ਲਖਬੀਰ ਸਿੰਘ ਮਾਂਗਟ
ਫੋਨ: 929-421-5452
ਮੇਰੇ ਮਨ ਵਿਚ ਰਹਿ ਰਹਿ ਕੇ ਖਿਆਲ ਆ ਰਹੇ ਸਨ ਕਿ ਜੇ ਇਸ ਹਫਤਾਵਾਰੀ ਦਰਬਾਰ ਵਿਚ ਵੀ ਮੈਨੂੰ ਹਾਕ ਨਾ ਪਈ ਤਾਂ ਮੇਰਾ ਕੀ ਬਣੇਗਾ? ਕੀ ਭੂਤ ਪ੍ਰੇਤ ਬਣ ਕੇ ਬਾਬਿਆਂ ਦੇ ਚਿਮਟੇ ਖੜਕਾਉਂਦਾ ਫਿਰਾਂਗਾ। ਫਾਈਲਾਂ ਨੂੰ ਹਾਕਮ ਤੱਕ ਪਹੁੰਚਾਉਣ ਦੇ ਸਾਧਨ ਮੈਂ ਆਪਣੀ ਧਰਤੀ ‘ਤੇ ਹੀ ਬਥੇਰੇ ਵੇਖਦਾ ਆਇਆ ਸਾਂ। ਅਜਿਹੇ ਕੰਮਾਂ ਵਿਚ ਜਦੋਂ ਜਿਉਂਦੇ ਜੀਅ ਨਹੀਂ ਪਿਆ ਤਾਂ ਹੁਣ ਰੱਬ ਦੇ ਦਰਬਾਰ ਵਿਚ ਇਨ੍ਹਾਂ ਬਾਰੇ ਸੋਚਦੇ ਹੀ ਮੈਨੂੰ ਗਿਲਾਨੀ ਜਿਹੀ ਆ ਗਈ। ਉਂਜ ਮੈਨੂੰ, ਘੁੰਮਦੇ ਫਿਰਦੇ ਨਾਰਦ ਤੋਂ ਗੱਲੀਂ ਗੱਲੀਂ ਇਹ ਜਰੂਰ ਪਤਾ ਲੱਗ ਗਿਆ ਸੀ
ਕਿ ਇੱਥੇ ਛੇ ਮਹੀਨਿਆਂ ਤੋਂ ਵੱਧ ਕਿਸੇ ਨੂੰ ਨਹੀਂ ਰੱਖਦੇ। ਵੈਸੇ ਮੈਨੂੰ ਇਹ ਮੰਨਣ ਵਿਚ ਵੀ ਕੋਈ ਸੰਕੋਚ ਨਹੀਂ ਹੈ ਕਿ ਇਕ ਵਾਰੀ ਮੇਰੇ ਮਨ ਵਿਚ ਇਹ ਜਰੂਰ ਆਇਆ ਸੀ ਕਿ ਨਾਰਦ ਨੂੰ ਹੀ ਸਿਫਾਰਸ਼ ਕਰਨ ਦੀ ਸੁਲ੍ਹਾ ਮਾਰ ਲਈ ਜਾਵੇ, ਆਖਰ ਮਨੁੱਖੀ ਜੀਵ ਹਾਂ ਨਾਪਰ ਫਿਫਣੀਆਂ ਦੇ ਫੇਟ ਤੋਂ ਮੈਨੂੰ ਸਦਾ ਡਰ ਹੀ ਲਗਦਾ ਰਹਿੰਦਾ ਸੀ ਕਿ ਮਤੇ ਇਹ ਹੀ ਕੋਈ ਪੰਗਾ ਖੜਾ ਕਰ ਦੇਵੇ। ਹਾਂ ਜਾਂਦਾ ਜਾਂਦਾ ਉਹ ਇਹ ਸਲਾਹ ਮੈਨੂੰ ਜਰੂਰ ਦੇ ਗਿਆ ਕਿ ਹਲੀਮੀ ਨਾਲ ਗੱਲ ਕਰੀਦੀ ਆ।
