ਮੋਗਾ ਮਾਰਚ: ਮੋਗੇ ਵਿਚ ਖੋਲ੍ਹਿਆ ਗੱਫਿਆਂ ਦਾ ਮੋਘਾ

ਚੰਡੀਗੜ੍ਹ: ਜ਼ਿਮਨੀ ਚੋਣ ਕਰਕੇ ਪੰਜਾਬ ਸਰਕਾਰ ਮੋਗਾ ਜ਼ਿਲ੍ਹੇ ‘ਤੇ ਮਿਹਰਬਾਨ ਹੈ। ਇਸ ਦਾ ਤਾਜ਼ਾ ਸਬੂਤ ਸਰਕਾਰ ਵੱਲੋਂ ਸਿਰਫ਼ ਮੋਗਾ ਜ਼ਿਲ੍ਹੇ ਵਿਚਲੇ ਬੁਢਾਪਾ, ਵਿਧਵਾ, ਬੇਸਹਾਰਾ ਤੇ ਅਪਾਹਿਜ ਲਾਭਪਾਤਰੀਆਂ ਦੀਆਂ ਪੈਨਸ਼ਨਾਂ ਦੇ ਹੀ ਭੁਗਤਾਨ ਕਰਨ ਤੋਂ ਮਿਲਦੀ ਹੈ। ਸੂਤਰਾਂ ਅਨੁਸਾਰ ਸਰਕਾਰੀ ਖ਼ਜ਼ਾਨਾ ਸੰਕਟ ਵਿਚ ਹੋਣ ਕਾਰਨ ਵਿੱਤ ਵਿਭਾਗ ਨੇ ਸੂਬੇ ਦੇ ਹੋਰ ਜ਼ਿਲ੍ਹਿਆਂ ਦੇ ਲਾਭਪਾਤਰੀਆਂ ਨੂੰ ਦਸੰਬਰ ਮਹੀਨੇ ਦੀਆਂ ਪੈਨਸ਼ਨਾਂ ਦੇ ਭੁਗਤਾਨ ਲਈ ਪੈਸਾ ਜਾਰੀ ਨਹੀਂ ਕੀਤਾ ਪਰ ਮੋਗਾ ਜ਼ਿਲ੍ਹੇ ਲਈ ਕੋਈ ਵਿੱਤੀ ਸੰਕਟ ਨਹੀਂ। ਇਸ ਦਾ ਕਾਰਨ ਸਪੱਸ਼ਟ ਹੈ ਕਿ ਸਰਕਾਰ ਮੋਗਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਕਾਰਨ ਲੋਕਾਂ ਦਾ ਗੁੱਸਾ ਸਹੇੜਨਾ ਨਹੀਂ ਚਾਹੁੰਦੀ। ਸਮਾਜਕ ਸੁਰੱਖਿਆ ਵਿਭਾਗ ਵੱਲੋਂ ਦਸੰਬਰ ਮਹੀਨੇ ਦੀਆਂ ਪੈਨਸ਼ਨਾਂ ਸਾਰੇ ਪੰਜਾਬ ਦੇ ਲਾਭਪਾਤਰੀਆਂ ਨੂੰ ਦੇਣ ਲਈ ਖ਼ਜ਼ਾਨੇ ਵਿਚ ਜੋ ਬਿਲ ਭੇਜਿਆ ਸੀ, ਉਸ ਵਿਚੋਂ ਸਿਰਫ਼ ਮੋਗਾ ਜ਼ਿਲ੍ਹੇ ਦਾ ਬਿੱਲ ਹੀ ਪ੍ਰਵਾਨ ਚੜ੍ਹਿਆ ਹੈ। ਮੋਗਾ ਜ਼ਿਲ੍ਹੇ ਵਿਚ ਬੁਢਾਪਾ ਪੈਨਸ਼ਨਾਂ ਦੇ 62757, ਆਸ਼ਰਿਤ ਬੱਚਿਆਂ ਨੂੰ ਦਿੱਤੀ ਜਾਂਦੀ ਵਿੱਤੀ ਸਹਾਇਤਾ ਦੇ ਲਾਭਪਾਤਰੀ 4070, ਵਿਧਵਾਵਾਂ ਦੀ ਗਿਣਤੀ 11000 ਤੇ ਅਪਾਹਿਜ 6575 ਹਨ ਜਿਨ੍ਹਾਂ ਨੂੰ ਸਰਕਾਰ ਵੱਲੋਂ ਮਾਸਕ 250 ਰੁਪਏ ਪੈਨਸ਼ਨ ਦਿੱਤੀ ਜਾਂਦੀ ਹੈ।
