…ਤੇ ਚੌਕੀਦਾਰ ਜੱਗੀ ਵੀ ਬੋਲ ਪਿਆ!

ਜਿਸ ਯੁੱਗ ਵਿਚ ਮੌਤ ਦਾ ਸਮਾਨ ਵੱਧ ਅਤੇ ਅਸਾਨੀ ਨਾਲ ਮਿਲਣ ਲੱਗ ਪਵੇ, ਉਸ ਵਿਚ ਲੰਮੀਆਂ ਉਮਰਾਂ ਦੇ ਸੁਪਨੇ ਛੱਡ ਦੇਣੇ ਚਾਹੀਦੇ ਹਨ। ਜਿਸ ਦੌਰ ਵਿਚ ਬੱਚਿਆਂ ਨੂੰ ਡਾਕਟਰ ਬਣਾਉਣ ਲਈ ਮਾਂ-ਬਾਪ ਅਰਦਾਸਾਂ ਕਰਨ, ਡਾਕਟਰ ਅਮੀਰ ਤੇ ਖੁਸ਼ਹਾਲ ਹੋਣ, ਉਸ ਦੌਰ ਵਿਚ ਵੀ ਬੰਦਾ ਬਿਮਾਰੀਆਂ ਘਟਣ ਦੇ ਅੰਦਾਜ਼ੇ ਲਾਵੇ, ਮੰਨਿਆ ਹੀ ਨਹੀਂ ਜਾ ਸਕਦਾ! ਉਚਿਆਂ ਮਹਿਲਾਂ ਵਿਚ ਰਹਿਣ ਤੇ ਮਹਿੰਗੇ ਲੀੜੇ ਪਹਿਨਣ ਵਾਲੇ ਲੋਕ, ਤੁਹਾਨੂੰ ਲੱਗਦਾ ਹੀ ਹੈ ਕਿ ਖੁਸ਼ਹਾਲ ਤੇ ਪ੍ਰਸੰਨ ਹੋਣਗੇ ਪਰ ਅਸਲ ਵਿਚ ਲੋਕ ਐਵੇਂ ਪਰਦਾ ਹੀ ਮਹਿੰਗਾ ਕਰ ਰਹੇ ਹਨ। ਖੁਸ਼ ਸ਼ਾਇਦ ਉਹ ਸੜਕ ‘ਤੇ ਬੈਠੇ ਮੰਗਤੇ ਨਾਲੋਂ ਵੀ ਘੱਟ ਹੋਣ।

ਆਪਣੇ ਮੁਲਕ ਵਿਚ ਪੁਲਿਸ ਨਾਲ ਘੱਟ ਵਰਦੀ ਨਾਲ ਵੱਧ ਨਫਰਤ ਹੋਣ ਲੱਗ ਪਈ ਹੈ। ਇਸੇ ਕਰਕੇ ਵੱਡੇ ਲੀਡਰਾਂ ਨੇ ਆਪਣੇ ਸੁਰੱਖਿਆ ਗਾਰਡਾਂ ਦੇ ਕੱਪੜੇ ‘ਕਾਲੇ’ ਪੁਆ ਦਿੱਤੇ ਹਨ। ਜਦੋਂ ਕਾਲੇ ਕੱਛੇ ਵਾਲਿਆਂ ਦਾ ਰੌਲਾ ਪੰਜਾਬ ਵਿਚ ਬਹੁਤਾ ਪਿਆ ਸੀ, ਉਦੋਂ ਚੰਡੀਗੜ੍ਹ ਗਏ ਗੋਰੇ ਨੂੰ ਪਤਾ ਲੱਗਾ ਸੀ ਕਿ ਅੰਡਰਵੀਅਰ ਦਾ ਅਰਥ ਪੰਜਾਬੀ ਵਿਚ ‘ਕਾਲਾ ਕੱਛਾ’ ਹੁੰਦਾ ਹੈ। ਵਿਆਹ ਵਾਲੇ ਦਿਨ ਜਦੋਂ ਬਹੂ ਲਾਲ ਸਾਲੂ ਵਿਚ ਮੁਸਕਰਾ ਕੇ ਨੀਵੀਂ ਪਾਉਂਦੀ ਹੈ ਤਾਂ ਮਰਦ ਸਮਝਦੈ ਕਿ ਗ੍ਰਹਿਸਥ ਫੁੱਲਾਂ ਦੀ ਸੇਜ ਹੋਵੇਗੀ ਪਰ ਜਦੋਂ ‘ਸੂਰਜ ਡੁੱਬਣ ਤੋਂ ਪਹਿਲਾਂ ਬੰਦਿਆਂ ਵਾਂਗ ਘਰੇ ਆ ਜਾਈਂ’ ਸੁਣਦੈ ਤਾਂ ਬਿਸਤਰ ‘ਤੇ ਸੂਲਾਂ ਵਿਛੀਆਂ ਜਾਪਦੀਆਂ ਹਨ। ਸੁਨੱਖੀ ਤੀਵੀਂ ਲਈ ਝੁੱਡੂ ਪਤੀ ਚੌਕੀਦਾਰ ਹੀ ਹੁੰਦਾ ਹੈ ਪਰ ਮੈਂ ਇਥੇ ਆਪਣੇ ਪਿੰਡਾਂ ਵਾਲੇ ਉਦਾਸ ਚੌਕੀਦਾਰਾਂ ਦੀ ਬਾਤ ਪਾਉਣ ਲੱਗਾ ਹਾਂ, ਕਿਉਂਕਿ ਹੁਣ ਕਈ ਦਿਨ, ਰਾਤਾਂ ਤੋਂ ਵੀ ਵੱਧ ਡਰਾਉਣੇ ਹੁੰਦੇ ਜਾ ਰਹੇ ਹਨ।

ਐਸ਼ ਅਸ਼ੋਕ ਭੌਰਾ
“ਜੁਆਨਾ ਕੀ ਹਾਲ ਐ? ਅੱਜ ਮਨ Ḕਚ ਆਇਆ ਕਿ ਪਿੰਡ ਦਾ ਹਾਲ-ਚਾਲ ਈ ਪੁੱਛ ਕੇ ਆਈਏ ਕਿਉਂਕਿ ਕਲਯੁਗ ਤਾਂ ਗੋਡੇ ਗੋਡੇ ਚੜ੍ਹਿਆ ਪਿਆ, ਹੁਣ ਤਾਂ ਲੋਹੜਾ ਈ ਆਇਆ ਪਿਆ ਹੋਣੈ, ਕਈ ਦਿਨ ਦਾ ਸੋਚਦਾ ਸੀ ਅੱਜ ਮਨ ਬਣਾ ਹੀ ਲਿਆ।”
“ਉਹ ਬੱਲੇ ਤਾਇਆ ਜੱਗੀ ਤੂੰ! ਉਹ ਸਾਡਾ ਚੌਕੀਦਾਰ ਤਾਇਆ!”
