ਸਹਿਜੇ-ਸਹਿਜੇ

ਡਾ ਗੁਰਬਖਸ਼ ਸਿੰਘ ਭੰਡਾਲ
ਸਹਿਜੇ-ਸਹਿਜੇ ਕਾਰਜ ਕਰਨਾ, ਮਨੁੱਖੀ ਵਰਤਾਰੇ ਦਾ ਸੁੱਚਮ, ਜੀਵਨ ਦਾ ਮੀਰੀ ਗੁਣ, ਸੁਚੱਜੀ ਜੀਵਨ-ਜਾਚ ਅਤੇ ਜਿਉਣ ਦਾ ਅਦਬ।
ਸਹਿਜੇ-ਸਹਿਜੇ ਸੋਚ ਵਿਚਾਰ ਕਰਕੇ, ਸਾਰੇ ਪੱਖਾਂ ਨੂੰ ਧਿਆਨ ਵਿਚ ਰੱਖ ਕੇ ਲਏ ਹੋਏ ਫੈਸਲੇ ਸਦਾ ਸਹੀ। ਪਰ ਜੇ ਕਦੇ-ਕਦਾਈਂ ਕਿਤੇ ਕੁਤਾਹੀ ਹੋ ਜਾਵੇ ਤਾਂ ਮਨ ਵਿਚ ਇਹ ਪਛਤਾਵਾ ਨਹੀਂ ਰਹਿੰਦਾ ਕਿ ਅਸੀਂ ਅਜਿਹਾ ਫੈਸਲਾ ਕਿਉਂ ਕਰ ਬੈਠੇ।

ਸਹਿਜੇ-ਸਹਿਜੇ ਤੁਰਦਿਆਂ ਨੂੰ ਰਾਹਾਂ ਦੀਆਂ ਦੁਸ਼ਵਾਰੀਆਂ, ਅਸੀਸ ਜਾਪਦੀਆਂ। ਰਾਹਾਂ ਦੇ ਕੰਢੇ, ਫੁੱਲ-ਪੱਤੀਆਂ। ਓਬੜ-ਖੋਬੜ ਰਾਹ ਕਦੇ ਵੀ ਹੌਂਸਲਾ ਨਾ ਥਿਰਕਾਉਂਦੇ। ਸਹਿਜੇ-ਸਹਿਜੇ ਸਾਹ ਲੈਂਦਿਆਂ ਜਿੰਦ ਧੜਕਣੀ ‘ਚ ਸੰਗੀਤ ਗੁੰਜਦਾ, ਇਸ ਦੀ ਨਿਰੰਤਰਤਾ ਵਿਚ ਵਜਦ ਪਨਪਦਾ ਤੇ ਇਸ ਦੀ ਰਸੀਲੀ ਤੋਰ ਵਿਚੋਂ ਅਰਥ ਭਰਪੂਰ ਜ਼ਿੰਦਗੀ ਦੇ ਦੀਦਾਰੇ।
ਸਹਿਜੇ-ਸਹਿਜੇ ਕਾਰ ਕਰਦਿਆਂ ਹੱਥ ਕਾਰ ਵੱਲੇ ਅਤੇ ਮਨ ਯਾਰ ਵੰਨੀਂ ਰਹਿੰਦਾ। ਅਸੀਂ ਦੋਹੀਂ ਧਿਰੀਂ ਹੀ ਸੱਚ ਦਾ ਵਣਜ ਕਰਦੇ, ਆਪਣੇ ਜੀਵਨ ਦੀ ਸਾਰਥਿਕਤਾ ਨੂੰ ਇਕ ਨਰੋਈ ਪਛਾਣ ਦਿੰਦੇ। ਬਚਪਨ ਤੇ ਬੁਢਾਪੇ ‘ਚ ਸਹਿਜੇ-ਸਹਿਜੇ ਦਾ ਸੰਕਲਪ ਸਭ ਤੋਂ ਅਹਿਮ ਅਤੇ ਨਜ਼ਦੀਕ। ਬਚਪਨੇ ਵਿਚ ਸਹਿਜੇ-ਸਹਿਜੇ ਆਪਣੇ ਕਦਮਾਂ ‘ਤੇ ਤੁਰਨ ਦਾ ਅਭਿਆਸ, ਨਿੱਕੇ ਨਿੱਕੇ ਕਦਮ, ਸਫਰ ਦੇ ਹਾਣੀ, ਜੀਵਨ-ਪ੍ਰਵਾਜ਼ ਲਈ ਤਿਆਰੀ ਤੇ ਨਵੇਂ ਮਰਹੱਲਿਆਂ ਨੂੰ ਆਪਣੇ ਨਾਮ ਲਾਉਣ ਦਾ ਜੇਰਾ। ਜੀਵਨ ਦੀ ਢਲਦੀ ਸ਼ਾਮ ਵਿਚ ਅਸੀਂ ਸਹਿਜੇ-ਸਹਿਜੇ ਆਪੇ ਨੂੰ ਸਮੇਟਣ ਦੇ ਆਹਰ ਵਿਚ ਰੁੱਝਦੇ, ਜੀਵਨ ਸੰਤੋਖਦੇ, ਇਕ ਸੰਤੁਸ਼ਟਤਾ ਤੇ ਸਕੂਨਤਾ ਜੀਵਨ ਦੇ ਨਾਮ ਕਰ, ਆਖਰੀ ਸਫਰ ਵੰਨੀਂ ਪੈਰ ਧਰਨ ਲਈ ਅਹੁਲਦੇ।
ਸਹਿਜ, ਜੀਵਨ-ਜੋਤ। ਮਾਨਵੀ ਮਾਰਗ ਦਾ ਰਾਹ-ਦਸੇਰਾ। ਜੀਵਨ ਦੇ ਹਰ ਖੇਤਰ ਵਿਚ ਅਣਮੁੱਲੀ ਪ੍ਰਾਪਤੀ ਦਾ ਨੀਂਹ। ਜੀਵਨ ਗੁੰਬਦ ਦੀ ਠੋਸ ਧਰਾਤਲ। ‘ਸਹਿਜ ਪੱਕੇ ਸੋ ਮਿੱਠਾ ਹੋਵੇ’ ਦੀ ਲਕੋਕਤੀ ਨੂੰ ਜੀਵਨ ਵਿਚ ਢਾਲ ਕੇ ਦੇਖਣਾ, ਤੁਹਾਨੂੰ ਜੀਵਨ ਦਾ ਮੂਲ ਸੱਚ ਸਾਜ਼ਗਾਰ ਨਜ਼ਰੀ ਆਵੇਗਾ। ਬਿਰਖ ‘ਤੇ ਪੱਕੇ ਫਲ ਵਿਚ ਜੀਵਨ-ਰਸ ਅਤੇ ਲੰਮੇਰੀ ਉਮਰ ਦੀ ਦੁਆ, ਜਦ ਕਿ ਮਸਾਲਿਆਂ ਨਾਲ ਪਕਾਏ ਅਜੋਕੇ ਫਲ ਨਿਰੀ ਜ਼ਹਿਰ ਅਤੇ ਮਨੁੱਖੀ ਸਿਹਤ ਲਈ ਸੰਤਾਪ। ਅਜਿਹਾ ਜੀਵਨ ਵਿਚ ਅਕਸਰ ਹੀ ਵਾਪਰਦਾ। ਕਾਹਲੀ ਅੱਗੇ ਆਏ ਟੋਏ ਸਾਡੇ ਸਫਰ ਨੂੰ ਅੱਧਵਾਟੇ ਹੀ ਖਤਮ ਕਰਦੇ, ਸਾਡੀ ਤਲੀ ‘ਤੇ ਇਕ ਅਫਸੋਸ ਤੇ ਨਿਰਾਸ਼ਾ ਧਰ ਦਿੰਦੇ।
ਸਹਿਜਮਈ ਰੂਪ ਵਿਚ ਮੱਠੀ ਮੱਠੀ ਅੱਗ ਨਾਲ ਹਾਰੇ ਵਿਚ ਰਿੱਝ ਰਹੀ ਦਾਲ, ਚੁੱਲੇ ‘ਤੇ ਮਾਂ ਦਾਦੀ ਵਲੋਂ ਰਿੰਨੇ ਜਾ ਰਹੇ ਸਾਗ ਜਾਂ ਭੜੋਲੀ ਵਿਚ ਸਵੇਰ ਤੋਂ ਸ਼ਾਮ ਤੱਕ ਰਿੱਝ ਰਹੀ ਖੀਰ ਦੇ ਸੁਆਦ ਸਾਹਵੇਂ, ਕੁੱਕਰਾਂ ਵਿਚ ਬਣਦੇ ਖਾਣੇ ਤੁੱਛ। ਚੌਂਕੇ ਵਿਚ ਚੁੱਲ੍ਹੇ ਦੇ ਦੁਆਲੇ ਬੈਠਾ ਪਰਿਵਾਰ ਦੇ ਸਹਿਜ-ਖਾਣੇ ‘ਚੋਂ ਜ਼ਿੰਦਗੀ ਲਰਜ਼ਦੀ ਅਤੇ ਜਦ ਕਿ ਆਪੋ ਆਪਣੇ ਸਮੇਂ ਤੇ ਕਮਰਿਆਂ ਵਿਚ ਖਾਣ ਵਾਲਾ ਖਾਣਾ ਬਹੁਤੀ ਵਾਰ ਕਾਹਲ ਵਿਚ ਜਾਂ ਬੇਧਿਆਨੀ ਵਿਚ ਅਣਖਾਧਾ ਹੀ ਪਿਆ ਰਹਿੰਦਾ। ਜਿੰæਦਗੀ ਵਿਚੋਂ ਗੁੰਮ ਹੋਏ ਸਹਿਜ ਨੇ ਅਸਿੱਧੇ ਅਤੇ ਅਚੇਤ ਰੂਪ ਵਿਚ ਬਹੁਤ ਅਣਕਿਆਸਿਆ, ਮਨੁੱਖੀ ਸੋਚ ਤੇ ਕਾਰਜ-ਸ਼ੈਲੀ ਵਿਚ ਧਰ ਦਿਤਾ ਏ ਜਿਸ ਦਾ ਇਵਜਾਨਾ ਅਜੋਕਾ ਮਨੁੱਖ ਭੁਗਤ ਰਿਹਾ ਏ। ਆਧੁਨਿਕ ਟੈਕਨਲੋਜੀ ਨੇ ਕਾਹਲ ਦੇ ਨਾਲ ਨਾਲ ਇਕੱਲ ਵੀ ਸਾਡੀ ਝੋਲੀ ਪਾਈ ਏ।
ਸਹਿਜੇ-ਸਹਿਜੇ ਨਿੱਕੀ ਪਰ ਅਰਥ ਭਰਪੂਰ ਗੱਲਬਾਤ ਵਿਚ ਰੁੱਝੇ ਜੀਵਨ-ਸਾਥੀਆਂ ਵਿਚੋਂ ਜੀਵਨ-ਨੂਰ ਡਲਕਦਾ। ਉਹ ਆਪਣੀਆਂ ਜੀਵਨ-ਰਿਸ਼ਮਾਂ ਨਾਲ ਚੌਗਿਰਦਾ ਰੁਸ਼ਨਾਉਂਦੇ, ਨਵੀਆਂ ਪਿਰਤਾਂ ਦੀ ਨਿਸ਼ਾਨਦੇਹੀ ਹੁੰਦੇ। ਸਹਿਜ-ਪਿਆਰ, ਜੀਵਨ-ਫਲਸਫਾ। ਰੂਹਾਨੀ-ਸੰਦੇਸ਼ਾ। ਆਪੇ ਨਾਲ ਜੁੜਨ ਅਤੇ ਸੰਵਾਦ ਰੁਚਾਉਣ ਦਾ ਸੁਖਨ। ਇਸ ‘ਚੋਂ ਝਰਦੀ ਦੁਵੱਲੀ ਖੁਸ਼ੀ ਦੀ ਆਬਸ਼ਾਰ, ਨਿਜ ਦੀ ਗੁੰਮਸ਼ੁਦੀ। ਆਪੇ ‘ਚੋਂ ਪਿਆਰੇ ਨੂੰ ਨਿਹਾਰਦੇ ਅਤੇ ਹਰ ਕਦਮ ‘ਤੇ ਉਸ ਦੀਆਂ ਦੇਣਾਂ ਅਤੇ ਅਦਿੱਖ ਸਰੂਪ ਨੂੰ ਹੀ ਚਿਤਾਰਦੇ। ਤਾਹੀਉਂ ਹੀ ਅਸੀਂ ਆਪਣੇ ਪਿਆਰਿਆਂ, ਅਦੀਬਾਂ ਅਤੇ ਮਾਣਯੋਗ ਵਿਅਕਤੀਆਂ ਦੀਆਂ ਤਸਵੀਰਾਂ, ਆਪਣੇ ਕਮਰਿਆਂ ਵਿਚ ਸਜਾਉਂਦੇ, ਉਨ੍ਹਾਂ ਨੂੰ ਆਪਣੇ ਅੰਤਰੀਵ ਦੇ ਕੋਲ ਹੀ ਕਿਆਸਦੇ ਹਾਂ।
ਸਹਿਜ-ਸਫਰ ਨਵੀਆਂ ਉਪਲਬਧੀਆਂ ਦਾ ਸਿਰਲੇਖ। ਸੁਹਾਵਣੇ ਪਲਾਂ ਦੀ ਤਸ਼ਬੀਹ, ਭਰਪੂਰਤਾ ਭਰਿਆ ਅਹਿਸਾਸ, ਚਾਅ, ਭਾਵ ਅਤੇ ਉਮਾਹ ਦੀ ਤ੍ਰਿਵੈਣੀ। ਅਜਿਹਾ ਸਫਰ ਹੀ ਜੀਵਨ ਦੀ ਅਹਿਮ ਪ੍ਰਾਪਤੀ ਅਤੇ ਪੂਰਨਤਾ, ਖੂਦ ਲਈ ਚਾਨਣ-ਸੇਧ। ਸਹਿਜੇ-ਸਹਿਜੇ ਪਿੰਝਣ, ਕੱਤਣ, ਰੰਗਣ ਅਤੇ ਬੁਣਨ ਵਾਲੀਆਂ ਦਾਦੀਆਂ-ਮਾਂਵਾਂ ਦੀਆਂ ਦਰੀਆਂ ਅਤੇ ਫੁਲਕਾਰੀਆਂ ‘ਤੇ ਮੋਰ-ਘੁਗੀਆਂ ਗੁੱਟਕਦੇ, ਫੁੱਲ ਗੱਲਾਂ ਕਰਦੇ, ਇਨ੍ਹਾਂ ਰੰਗਾਂ ਵਿਚ ਰੱਬ ਦੀ ਬੰਦਿਆਈ ਅਤੇ ਕਲਾਕਾਰੀ ‘ਤੇ ਖੁਦਾ ਦੀ ਮਿਹਰ ਦਾ ਸਾਇਆ। ਇਨ੍ਹਾਂ ਵਿਚੋਂ ਬਜੁਰਗਾਂ ਦੀਆਂ ਭਾਵਨਾਵਾਂ, ਸੰਵੇਦਨਾਵਾਂ ਅਤੇ ਉਨ੍ਹਾਂ ਵਿਚਲੇ ਤਹੱਮਲ, ਸਚਿਆਰਾਪਣ ਅਤੇ ਸਹਿਜ ਨੂੰ ਪ੍ਰਣਾਏ ਜੀਵਨ ਦੇ ਪ੍ਰਤੱਖ ਦੀਦਾਰੇ। ਅਜੋਕੇ ਜੀਵਨ ਦੀ ਦੌੜਭੱਜ ਤੋਂ ਨਿਰਲੇਪ ਸਾਡੇ ਬਜੁਰਗ, ਬਹੁਤ ਹੀ ਸੰਤੁਸ਼ਟਤਾ ਅਤੇ ਸਹਿਜਮਈ ਜ਼ਿੰਦਗੀ ਜਿਉਂਦੇ, ਸਹਿਜੇ-ਸਹਿਜੇ ਆਖਰੀ ਸਾਹ ਲੈ ਕੇ ਪਰਿਵਾਰ ਤੋਂ ਅਲਵਿਦਾ ਹੁੰਦੇ ਸਨ। ਉਨ੍ਹਾਂ ਸਮਿਆਂ ਵਿਚ ਬਹੁਤ ਵਿਰਲਿਆਂ ਨੂੰ ਬਲੱਡ ਪ੍ਰੈਸ਼ਰ ਜਾਂ ਹਾਰਟ ਅਟੈਕ ਹੋਇਆ ਕਰਦੇ ਸਨ ਅਤੇ ਉਹ ਕੁਦਰਤੀ ਰੂਪ ਨਾਲ ਮੌਤ ਦੀ ਗੋਦ ਵਿਚ ਸਮਾ ਜਾਂਦੇ ਸਨ।
ਸਹਿਜੇ-ਸਹਿਜੇ ਹਰਫ ‘ਚ ਖੁਦ ਨੂੰ ਪਰਿਭਾਸ਼ਤ ਕਰਨ ਵਾਲੇ ਲੇਖਕ, ਕਲਾ-ਕਿਰਤਾਂ ਰਾਹੀਂ ਖੁਦ ਨੂੰ ਉਲਥਾਉਣ ਵਾਲੇ ਕਲਾਕਾਰ ਜਾਂ ਗਾਇਕ, ਕਿਰਤਾਂ ਦੀ ਗਿਣਤੀ ਵਿਚ ਨਹੀਂ ਉਲਝਦੇ। ਉਨ੍ਹਾਂ ਲਈ ਥੋੜ੍ਹੀਆਂ ਪਰ ਚਿਰ-ਸਦੀਵੀ ਕਿਰਤਾਂ ਹੀ ਜੀਵਨ ਦਾ ਮੂਲ ਖਜ਼ਾਨਾ ਹੁੰਦੀਆਂ ਜਿਨ੍ਹਾਂ ‘ਤੇ ਕਈ ਪੀੜ੍ਹੀਆਂ ਤੱਕ ਲੋਕ ਨਾਜ਼ ਕਰਦੇ। ਕਾਹਲ ਕਾਰਨ ਹੀ ਅਜੋਕੇ ਸਮੇਂ ਵਿਚ ਵੱਖ ਵੱਖ ਕਲਾਵਾਂ ਦੇ ਨਾਮ ‘ਤੇ ਪਰੋਸਿਆ ਜਾ ਰਿਹਾ ਏ ਕੂੜ-ਕਬਾੜਾ। ਗਾਇਬ ਏ ਸਦੀਵ ਰਹਿਣ ਵਾਲੀ ਕਲਾ। ਅਜਿਹੇ ਲੋਕ ਬਹੁਤ ਜਲਦੀ ਲੋਕ ਚੇਤਿਆਂ ਵਿਚੋਂ ਮਨਫੀ ਹੋ ਜਾਂਦੇ।