ਇਸ ਜ਼ਿਲ੍ਹੇ ਦੇ ਉਕਤ ਲਾਭਪਾਤਰੀਆਂ ਨੂੰ ਪੈਨਸ਼ਨਾਂ ਦੇਣ ਲਈ ਸਮਾਜਿਕ ਸੁਰੱਖਿਆ ਵਿਭਾਗ ਨੂੰ 2 ਕਰੋੜ 11 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਹ ਪੈਸਾ ਚੋਣ ਜ਼ਾਬਤਾ ਲੱਗਣ ਤੋਂ ਕੁਝ ਦਿਨ ਪਹਿਲਾਂ ਹੀ ਜਾਰੀ ਕੀਤਾ ਗਿਆ ਸੀ। ਗ਼ੌਰਤਲਬ ਹੈ ਕਿ ਮੋਗਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ 23 ਫਰਵਰੀ ਨੂੰ ਵੋਟਾਂ ਪੈਣੀਆਂ ਹਨ। ਸੂਤਰਾਂ ਮੁਤਾਬਕ ਸਰਕਾਰ ਨੇ ਹਦਾਇਤਾਂ ਦਿੱਤੀਆਂ ਸਨ ਕਿ ਲਾਭਪਾਤਰੀਆਂ ਨੂੰ ਤੁਰੰਤ ਪੈਨਸ਼ਨਾਂ ਦਾ ਭੁਗਤਾਨ ਕੀਤਾ ਜਾਵੇ ਤਾਂ ਜੋ ਚੋਣ ਕਮਿਸ਼ਨ ਵੱਲੋਂ ਕੋਈ ਅੜਿੱਕਾ ਨਾ ਖੜ੍ਹਾ ਕੀਤਾ ਜਾ ਸਕੇ।
ਪੰਜਾਬ ਵਿਚ ਸਮਾਜਿਕ ਸੁਰੱਖਿਆ ਵਿਭਾਗ ਰਾਹੀਂ ਦਿੱਤੀਆਂ ਜਾਂਦੀਆਂ ਇਨ੍ਹਾਂ ਪੈਨਸ਼ਨਾਂ ਦੇ ਲਾਭਪਾਤਰੀਆਂ ਦੀ ਕੁੱਲ ਗਿਣਤੀ 19 ਲੱਖ 29 ਹਜ਼ਾਰ 900 ਦੇ ਕਰੀਬ ਹੈ। ਇਨ੍ਹਾਂ ਪੈਨਸ਼ਨਾਂ ਲਈ ਹਰ ਮਹੀਨੇ 48 ਕਰੋੜ 25 ਲੱਖ ਰੁਪਏ ਜਾਰੀ ਕੀਤੇ ਜਾਂਦੇ ਹਨ। ਸੂਤਰਾਂ ਅਨੁਸਾਰ ਸਰਕਾਰ ਤਾਂ ਮੋਗਾ ਜ਼ਿਲ੍ਹੇ ਦੇ ਲਾਭਪਾਤਰੀਆਂ ਨੂੰ ਜਨਵਰੀ ਮਹੀਨੇ ਦੀਆਂ ਪੈਨਸ਼ਨਾਂ ਦੇਣ ਦਾ ਮਨ ਵੀ ਬਣਾ ਚੁੱਕੀ ਸੀ ਪਰ ਅਚਨਚੇਤ ਚੋਣ ਜ਼ਾਬਤਾ ਲੱਗਣ ਕਾਰਨ ਇਹ ਸਕੀਮ ਧਰੀ ਧਰਾਈ ਰਹਿ ਗਈ। ਰਾਜ ਸਰਕਾਰ ਇਨ੍ਹੀਂ ਦਿਨੀਂ ਗੰਭੀਰ ਮਾਲੀ ਸੰਕਟ ਵਿਚੋਂ ਲੰਘ ਰਹੀ ਹੈ।
_____________________________
ਸਦਾ ਕਾਂਗਰਸ ਦਾ ਹੀ ਰਿਹਾ ਦਾਬਾ
ਚੰਡੀਗੜ੍ਹ: ਮੋਗਾ ਵਿਧਾਨ ਸਭਾ ਸੀਟ ਦਾ ਪੁਰਾਣਾ ਇਤਿਹਾਸ ਬੜਾ ਰੌਚਿਕ ਹੈ। ਪਿਛਲੇ ਸਾਢੇ ਤਿੰਨ ਦਹਾਕਿਆਂ ਦੌਰਾਨ ਵਿਧਾਨ ਸਭਾ ਦੀਆਂ ਹੋਈਆਂ ਸੱਤ ਚੋਣਾਂ ਦੌਰਾਨ ਮੋਗਾ ਹਲਕੇ ਵਿਚੋਂ ਅਕਾਲੀ ਦਲ ਦੀ ਲਾਜ ਸਿਰਫ ਜਥੇਦਾਰ ਤੋਤਾ ਸਿੰਘ ਹੀ ਰੱਖ ਸਕੇ ਹਨ। ਉਨ੍ਹਾਂ ਨੇ ਸਾਲ 1997 ਤੇ 2002 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਨਿਰੰਤਰ ਮੋਗਾ ਹਲਕੇ ਵਿਚ ਆਪਣੀ ਜਿੱਤ ਦਰਜ ਕੀਤੀ ਸੀ।
ਸਾਲ 1977 ਦੀਆਂ ਚੋਣਾਂ ਦੌਰਾਨ ਇਥੋਂ ਜਨਤਾ ਦਲ ਦੇ ਉਮੀਦਵਾਰ ਰੂਪ ਲਾਲ ਸਾਥੀ ਕਾਂਗਰਸ ਦੇ ਉਮੀਦਵਾਰ ਇਕਬਾਲ ਸਿੰਘ ਨੂੰ 5996 ਵੋਟਾਂ ਨਾਲ ਹਰਾ ਕੇ ਜੇਤੂ ਰਹੇ ਸਨ। ਫਿਰ ਸਾਲ 1980 ਵਿਚ ਹੋਈਆਂ ਚੋਣਾਂ ਦੌਰਾਨ ਕਾਂਗਰਸ ਦੇ ਨਛੱਤਰ ਸਿੰਘ ਨੇ ਜਨਤਾ ਪਾਰਟੀ ਦੇ ਉਮੀਦਵਾਰ ਰੂਪ ਲਾਲ ਸਾਥੀ ਨੂੰ 5774 ਵੋਟਾਂ ਨਾਲ ਹਰਾ ਕੇ ਇਹ ਸੀਟ ਜਿੱਤੀ ਸੀ।
ਇਸ ਤੋਂ ਬਾਅਦ ਵਿਧਾਨ ਸਭਾ ਦੀਆਂ ਸਾਲ 1985 ਵਿਚ ਹੋਈਆਂ ਚੋਣਾਂ ਦੌਰਾਨ ਕਾਂਗਰਸ ਦੇ ਉਮੀਦਵਾਰ ਗੁਰਚਰਨ ਸਿੰਘ ਨੇ ਜਨਤਾ ਪਾਰਟੀ ਦੇ ਉਮੀਦਵਾਰ ਰੂਪ ਲਾਲ ਸਾਥੀ ਨੂੰ 3803 ਵੋਟਾਂ ਨਾਲ ਹਰਾ ਕੇ ਇਹ ਸੀਟ ਜਿੱਤੀ ਸੀ। ਫਿਰ 12 ਸਾਲਾਂ ਬਾਅਦ ਸਾਲ 1997 ਵਿਚ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਦੌਰਾਨ ਅਕਾਲੀ ਦਲ ਦੇ ਜਥੇਦਾਰ ਤੋਤਾ ਸਿੰਘ ਨੇ ਰੂਪ ਲਾਲ ਸਾਥੀ ਦੇ ਪੁੱਤਰ ਤੇ ਜਨਤਾ ਪਾਰਟੀ ਦੇ ਉਮੀਦਵਾਰ ਸਾਥੀ ਵਿਜੈ ਕੁਮਾਰ ਨੂੰ 21,399 ਵੋਟਾਂ ਨਾਲ ਹਰਾ ਕੇ ਇਥੇ ਜਿੱਤ ਦਰਜ ਕੀਤੀ ਸੀ।
ਫਿਰ ਸਾਲ 2002 ਦੀਆਂ ਚੋਣਾਂ ਦੌਰਾਨ ਵੀ ਤੋਤਾ ਸਿੰਘ ਕਾਂਗਰਸ ਦੇ ਉਮੀਦਵਾਰ ਵਿਜੈ ਸਾਥੀ ਨੂੰ ਬੜੀ ਮੁਸ਼ਕਲ ਨਾਲ 305 ਵੋਟਾਂ ਨਾਲ ਹਰਾ ਕੇ ਜੇਤੂ ਰਹੇ ਸਨ। ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਉਮੀਦਵਾਰ ਜੋਗਿੰਦਰਪਾਲ ਜੈਨ ਨੇ ਅਕਾਲੀ ਦਲ ਦੇ ਉਮੀਦਵਾਰ ਤੋਤਾ ਸਿੰਘ ਨੂੰ 1292 ਵੋਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ ਸੀ। ਮੁੜ ਸਾਲ 2012 ਦੀਆਂ ਚੋਣਾਂ ਦੌਰਾਨ ਸ੍ਰੀ ਜੈਨ ਨੇ ਅਕਾਲੀ ਦਲ ਦੇ ਉਮੀਦਵਾਰ ਤੇ ਪੰਜਾਬ ਪੁਲਿਸ ਦੇ ਸੇਵਾਮੁਕਤ ਮੁਖੀ ਪੀਐਸ ਗਿੱਲ ਨੂੰ 4625 ਵੋਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ ਸੀ।