“ਕਿੱਦਾਂ ਜੁਆਨਾ ਤੂੰ ਬੰਸੀ ਲਾਲ ਦਾ ਜੁਗਲ ਕਿਸ਼ੋਰ ਨ੍ਹੀਂ?
“ਆਹੋ ਤਾਇਆ।”
“ਜੁਆਨਾ ਸਾਨੂੰ ਵੀ ਕਦੇ ਲੋਕ ਬਹੁਤ ਜਾਣਦੇ ਹੁੰਦੇ ਸੀ ਪਰ ਹੁਣ ਸੁਣਿਐ, ਨਾਂ ਤੇਰਾ ਵੀ ਬਹੁਤ ਐ। ਸਾਡੇ ਵੇਲੇ ਤਾਂ Ḕਚੌਕੀਦਾਰ ਸਾਬ੍ਹ, ਚੌਕੀਦਾਰ ਸਾਬ੍ਹḔ ਹੁੰਦੀ ਸੀ ਜਿੱਧਰ ਵੀ ਜਾਈਦਾ ਸੀ। ਅਜੇ ਕੱਲ੍ਹ ਪਰਸੋਂ ਠਾਕਰ ਟੱਕਰਿਆ ਸੀ, ਲੰਬੜਦਾਰ। ਉਹ ਦੱਸਦਾ ਸੀ ਕਿ ਅੱਗੇ ਤਾਂ ਬਈ ਲੰਬੜਦਾਰ ਦੀ ਲੋਲੋ ਬਣਾ ਕੇ ਲੋਕੀਂ ਕੁੱਟਦੇ ਹੁੰਦੇ ਸੀ, ਮੱਥੇ ਲੱਗਣ Ḕਤੇ। ਹੁਣ ਤਾਂ ਸਰਪੰਚਾਂ ਦੀ ਵੀ ਥੂਅ-ਥੂਅ ਹੁੰਦੀ ਐ। ਕਈ ਪਿੰਡਾਂ Ḕਚ ਤਾਂ ਲੀਡਰਾਂ ਨੇ ਸਰਪੰਚ ਸ਼ਰੀਫ ਰਹਿਣ ਹੀ ਨਹੀਂ ਦਿੱਤੇ।”
“ਤਾਇਆ, ਗੱਲ ਤਾਂ ਤੇਰੀ ਠੀਕ ਐ ਪਰ ਮੈਂ ਦੱਸਦਾਂ।”
“ਐਂ ਕਰ, ਮੈਂ ਹੈਗਾਂ ਕਾਹਲੀ Ḕਚ, ਤੂੰ ਪਹਿਲਾਂ ਮੇਰੀਆਂ ਗੱਲਾਂ ਸੁਣ ਲੈ, ਆਪਣੀ ਬਾਅਦ ‘ਚ ਦੱਸੀਂ। ਮੈਂ ਦੱਸਦਾਂ, ਸਾਡੇ ਵੇਲੇ ਪਿੰਡ Ḕਚ ਕੀ ਹੁੰਦਾ ਸੀ। ਤੂੰ ਹੁਣ ਦੱਸੀਂ ਪੁੱਤਰਾ ਕਿ ਹੁਣ Ḕਨਿੰਮ ‘ਤੇ ਕਰੇਲਾḔ ਚੜ੍ਹਿਆ ਹੈ ਕਿ ਕਰੇਲੇ ‘ਤੇ ਨਿੰਮ?”
“ਚੱਲ ਤਾਇਆ ਦੱਸ ਫਿਰ।”
“ਪਿੰਡ ਦੀਆਂ ਧੀਆਂ ਭੈਣਾਂ, ਜੁਆਨਾ! ਧੀਆਂ ਭੈਣਾਂ ਈ ਹੁੰਦੀਆਂ ਸਨ। ਮਜਾਲ ਐ, ਕੋਈ ਅੱਖ ਪੱਟ ਕੇ ਵੀ ਵੇਖ ਲਵੇ। ਇਕ ਵਾਰ, ਕਿਤੇ ਲੋਹਾਰਾਂ ਦੇ ਭਗਤੇ ਦੇ ਮੁੰਡੇ ਲੱਛੂ ਨੇ ਪੰਡਿਤਾਂ ਦੀ ਕੁੜੀ ਨੂੰ ਟਿੱਚਰ ਕਰ’ਤੀ। ਪਰ੍ਹਿਆ ਜੁੜ ਗਈ ਪਿੰਡ ਦੀ। ਸਰਪੰਚ ਸੀ ਉਦੋਂ ਆਪਣਾ ਬਾਹਰਲੇ ਖੂਹ ਆਲਿਆਂ ਦਾ ਕਰਤਾਰਾ। ਉਹ ਕਹੇ, ਇਸ ਸਾਲੇ ਨੂੰ ਪਿੰਡੋਂ ਕੱਢਣਾ, ਇਹਦੀ ਹਿੰਮਤ ਕਿੱਦਾਂ ਪਈ ਪਿੰਡ ਦੀ ਕੁੜੀ ਛੇੜਨ ਦੀ। ਲਾਲਾ ਦਿਆਲ ਚੰਦ ਕਹੇ, Ḕਕੋਈ ਨ੍ਹੀਂ ਮੇਰੀ ਕੁੜੀ ਸੀ, ਇਹਨੂੰ ਲੁੱਚੇ ਕੰਜਰ ਨੂੰ ਘੂਰ ਘਾਰ ਕੇ ਛੱਡ ਦਿਓ।Ḕ ਪਰ ਪਿੰਡ ਦੇ ਮੋਹਬਤਰ ਬੰਦੇ ਗੱਲ ਕਿੱਥੇ ਥੱਲੇ ਪੈਣ ਦੇਣ? ਬਈ ਅੱਜ ਸਾਲੇ ਨੇ ਇਹ ਹਰਕਤ ਕੀਤੀ ਐ, ਕੱਲ੍ਹ ਕੋਈ ਹੋਰ ਕਰੂ। ਚਲੋ ਜੀ, ਫੈਸਲਾ ਹੋਇਆ ਬਈ ਭਗਤਾ ਆਪਣੇ ਮੁੰਡੇ ਦੇ ਸਿਰ Ḕਚ ਪੰਜ ਜੁੱਤੀਆਂ ਮਾਰੂ। ਭਗਤਾ ਕਹਿੰਦਾ, ਜੀ ਮਨਜ਼ੂਰ ਐ। ਲਓ ਜੀ, ਲੱਛੂ ਨੂੰ ਐਨ ਸੱਥ ਦੇ ਵਿਚਾਲੇ ਬਿਠਾ ਲਿਆ। ਭਗਤਾ ਹੋ ਗਿਆ ਸ਼ੁਰੂ। ਬਈ ਪੁਲਿਸ ਵਾਲਿਆਂ ਦੇ ਪਟੇ ਆਂਗੂ ਉਲਰ ਉਲਰ ਲਿਆਵੇ ਜੱਤੀ! ਪੰਜ ਮਾਰ, ਸੱਤ ਮਾਰ ਜਦੋਂ ਪੰਦਰਾਂ ਵੀਹਾਂ ਨਾਲ ਸਿਰ ਹੀ ਭੰਨ ਦਿੱਤਾ ਤਾਂ ਲੰਬੜਦਾਰ ਨੇ ਹੱਥੋਂ ਫੜ ਲਈ ਜੁੱਤੀ। ਬਈ ਭਗਤਿਆ ਫੁੱਲ ਭਰ ਮੁੰਡਾ, ਜੁਆਨ ਜਹਾਨ ਐ, ਜੇ ਗਲਤੀ ਕਰ ਈ ਲਈ ਤਾਂ ਮਾਰ ਈ ਦੇਣਾ? ਭਗਤਾ ਕਹੇ, ਲਾਲੇ ਹੁਰਾਂ ਨਾਲ ਸਾਡਾ ਤਿੰਨ ਪੀੜ੍ਹੀਆਂ ਦਾ ਪਿਆਰ ਐ, ਇਸ ਕੁੱਤੇ ਨੇ ਮੇਰੀ ਪੱਗ ਲੁਹਾ ਦਿੱਤੀ। ਅੱਗੇ ਸੁਣ, ਬਈ ਜੁਆਨਾ! ਲੰਬੜਦਾਰ ਮੈਨੂੰ ਦੱਸੇ ਪਈ ਧੰਨੇ ਦੀ ਨੂੰਹ ਠਾਕਰਾਂ ਦੇ ਦੀਪੇ ਨਾਲ ਭੱਜ ਗਈ, ਸਵਰਨੇ ਦੀ ਬਹੂ ਘਰੇ ਚਕਲਾ ਚਲਾਉਂਦੀ ਪੁਲਿਸ ਨੇ ਫੜ ਲਈ। ਇਹ ਕੁੜੀਆਂ-ਮੁੰਡੇ ਪਿੰਡ ਈ ਇਕ ਦੂਜੇ ਨੂੰ Ḕਲਵ ਜੂ ਲਵ ਜੂḔ ਕਰੀ ਜਾਂਦੇ ਆ।”
“ਤਾਇਆ! ਇਹ ਤਾਂ ਕੁਝ ਵੀ ਨਹੀਂ, ਲੈ ਸੁਣ।”
“ਤੂੰ ਹੁਣ Ḕਕੱਠਾ ਈ ਦੱਸੀਂ ਬਾਅਦ Ḕਚ।”
“ਠੀਕ ਐ।”
“ਜਵਾਨਾ, ਜਦੋਂ ਅੱਗ ਲੱਗਣਿਆਂ ਦਾ ਜਸਵੰਤ ਸਿੰਘ ਸਰਪੰਚ ਬਣਿਆ, ਕਿਤੇ ਸੰਧੂਆਂ ਦੇ ਮੀਤੇ ਦੀ ਸ਼ਰਾਬ ਦੀ ਭੱਠੀ ਪੁਲਿਸ ਨੇ ਫੜ੍ਹ ਲਈ। ਲਾਹਣ ਵਾਲੇ ਘੜੇ, ਕੱਢਣ ਵਾਲਾ ਸਮਾਨ, ਦੌਰ ਤੇ ਪੈਪ ਗੱਡੀ Ḕਚ ਰੱਖਣ ਪੁਲਿਸ ਵਾਲੇ। ਸਰਪੰਚ ਜਸਵੰਤ ਸਿੰਘ ਬੜਾ ਕੱਬਾ ਸੀ। ਕਹਿਣ ਲੱਗਾ, ਤੁਸੀਂ ਸਾਡੇ ਪਿੰਡ ਵਿਚ ਵੜੇ ਕਿੱਦਾਂ? ਸਾਡੇ ਪਿੰਡ ਵਿਚ ਅੱਜ ਤੱਕ ਕਦੇ ਪੁਲਿਸ ਨਹੀਂ ਆਈ, ਜੇ ਆਈ ਹੋਊ ਤਾਂ ਸਰਪੰਚ ਕੋਲ ਆਈ ਹੋਊ, ਤੁਸੀਂ ਪਤੰਦਰੋ ਮੀਤਾ ਫੜ੍ਹਿਆ ਕਿੱਦਾਂ? ਪਿੰਡ ਮੇਰਾ, ਵਰਦੀ ਪਾ ਕੇ ਵੜੇ ਤੁਸੀਂ ਕਿੱਦਾਂ? ਉਹ ਤਾਂ ਭਾਈ ਪੁਲਿਸ ਵਾਲਿਆਂ ਦਾ ਰੂਲ ਪੁਲਿਸ ਵਾਲਿਆਂ ਦੁਆਲੇ ਵਰ੍ਹਾਉਣ ਨੂੰ ਫਿਰੇ। ਇਕ ਚਪਾਈ (ਸਿਪਾਹੀ) ਕਹਿੰਦਾ, Ḕਮੀਤਾ ਗਲਤ ਐ, ਸ਼ਰਾਬ ਕੱਢਦੈ।Ḕ ਸਰਪੰਚ ਦਾ ਪਾਰਾ ਫਿਰ ਚੜ੍ਹ ਗਿਆ, Ḕਸਾਲਿਓ ਪਿੰਡ ਮੇਰਾ, ਗਲਤ ਮੈਂ ਵੇਖਣਾ ਕਿ ਤੁਸੀਂ?Ḕ ਬਈ ਪੁਲਿਸ ਵਾਲੇ ਇਹ ਕਹਿ ਕੇ ਨੱਠ ਗਏ, Ḕਚੱਲ ਹੁਣ ਨਾ ਕੱਢੇ ਸ਼ਰਾਬ।Ḕ ਬਈ ਕਰਤਾਰਾ ਦੱਸੇ, ਹੁਣ ਜਿਹੜਾ ਸਰਪੰਚ ਆ ਰੁਲਦਾ ਸਿਹੁੰ, ਉਹ ਸਾਲਾ ਆਪ ਸ਼ਰਾਬ ਵੇਚਦਾ। ਅਮਲੀ ਕੈਲੇ ਦੀ ਵਿਧਵਾ ਤੀਂਵੀਂ ਰੱਖੀ ਫਿਰਦੈ। ਸਾਲਾ ਲੀਡਰਾਂ ਦਾ ਵੀ ਟੌਟ ਆ ਤੇ ਪੁਲਿਸ ਦਾ ਵੀ। ਹੁਣ ਤਾਂ ਪੁਲਿਸ ਵੀ ਸਾਲੀ ਘੰਟੇ ਘੰਟੇ ਬਾਅਦ ਪਿੰਡ ਤੁਰੀ ਫਿਰਦੀ ਆ।”
“ਤਾਇਆ ਪੁੱਛ ਨਾ!”
“ਪੁੱਛਣ ਤਾਂ ਤੈਨੂੰ ਆਇਆਂ ਪਰ ਦੱਸੀਂ ਬਾਅਦ Ḕਚ ਈ। ਆਪਣੇ ਭਰਾਈਆਂ ਦਾ ਕੈਲਾ ਕੰਜਰ ਡੋਡੇ ਪੀਣ ਲੱਗ ਪਿਆ। ਪਤਾ ਨ੍ਹੀਂ ਕਿੱਥੋਂ ਲਤ ਪਾ ਲਈ। ਪਿੰਡ ਸਾਰਾ ਉਹਨੂੰ ਅਮਲੀ ਕੈਲਾ ਕਿਹਾ ਕਰੇ। ਕਿਤੇ ਪੀਨਕ ਲੱਗ ਗਈ, ਪੱਤੇ ਚਾਰ ਵੱਧ ਪੀ ਲਏ। ਉਹਦੀ ਲੱਛਮੀ ਰੁੱਸ ਕੇ ਚਲੀ ਗਈ ਪੇਕਿਆਂ ਨੂੰ। ਬਈ ਕੰਧਾਂ Ḕਚ ਸਿਰ ਮਾਰੇ, Ḕਮੇਰੀ ਲੱਛਮੀ ਲਿਆ ਕੇ ਦਿਓ।Ḕ ਸਾਰਾ ਪਿੰਡ ਗਿਆ, ਮਸਾਂ ਲੱਛਮੀ ਲਿਆ ਕੇ ਦਿੱਤੀ ਪਰ ਪੱਤੇ ਪੀ ਕੇ ਗੱਲਾਂ ਜਿਹੜੀਆਂ ਸੁਣਾਉਂਦਾ, ਨਜ਼ਾਰੇ ਈ ਲਿਆ ਦਿੰਦਾ। ਬੋਹੜ ਥੱਲੇ ਬੈਠੇ ਲੋਕਾਂ ਨੇ ਕਹਿਣਾ, Ḕਬੱਲੇ ਤਾਇਆ ਕਿੱਦਾਂ? ਬੱਲੇ ਅਮਲੀਆ ਕਿੱਦਾਂ?Ḕ ਤਾਂ ਉਹ ਗੁੱਸਾ ਕਰਨ ਦੀ ਥਾਂ ਖੁਸ਼ ਹੋ ਕੇ ਆਂਹਦਾ, ਆਓ ਸਾਲਿਓ ਬੀਰਬਲ ਦੇ ਚੁਟਕਲੇ ਸੁਣਾਵਾਂ। ਨਾਂ ਤਾਂ ਉਹਦੇ ਪਿਓ ਦਾ ਵੀ ਬੀਰਬਲ ਸੀ ਪਰ ਉਹਨੇ ਅਕਬਰ ਵਾਲਾ ਬੀਰਬਲ ਮਸ਼ਹੂਰ ਕਰ ਦਿੱਤਾ ਸੀ ਪਿੰਡ Ḕਚ। ਹੁਣ ਲੰਬੜਦਾਰ ਠਾਕਰ ਇਹ ਵੀ ਦੱਸੇ, ਸੋਲਾਂ ਕੁੜੀਆਂ ਵਿਧਵਾ ਹੋ ਗਈਆਂ ਪਿੰਡ ਦੀਆਂ, ਚਾਰ ਜਣਿਆਂ ਦੀਆਂ ਛੱਡ ਕੇ ਭੱਜ ਗਈਆਂ, ਮੈਂ ਪੁੱਛਿਆ, Ḕਉਹ ਕਾਹਤੋਂ?Ḕ ਕਹਿੰਦਾ, ਸਾਲਿਆ ਤੈਨੂੰ ਨ੍ਹੀਂ ਪਤਾ, ਸਾਲੇ ਚਿੱਟਾ ਪੀਂਦੇ ਆ। ਮੈਂ ਪੁੱਛਿਆ ਕਿ ਭੁੱਕੀ ਤਾਂ ਭੂਰੇ ਰੰਗ ਦੀ ਹੁੰਦੀ ਐ, ਫੀਮ ਨਾਗ ਵਰਗੀ ਕਾਲੀ ਹੁੰਦੀ ਐ, ਇਹ ਸਾਲਾ ਚਿੱਟਾ ਕੀ ਆ ਗਿਆ ਹੁਣ? ਬਈ ਲੰਬੜਦਾਰ ਕਹਿੰਦਾ, ਛੁਣਛੁਣਾ ਵਜਾ ਬਹਿ ਕੇ, ਉਥੇ ਤਾਂ ਕਈ ਮੰਤਰੀਆਂ ਨੂੰ ḔਚਿੱਟਾḔ ਕਹਿੰਦੇ ਆ। ਸਾਲੇ ਕਾਲੇ ਰੰਗ ਦੇ ਵੀ ḔਚਿੱਟਾḔ ਈ ਪੀਈ ਜਾਂਦੇ ਆ। ਜੁਆਨਾ ਇਹ ḔਚਿੱਟਾḔ ਸਾਲਾ ਹੈਗਾ ਕੀ ਐ? ਆਉਂਦਾ ਕਿੱਥੋਂ ਆ?
“ਬਈ ਤਾਇਆ ਜੱਗੀ, ਪੰਜਾਬ Ḕਚ ਚਿੱਟਾ ਮੱਛਰ, ਚਿੱਟੀ ਪੱਗ, ਚਿੱਟਾ ਨਸ਼ਾ, ਚਿੱਟਾ ਕੱਫਣ, ਚਿੱਟੇ ਦਿਨ-ਥਾਂ ਥਾਂ ਚਿੱਟਾ ਚਿੱਟਾ ਹੋਈ ਪਈ ਆ, ਤੈਨੂੰ ਦੱਸਾਂ ਚਿੱਟਾ ਕੀ ਐ, ਚਿੱਟਾ ਤਾਂ ਰਾਤ ਨੂੰ ਵੀ ਚਮਕਦੈ!”
