-ਗੁਲਜ਼ਾਰ ਸਿੰਘ ਸੰਧੂ
ਮੈਂ ਉਰਦੂ ਡਾਈਜੈਸਟ ‘ਸ਼ਬੱਸਤਾਂ’ ਦੇ ਗ਼ਾਲਿਬ ਨੰਬਰ 1969 ਵਿਚੋਂ ਸਲਾਮਤ ਅਲੀ ਮਹਿਦੀ ਦੇ ਇਕ ਪੁਰਾਣੇ ਲੇਖ ਦਾ ਅਨੁਵਾਦ ਦੇ ਰਿਹਾ ਹਾਂ। ਆਪਣੀ ਵੱਲੋਂ ਉਹ ਮਿਰਜ਼ਾ ਗ਼ਾਲਿਬ ਨੂੰ ਛੁਟਿਆਉਂਦਾ ਹੈ ਪਰ ਅਸਲ ਵਿਚ ਸਾਰਾ ਲੇਖ ਗ਼ਾਲਿਬ ਦੀ ਵਡਿੱਤਣ ਹੋ ਨਿਬੜਦਾ ਹੈ। ਲੇਖ ਪੇਸ਼ ਹੈ:
ਮੈਂ ਗ਼ਾਲਿਬ ਨੂੰ ਉਰਦੂ ਦਾ ਸਭ ਤੋਂ ਬੜਾ ਸ਼ਾਇਰ ਨਹੀਂ ਮੰਨਦਾ ਪਰ ਉਹ ਇਕ ਉਤੱਮ ਕਵੀ ਹੈ।
ਇਹ ਗੱਲ ਉਕਾ ਹੀ ਗਲਤ ਹੈ ਕਿ ਉਹ ਸਾਰੀ ਉਮਰ ਗਰੀਬੀ ਦਾ ਸ਼ਿਕਾਰ ਰਿਹਾ। ਉਸ ਦੀ ਹਵੇਲੀ ਵਿਚ ਸਦਾ ਨੌਂ ਸੇਵਾਦਾਰ ਰਹੇ। ਉਹ ਹਰ ਰੋਜ਼ ਗੋਸ਼ਤ ਖਾਂਦਾ, ਚੰਗੇ ਵਸਤਰ ਪਹਿਨਦਾ ਤੇ ਸ਼ਾਮ ਨੂੰ ਪੁਰਤਗਾਲੀ ਸ਼ਰਾਬ ਪੀਂਦਾ। ਸਵੇਰੇ ਉਠਦਾ ਤਾਂ ਬਖ਼ਸ਼ੀਸ਼ ਦਿੰਦਾ। ਉਹ ਆਪਣੇ ਘਰੋਂ ਕਦੀ ਪੈਦਲ ਨਹੀਂ ਨਿਕਲਿਆ। ਹਿੰਦੁਸਤਾਨ ਨੇ ਉਸ ਦੀ ਰਈਸੀ ਵਿਚ ਕਦੀ ਵਿਘਨ ਨਹੀਂ ਪੈਣ ਦਿੱਤਾ। ਉਸ ਦੇ ਜਿਉਂਦੇ ਜੀਅ ਸਮੇਂ ਦੇ ਵੱਡੇ ਰਈਸ, ਵਿਦਵਾਨ, ਸੂਫੀ ਕਵੀ ਤੇ ਸਰਕਾਰੀ ਅਫਸਰ ਉਸ ਨੂੰ ਮਿਲਣ ਵਿਚ ਆਪਣੀ ਇੱਜਤ ਸਮਝਦੇ ਸਨ। ਸਮੇਂ ਨੇ ਗ਼ਾਲਿਬ ਦੀ ਨਾਜ਼ੁਕ ਮਜ਼ਾਜ਼ੀ ਤੋਂ ਬਿਨਾਂ ਗ਼ਾਲਿਬ ਦੇ ਸੁਭਾਅ ਦੀਆਂ ਖਰਾਬੀਆਂ ਉਤੇ ਵੀ ਫੁੱਲ ਚੜ੍ਹਾਏ।
ਇਹ ਕਹਿਣਾ ਬਿਲਕੁਲ ਗ਼ਲਤ ਹੈ ਕਿ ਉਹ ਸਾਰੀ ਉਮਰ ਪ੍ਰੇਸ਼ਾਨ ਰਿਹਾ ਤੇ ਉਸ ਦੀ ਜ਼ਿੰਦਗੀ ਵਿਚ ਉਸ ਦੀ ਕਦਰ ਨਹੀਂ ਪਈ। ਇਹ ਹੋਰ ਵੀ ਗਲਤ ਹੈ ਕਿ ਉਰਦੂ ਨੇ ਗ਼ਾਲਿਬ ਤੋਂ ਵੱਡਾ ਹੋਰ ਕੋਈ ਸ਼ਾਇਰ ਪੈਦਾ ਨਹੀਂ ਕੀਤਾ। ਉਸ ਦੀ ਵਡਿਆਈ ਸਿਰ ਮੱਥੇ ਪਰ ਉਸ ਨੂੰ ਹੀਰੋ ਕਹਿਣਾ ਗ਼ਲਤ ਹੈ।
ਗ਼ਾਲਿਬ ਕੁਰਸੀ-ਪ੍ਰਸਤ ਸੀ। ਜਦੋਂ ਤੱਕ ਲਾਲ ਕਿਲ੍ਹੇ ਉਤੇ ਮੁਗ਼ਲਾਂ ਦਾ ਝੰਡਾ ਲਹਿਰਾਇਆ, ਉਹ ਬਹਾਦਰ ਸ਼ਾਹ ਜ਼ਫਰ ਦੇ ਕਸੀਦੇ ਲਿਖਦਾ ਰਿਹਾ। ਜਿਉਂ ਹੀ ਇਹ ਝੰਡਾ ਲੱਥਾ ਗ਼ਾਲਿਬ ਨੇ ਅੰਗਰੇਜ਼ਾਂ ਦਾ ਗੁਣ ਗਾਇਨ ਅਰੰਭ ਦਿੱਤਾ।
ਗ਼ਾਲਿਬ ਖ਼ੁਸ਼ਾਮਦ ਪਸੰਦ ਵੀ ਸੀ ਤੇ ਖੁਸ਼ਾਮਦੀ ਵੀ। ਉਸ ਨੇ ਸਾਰੀ ਉਮਰ ਆਪਣੇ ਸ਼ਾਗਿਰਦਾਂ ਤੋਂ ਖੁਸ਼ਾਮਦ ਕਰਵਾਈ ਅਤੇ ਖ਼ੁਦ ਉਨ੍ਹਾਂ ਤਾਕਤਾਂ ਦੀ ਖੁਸ਼ਾਮਦ ਕੀਤੀ ਜਿਹੜੇ ਉਸ ਨੂੰ ਐਸ਼ ਕਰਵਾ ਸਕਦੇ ਸਨ।
ਉਹ ਕੇਵਲ ਨਾਂ ਦਾ ਮੁਸਲਮਾਨ ਸੀ। ਉਸ ਨੇ ਐਲਾਨੀਆ ਸ਼ਰਾਬ ਪੀਤੀ, ਜੂਆ ਖੇਲਿਆ, ਰੋਜ਼ਿਆਂ ਦਾ ਮਜ਼ਾਕ ਉਡਾਇਆ ਤੇ ਨਮਾਜ਼ ਪੜ੍ਹਨ ਦਾ ਵੀ।
ਗ਼ਾਲਿਬ ਦੇ ਕਲਾਮ ਵਿਚ ਭਰਪੂਰ ਜ਼ਿੰਦਗੀ ਹੈ। ਪ੍ਰਕਿਰਤੀ ਦਾ ਭਰਪੂਰ ਫਲਸਫਾ ਹੈ, ਨਿਤ-ਪ੍ਰਤੀ ਗ਼ਮ ਨੂੰ ਸਹਿਣ ਦਾ ਚੱਜ ਹੈ। ਜ਼ਿੰਦਗੀ ਦੀਆਂ ਤਲਖੀਆਂ ਵੀ ਹਨ, ਮੌਜ-ਮੇਲਾ ਵੀ। ਦਿਨ ਦਾ ਚਾਨਣ ਵੀ ਤੇ ਰਾਤ ਦੀ ਤਰੀਕੀ ਵੀ। ਮਾੜੀ ਗੱਲ ਇਹ ਕਿ ਇਸ ਵਿਚ ਵਾਸ਼ਨਾ ਵੀ ਹੈ ਤੇ ਭੋਗ ਸੰਭੋਗ ਦੀ ਚਾਹਨਾ ਵੀ, ਤੇ ਉਹ ਵੀ ਅੰਤਾਂ ਦੀ।