ਭਲਾ ਅੱਕਿਆ ਬੰਦਾ ਕਦ ਤੱਕ ਨਰਮ ਬਣਿਆ ਰਹੇ, ਮੇਰੇ ਮਨ ਵਿਚ ਆਇਆ। ਪਰ ਇਹ ਗੱਲ ਮੈਨੂੰ ਹਲੂਣ ਜਰੂਰ ਗਈ ਤੇ ਮੈਂ ਰੱਬ ਜੀ ਦੀ ਖੁਸ਼ਾਮਦ ਕਰਨ ਦਾ ਮਨ ਬਣਾ ਲਿਆ। ਖਬਰੇ ਉਨ੍ਹਾਂ ਦੇ ਮਨ ਵਿਚ ਮਿਹਰ ਪੈ ਹੀ ਜਾਵੇ ਤੇ ਮੈਂ ਬਾਰ ਬਾਰ ਜਨਮ ਲੈਣ ਤੋਂ ਬਚ ਜਾਵਾਂ ਬੇਸ਼ਕ ਰੱਬ ਜੀ ਦੇ ਚਰਨਾਂ ਵਿਚ ਜਗ੍ਹਾ ਨਾ ਹੀ ਮਿਲੇ। ਪਰ ਚੰਗੀ ਭਲੀ ਚਲਦੀ ਵਾਰਤਾਲਾਪ ਵਿਚ ਹਾਸੇ ਹਾਸੇ ਵਿਚ ਕੀਤੀ ਗੱਲ ਨੇ ਸਗੋਂ ਫਿਰ ਉਹੀ ਪੰਗਾ ਖੜਾ ਕਰ ਦਿਤਾ।
ਚਿਤਰਗੁਪਤ ਦੀ ਕ੍ਰਿਪਾ ਦ੍ਰਿਸ਼ਟੀ ਹੋਈ ਜਾਂ ਸਮੇਂ ਦੀ ਪਾਬੰਦੀ ਸੀ, ਮੈਨੂੰ ਦਰਬਾਨ ਸਾਰਿਆਂ ਤੋਂ ਆਖਰ ਵਿਚ ਦਰਬਾਰ ਵਿਚ ਲੈ ਕੇ ਹਾਜਰ ਹੋ ਗਿਆ। ਮੈਂ ਝੁੱਕ ਕੇ ਦਰਬਾਰ ਨੂੰ ਸਤਿਕਾਰ ਦਿਤਾ ਤੇ ਵੇਖਿਆ ਕਿ ਇਕ ਪਾਸੇ ਚਿਤਰਗੁਪਤ ਫਾਈਲਾਂ ਦਾ ਢੇਰ ਰੱਖੀ ਬੈਠਾ ਸੀ ਤੇ ਦੂਸਰੀ ਤਰਫ ਦੋਵੇਂ ਰਾਜੇ ਆਪਣਾ ਆਸਣ ਜਮਾਈ ਬੈਠੇ ਸਨ। ਉਨ੍ਹਾਂ ਤੋਂ ਅੱਗੇ ਨਾਰਦ ਬੈਠਾ ਸੀ। ਇਹ ਸਾਰੇ ਮਿੰਨਾ ਮਿੰਨਾ ਮੁਸਕਰਾ ਰਹੇ ਸਨ ਜਿਵੇਂ ਮੇਰੀ ਹੋਣੀ ‘ਤੇ ਹੱਸ ਰਹੇ ਹੋਣ।
ḔḔਰੱਬ ਜੀ ਹੁਣ ਮੈਨੂੰ ਵੀ ਜਨਮ ਮਰਨ ਤੋਂ ਮੁਕਤ ਕਰ ਦਿਉ!” ਮੈਂ ਦੋਵੇਂ ਹੱਥ ਜੋੜ ਕਿ ਮੁਖਾਤਬ ਹੋਇਆ, ਬਥੇਰਾ ਚਿਰ ਹੋ ਗਿਆ ਧੱਕੇ ਖਾਂਦੇ ਨੂੰ, ਨਿਕਲਦੇ ਨਿਕਲਦੇ ਨੂੰ ਮੈਂ ਮਸੀਂ ਸੰਘ ਵਿਚ ਹੀ ਰੋਕਿਆ।
ḔḔਕਿਹੜੇ ਗ੍ਰਹਿ ‘ਤੇ ਰਹਿਨੈਂ?”