“ਜੁਆਨਾ ਦੱਸੀਂ ਪਰ ‘ਕੱਠਾ ਈ”
“ਤੈਨੂੰ ਰੋੜਿਆਂ ਦੇ ਫਕੀਰੇ ਦੀ ਗੱਲ ਦੱਸਦਾਂ। ਲੋਕਾਂ ਨੂੰ ਕਰਜ਼ਾ ਦਿੰਦਾ ਹੁੰਦਾ ਸੀ। ਸਾਲੇ ਨੇ ਵੀਹ ਰੁਪਏ ਦੇਣੇ ਤੇ ਪੰਜਾਹਾਂ ਦੀਆਂ ਡੰਡੀਆਂ ਰੱਖ ਲੈਣੀਆਂ, ਪੰਜਾਹ ਰੁਪਏ ਦੇਣੇ, ਤਵੀਤ ਗਹਿਣੇ ਰੱਖ ਲੈਣੇ। ਲਾਲਿਆਂ ਦਾ ਹੁੰਦਾ ਸੀਗਾ ਕਿਸ਼ੋਰੀ ਲਾਲ, ਉਹਨੇ ਲਾਲ ਵਹੀ ‘ਤੇ ‘ਗੂਠਾ ਲਵਾਉਣਾ, ਦੇਣੇ ਦਸ ਲਿਖਣੇ ਵੀਹ, ਸਾਲੇ ਨੇ ਦੋ ਸਾਲ ਦਾ ਵਿਆਜ ਪਹਿਲਾਂ ਹੀ ਠੋਕ ਦੇਣਾ। ਇਕ ਗੱਲ ਤੈਨੂੰ ਹੋਰ ਦੱਸਾਂ! ਆੜ੍ਹਤੀਏ ਬਨਵਾਰੀ ਲਾਲ ਨੇ ਪਿੰਡ ਗੇੜਾ ਮਾਰਨਾ ਕਣਕ ਦੀ ਵਾਢੀ ਦੇ ਦਿਨਾਂ ‘ਚ, ਆਪ ਈ ਕਣਕ ਚੁੱਕ ਲੈਣੀ, ਆਪ ਹੀ ਬਾਰਦਾਨਾ ਦੇ ਜਾਣਾ। ਮਜਾਲ, ਕੋਈ ਜੱਟ ਬਨਵਾਰੀ ਲਾਲ ਨੂੰ ਮਾੜਾ ਕਹਿ ਜਾਵੇ। ਕਾਮੇ ਵੀ ਖੁਸ਼ ਸੀਗੇ, ਜ਼ਿੰਮੀਦਾਰ ਵੀ ਖੁਸ਼, ਲਾਲੇ ਰੋੜੇ ਵੀ ਤੇ ਆੜ੍ਹਤੀਏ ਵੀ। ਹੁਣ ਪਤਾ ਲੱਗਾ ਕਿ ਜਾਗਰ ਵੀ ਮਰ ਗਿਆ, ਪਾਖਰ ਸਿਹੁੰ ਵੀ, ਗਿੱਲਾਂ ਦਾ ਹੀਰਾ ਵੀ, ਠੋਹਲੂਆਂ ਦਾ ਪ੍ਰਤਾਪ ਸਿਹੁੰ ਵੀ, ਬੱਚੂਆਂ ਦਾ ਮਲਕੀਤ ਵੀ, ਲਾਣੇਦਾਰਾਂ ਦਾ ਭੋਲਾ ਵੀ ਤੇ ਸੱਤ-ਅੱਠ ਹੋਰ ਮਰ ਗਏ। ਕਹਿੰਦੇ ਕਿਸੇ ਨੇ ਦੁਆਈ ਖਾ ਲਈ, ਕਿਸੇ ਨੇ ਬਾਹਰ ਖੇਤਾਂ Ḕਚ ਦਰਖਤਾਂ ਨਾਲ ਫਾਹਾ ਲੈ ਲਿਆ। ਸਾਲੇ ਦੋ ਜਣਿਆਂ ਨੇ ਤੀਵੀਆਂ ਵੀ ਮਾਰ’ਤੀਆਂ, ਆਪ ਵੀ ਮਰ ਗਏ। ਇਨ੍ਹਾਂ ਨੇ ਕਿੰਨਾ ਕੁ ਕਰਜ਼ਾ ਦੇਣਾ ਸੀ? ਲੰਬੜਦਾਰ ਦੱਸੇ, ਬਈ ਅਸੀਂ ਬਥੇਰਾ ਕਿਹਾ ਕਿ ਨਾ ਲਓ ਟਰੈਕਟਰ ਪਰ ਊਂ ਕਹਿੰਦੇ ਨੇ ਐਧਰ ਮਾਲਵੇ Ḕਚ ਇਕ ਸੁੰਡੀ ਨੇ ਖਾ ਲਏ ਸਾਰੇ, ਇਕ ਮੰਤਰੀ ਜੜ੍ਹਾਂ Ḕਚ ਬਹਿ ਗਿਆ। ਭਲਾ ਇਹ ਜੱਟ ਜ਼ਿਮੀਦਾਰ ਸੱਚੀਂ ਐਦਾਂ ਮਰਨ ਲੱਗ ਪਏ? ਆਪਣੇ ਵੇਲੇ Ḕਚ ਤਾਂ ਕਿਤੇ ਵੈਸਾਖੀ ਵਾਲੇ ਦਿਨ ਡਾਂਗ ਮੋਢੇ ‘ਤੇ ਰੱਖ ਕੇ, ਦੁਸਹਿਰੇ ਵਾਲੇ ਦਿਨ ਅਤਰ ਫਲੇਲ ਲਾ ਕੇ ਦੇਸੀ ਪਊਆ ਪੀ ਕੇ ਕਿਤੇ ਜੱਟਾਂ ਦਾ ਬਖਤਾਵਰ ਸਿੰਘ ਨਿਕਲਦਾ ਹੁੰਦਾ ਸੀ ਤਾਂ ਲੋਕੀਂ ਕਹਿੰਦੇ ਹੁੰਦੇ ਸੀ, ਆਹ ਐ ਜੱਟ!”
“ਤਾਇਆ ਹਾਲੇ ਤਾਂ ਹੋਰ ਮਰਨਗੇ। ਕਈਆਂ ਦੇ ਪੁੱਤ ਵੀ ਮਰ’ਗੇ ਤੇ ਆਪ ਵੀ। ਪੁੱਤ ਸਮੈਕ ਨੇ ਖਾ ਲਿਆ ਤੇ ਪਿਓ ਕਰਜ਼ ਨੇ।”
“ਬਈ ਜੁਆਨਾ, ਆਹ ḔਸਮੈਕḔ ਕੀ ਐ। ਲੰਬੜਦਾਰ ਠਾਕਰ ਕਹੇ ਕਿ ਰੱਤੀਆਂ Ḕਚ ਸੋਨਾ ਤਾਂ ਵਿਕਦਾ ਹੁੰਦਾ ਸੀ, ਹੁਣ ḔਸਮੈਕḔ ਵਿਕਦੀ ਐ! ਇਕ ਪੁੜੀ ਦਸ ਹਜ਼ਾਰ, ਪੰਜ ਹਜ਼ਾਰ। ਲੋਕਾਂ ਨੂੰ ਲੋਕ-ਗੀਤ ਭੁੱਲ ਗਏ, ਸਮੈਕ ਚੇਤੇ ਆ। ਕਿਤੇ ਜੰਞ ਨਾਲ ਗਿਆਂ ਨੇ ਦੁਪਹਿਰ ਨੂੰ ਲੀੜੇ ਬਦਲ ਕੇ ਘੁੱਟ ਲਾਉਣੀ, ਫਿਰ ਭੰਗੜੇ ਪੈਂਦੇ। ਹੁਣ ਸਹੁਰੀ ਦੇ ਸਮੈਕ ਪੀ ਕੇ ਗੋਲੀਆਂ ਚਲਾਉਂਦੇ ਆ। ਲੰਬੜਦਾਰ ਨੂੰ ਪੁੱਛਿਆ, ਉਹਦਾ ਟਕੇ ਵਰਗਾ ਓਹੀ ਜਵਾਬ। ਇਹ ਤਾਂ ਬਹਾਦਰ ਸਿਹੁੰ ਕਰਦਾ, ਉਹ ਵੇਚਦਾ। ਮੈਂ ਕਿਹਾ ਉਹ ਤਾਂ ਲੀਡਰ ਐ। ਉਹ ਬਣਾ ਸੁਆਰ ਕੇ ਕਹਿਣ ਲੱਗਾ, ਇਹੀ ਤਾਂ ਵੇਚਦੇ ਆ। ਮੇਰੀ ਜੁਆਨਾ ਜਾਨ ਨਿਕਲ ਗਈ। ਭਲਾ ਇਹ ਸੱਚ ਆ?”
“ਤਾਇਆ ਇਹ ਬਾਡਰ ਤੋਂ ਭਲਾ ਤੂੰ ਮੈਂ ਲੰਘਾਹ ਲੈਣੀ ਆ? ਕੱਲ੍ਹ ਕਹਿੰਦੇ ਕਿੱਲੋ ਫੜੀ ਦੋ ਸੋ ਕਰੋੜ ਦੀ।”
“ਰੁਪਿਆਂ ਦੀ?”
“ਨਾ ਹੋਰ ਤਾਇਆ ਕਿਤੇ ਇਹ ਠੀਕਰੀਆਂ ਦੀ ਮਿਲਦੀ ਆ। ਤੈਨੂੰ ਦੱਸਾਂ ਕਿੰਨੀ ਰੋਜ਼ ਫੜ ਹੁੰਦੀ ਐ।”
“ਪਰ ਲੰਬੜਦਾਰ ਕਹਿੰਦਾ, ਪੁਲਿਸ ਆਲਿਆਂ ਦੀਆਂ ਮੌਜਾਂ। ਮੈਂ ਕਿਹਾ, ਉਹ ਕਿੱਦਾਂ? ਕਹਿਣ ਲੱਗਾ, ਅੱਗੇ ਥਾਣੇ Ḕਚ ਡੋਡੇ ਵਿਕਦੇ ਸੀ ਅੱਠ-ਨੌਂ ਸੌ ਨੂੰ ਕਿੱਲੋ, ਹੁਣæææ।”
ਬਈ ਜੁਆਨਾ! ਇਕ ਹੋਰ ਗੱਲ, ਜਦੋਂ ਆਪਣੇ ਪਿੰਡ ਦਾ ਫੌਜੀ ਸਤਨਾਮ ਸਿਹੁੰ ਸਰਪੰਚ ਬਣਿਆ, ਬਈ ਉਹਨੇ ਤਾਂ ਵਾਹਲੇ ਹੀ ਰੰਗ ਲਿਆ’ਤੇ ਸੀ। ਖੁਸਰਿਆਂ ਨੂੰ ਪੰਜ ਰੁਪਏ ਦੇ ਦਿੰਦਾ ਸੀ ਵਧਾਈ ਦੇ, ਕਈ ਸਾਲ ਪੰਜ ਬੰਦਿਆਂ ਤੋਂ ਵੱਧ ਬਰਾਤ ਨ੍ਹੀਂ ਢੁੱਕੀ ਪਿੰਡ Ḕਚ। ਲੌਡ (ਲਾਊਡ) ਸਪੀਕਰ ਵੀ ਉਹਨੇ ਵੱਜਣ ਨ੍ਹੀਂ ਦਿੱਤਾ। ਸਵੇਰ ਨੂੰ ਸੱਤ-ਅੱਠ ਸਪੀਕਰਾਂ Ḕਚ ਪਾਠ ਹੁੰਦੈ, ਦੋ ਤਿੰਨਾਂ Ḕਚ ਜਗਰਾਤਾ ਚੱਲਦੈ, ਇਹ ਇੰਨੇ ਰੌਲੇ ਗੌਲੇ Ḕਚ ਈ ਤੁਸੀਂ ਜੀਈ ਜਾਂਦੇ ਆਂ, ਫਿਰ ਕਹਿੰਦੇ ਜੁਆਕ ਨ੍ਹੀਂ ਪੜ੍ਹਦੇ, ਭਲਾ ਇਹ ਸੱਚ ਐ ਜੁਆਨਾ?”
“ਤਾਇਆ ਤੂੰ ਪੁੱਛ ਨਾ!”
“ਇਹੀ ਤਾਂ ਪੁੱਛਣੈ ਜੁਆਨਾ। ਇਕ ਹੋਰ ਦੱਸੀਂ ਪਈ ਸਾਡੇ ਵੇਲੇ ਤਾਂ ਜਦੋਂ ਵੋਟਾਂ ਪੈਂਦੀਆਂ ਤਾਂ ਬਾਹਰ ਸਪੀਕਰਾਂ Ḕਚ ਸੜਕਾਂ ‘ਤੇ ਬੜਾ ਰੌਲਾ ਪੈਂਦਾ, Ḕਜਿੱਤੇਗਾ ਬਈ ਜਿੱਤੇਗਾ, ਗਾਂ-ਵੱਛੇ ਵਾਲਾ ਜਿੱਤੇਗਾḔ ਕੋਈ ਕਹਿੰਦਾ, Ḕਵੋਟ ਪਾਉਣੀ ਤੱਕੜੀ ਨੂੰḔ, ਕਿਤੇ ਕਿਤੇ ਲੁਹਾਰਾਂ ਵਾਲਾ ਦਾਤੀ-ਹਥੌੜਾ ਹੁੰਦਾ ਸੀ, ਪਰ ਹੁਣ ਕਹਿੰਦੇ ਪੰਜਾ ਵੀ ਪੂਰਾ ਫਸਿਆ ਪਿਆ, ਤੱਕੜੀ ਪਤਾ ਨ੍ਹੀਂ ਕੀ ਕੀ ਤੋਲਦੀ ਐ, ਕਿਤੇ ਝਾੜੂ ਫਿਰਨ ਨੂੰ ਫਿਰਦੈ, ਹਾਥੀ ਮੋਹਰੇ ਬਾਕੀ ਪਿੱਛੇ ਆ। ਜੁਆਨ ਸਮੈਕ ਨੂੰ ਵਿਕੀ ਜਾਂਦੇ ਆ, ਬੁੜ੍ਹੇ ਅਧੀਏ ਪਊਏ ਨੂੰ, ਅਮਲੀ ਭੁੱਕੀ ਨੂੰ, ਤੀਵੀਆਂ ਠੇਕਿਆਂ ਮੂਹਰੇ ਸਿਆਪਾ ਕਰਦੀਆਂ, ਹੁਣ ਕਹਿੰਦੇ ਫਿਰ ਵੋਟਾਂ ਆ ਗਈਆਂ। ਇਹ ਲੰਗਰ ਭਲਾ ਫਿਰ ਚੱਲੂ?”