ਗ਼ਾਲਿਬ ਇਸ਼ਕੀਆ ਸ਼ਾਇਰ ਹੈ ਪਰ ਉਸ ਦਾ ਇਸ਼ਕ ਨਾ ਹੀ ਮਨਸੂਰ ਵਰਗਾ ਸੀ ਜੋ ਫਾਂਸੀ ਚੜ੍ਹਿਆ ਤੇ ਨਾ ਹੀ ਸਰਮਦ ਵਰਗਾ ਜਿਸ ਨੇ ਧੌਣ ਕਟਵਾਈ, ਤੇ ਨਾ ਹੀ ਉਮਰ ਖਯਾਮ ਵਰਗਾ ਜਿਸ ਨੇ ਅੱਧੀ ਤੋਂ ਵੱਧ ਉਮਰ ਜੇਲ੍ਹ ਵਿਚ ਕੱਟੀ। ਗ਼ਾਲਿਬ ਦਾ ਇਸ਼ਕ ਵੀ ਆਪਣੀ ਹੀ ਕਿਸਮ ਦਾ ਸੀ। ਨਾ ਹਕੀਕੀ ਤੇ ਨਾ ਮਿਜਾਜ਼ੀ। ਇਹ ਕੇਵਲ ਵਾਸ਼ਨਾ-ਪ੍ਰਸਤੀ ਸੀ, ਜਿਸਮਾਨੀ ਖੁਸ਼ੀਆਂ ਵਾਲਾ। ਇਹ ਇਸ਼ਕ ਨਹੀਂ ਸਗੋਂ ਆਸ਼ਕੀ ਦਾ ਘਟੀਆ ਨਮੂਨਾ ਸੀ।
ਗ਼ਾਲਿਬ ਦਾ ਇਹ ਇਸ਼ਕ ਪਿਛਲੇ ਸੌ ਸਾਲ ਤੋਂ ਦੇਸ਼ ਦੇ ਨੌਜਵਾਨਾਂ ਨੂੰ ਗ਼ਲਤ ਰਸਤੇ ਪਾ ਰਿਹਾ ਹੈ। ਇਹ ਇਸ਼ਕ ਅਖ਼ਤਰ ਸ਼ੀਰਾਨੀ, ਮੰਟੋ ਤੇ ਮਜਾਜ਼ ਵਰਗਿਆਂ ਨੂੰ ਆਪਣੀ ਲਪੇਟ ਵਿਚ ਲੈ ਕੇ ਤਬਾਹ ਕਰ ਚੁੱਕਿਆ ਹੈ ਤੇ ਰੱਬ ਹੀ ਜਾਣਦਾ ਹੈ ਕਿ ਉਸ ਦਾ ਇਹ ਇਸ਼ਕ ਹੋਰ ਕਿੰਨੇ ਤੇ ਕਿਹੋ ਜਿਹੇ ਬੰਦਿਆਂ ਦੇ ਖ਼ੂਨ ਦੀ ਕੁਰਬਾਨੀ ਲਵੇਗਾ।
ਮੈਂ ਇਸ ਤੋਂ ਮੁਨਕਰ ਨਹੀਂ ਕਿ ਗ਼ਾਲਿਬ ਪੈਦਾਇਸ਼ੀ ਸ਼ਾਇਰ ਸੀ। ਉਸ ਦਾ ਕੋਈ ਉਸਤਾਦ ਨਹੀਂ ਸੀ ਤੇ ਉਸ ਨੇ ਸ਼ਾਇਰੀ ਦੀ ਕੋਈ ਵਿੱਦਿਆ ਪ੍ਰਾਪਤ ਨਹੀਂ ਸੀ ਕੀਤੀ। ਉਹ ਅੰਤਾਂ ਦਾ ਸਿਆਣਾ ਸੀ। ਸਮੇਂ ਦੀ ਨਬਜ਼ ਫੜਨਾ ਜਾਣਦਾ ਸੀ। ਉਸ ਨੇ ਜ਼ਮਾਨੇ ਦੇ ਬਦਲਦੇ ਤੇਵਰ ਵੇਖ ਰੱਖੇ ਸਨ। ਜਦੋਂ ਉਸ ਨੇ ਵੇਖਿਆ ਕਿ ਉਨ੍ਹਾਂ ਸਮਿਆਂ ਦੇ ਲੋਕ ਉਸ ਦੀ ਸ਼ਾਇਰੀ ਨੂੰ ਅਤਿਅੰਤ ਔਖੀ ਤੇ ਕਠਿਨ ਸ਼ਬਦਾਂ ਨਾਲ ਲੱਦੀ ਸਮਝਦੇ ਹਨ ਤਾਂ ਉਸ ਨੇ ਉਹ ਸ਼ਿਅਰ ਲਿਖੇ ਜਿਨ੍ਹਾਂ ਨੂੰ ਆਉਣ ਵਾਲੀਆਂ ਨਸਲਾਂ ਪਸੰਦ ਕਰਦੀਆਂ। ਉਸ ਨੇ 1852 ਵਿਚ 1952 ਨੂੰ ਵੇਖ ਲਿਆ ਸੀ ਤੇ 2052 ਨੂੰ ਵੀ।
