ਕੋਹਿਨੂਰ ਹੀਰੇ ਦੀ ਪੂਰੀ ਕਹਾਣੀ

ਇਤਿਹਾਸ ਵਿਚ ਕੋਹਿਨੂਰ ਹੀਰੇ ਦਾ ਲਿਖਤੀ ਸਬੂਤ ਮੁਗਲ ਰਾਜ ਤੋਂ ਪਹਿਲਾਂ ਦਾ ਨਹੀਂ ਮਿਲਦਾ। ਸੰਨ 1526 ਵਿਚ ਬਾਬਰ ਦੀ ਇਬਰਾਹੀਮ ਲੋਧੀ ਨਾਲ ਪਾਣੀਪਤ ਦੇ ਮੈਦਾਨ ਵਿਚ ਹੋਈ ਲੜਾਈ ਵਿਚ ਗਵਾਲੀਅਰ ਦਾ ਰਾਜਾ ਬਿਕਰਮਾਦਿੱਤ ਵੀ ਮਾਰਿਆ ਗਿਆ। ਰਾਜੇ ਦੀ ਪਤਨੀ ਉਸ ਸਮੇਂ ਆਗਰੇ ਸੀ। ਪਾਣੀਪਤ ਤੋਂ ਬਾਬਰ ਨੇ ਆਪਣੇ ਪੁੱਤਰ ਹਮਾਯੂੰ ਨੂੰ ਤੁਰਤ ਹੀ ਆਗਰੇ ‘ਤੇ ਕਬਜ਼ਾ ਕਰਨ ਲਈ ਰਵਾਨਾ ਕੀਤਾ।

ਹਮਾਯੂੰ ਨੇ ਆਗਰੇ ਤੋਂ ਬਾਹਰ ਜਾਂਦੇ ਰਸਤਿਆਂ ‘ਤੇ ਪਹਿਰੇ ਬਿਠਾ ਦਿੱਤੇ। ਗਵਾਲੀਅਰ ਦੇ ਰਾਜੇ ਦੀ ਰਾਣੀ ਸਮੇਤ ਪਰਿਵਾਰ ਆਗਰੇ ਤੋਂ ਭੱਜਣ ਸਮੇਂ ਕੈਦ ਕਰ ਲਿਆ ਪਰ ਉਨ੍ਹਾਂ ਨਾਲ ਚੰਗਾ ਵਰਤਾਓ ਕੀਤਾ।
ਰਾਣੀ ਨੇ ਇਹ ਹੀਰਾ ਹਮਾਯੂੰ ਨੂੰ ਭੇਟ ਕਰ ਦਿੱਤਾ ਅਤੇ ਅੱਗੋਂ ਇਹ ਹਮਾਯੂੰ ਨੇ ਬਾਬਰ ਨੂੰ ਪੇਸ਼ ਕੀਤਾ। ਬਾਬਰ ਨੇ ਆਪਣੀ ਸਵੈਜੀਵਨੀ ਵਿਚ ਲਿਖਿਆ ਹੈ ਕਿ ਇਸ ਦੀ ਕੀਮਤ ਨਾਲ ਸਾਰੀ ਦੁਨੀਆਂ ਨੂੰ ਢਾਈ ਦਿਨ ਦਾ ਭੋਜਨ ਮਿਲ ਸਕਦਾ ਹੈ।
ਮੁਗਲ ਸਹਿਨਸ਼ਾਹਾਂ ਤੋਂ ਇਹ ਹੀਰਾ ਪੀੜ੍ਹੀ-ਦਰ-ਪੀੜ੍ਹੀ ਚਲਦਾ ਰਿਹਾ ਤੇ ਅੱਗੋਂ ਨਾਦਰਸ਼ਾਹ ਲੁੱਟ ਕੇ ਲੈ ਗਿਆ। ਉਸ ਤੋਂ ਅੱਗੇ ਅਫਗਾਨਿਸਤਾਨ ਦੇ ਬਾਦਸ਼ਾਹ, ਜਦੋਂ ਉਹ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਰਨ ਆਇਆ ਹੋਇਆ ਸੀ, ਪਾਸੋਂ ਮਹਾਰਾਜਾ ਰਣਜੀਤ ਸਿੰਘ ਨੇ ਤਸੀਹੇ ਦੇ ਕੇ ਪ੍ਰਾਪਤ ਕੀਤਾ। ਮਹਾਰਾਜਾ ਰਣਜੀਤ ਸਿੰਘ ਤੋਂ ਕਿਸੇ ਨੇ ਪੁਛਿਆ ਕਿ ਇਸ ਹੀਰੇ ਦਾ ਮੁੱਲ ਕਿੰਨਾ ਕੁ ਹੈ ਤਾਂ ਉਸ ਨੇ ਜਟਕੀ ਬੋਲੀ ਵਿਚ ਕਿਹਾ, “ਇਸ ਦਾ ਮੁੱਲ ਛਿੱਤਰ ਹੈ।” ਭਾਵ ਇਹ ਮੁੱਲ ਤਾਰ ਕੇ ਨਹੀਂ, ਤਾਕਤ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਮਹਾਰਾਜਾ ਇਹ ਹੀਰਾ ਸ੍ਰੀ ਹਰਿਮੰਦਰ ਸਾਹਿਬ ਨੂੰ ਭੇਟ ਕਰਨਾ ਚਾਹੁੰਦਾ ਸੀ ਪਰ ਉਸ ਦਾ ਵਜ਼ੀਰ ਧਿਆਨ ਸਿੰਘ ਇਸ ਨੂੰ ਪੂਰੀ ਦੇ ਮੰਦਰ ਨੂੰ ਭੇਟ ਕਰਨ ਨੂੰ ਆਖਦਾ ਸੀ।
ਨਾਬਾਲਗ ਮਹਾਰਾਜਾ ਦਲੀਪ ਸਿੰਘ ਤੋਂ ਇਹ ਮਹਾਰਾਣੀ ਬਰਤਾਨੀਆ ਨੂੰ ਭੇਟ ਕਰਵਾਇਆ ਗਿਆ। ਕਾਨੂੰਨ ਅਨੁਸਾਰ ਅੱਜ ਵੀ ਨਾਬਾਲਗ ਵਲੋਂ ਕੀਤਾ ਗਿਆ ਕੋਈ ਸੌਦਾ ਨਾਜਾਇਜ਼ ਹੈ। ਮੰਗਣ ਨਾਲ ਇੰਗਲੈਂਡ ਵਾਲੇ ਦੇਣ ਵਾਲੇ ਨਹੀਂ। ਇਹ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਸ਼ਬਦਾਂ ਅਨੁਸਾਰ ਤਾਕਤ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਇਥੇ ਸਾਡੇ ਪਿੰਡ ਦੇ ਇਕ ਬਜ਼ੁਰਗ ਦੀ ਪਾਕਿਸਤਾਨ ਦੇ ਜਾਂਗਲੀਆਂ ਦੀ ਕਹਾਣੀ ਯਾਦ ਆ ਗਈ। ਇਸ ਪਿੰਡ ਦੇ ਕੁਝ ਜਾਂਗਲੀ ਲਾਹੌਰ ਸ਼ਹਿਰ ਦੀ ਸੈਰ ਨੂੰ ਗਏ। ਜਾਂਗਲੀਆਂ ਦਾ ਇਕ ਮੁੰਡਾ ਆਪਣੇ ਤਾਏ ਨੂੰ ਸੋਨੇ ਦੇ ਗਹਿਣਿਆਂ ਦੀ ਇਕ ਦੁਕਾਨ ਅੱਗੇ ਖਲੋ ਕੇ ਕਹਿਣ ਲੱਗਾ, “ਤਾਇਆ, ਦੁਕਾਨਦਾਰ ਨੂੰ ਆਖ ਮੈਨੂੰ ਮਾੜਾ ਜਿਹਾ ਸੋਨਾ ਤਾਂ ਵਿਖਾ ਦੇਵੇ।”
ਤਾਇਆ ਕਹਿਣ ਲੱਗਾ, “ਉਸ ਨੇ ਨਹੀਂ ਵਿਖਾਉਣਾ।”
ਮੁੰਡਾ ਤਾਏ ਤੋਂ ਅੱਗੇ ਹੋ ਕੇ ਦੁਕਾਨਦਾਰ ਨੂੰ ਕਹਿਣ ਲੱਗਾ, “ਭਾਈ ਮਾੜਾ ਜਿਹਾ ਸੋਨਾ ਤਾਂ ਵਿਖਾਈਂ।”
ਦੁਕਾਨਦਾਰ ਬੋਲਿਆ, “ਜਾਹ ਭਾਈ ਜਾਹ, ਸੋਨਾ ਕੋਈ ਐਵੇਂ ਦਿਖਾਉਣ ਵਾਲੀ ਚੀਜ਼ ਏ?”
ਦੁਕਾਨ ਤੋਂ ਪਰੇ ਹੋ ਕੇ ਤਾਇਆ, ਭਤੀਜੇ ਨੂੰ ਕਹਿਣ ਲੱਗਾ, “ਵੇਖ ਲਿਆ ਸੋਨਾ ਮੰਗ ਕੇ!”
ਮੁੰਡਾ ਬੋਲਿਆ, “ਨਹੀਂ ਵਿਖਾਇਆ ਤਾਂ ਨਾ ਸਹੀ, ਆਪਣਾ ਕੀ ਗਿਆ। ਮਾੜੀ ਜਿਹੀ ਜ਼ੁਬਾਨ ਹੀ ਹਿਲਾਈ ਸੀ।”
ਸੋ, ਮਾੜੀ ਜਿਹੀ ਜ਼ੁਬਾਨ ਹਿਲਾ ਕੇ ਕੋਹਿਨੂਰ ਨਹੀਂ ਮਿਲਣਾ।
-ਵਾਸਦੇਵ ਸਿੰਘ ਪਰਹਾਰ
ਫੋਨ: 206-434-1155