“ਤਾਇਆ! ਅੱਗੇ ਕਹਿੰਦੇ ਹੁੰਦੇ ਸੀ, ਲੰਗਰ Ḕਚ ਸੰਗਤ ਬਦਲਦੀ ਆ ਦਾਲ ਨ੍ਹੀਂ ਬਦਲਦੀ ਤੇ ਲੀਡਰ ਜਿਹੜਾ ਲੰਗਰ ਲਾਉਂਦੇ ਆ ਉਹਦੇ Ḕਚ ਸੰਗਤ ਵੀ ਨਵੀਂ ਹੁੰਦੀ ਐ ਤੇ ਰੋਜ਼ ਦਾਲ ਵੀ ਨਵੀਂ। ਦੱਸਾਂ!”
“ਬੱਸ ਥੋੜ੍ਹੀ ਜਿਹੀ ਗੱਲ ਰਹਿ ਗਈ, ਫਿਰ ‘ਕੱਠਾ ਈ ਦੱਸ ਦਈਂ। ਭਲਾ ਕੁੰਦਨ ਨਾਈ ਤਾਂ ਮਰ ਗਿਆ ਹੋਣਾ ਹੁਣ ਤਾਂ? ਪਿੰਡ Ḕਚ ਵਿਆਹ ਹੋਣਾ, ਉਹ ਗੱਠਾਂ ਦੇਣ ਜਾਂਦਾ ਸੀ, ਵਿਆਹ ਦੀਆਂ। ਕਿਸੇ ਨੇ ਟਕਾ ਦੇ ਦੇਣਾ, ਕਿਸੇ ਨੇ ਦੁਆਨੀ, ਕਿਸੇ ਨੇ ਚੁਆਨੀ। ਵੇਖ ਲੈ, ਕੁੰਦਨ ਤਿੰਨ ਪੀੜ੍ਹੀਆਂ ਐਦਾਂ ਹੀ ਪਾਲ ਗਿਆ। ਕਿਸੇ ਨੇ ਪਿੰਡ Ḕਚ ਮਰ ਜਾਣਾ, ਅੱਧਾ ਪਿੰਡ ਦੱਸਣ ਤੁਰਿਆ ਹੁੰਦਾ ਸੀ। ਨੈਣ ਨੇ ਵੈਣ ਪਾ ਕੇ ਪੋਤੇ-ਪੋਤੀਆਂ ਪਾਲ ਲਏ ਤੇ ਹੁਣ! ਹੁਣ ਤਾਂ ਕਹਿੰਦੇ ਆ ਝੁਰਲੂ ਜਿਹਾ ਜੇਬ੍ਹੀ Ḕਚ ਪਾਈ ਫਿਰਦੇ ਆ, ਫੂਨ ਕਹਿੰਦੇ ਆ ਜਿਹਨੂੰ ਪਤਾ ਨ੍ਹੀਂ। ਨਾ ਬਾਪੂ ਨੂੰ ਪਤਾ ਲੱਗਦਾ ਨਾ ਬੇਬੇ ਨੂੰ, ਕੋਲੇ ਬਹਿ ਕੇ ਕੁੜੀ-ਮੁੰਡਾ ਇਕ ਦੂਜੇ ਨੂੰ ਪਿਆਰ ਕਰੀ ਜਾਂਦੇ ਆ, ਸਾਰਾ ਦਿਨ ਟਿਕ ਟਿਕ ਹੋਈ ਜਾਂਦੀ ਆ ਫੂਨ Ḕਤੇ। ਇਕ ਗੱਲ ਮੈਨੂੰ ਚੇਤੇ ਆ ਗਈ, ਪਈ ਪੰਡਿਤਾਂ ਦੇ ਜੰਗ ਬਹਾਦਰ ਨੇ ਰੁੱਕਾ ਲਿਖ ਕੇ ਸਿੱਟ ਦਿੱਤਾ ਭਜਨ ਸਿਹੁੰ ਦੀ ਕੁੜੀ ਨੂੰ।”
“ਤਾਇਆ ਰੁੱਕਾ ਕੀ ਹੁੰਦਾ ਸੀ?”
“ਕੰਜਰ ਦਿਓ! ਜਿਹਨੂੰ ਲਵ ਲੈਟਰ ਕਹਿੰਨੇ ਆ। ਹੁਣ ਸਾਲੇ ਉਹ ਵੀ ਮੁੱਕ ਗਏ, ਸਿੱਧੀਆਂ ਫੋਨ ‘ਤੇ ਗੱਲਾਂ। ਬਈ ਜੰਗ ਬਹਾਦਰ ਨੇ ਜਿੰਨੇ ਅੱਖਰ ਰੁੱਕੇ ਵਿਚ ਲਿਖੇ ਸੀ ਉਨੀ ਵਾਰੀ Ḕਭੈਣ ਜੀ ਗਲਤੀ ਹੋ’ਗੀ, ਭੈਣ ਜੀ ਗਲਤੀ ਹੋ’ਗੀḔ ਕਹਿ ਕੇ ਛੁਟਿਆ। ਸਾਲੇ ਦੇ ਸੱਤ ਚਪੇੜਾਂ, ਸਤਾਰਾਂ ਘਸੁੰਨ ਮਾਰੇ। ਭਰਾ ਭੈਣ ਨੂੰ, ਭੈਣ ਭਰਾ ਨੂੰ ਦੱਸੀ ਜਾਂਦੇ ਆ, ਫਲਾਣਾ ਮੇਰਾ ਮਿੱਤਰ ਆ, ਫਲਾਣੀ ਮੇਰੀ ਸਹੇਲੀ ਆ। ਇਹ ਸਾਲੇ ਲੋਕਾਂ ਨੂੰ ਚਿੱਬ ਕਿੱਦਾਂ ਪੈ ਗeੈ ਐਨੇ? ਕਹਿੰਦੇ ਲੱਕ ਟੁੱਟਣ ਨੂੰ ਫਿਰਦੈ। ਲੰਬੜਦਾਰ ਠਾਕਰ ਦੱਸੇ, ਬਈ ਚੌਕੀਦਾਰਾ ਇਹ ਤਾਂ ਗੱਲ ਈ ਕੁਝ ਨਹੀਂ। ਪਿੰਡ ਦੇ ਪਿੰਡ Ḕਚ ਮੁਕਲਾਵੇ ਆਉਣ ਨੂੰ ਫਿਰਦੇ ਆ। ਜਦੋਂ ਪਟਵਾਰੀ ਧਰਮ ਸਿਹੁੰ ਨਾਲ ਮੈਂ ਹੁੰਦਾ ਸੀ ਤਾਂ ਉਹਨੇ ਕਹਿਣਾ, ਬੁੱਕਾਂ ਚੱਕ ਕੇ ਲਿਆ, ਮੈਨੂੰ ਬੁੱਕਾਂ ਦਾ ਨਾ ਪਤਾ ਲੱਗਣਾ ਤੇ ਹੁਣ ਮੈਂ ਸੁਣਿਐ “ਫੇਬੁੱਕ” ਦਾ ਰੌਲਾ ਪਿਆ ਹੋਇਆ ਬਹੁਤ!