ਗ਼ਾਲਿਬ ਦੀ ਇਹ ਵਾਸ਼ਨਾ ਭਰਪੂਰ ਸ਼ਾਇਰੀ, ਇਹ ਐਸ਼ਪ੍ਰਸਤੀ ਨੂੰ ‘ਵਾਜਾਂ ਮਾਰਦੀ ਸ਼ਾਇਰੀ, ਇਹ ਔਰਤ ਦੀਆਂ ਜ਼ੁਲਫਾਂ ਵਿਚ ਉਲਝੀ ਹੋਈ ਸ਼ਾਇਰੀ, ਇਹ ਸ਼ਰਾਬ ਦੇ ਜਾਮ ਵਿਚ ਗੋਤੇ ਖਾਂਦੀ ਸ਼ਾਇਰੀ, ਇਹ ਹਸੀਨਾ ਦੀ ਜਵਾਨੀ ਵਿਚ ਖੋ ਜਾਣ ਵਾਲੀ ਸ਼ਾਇਰੀ ਅਤੇ ਲੱਜ਼ਤ ਪਸੰਦ ਸ਼ਾਇਰੀ ਰਹਿੰਦੀ ਦੁਨੀਆਂ ਤੱਕ ਪਸੰਦ ਕੀਤੀ ਜਾਵੇਗੀ।
ਮਿਰਜ਼ਾ ਗ਼ਾਲਿਬ ਨਾ ਆਜ਼ਾਦੀ-ਪ੍ਰਸਤ ਸੀ ਤੇ ਨਾ ਕੌਮ-ਪ੍ਰਸਤ, ਉਸ ਦੇ ਗੂੜ੍ਹੇ ਮਿੱਤਰ ਮੌਲਾਨਾ ਫ਼ਜ਼ਲ ਹੱਕ ਖੈਰਾਬਾਦੀ ਨੂੰ ਅੰਗਰੇਜ਼ਾਂ ਨੇ ਕਾਲੇ ਪਾਣੀ ਦੀ ਸਜ਼ਾ ਦਿੱਤੀ, ਉਸ ਦੇ ਸਰਪ੍ਰਸਤ ਬਹਾਦਰਸ਼ਾਹ ਜ਼ਫ਼ਰ ਨੂੰ ਜਲਾਵਤਨ ਕੀਤਾ ਗਿਆæææਪਰ ਗ਼ਾਲਿਬ ਨੇ ਜਿਹੜਾ ਮੁਗਲੀਆ ਸਰਕਾਰ ਦਾ ਇਤਿਹਾਸ ਲਿਖ ਰਿਹਾ ਸੀ, ਮੁਗ਼ਲੀਆ ਸਲਤਨਤ ਦਾ ਸੂਰਜ ਡੁਬਦੇ ਸਾਰ ਅੰਗਰੇਜ਼ਾਂ ਦੀ ਕਸੀਦਾਕਾਰੀ ਸ਼ੁਰੂ ਕਰ ਦਿੱਤੀ।
ਪਰ ਗ਼ਾਲਿਬ ਖ਼ੂਬੀਆਂ ਦਾ ਵੀ ਭੰਡਾਰ ਸੀ ਤੇ ਖਾਮੀਆਂ ਦਾ ਵੀ ਕਿਉਂਕਿ ਉਹ ਸੋਲਾਂ ਆਨੇ ਇਨਸਾਨ ਸੀ।
ਗ਼ਾਲਿਬ ਸੱਚਮੁੱਚ ਹੀ ਸ਼ਾਨਦਾਰ ਇਨਸਾਨ ਸੀ।
ਅੰਤਿਕਾ: ਡਾæ ਰਵਿੰਦਰ
ਪਰਵਾਸੀ ਪੰਛੀ ਹਾਂ ਵਤਨੋਂ ਤੁਰ ਆਏ
ਬੇਗਾਨੇ ਰੁੱਖਾਂ ਦੀ ਛਾਂ ਤੋਂ ਡਰਦੇ ਹਾਂ।
ਸਿਖਰ ਦੁਪਹਿਰੇ ਸੀਤ ਲਹਿਰ ਜੇ ਆ ਜਾਵੇ
ਆਪਣੇ ਅੰਦਰ ਆਪ ਅੰਗਾਰੇ ਭਰਦੇ ਹਾਂ।