ḔḔਹੁਣ ਤਾਂ ਜੀ ਤੁਹਾਡੀ ਕੈਦ ਵਿਚ ਹਾਂ ਪਿਛਲੇ ਛੇ ਮਹੀਨਿਆਂ ਤੋਂ। ਊਂ ਲਿਆਂਦਾ ਮੈਨੂੰ ਧਰਤੀ ਤੋਂ ਸੀ। ” ਮੈਂ ਵਿਚਾਰਾ ਜਿਹਾ ਬਣ ਕੇ ਕਿਹਾ।
ḔḔਛੇ ਮਹੀਨਿਆਂ ਤੋਂæææ!” ਰੱਬ ਜੀ ਨੇ ਬੜੀ ਹੈਰਾਨੀ ਅਤੇ ਅਫਸੋਸ ਨਾਲ ਕਹਿੰਦਿਆਂ ਚਿਤਰਗੁਪਤ ਵੱਲ ਵੇਖਿਆ।
ḔḔਜਨਾਬ ਇਹਦੀ ਫਾਈਲ ਹੀ ਪੂਰੀ ਨਹੀਂ, ਲਿਖੀ ਵੀ ਗਲਤ ਮਲਤ ਆ।” ਚਿਤਰਗੁਪਤ ਦੇ ਇਹ ਸ਼ਬਦ ਮੇਰੇ ਸਿਰ ਵਿਚ ਹਥੌੜੇ ਵਾਂਗ ਵੱਜੇ। ਹੁਣ ਕੀ ਬਣੇਗਾ, ਸੋਚਦੇ ਨੇ ਮੈਂ ਰੱਬ ਜੀ ਵੱਲ ਆਸ ਭਰੀਆਂ ਅੱਖਾਂ ਨਾਲ ਵੇਖਿਆ
ḔḔਪਹਿਲਾ ਪੱਤਰਾ ਹੀ ਗਲਤ ਭਰਿਐ ਹੋਇਐ ਜਨਾਬ, ਜਨਮ ਦੇ ਖਾਨੇ ਵਿਚ ਪਾਕਿਸਤਾਨ ਭਰਿਆ ਪਿਆ ਅਤੇ ਮੌਤ ਦੇ ਖਾਨੇ ਵਿਚ ਭਾਰਤ ਲਿਖਿਆ ਪਿਆ ਜਦ ਕਿ ਦਫਤਰੀ ਰਿਕਾਰਡ ਅਨੁਸਾਰ ਇਹਦਾ ਜਨਮ ਵੀ ਭਾਰਤ ਵਿਚ ਹੀ ਹੋਇਆ ਹੈ।” ਇਹ ਸੁਣ ਕੇ ਇਕ ਵਾਰ ਤਾਂ ਮੈਂ ਹਿਲ ਗਿਆ।
ḔḔਹੂੰæææ।” ਕਹਿੰਦਿਆਂ ਰੱਬ ਜੀ ਨੇ ਮੇਰੇ ਵੱਲ ਅਜੀਬ ਜਿਹੀ ਤੱਕਣੀ ਸੁੱਟੀ ਜਿਵੇਂ ਆਖ ਰਹੇ ਹੋਣ ਆ ਗਿਆ ਅੜਿਕੇ।
ḔḔਜਨਾਬ ਜੰਮਿਆ ਮੈਂ ਭਾਰਤ ਵਿਚ ਹੀ ਸਾਂ ਪਰ ਪਾਕ ਪਵਿਤਰ ਮਹਾਤਮਾ ਲੋਕਾਂ ਦੀ ਬਦੌਲਤ ਉਸ ਸਥਾਨ ਨੂੰ ਅੱਜ ਕੱਲ੍ਹ ਪਾਕਿਸਤਾਨ ਆਖਿਆ ਜਾਂਦਾ ਹੈ।” ਮੈਂ ਵੇਖਿਆ ਰੱਬ ਜੀ ਦੇ ਚਿਹਰੇ ‘ਤੇ ਮੇਰੀ ਦਲੀਲ ਨਾਲ ਕੋਈ ਹਾਵ-ਭਾਵ ਨਹੀਂ ਆਇਆ ਸੀ। ਉਨ੍ਹਾਂ ਖਬਰਾਂ ਦੇ ਦੂਤ ਘੁਮੱਕੜ ਨਾਰਦ ਵੱਲ ਵੇਖਿਆ, ਉਸ ਨੇ ਮੇਰੀ ਦਲੀਲ ਦੀ ਸਿਰ ਹਿਲਾ ਕੇ ਪੁਸ਼ਟੀ ਕੀਤੀ। ਮੈਂ ਸੋਚਿਆ ਕਿ ਰੱਬ ਜੀ ਹੁਣ ਚਿਤਰਗੁਪਤ ਨਾਲ, ਅਧੂਰੇ ਤੇ ਤਾਤਾਰੀਖ ਨਾ ਕੀਤੇ ਰਿਕਾਰਡ ਕਾਰਨ ਨਰਾਜ਼ ਹੋਣਗੇ। ਪਰ ਸਾਡੀ ਧਰਤੀ ਦੇ ਮਹਾਂਰਥੀਆਂ ਵਾਂਗ ਜਿਵੇਂ ਉਹ ਆਪਣੇ ਮਾਤਹਿਤਾਂ ਖਾਸ ਕਰ ਪੀæ ਏæ, ਡਰਾਈਵਰ ਅਤੇ ਰਸੋਈਏ ਨਾਲ ਕਦੇ ਵੀ ਨਰਾਜ਼ ਨਹੀਂ ਹੁੰਦੇ, ਗੁੱਸੇ ਹੋਣਾ ਤਾਂ ਇਕ ਪਾਸੇ ਰਿਹਾ। ਸਗੋਂ ਉਲਟਾ ਇਨ੍ਹਾਂ ਲੋਕਾਂ ਨੂੰ ਤਾਂ ਤਰੱਕੀਆਂ ਦਿਤੀਆਂ ਜਾਂਦੀਆਂ ਨੇ, ਟਿਕਟਾਂ ਨਾਲ ਨਿਵਾਜਿਆ ਜਾਂਦਾ ਹੈ। ਕਿਉਂਕਿ ਇਨ੍ਹਾਂ ਕੋਲ ਅੰਦਰੂਨੀ ਭੇਤਾਂ ਦੀਆਂ ਬਣਾਈਆਂ ਲੀਰਾਂ ਦੀਆਂ ਖਿਦੋਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਉਹ ਕਦੇ ਵੀ ਉਧੇੜ ਸਕਦੇ ਹਨ।
ḔḔਪਹਿਲੇ ਦਸ ਸਾਲਾਂ ਦਾ ਰਿਕਾਰਡ ਹੀ ਨਹੀਂ ਲੈ ਕੇ ਆਇਆ ਜਨਾਬ। ਕਈ ਵਾਰ ਕਿਹਾ ਹਰ ਵਾਰੀ ਖਾਲੀ ਹੱਥ ਮੁੜ ਆਉਂਦਾ ਰਿਹੈ।” ਰੱਬ ਜੀ ਦੇ ਮਾੜੇ ਜਿਹੇ ਬੁੱਲ੍ਹ ਫਰਕੇ ਹੀ ਸਨ ਕਿ ਚਿਤਰਗੁਪਤ ਨੇ ਫਿਰ ਹਥੌੜਾ ਚਲਾ ਦਿਤਾ। ਮੈਂ ਗਸ਼ ਖਾ ਕੇ ਡਿੱਗਣ ਹੀ ਲੱਗਾ ਸਾਂ ਕਿ ਦਰਬਾਨ ਨੇ ਮੈਨੂੰ ਬੋਚ ਲਿਆ। ਮੈਂ ਸੰਭਲ ਕੇ ਸਿੱਧਾ ਖੜ੍ਹਾ ਹੋ ਗਿਆ। ਸਾਰੇ ਮੇਰਾ ਜੁਆਬ ਉਡੀਕ ਰਹੇ ਸਨ।
