ਦਲਜੀਤ ਅਮੀ
ਫੋਨ: +91-97811-21873
ਭਾੜੇ ਦੇ ਕਾਤਲਾਂ ਦਾ ਮਸਲਾ, ਘਟਨਾਵਾਂ ਦੀ ਥਾਂ ਰੁਝਾਨ ਵਜੋਂ ਪਹਿਲੀ ਵਾਰ ਚਰਚਾ ਵਿਚ ਆਇਆ ਹੈ। ਵੱਖ-ਵੱਖ ਕਤਲਾਂ ਅਤੇ ਗੁੰਡਾ ਢਾਣੀਆਂ ਦੀਆਂ ਲੜਾਈਆਂ ਦੀਆਂ ਖ਼ਬਰਾਂ ਤਾਂ ਲਗਾਤਾਰ ਨਸ਼ਰ ਹੁੰਦੀਆਂ ਰਹੀਆਂ ਹਨ, ਪਰ ਇਹ ਪਹਿਲੀ ਵਾਰ ਹੈ ਕਿ ਇਨ੍ਹਾਂ ਦੇ ਸਿਰੇ ਆਪਸ ਵਿਚ ਜੋੜਨ ਦਾ ਉਪਰਾਲਾ ਹੋ ਰਿਹਾ ਹੈ। ਪੰਜਾਬ ਪੁਲਿਸ ਦੇ ਮੁਖੀ ਨੇ ਬਿਆਨ ਦਿੱਤਾ ਹੈ ਕਿ ਇਨ੍ਹਾਂ ਗੁੰਡਾ ਢਾਣੀਆਂ ਦਾ ਪੁਲਿਸ ਨਾਲ ਕੋਈ ਰਿਸ਼ਤਾ ਨਹੀਂ। ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਬਿਆਨ ਹਨ ਕਿ ਇਨ੍ਹਾਂ ਗੁੰਡਾ ਢਾਣੀਆਂ ਦਾ ਸਰਕਾਰ ਨਾਲ ਕੋਈ ਰਿਸ਼ਤਾ ਨਹੀਂ। ਇਨ੍ਹਾਂ ਅਹੁਦਿਆਂ ਉਤੇ ਬਿਰਾਜਮਾਨ ਪਤਵੰਤਿਆਂ ਦੇ ਬਿਆਨ ਆਉਣਗੇ ਤਾਂ ਟੈਲੀਵਿਜ਼ਨ-ਅਖ਼ਬਾਰਾਂ ਵਿਚ ਤਾਂ ਨਸ਼ਰ ਹੋਣੇ ਹੀ ਹਨ। ਇਨ੍ਹਾਂ ਬਿਆਨਾਂ ਨਾਲ ਜੁੜੇ ਕੁਝ ਤੱਥ ਅਖ਼ਬਾਰਾਂ ਵਿਚ ਅਕਸਰ ਛਪਦੇ ਰਹਿੰਦੇ ਹਨ।
ਜਦੋਂ ਕੋਈ ਕਤਲ ਹੁੰਦਾ ਹੈ ਤਾਂ ਸ਼ੱਕ ਦੇ ਘੇਰੇ ਵਿਚ ਆਏ ਮੁਲਜ਼ਮਾਂ ਬਾਰੇ ਪੁਲਿਸ ਦੇ ਬਿਆਨ ਛਪਦੇ ਹਨ। ਇਨ੍ਹਾਂ ਬਿਆਨਾਂ ਵਿਚ ਦਰਜ ਹੁੰਦਾ ਹੈ ਕਿ ਸ਼ੱਕ ਦੇ ਘੇਰੇ ਵਿਚ ਆਏ ਇਹ ਲੋਕ ਕੌਣ ਹਨ ਅਤੇ ਇਨ੍ਹਾਂ ਮਸ਼ਕੂਕ ਦੇ ਸਿਰ ਉਤੇ ਪਹਿਲਾਂ ਕਿੰਨੇ ਫੌਜਦਾਰੀ ਮਾਮਲੇ ਹਨ। ਇਹ ਵੀ ਛਪਦਾ ਹੈ ਕਿ ਸ਼ੱਕੀ ਅਤੇ ਮਕਤੂਲ ਦਾ ਆਪਸ ਵਿਚ ਪਹਿਲਾਂ ਕਿਵੇਂ ਦਾ ਰਿਸ਼ਤਾ ਸੀ ਅਤੇ ਇਹ ਰਿਸ਼ਤੇ ਵਿਚ ਪਿਆ ਫਿੱਕ ਦੁਸ਼ਮਣੀ ਵਿਚ ਕਿਵੇਂ ਬਦਲਿਆ। ਕਈ ਖ਼ਬਰਾਂ ਵਿਚ ਇਹ ਵੀ ਛਪਦਾ ਹੈ ਕਿ ਕਤਲ ਨੂੰ ਕਿਹੜੀਆਂ ਦੋ ਜਾਂ ਤਿੰਨ ਗੁੰਡਾ ਢਾਣੀਆਂ ਨੇ ਆਪਸੀ ਤਾਲਮੇਲ ਨਾਲ ਅੰਜਾਮ ਦਿੱਤਾ ਹੈ। ਮਸ਼ਕੂਕ ਜਾਂ ਮੁਲਜ਼ਮਾਂ ਦੇ ਜੀਵਨ ਵੇਰਵਿਆਂ ਵਿਚ ਦਰਜ ਹੁੰਦਾ ਹੈ ਕਿ ਉਨ੍ਹਾਂ ਦਾ ਪਿਛੋਕੜ ਵਿਧਾਨ ਸਭਾ ਵਿਚ ਹਾਜ਼ਰ ਸਿਆਸੀ ਧਿਰਾਂ ਦੀ ਸਰਪ੍ਰਸਤੀ ਵਿਚ ਬਣੀਆਂ ਵਿਦਿਆਰਥੀ ਅਤੇ ਨੌਜਵਾਨ ਜਥੇਬੰਦੀਆਂ ਨਾਲ ਜੁੜਦਾ ਹੈ।
ਪੰਜਾਬ ਦੇ ਬਹੁਤ ਸਾਰੇ ਵਿਦਿਅਕ ਅਦਾਰਿਆਂ ਵਿਚ ਅਜਿਹੀਆਂ ਵਿਦਿਆਰਥੀ ਜਥੇਬੰਦੀਆਂ ਹਨ ਜਿਨ੍ਹਾਂ ਦੀ ਸਮੁੱਚੀ ਕਾਰਗੁਜ਼ਾਰੀ ਸਿਆਸੀ ਅਤੇ ਸਭਿਆਚਾਰਕ ਸਮਾਗਮ ਕਰਵਾਉਣ ਜਾਂ ਵਿਦਿਆਰਥੀਆਂ ਦੇ ਨਿੱਜੀ ਕੰਮ ਕਰਵਾਉਣ ਤੱਕ ਮਹਿਦੂਦ ਹੈ। ਇਨ੍ਹਾਂ ਦਾ ਵਿਦਿਆਰਥੀਆਂ ਜਾਂ ਨੌਜਵਾਨਾਂ ਦੇ ਮੁੱਦਿਆਂ-ਮਸਲਿਆਂ ਨਾਲ ਕੋਈ ਰਾਬਤਾ ਨਹੀਂ ਹੈ। ਇਨ੍ਹਾਂ ਦੀ ਵਿਦਿਅਕ ਅਦਾਰਿਆਂ ਵਿਚ ਜ਼ਿਆਦਾਤਰ ਸਰਗਰਮੀ ਨੁਮਾਇਸ਼ੀ ਹੈ ਜੋ ਸਿਆਸੀ ਸਰਪ੍ਰਸਤੀ ਨੂੰ ਮੁਖ਼ਾਤਬ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀ ਚੋਣਾਂ ਵਿਚ ਕਈ ਜਥੇਬੰਦੀਆਂ ਪੰਜਾਹ ਲੱਖ ਰੁਪਏ ਤੋਂ ਵੱਧ ਖ਼ਰਚ ਕਰਨ ਦਾ ਦਾਅਵਾ ਕਰਦੀਆਂ ਹਨ। ਇਨ੍ਹਾਂ ਜਥੇਬੰਦੀਆਂ ਦੇ ਆਗੂ ਚੋਣਾਂ ਜਿੱਤ ਕੇ ਆਪਣੀਆਂ ਧਿਰਾਂ ਬਦਲਦੇ ਹਨ, ਤਾਂ ਵੱਡੇ ਸਿਆਸੀ ਆਗੂਆਂ ਦੀ ਪ੍ਰਧਾਨਗੀ ਵਿਚ ਸਮਾਗਮ ਹੁੰਦੇ ਹਨ। ਕਈ ਜਥੇਬੰਦੀਆਂ ਨੇ ਸਰਕਾਰੀ ਸਰਪ੍ਰਸਤੀ ਵਿਚ ਆਪਣਾ ਪਸਾਰਾ ਕੀਤਾ ਹੈ। ਇਨ੍ਹਾਂ ਜਥੇਬੰਦੀਆਂ ਦੇ ਆਗੂ ਸਿਆਸੀ ਸਮਾਗਮਾਂ ਵਿਚ ਗਿਣਤੀ ਵਧਾਉਣ ਦਾ ਕੰਮ ਕਰਦੇ ਹਨ। ਇਹੋ ਆਗੂ ਪੁਲਿਸ ਵਾਲਿਆਂ ਨਾਲ ਮਿਲ ਕੇ ਮੁਜ਼ਾਹਰੇ ਕਰਨ ਵਾਲੇ ਬੇਰੁਜ਼ਗਾਰ ਤਬਕੇ ਦੀ ਕੁੱਟ-ਮਾਰ ਕਰਦੇ ਹਨ। ਪਿਛਲੇ ਦਿਨਾਂ ਵਿਚ ਖੇਤੀਬਾੜੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਯੂਥ ਬ੍ਰਿਗੇਡ ਆਪਣੇ ‘ਕਾਰਨਾਮਿਆਂ’ ਕਾਰਨ ਚਰਚਾ ਵਿਚ ਰਹੀ ਸੀ।
ਇਨ੍ਹਾਂ ਵਿਦਿਆਰਥੀ ਜਥੇਬੰਦੀਆਂ ਵਿਚ ਬਹੁਤ ਸਾਰੇ ਗ਼ੈਰ-ਵਿਦਿਆਰਥੀ ਸਰਗਰਮ ਹਨ। ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਇੱਕ ਬਦਨਾਮ ਗੁੰਡਾ ਢਾਣੀ ਨੇ ਆਪਣੇ ਬਾਨੀ ਦੇ ਨਾਮ ਉਤੇ ਵਿਦਿਆਰਥੀ ਜਥੇਬੰਦੀ ਬਣਾਈ ਹੈ। ਇਸ ਦੇ ਨਾਮ ਉਤੇ ਪੰਜਾਬੀ ਫਿਲਮ ਵੀ ਬਣੀ ਹੈ। ਕਬਜ਼ਿਆਂ ਅਤੇ ਕੁੱਟ-ਮਾਰ ਦਾ ਕਾਰੋਬਾਰ ਕਰਨ ਵਾਲੀ ਇਸ ਢਾਣੀ ਦਾ ਮੁੱਢ ਬੰਨ੍ਹਣ ਵਾਲਾ ਬਾਅਦ ਵਿਚ ਆਪ ਵੀ ਕਤਲ ਹੋਇਆ ਸੀ। ਇਸ ਸਮੁੱਚੇ ਕਾਰੋਬਾਰ ਵਿਚ ਜ਼ਿਆਦਾਤਰ ਨੌਜਵਾਨ ਮੁੰਡੇ ਹਨ। ਪੂਰੀ ਦੁਨੀਆਂ ਦਾ ਇਤਿਹਾਸ ਗਵਾਹ ਹੈ ਕਿ ਇਸ ਕਾਰੋਬਾਰ ਵਿਚ ਬੰਦਿਆਂ ਦੀ ਉਮਰ ਛੋਟੀ ਹੀ ਹੁੰਦੀ ਹੈ। ਕੁਝ ਬੇਹੱਦ ਸ਼ਾਤਰ ਜਾਂ ਸਿਆਸਤ ਸਮੇਤ ਹੋਰ ਕਾਰੋਬਾਰਾਂ ਵਿਚ ਥਾਂ ਬਣਾਉਣ ਵਾਲੇ ਹੀ ਲੰਮੀ ਉਮਰ ਭੋਗਦੇ ਹਨ। ਉਂਜ ਇਸ ਕਾਰੋਬਾਰ ਵਿਚ ਲੰਮੀ ਉਮਰ ਸਬੱਬੀਂ ਹੀ ਨਸੀਬ ਹੁੰਦੀ ਹੈ। ਇਸ ਮਾਮਲੇ ਵਿਚ ਪੰਜਾਬ ਕੋਈ ਵੱਖਰਾ ਇਲਾਕਾ ਨਹੀਂ ਹੈ। ਡਿੰਪੀ, ਹੈਪੀ ਅਤੇ ਸੁੱਖੇ ਦੀਆਂ ਕੁਝ ਮਿਸਾਲਾਂ ਹਨ। ਇਸ ਕਾਰੋਬਾਰ ਵਿਚ ਬੇਕਿਰਕੀ ਮਾਅਨੇ ਰੱਖਦੀ ਹੈ। ਇਸ ਬੇਕਿਰਕੀ ਵਿਚ ਬੇਵਿਸਾਹੀ ਨਿਹਿਤ ਹੈ। ਇਹ ਜਿਵੇਂ ਮਾਰਦੇ ਹਨ, ਉਵੇਂ ਮਰਦੇ ਹਨ। ਇਸ ਕਾਰੋਬਾਰ ਦਾ ਫ਼ਿਦਾਈਨ ਖ਼ਾਸਾ ਹਮੇਸ਼ਾ ਸਿਆਸਤ ਅਤੇ ਮੁਨਾਫ਼ੇਖ਼ੋਰੀ ਨੂੰ ਰਾਸ ਆਉਂਦਾ ਹੈ। ਬੰਦੇ ਦੀ ਜਾਨ ਦੀ ਕੋਈ ਕੀਮਤ ਨਹੀਂ ਅਤੇ ਬੰਦਿਆਂ ਦੀ ਘਾਟ ਕੋਈ ਨਹੀਂ।
ਇਸ ਤੋਂ ਬਾਅਦ ਪੰਜਾਬ ਦੇ ਨਕਦੀ ਵਾਲੇ ਸਮੁੱਚੇ ਕਾਰੋਬਾਰ ਉਤੇ ਨਜ਼ਰ ਮਾਰੀ ਜਾ ਸਕਦੀ ਹੈ। ਪਿਛਲੇ ਦਿਨਾਂ ਵਿਚ ਅਖ਼ਬਾਰਾਂ ਵਿਚ ਖ਼ਬਰਾਂ ਛਪੀਆਂ ਹਨ ਕਿ ਫਰੀਦਕੋਟ ਵਿਚ ਕਤਲ ਹੋਣ ਵਾਲਾ ਗੈਂਗਸਟਰ ਵਪਾਰੀਆਂ-ਦੁਕਾਨਦਾਰਾਂ ਤੋਂ ਹਫ਼ਤਾ ਵਸੂਲਦਾ ਸੀ। ਜੇ ਕਿਸੇ ਨੂੰ ਇਹ ਦਲੀਲ ਵਧਵੀਂ ਜਾਪੇ ਤਾਂ ਉਨ੍ਹਾਂ ਚੌਕਾਂ ਤੋਂ ਸਰਕਾਰੀ ਬੱਸ ਚੜ੍ਹਨ ਦਾ ਉਪਰਾਲਾ ਕੀਤਾ ਜਾ ਸਕਦਾ ਹੈ ਜਿਨ੍ਹਾਂ ਤੋਂ ਸਰਕਾਰੀ ਸਰਪ੍ਰਸਤੀ ਵਾਲੀਆਂ ਪ੍ਰਾਈਵੇਟ ਬੱਸਾਂ ਸਵਾਰੀਆਂ ਚੁੱਕਦੀਆਂ ਹਨ। ਜੇ ਕਿਸੇ ਨੂੰ ਬੇਇੱਜ਼ਤੀ ਦਾ ਅਹਿਸਾਸ ਹੁੰਦਾ ਹੈ ਤਾਂ ਇਕੋ ਦਿਨ ਵਿਚ ਤਸੱਲੀਬਖ਼ਸ਼ ਢੰਗ ਨਾਲ ਕੁੱਟ ਤੋਂ ਕਤਲ ਤੱਕ ਦਾ ਬੰਦੋਬਸਤ ਹੋ ਸਕਦਾ ਹੈ। ਕਿਸੇ ਵਡਭਾਗੀ ਨੂੰ ਬਾਇੱਜ਼ਤ ਬਚਣ ਦਾ ਸਬੱਬ ਨਸੀਬ ਹੋ ਸਕਦਾ ਹੈ। ਇਸੇ ਪ੍ਰਸੰਗ ਵਿਚ ਰੇਤ, ਬਜਰੀ, ਜ਼ਮੀਨ, ਜਾਇਦਾਦ, ਟਰਾਂਸਪੋਰਟ, ਫਾਈਨਾਂਸ, ਹਸਪਤਾਲਾਂ, ਹੋਟਲਾਂ ਅਤੇ ਨਵੇਂ ਖੁੱਲ੍ਹੇ ਵਿਦਿਅਕ ਅਦਾਰਿਆਂ ਨਾਲ ਮਾਫ਼ੀਆ ਦਾ ਰਿਸ਼ਤਾ ਸਮਝਣਾ ਬਣਦਾ ਹੈ।
ਹੁਣ ਸੁਆਲ ਹੈ ਕਿ ਪੰਜਾਬ ਵਿਚ ਗੁੰਡਾ ਢਾਣੀਆਂ ਦਾ ਕਾਰੋਬਾਰ ਸਰਕਾਰ ਅਤੇ ਪੁਲਿਸ ਤੋਂ ਬਿਨਾਂ ਕਿਵੇਂ ਚੱਲ ਸਕਦਾ ਹੈ। ਜੇ ਸਿੱਧੀ ਸਰਪ੍ਰਸਤੀ ਅਤੇ ਮਿਲੀਭੁਗਤ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਜਾਵੇ ਤਾਂ ਕੁਝ ਤੱਥਾਂ ਉਤੇ ਵਿਚਾਰ ਜ਼ਰੂਰੀ ਹੈ। ਵਪਾਰੀਆਂ-ਦੁਕਾਨਦਾਰਾਂ ਦੀ ਹਰ ਜਾਇਜ਼-ਨਾਜਾਇਜ਼ ਮੰਗ ਦੀ ਹਾਮੀ ਭਰਨ ਵਾਲੀ ਭਾਜਪਾ ਤੋਂ ਹਫ਼ਤਾ ਵਸੂਲੀ ਦਾ ਧੰਦਾ ਨਜ਼ਰ-ਅੰਦਾਜ਼ ਕਿਵੇਂ ਹੋ ਗਿਆ? ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨਾਲ ਨੇੜਲਾ ਰਿਸ਼ਤਾ ਰੱਖਣ ਵਾਲਿਆਂ ਨੇ ਗੁੰਡਾਗਰਦੀ ਦਾ ਹੁਨਰ ਤੋੜ-ਵਿਛੋੜੇ ਤੋਂ ਬਾਅਦ ਸਿੱਖਿਆ ਹੈ ਜਾਂ ਮਿਲੀਭੁਗਤ ਵਾਲੇ ਕਾਰੋਬਾਰ ਵਿਚ ਵਧੇਰੇ ਹੁਨਰਮੰਦ ਮੁੰਡੇ ਮੂੰਹਜ਼ੋਰ ਹੋ ਗਏ ਹਨ? ਜੇ ਪੁਲਿਸ ਤੋਂ ਕਤਲਾਂ ਦੇ ਮਾਮਲੇ ਅਦਾਲਤਾਂ ਵਿਚ ਗਵਾਹਾਂ ਅਤੇ ਸਬੂਤਾਂ ਦੀ ਘਾਟ ਕਾਰਨ ਸਾਬਤ ਨਹੀਂ ਹੋਏ ਤਾਂ ਬਰਾਮਦ ਕੀਤੇ ਅਸਲੇ ਦਾ ਕੀ ਬਣਿਆ? ਜੇਲ੍ਹਾਂ ਵਿਚ ਹੁੰਦੇ ਕਤਲਾਂ ਦੇ ਜ਼ਸ਼ਨ, ਫੇਸਬੁੱਕ ਉਤੇ ਹੁੰਦੀਆਂ ਦਾਅਵੇਦਾਰੀਆਂ ਅਤੇ ਪੁਲਿਸ ਹਿਰਾਸਤ ਵਿਚ ਫਰਾਰ ਹੁੰਦੇ ਗੈਂਗਸਟਰ ਕਿਸ ਦੀ ਨਾਕਾਮਯਾਬੀ ਹਨ? ਸਰਪ੍ਰਸਤੀ ਅਤੇ ਮਿਲੀਭੁਗਤ ਤੋਂ ਬਿਨਾਂ ਹੀ ਇਹ ਰੁਝਾਨ ਸਰਕਾਰ ਅਤੇ ਪੁਲਿਸ ਦੀ ਨਾਕਾਮਯਾਬੀ ਦੀ ਨਿਸ਼ਾਨੀ ਹੈ। ਹੁਣ ਜੇ ਕਿਸੇ ਨੂੰ ਸਰਕਾਰੀ ਅਤੇ ਪੁਲਿਸ ਦੀ ਕਾਰਗੁਜ਼ਾਰੀ ਨੂੰ ਬਿਹਤਰ ਕਰਨ ਲਈ ਮਾਰ ਦਿੱਤਾ ਜਾਂਦਾ ਹੈ ਜਾਂ ਭਜਾ ਦਿੱਤਾ ਜਾਂਦਾ ਹੈ ਤਾਂ ਗੁੰਡਾ ਢਾਣੀਆਂ ਦੇ ਫਿਦਾਈਨ ਖ਼ਾਸੇ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਬਹੁਤ ਬੇਕਿਰਕ ਧੰਦਾ ਹੈ ਜੋ ‘ਟਕਾ ਦੇਣ ਅਤੇ ਗਜ਼ ਪੜਵਾਉਣ’ ਤੋਂ ਵਧੇਰੇ ਕੁਝ ਨਹੀਂ ਜਾਣਦਾ। ਪੰਜਾਬ ਦੇ ਹਾਲਾਤ ਮੁਤਾਬਕ ਇਹ ਸੋਚਣਾ ਬਣਦਾ ਹੈ ਕਿ ਇਨ੍ਹਾਂ ਗੁੰਡਾ ਢਾਣੀਆਂ ਨੂੰ ਪਾਲਣ ਵਾਲੇ ਟਕੇ ਨਾਲ ਮੁਨਾਫ਼ੇ ਅਤੇ ਬਦਲਾਖ਼ੋਰੀ ਦਾ ਗਜ਼ ਪੜਵਾਇਆ ਗਿਆ ਹੈ ਅਤੇ ਇਨ੍ਹਾਂ ਦੇ ਖ਼ਾਤਮੇ ਵਾਲੇ ਟਕੇ ਨਾਲ ਸਿਆਸੀ ਗਜ਼ ਪਾੜਿਆ ਜਾ ਸਕਦਾ ਹੈ।
