂਗਰਸੀ ਰਾਜ ਦੌਰਾਨ ਦਿੱਲੀ ਨਾਲ ਜੁੜਵੇਂ ਸ਼ਹਿਰ ਗੁੜਗਾਉਂ ਨੂੰ ਲੋਕੀਂ ਮਜ਼ਾਕ ਨਾਲ ਗੁੜਗਾਊਂ ਦੀ ਥਾਂ ‘ਜਮਾਇਕਾ’ ਕਹਿ ਕੇ ਇਸ ਲਈ ਹੱਸ ਪੈਂਦੇ ਸਨ ਕਿ ਇੱਕ ਵੱਡੇ ਘਰਾਣੇ ਦੇ ਜਵਾਈ (ਹਿੰਦੀ ਵਿਚ ‘ਜਮਾਈ’) ਦੇ ਜ਼ਮੀਨੀ ਸੌਦਿਆਂ ਨੇ ਉਸ ਸ਼ਹਿਰ ਦਾ ਨਾਂ ਬਦਨਾਮ ਕਰ ਛੱਡਿਆ ਸੀ। ਸਾਡੀ ਵਿਦੇਸ਼ ਮੰਤਰੀ ਨੂੰ ਦੋ ਮਹੀਨੇ ਇਸ ਲਈ ਆਮ ਲੋਕਾਂ ਤੋਂ ਦੂਰ ਰਹਿਣਾ ਪਿਆ ਸੀ ਕਿ ਉਸ ਦੀ ਵਕੀਲ ਧੀ ਇੰਗਲੈਂਡ ਬੈਠੇ ਕ੍ਰਿਕਟ ਦੇ ਫਰਾਡੀਏ ਦਾ ਕੇਸ ਲੜਦੀ ਸੀ ਤੇ ਵਿਦੇਸ਼ ਮੰਤਰੀ ਨੇ ਪ੍ਰਧਾਨ ਮੰਤਰੀ ਤੋਂ ਵੀ ਅੱਖ ਬਚਾ ਕੇ ਉਸ ਫਰਾਡੀਏ ਦੇ ਪੱਖ ਵਿਚ ਕੁਝ ਫੋਨ ਕੀਤੇ ਸਨ। ਗੁਜਰਾਤ ਦੀ ਮੁੱਖ ਮੰਤਰੀ ਦਾ ਨਾਂ ਬਹੁਤ ਇਮਾਨਦਾਰ ਲੋਕਾਂ ਵਿਚ ਸੀ, ਪਰ ਪਿੱਛੋਂ ਰੌਲਾ ਪਿਆ ਕਿ ਉਸ ਦੀ ਧੀ ਜਿਸ ਕੰਪਨੀ ਦੀ ਅਫਸਰ ਹੈ, ਉਸ ਕੰਪਨੀ ਵਾਸਤੇ ਜ਼ਮੀਨੀ ਪਲਾਟ ਅਲਾਟ ਕਰਨ ਵਿਚ ਨਿਯਮ ਤੋੜ ਕੇ ਖੁੱਲ੍ਹ ਵਿਖਾਈ ਗਈ ਹੈ। ‘ਵਧੀਆ’ ਰਾਜ ਪ੍ਰਬੰਧ ਸਾਡਾ ਹੀ ਹੈ।
‘ਵਧੀਆ’ ਰਾਜ ਪ੍ਰਬੰਧ ਸਿਰਫ ਸਾਡਾ ਹੈ, ਜਿਸ ਵਿਚ ਇੱਕ ਕੇਸ ਸੁਪਰੀਮ ਕੋਰਟ ਵਿਚ ਚੱਲਦਾ ਪਿਆ ਹੈ ਕਿ ਆਸਾਮ ਵਿਚ ਤਿੰਨ ਸੌ ਕਰੋੜ ਰੁਪਏ ਦੀ ਨਕਦੀ ਅਤੇ ਤਿੰਨ ਸੌ ਕਿੱਲੋ ਸੋਨਾ ਗਾਇਬ ਹੋ ਗਿਆ ਅਤੇ ਇਸ ਚੋਰੀ ਲਈ ਫੌਜੀ ਅਫਸਰ ਦੋਸ਼ੀ ਹਨ। ਇਹ ਫੌਜ ਦੇ ਉਹ ਅਫਸਰ ਨਹੀਂ, ਜਿਨ੍ਹਾਂ ਨੇ ਮਾਇਨਾਮਾਰ ਤੋਂ ਆਏ ਹੋਏ ਸਮਗਲਿੰਗ ਦੇ ਬਿਸਕੁਟਾਂ ਨੂੰ ਇੱਕ ਕਰਨਲ ਦੀ ਅਗਵਾਈ ਹੇਠ ਰਾਹ ਵਿਚ ਲੁੱਟ ਲਿਆ ਅਤੇ ਹੁਣ ਕਰਨਲ ਸਾਹਿਬ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਸੁਪਰੀਮ ਕੋਰਟ ਵਿਚ ਗਏ ਇਸ ਕੇਸ ਦਾ ਕਿੱਸਾ ਬੜਾ ਦਿਲਚਸਪ ਹੈ। ਆਸਾਮ ਦੇ ਬੋਡੋ ਅੱਤਵਾਦੀਆਂ ਨੇ ਇੱਕ ਵਾਰੀ ਉਥੇ ਚਾਹ ਦੇ ਬਾਗਾਂ ਵਾਲਿਆਂ ਨੂੰ ਦਬਕਾ ਮਾਰ ਕੇ ਤਿੰਨ ਸੌ ਕਰੋੜ ਦੀ ਫਿਰੌਤੀ ਮੰਗੀ ਸੀ। ਬਾਗਾਂ ਵਾਲੇ ਇਕੱਠੇ ਹੋਏ, ਸਲਾਹ ਕੀਤੀ ਅਤੇ ਫਿਰ ਪੈਸੇ ਤੇ ਸੋਨਾ ਇਕੱਠਾ ਕਰ ਕੇ ਆਪਣੇ ਸੂਬਾ ਪ੍ਰਧਾਨ ਦੇ ਬਾਗ ਵਿਚ ਦੱਬਣ ਬਾਅਦ ਅਤਿਵਾਦੀਆਂ ਦੇ ਆਉਣ ਦੀ ਉਡੀਕ ਕਰਨ ਲੱਗੇ। ਕੁਝ ਦਿਨ ਪਿੱਛੋਂ ਸੂਬਾ ਪ੍ਰਧਾਨ ਤੇ ਉਸ ਦੀ ਪਤਨੀ ਕਤਲ ਕਰ ਦਿੱਤੇ ਗਏ ਅਤੇ ਮਾਲ ਦੱਬਿਆ ਰਹਿ ਗਿਆ। ਇਸ ਦੀ ਜਦੋਂ ਫੌਜ ਦੀ ਖੁਫੀਆ ਸੇਵਾ ਨੂੰ ਸੂਚਨਾ ਮਿਲੀ, ਉਨ੍ਹਾਂ ਨੇ ਅੱਖ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਸਰਕਾਰ ਬਦਲ ਗਈ ਤਾਂ ਉਨ੍ਹਾਂ ਆਪਣੇ ਵੱਡੇ ਅਧਿਕਾਰੀਆਂ ਨੂੰ ਦੱਸਿਆ ਕਿ ਇਹ ਮਾਲ ਇੱਕ ਤਰ੍ਹਾਂ ਦੇਸ਼ ਦੇ ਲੋਕਾਂ ਦਾ ਹੈ, ਇਸ ਨੂੰ ਬਰਾਮਦ ਕਰਨਾ ਚਾਹੀਦਾ ਹੈ। ਫੌਜੀ ਅਧਿਕਾਰੀਆਂ ਨੇ ਸਾਰੀ ਸੂਚਨਾ ਤੋਂ ਬਾਅਦ ਮੀਟਿੰਗ ਕੀਤੀ ਅਤੇ ਤਿੰਨ ਦਿਨ ਬਾਅਦ ਕੱਢਣ ਦੀ ਯੋਜਨਾ ਬਣਾਈ ਗਈ, ਜਿਸ ਦੇ ਵਿਚਕਾਰਲੇ ਦਿਨ ਉਹ ਥਾਂ ਪੁੱਟ ਕੇ ਰਾਤੋ-ਰਾਤ ਉਥੋਂ ਮਾਲ ਕੱਢ ਲਿਆ। ਤਿੰਨ ਸੌ ਕਰੋੜ ਰੁਪਏ ਤੇ ਤਿੰਨ ਸੌ ਕਿੱਲੋ ਸੋਨਾ ਟਰੱਕਾਂ ਤੋਂ ਬਿਨਾਂ ਨਹੀਂ ਸੀ ਲਿਜਾਇਆ ਜਾ ਸਕਦਾ। ਫੌਜੀ ਅਫਸਰਾਂ ਨੇ ਉਸ ਨੂੰ ਕੱਢਣ ਦੀ ਯੋਜਨਾ ਭਾਵੇਂ ਤਿੰਨ ਦਿਨ ਪਿੱਛੋਂ ਦੀ ਬਣਾਈ ਸੀ, ਉਸ ਥਾਂ ਪਹਿਰਾ ਉਸੇ ਦਿਨ ਲਾਉਣਾ ਬਣਦਾ ਸੀ, ਪਰ ਲਾਇਆ ਨਹੀਂ ਸੀ, ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਉਨ੍ਹਾਂ ਦਾ ਆਪਣਾ ਮਨ ਖੋਟਾ ਹੋ ਗਿਆ ਸੀ। ਇਹ ਕੰਮ ਪ੍ਰਧਾਨ ਮੰਤਰੀ ਮੋਦੀ ਦੇ ਗੱਦੀ ਸਾਂਭਣ ਤੋਂ ਤਿੰਨ ਦਿਨ ਬਾਅਦ ਹੋਇਆ, ਉਸ ਮੋਦੀ ਦੇ ਗੱਦੀ ਸਾਂਭਣ ਤੋਂ ਤਿੰਨ ਦਿਨ ਬਾਅਦ, ਜਿਸ ਨੇ ਚੋਣਾਂ ਵਿਚ ਇਹ ਕਿਹਾ ਸੀ, ‘ਮੈਂ ਨਾ ਆਪ ਖਾਊਂਗਾ, ਨਾ ਕਿਸੀ ਕੋ ਖਾਨੇ ਦੂੰਗਾ।’ ਇਸ ਚੋਰੀ ਦਾ ਕੇਸ ਸੁਪਰੀਮ ਕੋਰਟ ਜਾਣ ਬਾਅਦ ਵੀ ਇਹ ਸਰਕਾਰ ਨਹੀਂ ਜਾਗੀ, ਉਂਜ ਰਾਜ ਪ੍ਰਬੰਧ ਸਾਡੇ ਵਾਲਾ ਹੀ ‘ਉਤਮ’ ਹੈ।
ਬੜੇ ਵਧੀਆ ਕਹੇ ਜਾਂਦੇ ਇਸ ਰਾਜ ਪ੍ਰਬੰਧ ਵਿਚ ਉਹ ਆਦਮੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਂਦਾ ਹੈ, ਜਿਸ ਨੇ ਚੋਣਾਂ ਵਿਚ ਕਿਹਾ ਹੋਵੇ ਕਿ ਵਿਦੇਸ਼ ਵਿਚ ਪਏ ਕਾਲੇ ਧਨ ਦਾ ਅਸੀਂ ਪਤਾ ਕਰਵਾ ਲਿਆ ਹੈ ਤੇ ਉਹ ਜਦੋਂ ਵਾਪਸ ਆਇਆ ਤਾਂ ਸਿੱਧਾ ਹਰ ਨਾਗਰਿਕ ਦੇ ਖਾਤੇ ਵਿਚ ਤਿੰਨ-ਤਿੰਨ ਲੱਖ ਰੁਪਏ ਜਮ੍ਹਾਂ ਕਰਵਾ ਦਿਆਂਗਾ। ਹੁਣ ਉਹ ਕਹਿ ਰਿਹਾ ਹੈ ਕਿ ਉਸ ਨੂੰ ਪਤਾ ਹੀ ਨਹੀਂ ਕਿ ਵਿਦੇਸ਼ ਵਿਚ ਕਾਲਾ ਧਨਾ ਕਿੰਨਾ ਹੈ? ਜਦੋਂ ਪਤਾ ਹੀ ਨਹੀਂ ਕਿ ਵਿਦੇਸ਼ ਵਿਚ ਕਾਲਾ ਧਨ ਕਿੰਨਾ ਹੈ ਤਾਂ ਹਰ ਨਾਗਰਿਕ ਦੇ ਹਿੱਸੇ ਤਿੰਨ-ਤਿੰਨ ਲੱਖ ਅਤੇ ਪੰਜ ਜੀਆਂ ਦੇ ਪਰਿਵਾਰ ਲਈ ਪੰਦਰਾਂ ਲੱਖ ਰੁਪਏ ਦਾ ਹਿਸਾਬ ਕਿੱਥੋਂ ਲਾਇਆ ਗਿਆ ਸੀ? ਇਸ ਦਾ ਜਵਾਬ ਉਸ ਦੀ ਬਜਾਏ ਉਸ ਦੀ ਪਾਰਟੀ ਦਾ ਪ੍ਰਧਾਨ ਅਮਿਤ ਸ਼ਾਹ ਦਿੰਦਾ ਹੈ ਕਿ ਤਿੰਨ-ਤਿੰਨ ਲੱਖ ਵਾਲੀ ਗੱਲ ਇੱਕ ‘ਚੋਣ ਜੁਮਲਾ’ ਸੀ, ਕਹਿਣ ਤੋਂ ਭਾਵ ਕਿ ਸਾਡੇ ਆਗੂ ਮੋਦੀ ਵੱਲੋਂ ਦੇਸ਼ ਦੇ ਇੱਕ ਸੌ ਪੰਝੀ ਕਰੋੜ ਲੋਕਾਂ ਦੀ ਕਚਹਿਰੀ ਵਿਚ ਇਹ ਝੂਠਾ ਸ਼ੋਸ਼ਾ ਛੱਡਿਆ ਗਿਆ ਸੀ। ਮੋਦੀ ਦਾ ਕਹਿਣਾ ਸੀ ਕਿ ਪਾਰਲੀਮੈਂਟ ਵਿਚ ਬੈਠੇ ਅਪਰਾਧਕ ਕੇਸਾਂ ਵਾਲੇ ਮੈਂਬਰਾਂ ਦੇ ਕੇਸ ਇੱਕ ਸਾਲ ਵਿਚ ਸਿਰੇ ਲਾਵਾਂਗੇ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਦੇਸ਼ ਦੇ ਸਾਹਮਣੇ ਰੱਖ ਦਿਆਂਗੇ। ਉਹ ਸਾਰੇ ਕੇਸ ਅਜੇ ਓਦਾਂ ਹੀ ਹਨ, ਇਹ ਵੀ ਸ਼ਾਇਦ ਇੱਕ ‘ਚੋਣ ਜੁਮਲਾ’ ਹੀ ਹੋਵੇਗਾ, ਜਿਸ ਦਾ ਅਰਥ ਹੈ ਕਿ ਪ੍ਰਧਾਨ ਮੰਤਰੀ ਸਮੁੱਚੇ ਭਾਰਤੀ ਲੋਕਾਂ ਸਾਹਮਣੇ ਕੋਰੀ ਗੱਪ ਛੱਡ ਗਿਆ ਸੀ। ਇਸ ਦੇ ਬਾਵਜੂਦ ਸਾਡੇ ਦੇਸ਼ ਦਾ ਰਾਜ ਪ੍ਰਬੰਧ ‘ਉਤਮ’ ਹੈ।
ਹਾਂ, ਇਹ ਰਾਜ ਪ੍ਰਬੰਧ ਏਨਾ ‘ਉਤਮ’ ਹੈ ਕਿ ਪਾਰਲੀਮੈਂਟ ਸਾਹਮਣੇ ਇੱਕੋ ਦਿਨ ਵਿਚ ਦੋ ਗੱਲਾਂ ਪੇਸ਼ ਹੁੰਦੀਆਂ ਹਨ, ਜਿਨ੍ਹਾਂ ਤੋਂ ਦੇਸ਼ ਦੀ ਉਤਮਤਾ ਜ਼ਾਹਰ ਹੋ ਜਾਂਦੀ ਹੈ। ਇੱਕ ਗੱਲ ਇਹ ਕਹੀ ਜਾਂਦੀ ਹੈ ਕਿ ਸਾਰੇ ਦੇਸ਼ ਦੇ ਕਿਸਾਨਾਂ ਦੇ ਸਿਰ ਬਹੱਤਰ ਹਜ਼ਾਰ ਕਰੋੜ ਰੁਪਏ ਕਰਜ਼ਾ ਹੈ ਅਤੇ ਉਸੇ ਦਿਨ ਇੱਕ ਗੱਲ ਵਿਰੋਧੀ ਧਿਰ ਦਾ ਇੱਕ ਮੈਂਬਰ ਕਹਿਣ ਲਈ ਉਠ ਖੜਾ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੇੜੂ ਗੌਤਮ ਅਡਾਨੀ ਵੱਲ ਵੀ ਭਾਰਤੀ ਬੈਂਕਾਂ ਦਾ ਕਰਜ਼ਾ ਬਹੱਤਰ ਹਜ਼ਾਰ ਕਰੋੜ ਹੀ ਹੈ। ਇੱਕ ਪਾਸੇ ਸਾਰੇ ਦੇਸ਼ ਦੇ ਕਿਸਾਨ, ਦੂਸਰੇ ਪਾਸੇ ਮੋਦੀ ਦਾ ਮਿੱਤਰ ਤੇ ਫਿਰ ਵੀ ਸਾਡਾ ਭਾਰਤ ਮਹਾਨ। ਇਹ ਉਹੋ ਗੌਤਮ ਅਡਾਨੀ ਹੈ, ਜਿਸ ਨੂੰ ਪਹਿਲਾਂ ਕਾਂਗਰਸੀਆਂ ਨੇ ਕੱਖ ਤੋਂ ਲੱਖਪਤੀ ਨਹੀਂ, ਕਰੋੜਪਤੀ ਤੇ ਫਿਰ ਅਰਬਪਤੀ ਬਣਾਇਆ ਸੀ ਤੇ ਜਦੋਂ ਗੁਜਰਾਤ ਦੇ ਦੰਗਿਆਂ ਪਿੱਛੋਂ ਅਟਲ ਬਿਹਾਰੀ ਵਾਜਪਾਈ ਦੇ ਇਸ਼ਾਰੇ ਉਤੇ ਭਾਰਤ ਦੇ ਸਾਰੇ ਸਨਅਤਕਾਰ ਨਰਿੰਦਰ ਮੋਦੀ ਦੇ ਖਿਲਾਫ ਬੋਲੇ ਸਨ, ਸਿਰਫ ਇਸ ਇਕੱਲੇ ਨੇ ਮੋਦੀ ਦੇ ਹੱਕ ਵਿਚ ਆਵਾਜ਼ ਉਠਾਈ ਸੀ। ਅਗਲੇ ਦਿਨ ਇਹ ਦੁਪਹਿਰ ਦੇ ਖਾਣੇ ਲਈ ਮੋਦੀ ਕੋਲ ਬੈਠਾ ਸੀ। ਹੁਣ ਆਸਟਰੇਲੀਆ ਤੱਕ ਉਸ ਦੀ ਧਾਂਕ ਹੈ, ਕਿਉਂਕਿ ਮੋਦੀ ਉਸ ਦੇ ਨਾਲ ਜੁ ਹੈ। ਭਾਰਤੀ ਬੈਂਕਾਂ ਦੇ ਨੌਂ ਹਜ਼ਾਰ ਕਰੋੜ ਮਾਰਨ ਵਾਲਾ ਵਿਜੇ ਮਾਲਿਆ ਦੇਸ਼ ਤੋਂ ਭੱਜ ਗਿਆ, ਨੌਂ ਹਜ਼ਾਰ ਕਰੋੜ ਤੋਂ ਅੱਠ ਗੁਣਾਂ ਵੱਧ ਵਾਲਾ ਗੌਤਮ ਅਡਾਨੀ ਇਸ ਦੇਸ਼ ਅੰਦਰ ਇੱਕ ਇੱਜ਼ਤਦਾਰ ਸਨਅਤਕਾਰ ਹੈ, ਕਿਉਂਕਿ ‘ਸਈਆਂ ਭਏ ਕੋਤਵਾਲ, ਅਬ ਡਰ ਕਾਹੇ ਕਾ’ ਵਾਲੀ ਮਿਸਾਲ ਵਾਂਗ ਨਰਿੰਦਰ ਮੋਦੀ ਦੀ ਉਸ ਨੂੰ ਓਟ ਹਾਸਲ ਹੈ। ਕਦੇ ਇਸ ਦੇਸ਼ ਵਿਚ ਬਿਰਲਾ, ਟਾਟਾ, ਡਾਲਮੀਆ, ਸਿੰਘਾਨੀਆ ਦਾ ਨਾਂ ਗਿਣਾ ਕੇ ਲੋਕ ਸਰਮਾਏਦਾਰੀ ਦੀ ਚਰਚਾ ਕਰਦੇ ਸਨ, ਹੁਣ ਅੰਬਾਨੀਆਂ ਤੋਂ ਅਡਾਨੀਆਂ ਤੱਕ ਬਾਰੇ ਚਰਚੇ ਸੁਣਦੇ ਹਨ ਤੇ ਫਿਰ ਇਹ ਸੁਣਨ ਦੀ ਲੋੜ ਨਹੀਂ ਰਹਿੰਦੀ ਕਿ ਚੀਨ ਵੀ ਕੋਈ ਦੇਸ਼ ਹੈ, ਪਾਕਿਸਤਾਨ ਵੀ ਕੋਈ ਦੇਸ਼ ਹੈ ਤੇ ਅਮਰੀਕਾ ਵੀ ਕੋਈ ਦੇਸ਼ ਹੈ, ਸਗੋਂ ਭਾਰਤ ਹੀ ਉਹ ‘ਮਹਾਨ’ ਦੇਸ਼ ਹੈ, ਜਿੱਥੇ ਇਹ ਸਭ ਕੁਝ ਹੁੰਦਾ ਹੈ, ਕਿਉਂਕਿ ਭਾਰਤ ਹੁਣ ਇਸ ਹੱਦ ਤੱਕ ਮਹਾਨ ਹੋ ਚੁੱਕਾ ਹੈ ਕਿ ਸਭ ਕੁਝ ਬਰਦਾਸ਼ਤ ਕਰ ਸਕਦਾ ਹੈ। ਏਸੇ ਲਈ ਇਸ ਦਾ ਰਾਜ ਪ੍ਰਬੰਧ ‘ਉਤਮ’ ਹੈ।
ਜਦੋਂ ਅਸੀਂ ਇਸ ਦੇਸ਼ ਦੇ ਰਾਜ ਪ੍ਰਬੰਧ ਦੇ ‘ਉਤਮ’ ਕਹੇ ਜਾਣ ਨੂੰ ਇੱਕ ਮਜ਼ਾਕ ਸਮਝਦੇ ਹਾਂ ਤਾਂ ਇਸ ਵਿਚ ਸਾਡੀ ਇਹ ਭਾਵਨਾ ਬਿਲਕੁਲ ਨਹੀਂ ਕਿ ਅਸੀਂ ਦੇਸ਼ ਨੂੰ ਉਤਮ ਨਹੀਂ ਮੰਨਦੇ। ਜਿਸ ਦੇਸ਼ ਨੂੰ ਅਸੀਂ ਬਚਪਨ ਤੋਂ ਲੈ ਕੇ ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ’ ਕਿਹਾ ਹੈ, ਉਸ ਦੀ ਉਤਮਤਾ ਹੋਰ ਗੱਲ ਹੈ ਤੇ ਉਸ ਦੇਸ਼ ਦੇ ਰਾਜ-ਪ੍ਰਬੰਧ ਦੀ ‘ਉਤਮਤਾ’ ਹੋਰ ਗੱਲ, ਜਿਹੜੀ ਕੁਝ ਲੋਕ ਰਲਗੱਡ ਕਰੀ ਜਾ ਰਹੇ ਹਨ। ‘ਇੰਦਰਾ ਇਜ਼ ਇੰਡੀਆ’ ਅਤੇ ‘ਇੰਦਰਾ ਗਾਂਧੀ ਭਗਵਾਨ ਦਾ ਦਿੱਤਾ ਤੋਹਫਾ’ ਕਹਿਣ ਤੋਂ ‘ਨਰਿੰਦਰ ਮੋਦੀ ਭਗਵਾਨ ਦਾ ਦਿੱਤਾ ਤੋਹਫਾ’ ਕਹਿਣ ਵਾਲੇ ਬੰਦੇ ਤਾਂ ਵੱਖੋ-ਵੱਖ ਹੋ ਸਕਦੇ ਹਨ, ਭਾਵਨਾ ਇੱਕੋ ਹੀ ਹੈ। ਇਹੋ ਭਾਵਨਾ ਜੜ੍ਹੀਂ ਬਹਿੰਦੀ ਜਾਂਦੀ ਹੈ ਇਸ ਦੇਸ਼ ਦੇ।