ḔḔਰੱਬ ਜੀ ਮੇਰੀ ਜਨਮ ਭੋਇੰ ਦੇ ਰਾਜੇ ਮੈਨੂੰ ਹੁਣ ਉਥੇ ਵੜਨ ਹੀ ਨਹੀਂ ਦੇ ਰਹੇ। ਛੇ ਮਹੀਨੇ ਹੋ ਗਏ ਤਰਲੇ ਮਿੰਨਤਾਂ ਕਰਦੇ ਨੂੰ, ਪਰ ਕੋਈ ਮੇਹਰ ਨਹੀਂ ਹੋਈ ਉਨ੍ਹਾਂ ਵੱਲੋਂ।” ਮੈਂ ਇਹ ਵੀ ਦੱਸਣ ਲੱਗਿਆ ਸੀ ਕਿ ਉਨ੍ਹਾਂ ਨੇ ਰੱਦੀ ਸਮਝ ਕੇ ਸਾਰਾ ਰਿਕਾਰਡ ਵੇਚ ਦਿਤਾ ਹੈ, ਪਰ ਇਹ ਸੋਚ ਕੇ ਕਿ ਚਿਤਰਗੁਪਤ ਕੋਈ ਹੋਰ ਸੱਪ ਨਾ ਕੱਢ ਮਾਰੇ, ਮੈਂ ਇੰਨਾ ਆਖ ਕੇ ਹੀ ਚੁੱਪ ਕਰ ਗਿਆ। ਬੇਸ਼ਕ ਮੈਂ ਇਹ ਵੀ ਸਮਝ ਗਿਆ ਸੀ ਕਿ ਦਰਬਾਰ ਦਾ ਰਿਕਾਰਡ ਵੀ ਮੁਕੰਮਲ ਨਹੀਂ ਹੈ। ਚਿਤਰਗੁਪਤ ਦੀ ਨਰਾਜਗੀ ਸਹੇੜਨ ਦੇ ਡਰੋਂ ਉਹ ਵੀ ਵੇਖਣ ਲਈ ਨਾ ਕਹਿ ਸਕਿਆ। ਮੈਂ ਤਾਂ ਰੱਬ ਜੀ ਅੱਗੇ ਆਪਣੀ ਸੱਚਾਈ ਬਿਆਨ ਕਰ ਦਿਤੀ ਸੀ ਪਰ ਰੱਬ ਜੀ ‘ਤੇ ਮੇਰੀ ਸੱਚਾਈ ਦਾ ਕੋਈ ਅਸਰ ਮੈਨੂੰ ਦਿਸ ਨਹੀਂ ਰਿਹਾ ਸੀ। ਇਸ ਲਈ ਮੈਂ ਫਿਰ ਸ਼ੁਰੂ ਹੋ ਗਿਆ, ḔḔਜਨਾਬ ਇਸ ਵਿਚ ਮੇਰਾ ਕੋਈ ਕਸੂਰ ਨਹੀਂ ਹੈ। ਰਿਕਾਰਡ ਉਨ੍ਹਾਂ ਨੇ ਨਹੀਂ ਦਿਤਾ। ਇਸੇ ਰੱਫੜ ਕਰਕੇ ਤਾਂ ਮੈਂ ਅਮਰੀਕਾ ਨਹੀਂ ਜਾ ਸਕਿਆ।” ਮੈਂ ਹੋਰ ਤਰਲਾ ਮਾਰਿਆ, ਪਰ ਇਹੀ ਤਰਲਾ ਅੱਗੇ ਚਲ ਕੇ ਮੇਰੇ ਲਈ ਅਮਰ ਹੋਣ ਦੇ ਰਾਹ ਵਿਚ ਅੜਿਕਾ ਬਣ ਗਿਆ।