ਮੌਜੂਦਾ ਹਾਲਾਤ ਵਿਚ ਗੁੰਡਾ ਢਾਣੀਆਂ ਮੂੰਹਜ਼ੋਰ ਹੋ ਗਈਆਂ ਹਨ ਅਤੇ ਸਰਕਾਰ ਪੰਜਵੇਂ ਸਾਲ ਵਿਚ ਦਾਖ਼ਲ ਹੋ ਗਈ ਹੈ। ਬੇਕਿਰਕ ਧੰਦੇ ਵਿਚ ਪੰਜ ਸਾਲ ਦੀ ਉਮਰ ਲੰਮੀ ਮੰਨੀ ਜਾਂਦੀ ਹੈ। ਪੰਜਾਬ ਦੀ ਮੌਜੂਦਾ ਬੇਚੈਨੀ ਵਿਚੋਂ ਬੇਕਿਰਕੀ ਦੇ ਧੰਦੇ ਨੂੰ ਭਰਤੀ ਦੀ ਘਾਟ ਪੈਂਦੀ ਨਜ਼ਰ ਨਹੀਂ ਆਉਂਦੀ। ਹਰ ਵਾਰ ਭਰਤੀ ਦੀ ਉਮਰ ਕੁਝ ਘਟ ਜਾਂਦੀ ਹੈ ਅਤੇ ਬੇਕਿਰਕੀ ਵਧ ਜਾਂਦੀ ਹੈ। ਦੂਜੇ ਪਾਸੇ ਸਿਆਸਤ ਹੈ ਜੋ ਇਸੇ ਧੰਦੇ ਵਿਚੋਂ ਆਪਣਾ ਗ਼ਲਬਾ ਮਜ਼ਬੂਤ ਕਰਦੀ ਹੈ ਅਤੇ ਇਸੇ ਦੇ ਖ਼ਾਤਮੇ ਵਿਚੋਂ ਕਾਮਯਾਬੀ ਦਾ ਦਾਅਵਾ ਕਰਦੀ ਹੈ। ਹੁਣ ਸੋਚਣਾ ਤਾਂ ਇਹ ਬਣਦਾ ਹੈ ਕਿ, ਇਹ ਅਸਲੇ ਵਾਲੇ ਜ਼ਿਆਦਾ ਬੇਕਿਰਕ ਹਨ ਜਾਂ ਇਹ ਕਿਸੇ ਦੀ ਬੇਕਿਰਕ ਸਿਆਸਤ ਦੇ ਵਕਤੀ ਖਿਡੌਣੇ ਹਨ? ਦੂਜਾ ਪੱਖ ਇਹ ਵੀ ਹੈ ਕਿ ਜੇ ਇਹ ਰੁਝਾਨ ਸਿਰਫ਼ ਬੇਲਿਹਾਜ਼ ਸਿਆਸਤ, ਨਾਕਸ ਇੰਤਜ਼ਾਮੀਅਤ ਅਤੇ ਬੇਚੈਨ ਨੌਜਵਾਨਾਂ ਦੀ ਬੇਕਿਰਕੀ ਤੱਕ ਮਹਿਦੂਦ ਕਰ ਲਿਆ ਜਾਵੇ ਤਾਂ ਬਹੁਤ ਕੁਝ ਨਜ਼ਰ-ਅੰਦਾਜ਼ ਹੋ ਜਾਵੇਗਾ। ਇਹ ਸਮਾਜਿਕ ਨਾਕਾਮਯਾਬੀ ਹੈ ਜੋ ਨੌਜਵਾਨਾਂ ਨੂੰ ਜ਼ਿੰਦਗੀ ਤੇ ਪਿਆਰ ਦਾ ਥਾਂ ਮੌਤ ਤੇ ਨਫ਼ਰਤ ਦੇ ਗੀਤ ਸਿਖਾਉਂਦੀ ਹੈ।