“ਤਾਇਆ ਫੇਬੁੱਕ ਨ੍ਹੀਂ, ਫੇਸਬੁੱਕ।”
“ਹਾਅ ਈ ਹਾਅ ਈ, ਧਰਮਰਾਜ ਵੀ ਬਣਾਈ ਫਿਰਦਾ ਫੇਸਬੁੱਕ। ਏਸ ਫੇਸਬੁੱਕ ਨੇ ਕਹਿੰਦੇ ਬਹੁਤ ਝਿੰਗਾਂ ਫਸਾਈਆਂ ਹੋਈਆਂ, ਜੇ ਕਿਤੇ ਇਹ ਬੰਦ ਹੋ’ਗੀ ਤਾਂ ਅੱਧੀ ਦੁਨੀਆਂ ਮਰਜੂ। ਭਲਾ ਇਹ ਸੱਚ ਐ?”
ਟਰਨ ਟਰਨ ਹੋਈ ਨਾਲ ਈ ਬੇਬੇ ਬੋਲ ਪਈ, “ਵੇ ਜੁਗਲ ਕਿਸ਼ੋਰਾ, ਆ ਤੇਰਾ ਲੱਗਦਾ ਤੜਕੇ ਈ ਫੇਰ ਦੁਹਾਈ ਪਾਉਣ ਲੱਗ ਪਿਆ, ਇਹਨੂੰ ਚੱਕ ਕੇ ਚੁੱਪ ਕਰਾ, ਸ਼ੁਦਾਈ ਕੀਤਾ ਪਿਆ ਸਾਰਾ ਟੱਬਰ, ਬੰਦ ਨ੍ਹੀਂ ਹੁੰਦੀ ਇਹਦੀ ਟੈਂ ਟੈਂ।”
ਤੇ ਨਾਲ ਹੀ ਜੁਗਲ ਕਿਸ਼ੋਰ ਨੇ ਮੱਥੇ ‘ਤੇ ਹੱਥ ਮਾਰਿਆ, “ਬੇਬੇ ਤੈਂ ਬੇੜਾ ਈ ਬਿਠਾ’ਤਾ।”
“ਤੈਨੂੰ ਸੁੱਤੇ ਪਏ ਨੂੰ ‘ਵਾਜ ਈ ਮਾਰੀ ਆ, ਮੈਂ ਕਿਹੜੀ ਡਾਂਗ ਮਾਰ’ਤੀ ਤੇਰੇ।”
“ਬੇਬੇ! ਮੈਂ ਤਾਂ ਚੌਕੀਦਾਰ ਤਾਏ ਜੱਗੀ ਨਾਲ ਗੱਲਾਂ ਕਰਦਾ ਸੀ।”
“ਉਹਨੂੰ ਤਾਂ ਮਰ ਗਏ ਨੂੰ ਪੰਜਾਹ ਸਾਲ ਹੋ’ਗੇ।”
“ਬੇਬੇ! ਉਹ ਤਾਂ ਮੈਨੂੰ ਦੱਸ ਗਿਆ ਆਪਣੇ ਵੇਲੇ ਦਾ ਪਿੰਡ ਦਾ ਹਾਲ, ਹੁਣ ਮੈਂ ਦੱਸਣਾ ਸੀ ਕਿ ਕਿਹੜੇ ਭਾਅ ਬੀਤਦੀ ਐ ਪਿੰਡ ‘ਤੇ, ਰਹਿ ਗਿਆ ਸਾਰਾ ਕੁਝ ਵਿਚ ਈ।”
————————
ਗੱਲ ਬਣੀ ਕਿ ਨਹੀਂ
ਰਾਜਨੀਤੀ ਦਾ ਦਾਇਰਾ
ਇਕ ਦੂਜੇ ਨੂੰ ਪੁੱਛਦੇ ਲੋਕੀ, ਕਿਸ ਰਾਜੇ ਦਾ ਪਹਿਰਾ ਹੈ?
ਪਰਜਾ ਦੇ ਪਿੰਡੇ ‘ਤੇ ਕਾਹਤੋਂ ਜ਼ਖਮ ਹੋ ਗਿਆ ਗਹਿਰਾ ਹੈ?
ਅੰਦਰ ਧਾਹਾਂ, ਸੁੱਕੀਆਂ ਅੱਖੀਆਂ, ਦੇਂਦੇ ਵੀ ਤਾਂ ਰੋਣ ਨਹੀਂ,
ਜੰਗਲ ਦੇ ਇਸ ਰਾਜ ‘ਚ, ਰਾਜਾ ਹੋ ਗਿਆ ਗੁੰਗਾ-ਬਹਿਰਾ ਹੈ।
ਘਰੋਂ ਤੋਰਦੀਆਂ ਮਾਂਵਾਂ, ਤਰਲੇ ਲੈ ਲੈ ਆਪਣੇ ਪੁੱਤਾਂ ਨੂੰ,
ਏਦਾਂ ਹੀ ਮੁੜ ਆਵੀਂ, ਤੇਰਾ ਬਾਪੂ ‘ਕੱਲਾ-ਕਹਿਰਾ ਹੈ।
ਭੋਇੰ ਗਹਿਣੇ ਸਭ ਵੇਚ’ਤੇ, ਨਿਗਲ ਗਿਆ ਇਹ ḔਚਿੱਟਾḔ ਹੀ,
ਪੱਗ ਲੱਥ ਗਈ ਸਿਰ ਤੋਂ, ਬਸ ਇਕ ਬਚਿਆ ਤੇੜ ਕਛਹਿਰਾ ਹੈ।
ਚੁੱਲ੍ਹੇ ਦੇ ਵਿਚ ਸਧਰਾਂ ਲੂਹ ਕੇ, ਪੱਕਦੀ ਰੋਟੀ ਹਉਂਕਿਆਂ ਦੀ,
ਇਸ ਧੰਦੇ ਵਿਚ ḔਲਾਟੀḔ ਬਣ ਗਿਆ ਹਰ ਇਕ ਐਰਾ-ਗੈਰਾ ਹੈ।
ਵੇਖੋ ਵੋਟ ਦੀ ਪਰਚੀ ਖਾਤਰ, ਵਿਕਦੀ ਨਿੱਤ ਜ਼ਮੀਰ ਪਈ,
ਪੈਰਾਂ ਦੇ ਵਿਚ ਮਿੱਧਿਆ ਸਭ ਨੇ, ਬੂਟਾ ਕਿੰਨਾ ਲੈਰਾ ਹੈ।
ਸਿਵਿਆਂ ਦੇ ਵਿਚ ਰੌਣਕ ਵਧ ਗਈ, ਪੌਣ Ḕਚ ਕੂਕਾਂ, ਵੈਣ ਭਰੇ,
ਕਿੱਡਾ ਵੱਡਾ ਹੋ ਗਿਆ ḔਭੌਰੇḔ, ਰਾਜਨੀਤੀ ਦਾ ਦਾਇਰਾ ਹੈ।