ਮੇਰੀ ਗੱਲ ਨੂੰ ਸੁਣੀ-ਅਣਸੁਣੀ ਕਰਦਿਆਂ ਰੱਬ ਜੀ ਨੇ ਧਰਮਰਾਜ ਤੇ ਯਮਰਾਜ ਵੱਲ ਮੂੰਹ ਘੁੰਮਾਇਆ। ਦੋਵਾਂ ਰਾਜਿਆਂ ਦੀ ਗੋਲ ਮੇਜ਼ ਕਾਨਫਰੰਸ ਚਲ ਪਈ। ਮੇਰਾ ਪਿਛਲਾ ਤਜਰਬਾ ਦਸਦਾ ਸੀ ਕਿ ਦੋਵੇਂ ਮੈਨੂੰ ਨਾ ਪਸੰਦ ਕਰਦੇ ਨੇ ਪਰ ਫਿਰ ਵੀ ਜਿਵੇਂ ਕਹਿੰਦੇ ਨੇ, ਜੀਵੇ ਆਸਾ ਮਰੇ ਨਿਰਾਸਾ, ਮੈਂ ਆਸ ਦਾ ਪੱਲਾ ਫੜ ਕੇ ਬਿਟਰ ਬਿਟਰ ਉਨ੍ਹਾਂ ਵੱਲ ਵੇਖਣ ਲੱਗਿਆ। ਬਾਕੀ ਵੀ ਫੈਸਲੇ ਨੂੰ ਉਡੀਕ ਰਹੇ ਸਨ। ਆਖਰ ਦੋਵਾਂ ਦੇ ਸਿਰ ਮਦਾਰੀ ਦੇ ਰਿੱਛ ਵਾਂਗ ਕਿ ਸਾਲੀ ਤੋਂ ਬਿਨਾ ਹੋਰ ਕਿਸੇ ਲਈ ਚਰਖਾ ਨਹੀਂ ਕੱਤੇਗਾ, ਨਾਂਹ ਵਿਚ ਹਿਲ ਗਏ।
ਇਸ ਤੋਂ ਪਹਿਲਾਂ ਕਿ ਰੱਬ ਜੀ ਕੋਈ ਆਖਰੀ ਫੈਸਲਾ ਦੇ ਦੇਣ, ਮੈਂ ਫਿਰ ਜਨਮ ਮਰਨ ਤੋਂ ਰਹਿਤ ਹੋਣ ਲਈ ਹੂਕ ਉਠਿਆ। ਏਡੀ ਉਚੀ ਹੂਕ ਨਾਲ ਸ਼ਾਇਦ ਰੱਬ ਦੇ ਦਿਲ ਨੂੰ ਵੀ ਕੰਬਣੀ ਆ ਗਈ ਸੀ। ਦਰਬਾਰ ਦਾ ਹਾਲ ਵੀ ਗੂੰਜ ਉਠਿਆ ਤੇ ਮੈਂ ਬੌਂਦਲ ਕੇ ਰੱਬ ਜੀ ਦੇ ਪੈਰਾਂ ਵਿਚ ਡਿੱਗ ਪਿਆ।
ḔḔਵੇਖ ਰੱਬ ਦਿਆ ਬੰਦਿਆ, ਸੱਚੀ ਗੱਲ ਇਹ ਆ ਕਿ ਅੱਜ ਕੱਲ੍ਹ ਮੈਂ ਸਿਰਫ, ਖਾਸ ਕਰ ਤੇਰੀ ਧਰਤੀ ਦੇ ਸਿਆਸੀ ਲੀਡਰਾਂ ਨੂੰ ਜਨਮ ਮਰਨ ਤੋਂ ਮੁਕਤ ਕਰ ਰਿਹਾਂ ਤਾਂ ਕਿ ਧਰਤੀ ਤੋਂ ਭਾਰ ਹਲਕਾ ਹੋ ਜਾਵੇ।” ਬੜੇ ਹੀ ਸਾਦੇ ਸਪੱਸ਼ਟ ਲਫਜ਼ਾਂ ਵਿਚ ਆਖੀ ਗਈ ਇਸ ਗੱਲ ਨਾਲ ਮੇਰਾ ਦਿਮਾਗ ਸੁੰਨ ਹੋ ਗਿਆ। ਇਹ ਗੱਲ ਦਿਮਾਗ ਵਿਚ ਘੁਸਣ ਦੀ ਬਜਾਏ ਆਸੇ-ਪਾਸੇ ਹੀ ਘੁੰਮਣ ਲੱਗੀ ਕਿ ਇਹ ਕਿਹੋ ਜਿਹਾ ਇਨਸਾਫ ਹੈ। ਮੈਨੂੰ ਸੋਚੀਂ ਪਏ ਵੇਖ ਰੱਬ ਜੀ ਫਿਰ ਬੋਲੇ ḔḔਜਾਹ ਤੂੰ ਧਰਤੀ ਤੇ ਚਲਾ ਜਾਹ। ਉਥੇ ਜਾ ਕੇ ਉਜੜ ਜਾਓ ਤੇ ਵਸਦੇ ਰਹੋ ਦੀ ਕਥਾ ਵੀ ਸੁਣੀਂ।”
ḔḔਪਰ ਰੱਬ ਜੀ ਜਿਸ ਹਿਸਾਬ ਨਾਲ ਇਨ੍ਹਾਂ ਦੀ ਪੈਦਾਇਸ਼ ਹੋ ਰਹੀ ਹੈ, ਜੂੰਆਂ ਵਾਂਗ, ਖਾਨਦਾਨਾਂ ਦੇ ਖਾਨਦਾਨ। ਤੁਹਾਡੇ ਇਥੇ ਜਗ੍ਹਾ ਥੋੜ੍ਹੀ ਪੈ ਜਾਵੇਗੀ, ਪਰ ਇਹ ਨਹੀਂ ਮੁੱਕਣੇ।” ਮੇਰੀ ਗੱਲ ਸੁਣ ਕੇ ਨਾਰਦ ਦਾ ਹਾਸਾ ਨਿਕਲ ਗਿਆ ਪਰ ਰੱਬ ਜੀ ਹੋਰ ਵੀ ਗੰਭੀਰ ਹੋ ਗਏ ਲੱਗੇ।
ḔḔਇਨ੍ਹਾਂ ਨੂੰ ਮੁਕਾਉਣਾ ਤੁਹਾਡਾ ਕੰਮ ਆ, ਮੇਰਾ ਨਹੀਂ। ਮੈਂ ਤਾਂ ਸਿਰਫ ਸਾਰੇ ਜੀਵਾਂ ਨੂੰ ਧਰਤੀ ‘ਤੇ ਭੇਜਦਾ ਹਾਂ। ਲੀਡਰ ਤੁਸੀਂ ਬਣਾਉਂਦੇ ਹੋ।” ਰੱਬ ਜੀ ਦੇ ਇਸ ਪ੍ਰਵਚਨ ਦਾ ਮੇਰੇ ਕੋਲ ਕੋਈ ਤੋੜ ਨਹੀਂ ਸੀ। ਦਰਬਾਰ ਦਾ ਹੁਣ ਤਜਰਬੇਕਾਰ ਭੇਤੀ ਹੋਣ ਕਰਕੇ ਮੈਂ ਸਮਝ ਗਿਆ ਕਿ ਰੱਬ ਜੀ ਮੈਨੂੰ ਫਿਰ ਫਸਾ ਰਹੇ ਹਨ। ਮੈਂ ਇਕੋ ਸਾਹੇ ਆਖ ਦਿਤਾ, ḔḔਰੱਬ ਜੀ ਚਾਹੇ ਮਾਰ ਹੀ ਸੁਟੋ ਹੁਣ ਉਥੇ ਨਹੀਂ ਜਾਵਾਂਗਾ।” ਇਹ ਪਤਾ ਹੋਣ ਦੇ ਬਾਵਜੂਦ ਕਿ ਮੇਰੇ ਵੱਸ ਕੁੱਝ ਨਹੀਂ ਹੈ, ਆਪਦੇ ਜਾਣੇ ਮੈਂ ਆਖਰੀ ਹਥਿਆਰ ਚਲਾ ਦਿਤਾ।