_______________________________
ਮਾਨ ਨੇ ਵੀ ਮਨ ਬਦਲਿਆ, ਚੋਣ ਲੜਨ ਦਾ ਐਲਾਨ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਪਹਿਲੇ ਫੈਸਲੇ ਤੋਂ ਡੋਲਦਾ ਨਜ਼ਰ ਆ ਰਿਹਾ ਹੈ। ਦਲ ਨੇ ਚੋਣ ਅਮਲ ਵਿਚ ਹਿੱਸਾ ਨਾ ਲੈਣ ਦੇ ਪਹਿਲਾਂ ਕੀਤੇ ਐਲਾਨ ਦੇ ਉਲਟ ਮੋਗਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਵਿਚ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ। ਦਲ ਦੇ ਸੀਨੀਅਰ ਮੀਤ ਪ੍ਰਧਾਨ ਧਿਆਨ ਸਿੰਘ ਮੰਡ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਦਲ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਵਿਚ ਮੋਗਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਲੜਨ ਬਾਰੇ ਸਹਿਮਤੀ ਬਣਨ ਤੋਂ ਬਾਅਦ ਉਮੀਦਵਾਰ ਲੱਭਣ ਦੇ ਸਾਰੇ ਅਧਿਕਾਰ ਧਿਆਨ ਸਿੰਘ ਮੰਡ ਨੂੰ ਦੇ ਦਿੱਤੇ ਗਏ। ਇਹ ਵੀ ਜਾਣਕਾਰੀ ਮਿਲੀ ਹੈ ਕਿ ਆਲ ਇੰਡੀਆ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਚੋਣ ਅਮਲ ਵਿਚ ਹਿੱਸਾ ਲੈਣ ਲਈ ਹਰੀ ਝੰਡੀ ਦੇ ਦਿੱਤੀ ਸੀ।
ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕੁਝ ਸਮਾਂ ਪਹਿਲਾਂ ਚੋਣ ਅਮਲ ਵਿਚੋਂ ਬਾਹਰ ਹੋਣ ਦਾ ਐਲਾਨ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਚੋਣ ਪੈਸੇ ਦੀ ਖੇਡ ਬਣ ਕੇ ਰਹਿ ਗਈ ਹੈ ਤੇ ਉਨ੍ਹਾਂ ਦੀ ਪਾਰਟੀ ਕੋਲ ਮਾਇਆ ਦੀ ਤੋਟ ਰਹਿੰਦੀ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਉਹ ਆਪਣੀ ਆਵਾਜ਼ ਵਿਧਾਨ ਸਭਾ ਜਾਂ ਸੰਸਦ ਦੀ ਥਾਂ ਹੋਰ ਸਟੇਜਾਂ ਤੋਂ ਜ਼ਰੂਰ ਉਠਾਉਂਦੇ ਰਹਿਣਗੇ।
ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਨੇ ਕਿਹਾ ਕਿ “ਮੋਗਾ ਜ਼ਿਮਨੀ ਚੋਣ ਲੜਨ ਲਈ ਆਪਣੀ ਜੇਬ ਵਿਚੋਂ ਪੈਸਾ ਖਰਚ ਕਰਨ ਵਾਲਾ ਉਮੀਦਵਾਰ ਮਿਲ ਗਿਆ ਤਾਂ ਜ਼ਰੂਰ ਚੋਣ ਲੜਾਂਗੇ। ਨਾਲ ਹੀ ਉਨ੍ਹਾਂ ਕਿਹਾ ਕਿ ਦਲ ਦੀ ਉੱਚ ਪੱਧਰੀ ਮੀਟਿੰਗ ਵਿਚ ਪੈਸਾ ਖਰਚ ਕਰਨ ਵਾਲਾ ਉਮੀਦਵਾਰ ਮਿਲਣ ‘ਤੇ ਹੀ ਚੋਣ ਅਮਲ ਵਿਚ ਹਿੱਸਾ ਲੈਣ ਦੀ ਸਹਿਮਤੀ ਬਣੀ ਹੈ।
ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਧਿਆਨ ਸਿੰਘ ਮੰਡ ਨੇ ਦੱਸਿਆ ਕਿ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਪ੍ਰਧਾਨ ਸ਼ ਮਾਨ ਦੇ ਘਰ ਹੋਈ ਸੀ ਜਿਸ ਵਿਚ ਮੋਗਾ ਦੀ ਜ਼ਿਮਨੀ ਚੋਣ ਲੜਨ ਦਾ ਫੈਸਲਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਦਲ ਵੱਲੋਂ ਉਮੀਦਵਾਰ ਦੀ ਚੋਣ ਕਰਨ ਦੇ ਸਾਰੇ ਅਧਿਕਾਰ ਉਨ੍ਹਾਂ ਨੂੰ  ਦਿੱਤੇ ਗਏ ਹਨ।
______________________________________
ਗਿੱਲ ਦਾ ਗੁੱਸਾ
ਚੰਡੀਗੜ੍ਹ: ਵਿਧਾਨ ਸਭਾ ਹਲਕਾ ਮੋਗਾ ਦੀ ਜ਼ਿਮਨੀ ਚੋਣ ਦੇ ਨਤੀਜੇ ਜੋਗਿੰਦਰਪਾਲ ਜੈਨ ਵੱਲੋਂ ਦਲਬਦਲੀ ਕਾਰਨ ਹੈਰਾਨੀਜਨਕ ਹੋ ਸਕਦੇ ਹਨ ਕਿਉਂਕਿ ਅਕਾਲੀ ਦਲ ਵੱਲੋਂ ਸ੍ਰੀ ਜੈਨ ਨੂੰ ਆਪਣਾ ਉਮੀਦਵਾਰ ਐਲਾਨਣ ਕਾਰਨ ਪਿਛਲੀ ਚੋਣ ਅਕਾਲੀ ਦਲ ਦੇ ਝੰਡੇ ਹੇਠ ਲੜੇ ਪੰਜਾਬ ਪੁਲਿਸ ਦੇ ਸੇਵਾਮੁਕਤ ਮੁਖੀ ਪੀਐਸ ਗਿੱਲ ਦੇ ਤਿੱਖੇ ਸੁਰ ਇਸ ਚੋਣ ਨੂੰ ਕੋਈ ਨਵਾਂ ਰੰਗ ਦੇਣ ਦੇ ਸੰਕੇਤ ਦੇ ਰਹੇ ਹਨ। ਮੋਗਾ ਸੀਟ ਕਾਂਗਰਸ ਦੀ ਰਵਾØਿeਤੀ ਸੀਟ ਮੰਨੀ ਜਾਂਦੀ ਹੈ।

Be the first to comment

Leave a Reply

Your email address will not be published.