ਰੱਬ ਜੀ ਮੁਸ਼ਕੜੀਏ ਹੱਸਦੇ ਬੋਲੇ, ḔḔਬਸ, ਹਾਰ ਗਿਐਂ, ਤੂੰ ਤਾਂ ਵੱਡੀਆਂ ਵੱਡੀਆਂ ਡੀਗਾਂ ਮਾਰਦਾ ਸੀ।” ਇਹ ਨਹੋਰਾ ਮੈਨੂੰ ਚੁਭਿਆ ਤਾਂ ਜਰੂਰ ਪਰ ਨਾਲ ਹੀ ਲੱਗਿਆ ਕਿ ਰੱਬ ਜੀ ਮੈਨੂੰ ਪਿਛੇ ਨੂੰ ਮੁੜਣ ਲਈ ਹਲੂਣਾ ਦੇ ਰਹੇ ਨੇ।
ḔḔਹਾਰਿਆ ਨਹੀਂ, ਥੱਕ ਗਿਆ ਹਾਂ।” ਸੱਚਾਈ ਮੱਲੋ-ਮੱਲੀ ਮੇਰੇ ਅੰਦਰੋਂ ਬਾਹਰ ਆ ਗਈ। ਮੇਰੇ ਇਨਾ ਕਹਿਣ ਦੀ ਦੇਰ ਸੀ ਕਿ ਸਣੇ ਰੱਬ ਜੀ ਦੇ ਸਾਰਾ ਦਰਬਾਰ ਉਚੀ ਉਚੀ ਹੱਸਣ ਲੱਗਾ। ਮੈਨੂੰ ਕਾਰਨ ਦਾ ਤਾਂ ਪਤਾ ਨਹੀਂ ਲੱਗਿਆ ਪਰ ਇੰਜ ਮਹਿਸੂਸ ਹੋਇਆ, ਜਿਵੇਂ ਰੱਬ ਜੀ ਨੇ Ḕਮੋਗੈਂਬੋ ਖੁਸ਼ ਹੂਆ’ ਕਿਹਾ ਹੋਵੇ। ਤਦੇ Ḕਅਬ ਤੇਰਾ ਕਿਆ ਬਣੇਗਾ ਕਾਲੀਆ’ ਡਾਇਲਾਗ ਵੀ ਮੇਰੇ ਕੰਨਾਂ ਵਿਚ ਸਾਂ ਸਾਂ ਕਰਨ ਲੱਗਿਆ।
ḔḔਇਹਨੂੰ ਦਮ ਦਿਵਾ ਦਿਓ।” ਰੱਬ ਜੀ ਨੇ ਚਿਤਰਗੁਪਤ ਨੂੰ ਆਦੇਸ਼ ਕਰ ਦਿਤਾ। ਉਸ ਨੇ ਹੁਕਮ ਲਿਖ ਕੇ ਫਾਈਲ ਮੇਰੇ ਹੱਥ ਫੜਾ ਦਿਤੀ। ਡਿਓੜੀ ਟੱਪਦੇ ਸਾਰ ਮੈਂ ਫਾਈਲ ਖੋਲ੍ਹ ਕੇ ਵੇਖੀ। ਜਨਮ ਦੇ ਖਾਨੇ ਵਿਚ ‘ਅਮਰੀਕਾ’ ਲਿਖਿਆ ਹੋਇਆ ਸੀ। ਇਸ ਲਾਲਚ ਨਾਲ ਜਨਮ-ਮਰਨ ਤੋਂ ਰਹਿਤ ਹੋਣ ਦੀ ਮੇਰੀ ਮੰਗ ਇਸ ਵਾਰ ਫਿਰ ਰੱਬ ਨੇ ਟਾਲ ਦਿਤੀ ਸੀ।