ਸਹਿਜਧਾਰੀ ਸਿੱਖਾਂ ਨਾਲ ਮਤਰੇਆਂ ਵਾਲਾ ਸਲੂਕ ਕਿਉਂ?

ਸਿੱਖ ਕੌਮ ਅਤੇ ਰਾਜਨੀਤੀ ਉਤੇ ਕਾਬਜ਼ ਬੈਠੇ ਕੱਟੜਪੰਥੀ ਲੋਕਾਂ ਨੇ ਕੇਂਦਰ ਦੀ ਬੀæਜੇæਪੀæ ਸਰਕਾਰ ਨਾਲ ਮਿਲ ਕੇ 70 ਲੱਖ ਗੁਰੂ ਨਾਨਕ ਨਾਮਲੇਵਾ ਸਿੱਖਾਂ ਕੋਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪਾਉਣ ਦਾ ਹੱਕ ਖੋਹ ਲਿਆ ਹੈ। ਇਸ ਗੱਲ ਦਾ ਸਾਰੀ ਦੁਨੀਆਂ ਨੂੰ ਪਤਾ ਹੈ ਕਿ ਸਿੱਖ ਕੌਮ ਦੇ ਧਾਰਮਿਕ ਸਥਾਨਾਂ, ਗੁਰੂ ਘਰਾਂ ਅਤੇ ਰਾਜਨੀਤੀ ‘ਤੇ ਕਾਬਜ਼ ਚੌਧਰ ਦੇ ਭੁੱਖੇ ਲੋਕ ਇਹ ਕਦੀ ਵੀ ਨਹੀਂ ਚਾਹੁੰਣਗੇ ਕਿ ਉਨ੍ਹਾਂ ਦੇ ਹੱਥਾਂ ਵਿਚੋਂ ਗੋਲਕਾਂ ਜਾਂ ਰਾਜਨੀਤੀ ਦੀ ਕੁਰਸੀ ਨਿਕਲ ਜਾਵੇ, ਇਸੇ ਕਰ ਕੇ ਗੈਰਾਂ ਨਾਲ ਮਿਲ ਕੇ ਆਪਣੀ ਹੀ ਕੌਮ ਨੂੰ ਦੋ ਹਿੱਸਿਆਂ ਵਿਚ ਵੰਡਣ ਵਾਲੇ ਕਾਲੇ ਕਾਨੂੰਨ ਬਣਾਏ ਜਾਂ ਬਣਵਾਏ ਜਾ ਰਹੇ ਹਨ ਕਿ ਸਿੱਖ ਕੌਮ ਦਾ ਦਾਇਰਾ ਵੱਡਾ ਹੋਣ ਦੀ ਥਾਂ ਛੋਟੇ ਤੋਂ ਛੋਟਾ ਹੋਈ ਜਾਵੇ। ਮੁੱਠੀ ਭਰ ਲੋਕ ਧਰਮ ਦੇ ਨਾਂ ਉਤੇ ਗੋਲਕਾਂ ‘ਤੇ ਰਾਜ ਕਰਦੇ ਰਹਿਣ। ਸੋਚਿਆ ਜਾਵੇ ਤਾਂ ਇਹ ਲੜਾਈ ਅੰਮ੍ਰਿਤਧਾਰੀ ਜਾਂ ਸਹਿਜਧਾਰੀ ਦੀ ਨਹੀਂ ਹੈ, ਲੜਾਈ ਤਾਂ ਸਿਰਫ ਗੋਲਕ ਦੀ ਹੈ। ਗੋਲਕ ਵਿਚ ਚੜ੍ਹਦੇ ਬੇਸ਼ੁਮਾਰ ਚੜ੍ਹਾਵੇ ਦੀ ਹੈ। ਗੋਲਕ ਦੇ ਸਿਰ ‘ਤੇ ਹੀ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਹੈ; ਵਰਨਾ ਧਰਮ ਨੂੰ ਕੌਣ ਪਿਆ ਪੁੱਛਦਾ ਹੈ! ਜਿਹਦੇ ਕੋਲ ਡਾਂਗ ਹੈ, ਮੱਝ ਤਾਂ ਉਸ ਦੀ ਹੀ ਹੋਵੇਗੀ!
ਸਿੱਖ ਤੇ ਸਿੰਘ ਦੋ ਸ਼ਬਦ ਹਨ ਅਤੇ ਦੋਵਾਂ ਦੀ ਪਰਿਭਾਸ਼ਾ ਵੀ ਵੱਖੋ-ਵੱਖਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 305 ਉਤੇ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ, ਇਸ ਸ਼ਬਦ ਦੀ ਜੇ ਵਿਚਾਰ ਕੀਤੀ ਜਾਵੇ ਤਾਂ ਦਿਮਾਗ ਦੇ ਦਰਵਾਜ਼ੇ ਖੁੱਲ੍ਹ ਜਾਣਗੇ। ਸ਼ਬਦ ਹੈ, “ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥” ਇਸ ਤੋਂ ਸਮਝ ਪੈ ਜਾਂਦੀ ਹੈ ਕਿ ਗੁਰਸਿੱਖ ਤੇ ਉਸ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ। ਗੁਰੂ ਦਾ ਸਿੱਖ ਜੋ ਗੁਰੂ ਨਾਨਕ ਨਾਮ ਲੇਵਾ ਹੈ ਪਰ ਅੰਮ੍ਰਿਤਧਾਰੀ ਨਹੀਂ ਹੈ, ਉਹ ਗੁਰਦੁਆਰੇ ਜਾਂਦਾ ਹੈ, ਆਪਣੇ ਸ਼ਬਦ ਗੁਰੂ ‘ਤੇ ਅਟੁੱਟ ਵਿਸ਼ਵਾਸ ਰੱਖਦਾ ਹੈ, ਆਪਣੇ ਜੀਵਨ ਅਤੇ ਪਰਿਵਾਰ ਦੇ ਸਾਰੇ ਕਾਰਜ ਗੁਰਦੁਆਰੇ ਜਾ ਕੇ ਕਰਦਾ ਹੈ, ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਕੇ ਗੁਰੂ ਦੀ ਗੋਲਕ ਵਿਚ ਪਾਉਂਦਾ ਹੈ, ਸੇਵਾ ਸਿਮਰਨ ਕਰਦਾ ਹੈ ਅਤੇ ਗੁਰੂ ਦਾ ਓਟ-ਆਸਰਾ ਲੈ ਕੇ ਜੀਵਨ ਨਿਰਬਾਹ ਕਰਦਾ ਹੈ। ਅੰਮ੍ਰਿਤਧਾਰੀ ਸਿੰਘ ਉਹ ਗੁਰਸਿੱਖ ਜੋ ਅੰਮ੍ਰਿਤ ਛੱਕ ਕੇ ਪੰਜ ਕੱਕਾਰ ਧਾਰਨ ਕਰ ਕੇ ਅਕਾਲ ਪੁਰਖ ਦੀ ਫੌਜ ਦਾ ਸਿਪਾਹੀ ਬਣ ਜਾਵੇ, ਜ਼ਾਲਮ ਤੇ ਜ਼ੁਲਮ ਖਿਲਾਫ ਜੀਵਨ ਭਰ ਜੰਗ ਜਾਰੀ ਰੱਖੇ, ਮਾਸੂਮਾਂ ਤੇ ਮਜ਼ਲੂਮਾਂ ਦਾ ਰਖਵਾਲਾ ਬਣੇ, ਤੇ ਸੱਚ ਦੇ ਰਸਤੇ ਦਾ ਪਾਂਧੀ ਹੋਵੇ, ਸੇਵਾ ਤੇ ਸਿਮਰਨ ਨਾਲ ਜੁੜਿਆ ਰਹੇ, ਐਸੇ ਉਚੇ-ਸੁੱਚੇ ਕਿਰਦਾਰ ਤੇ ਆਚਰਨ ਵਾਲੀ ਫੌਜ ਨੂੰ ਦਸਮ ਪਿਤਾ ਨੇ ਖਾਲਸਾ ਨਾਮ ਦਿੱਤਾ। ਜੋ ਅੰਦਰੋਂ-ਬਾਹਰੋਂ ਸ਼ੁੱਧ ਤੇ ਪਵਿੱਤਰ ਹੋਵੇ, ਜਿਸ ਵਿਚ ਕਿਸੇ ਪ੍ਰਕਾਰ ਦੀ ਮਿਲਾਵਟ ਨਾ ਹੋਵੇ, ਉਸ ਨੂੰ ਖਾਲਸਾ ਫੌਜ ਆਖਿਆ ਤੇ ‘ਖਾਲਸਾ ਅਕਾਲ ਪੁਰਖ ਕੀ ਫੌਜ’ ਅਤੇ ਅੰਮ੍ਰਿਤਧਾਰੀ ਸਿੱਖ ਦੇ ਨਾਮ ਮਗਰ ‘ਸਿੰਘ’ ਸ਼ਬਦ ਲਾ ਕੇ ਉਸ ਨੂੰ ਸ਼ੇਰ ਬਣਾ ਦਿੱਤਾ।
ਇਸ ਤਰ੍ਹਾਂ ‘ਸਿੱਖ’ ਅਤੇ ‘ਸਿੰਘ’ ਦੋਵੇਂ ਸ਼ਬਦ ਲਿਖੇ ਅਤੇ ਬੋਲੇ ਜਾਂਦੇ ਹਨ, ਬਲਕਿ ਸਮੁੱਚੇ ਸਿੱਖਾਂ ਲਈ ਵੀ ਸਿੱਖ ਕੌਮ ਸ਼ਬਦ ਹੀ ਬੋਲਿਆ ਜਾਂਦਾ ਹੈ, ਸਿੰਘ ਕੌਮ ਨਹੀਂ, ਪਰ ਅੱਜ ਸਹਿਜਧਾਰੀ ਸ਼ਬਦ ਵਰਤ ਕੇ ਗੁਰੂ ਕੇ ਸਿੱਖਾਂ ਦੀ ਤੌਹੀਨ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਗੁਰੂ ਘਰਾਂ ਵਿਚੋਂ ਬਾਹਰ ਕੱਢ ਦਿੱਤਾ ਗਿਆ ਹੈ, ਉਨ੍ਹਾਂ ਦਾ ਹੱਕ ਖੋਹ ਲਿਆ ਗਿਆ ਹੈ। ਵੋਟ ਦਾ ਹੱਕ ਖੋਹਣ ਵਾਲੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਫੁਰਮਾਨ ਜਾਰੀ ਕਰਨ ਕਿ ਸਹਿਜਧਾਰੀ ਸਿੱਖ ਹਰਿਮੰਦਰ ਸਾਹਿਬ ਤੋਂ ਲੈ ਕੇ ਕਿਸੇ ਵੀ ਗੁਰੂ ਘਰ ਵਿਚ ਚੜ੍ਹਾਵਾ ਵੀ ਨਹੀਂ ਚੜ੍ਹਾ ਸਕਦੇ, ਕੜਾਹ-ਪ੍ਰਸਾਦ ਜਾਂ ਲੰਗਰ ਨਹੀਂ ਕਰਵਾ ਸਕਦੇ, ਅਖੰਡ ਪਾਠ ਜਾਂ ਸਹਿਜ ਪਾਠ ਨਹੀਂ ਕਰਵਾ ਸਕਦੇ, ਆਪਣੇ ਪਰਿਵਾਰਾਂ ਦੇ ਕੋਈ ਵੀ ਕਾਰਜ ਗੁਰੂ ਘਰਾਂ ਵਿਚ ਨਹੀਂ ਕਰਵਾ ਸਕਦੇ, ਗੁਰੂ ਘਰਾਂ ਦੀਆਂ ਬਿਲਡਿੰਗਾਂ ਤੇ ਕਾਰ ਸੇਵਾਵਾਂ ਲਈ ਲੱਖਾਂ-ਕਰੋੜਾਂ ਦੇ ਚੜ੍ਹਾਵੇ ਵੀ ਨਹੀਂ ਚੜ੍ਹਾ ਸਕਦੇ! ਹੈ ਹਿੰਮਤ ਕਿਸੇ ਦੀ ਜੋ ਇਹ ਫੁਰਮਾਨ ਜਾਰੀ ਕਰ ਜਾਂ ਕਰਵਾ ਸਕੇ। ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਲੱਗੀਆਂ ਲਾਈਨਾਂ ਵਿਚ ਸਹਿਜਧਾਰੀ ਸਿੱਖਾਂ ਦੀ ਗਿਣਤੀ ਕਿਤੇ ਜ਼ਿਆਦਾ ਹੈ, ਪਰ ਉਨ੍ਹਾਂ ਸਹਿਜਧਾਰੀਆਂ ਵਿਚ ਪਤਿਤ ਅਖਵਾਉਣ ਵਾਲਿਆਂ ਦੀ ਗਿਣਤੀ ਹੋਰ ਵੀ ਵੱਧ ਹੈ, ਪਰ ਸਹਿਜਧਾਰੀ ਅਤੇ ਪਤਿਤ ਲੋਕਾਂ ਦੀ ਮਾਇਆ ਗੋਲਕ ਦੇ ਅੰਦਰ ਜਾਂਦਿਆਂ ਹੀ ਸਾਫ਼-ਸੁਥਰੀ, ਸਵੱਛ ਅਤੇ ਪਵਿੱਤਰ ਹੋ ਜਾਂਦੀ ਹੈ! ਉਹ ਮਾਇਆ ਸਹਿਜਧਾਰੀ ਜਾਂ ਪਤਿਤ ਕਿਉਂ ਨਹੀਂ ਹੈ, ਉਸ ਮਾਇਆ ਨੂੰ ਕਿਹੜੇ ਦੁੱਧ ਨਾਲ ਧੋ ਕੇ ਪਵਿੱਤਰ ਕਰ ਲਿਆ ਜਾਂਦਾ ਹੈ, ਬੱਸ ਇਹੋ ਬੁਝਾਰਤਾਂ ਹਨ ਜੋ ਭੋਲੇ ਲੋਕਾਂ ਨੂੰ ਕਦੀ ਸਮਝ ਨਹੀਂ ਆਉਂਦੀਆਂ ਤੇ ਨਾ ਹੀ ਚਲਾਕ ਲੀਡਰਾਂ ਨੇ ਸਮਝ ਵਿਚ ਆਉਣ ਦੇਣੀਆਂ ਹਨ। ਅਸੀਂ ਅੰਮ੍ਰਿਤਧਾਰੀ ਸਿੰਘਾਂ ਦਾ ਦਿਲ ਦੀਆਂ ਗਹਿਰਾਈਆਂ ਵਿਚੋਂ ਸਨਮਾਨ ਅਤੇ ਸਤਿਕਾਰ ਕਰਦੇ ਹਾਂ, ਕਿਉਂਕਿ ਉਹ ਗੁਰੂ ਦੇ ਬਚਨਾਂ ਅਨੁਸਾਰ ਅਕਾਲ ਪੁਰਖ ਦੀ ਫੌਜ ਦੇ ਸਿਪਾਹੀ ਹਨ, ਪਰ ਬੇਨਤੀ ਹੈ ਕਿ ਉਹ ਕੱਟੜਤਾ ਦੇ ਧਾਰਨੀ ਬਿਲਕੁਲ ਨਾ ਹੋਣ, ਗੋਲਕਾਂ ਤੇ ਚੌਧਰ ਦੇ ਭੁੱਖੇ ਤਾਂ ਬਿਲਕੁਲ ਹੀ ਨਾ ਹੋਣ। ਬਾਣੀ ਤੇ ਬਾਣੇ ਦੀ ਇੱਜਤ ਰੱਖਣ ਵਾਲੇ ਹੋਣ।
ਸਾਡੀ ਧਾਰਮਿਕ ਅਤੇ ਰਾਜਨੀਤਕ ਲੀਡਰਸ਼ਿਪ ਨੇ ਸਿੱਖਾਂ ਨੂੰ ਪਤਿਤ ਵੀ ਆਪ ਹੀ ਬਣਾਇਆ ਹੈ। ਕੱਟੜਤਾ ਦਾ ਪ੍ਰਚਾਰ ਤੇ ਨਸ਼ਿਆਂ ਦੀ ਭਰਮਾਰ ਨੇ ਸਿੱਖਾਂ ਨੂੰ ਰਸਾਤਲ ਵਿਚ ਸੁੱਟ ਦਿੱਤਾ ਹੈ, ਕਦੇ ਸਿੱਖ ਕੌਮ ਦੇ ਲੀਡਰਾਂ ਨੇ ਡਾæ ਭੀਮ ਰਾਓ ਅੰਬੇਦਕਰ ਤੇ ਉਹਦੀ ਸਮੁੱਚੀ ਕੌਮ ਨੂੰ ਗੁਰੂ ਦੀ ਸ਼ਰਨ ਆਇਆਂ ਨੂੰ ਠੁਕਰਾ ਕੇ ਇਤਿਹਾਸ ਦਾ ਕਾਲਾ ਪੰਨਾ ਲਿਖ ਦਿੱਤਾ ਸੀ ਅਤੇ ‘ਜੋ ਸਰਣਿ ਆਵੈ ਤਿਸੁ ਕੰਠ ਲਾਵੈ’ ਵਾਲਾ ਗੁਰੂ ਦਾ ਹੁਕਮ ਨਾ ਮੰਨ ਕੇ ਗੁਨਾਹ ਕਰ ਬੈਠੇ ਸਨ। ਕਿਤੇ ਅੱਜ ਫਿਰ ਉਸੇ ਹੀ ਵਾਕਿਆ ਨੂੰ ਤਾਂ ਨਹੀਂ ਦੁਹਰਾਇਆ ਜਾ ਰਿਹਾ, ਕਿਉਂ ਆਪਣੀ ਹੀ ਕੌਮ ਤੇ ਆਪਣੇ ਹੀ ਭਰਾਵਾਂ ਵਿਚ ਵੰਡੀਆਂ ਪਾਈਆਂ ਜਾ ਰਹੀਆਂ ਹਨ ਅਤੇ ਸਿੱਖਾਂ ਤੇ ਸਿੰਘਾਂ ਵਿਚ ਕੰਡਿਆਲੀ ਤਾਰ ਲਾ ਕੇ ਬਾਰਡਰ ਲਾਈਨ ਬਣਾਈ ਜਾ ਰਹੀ ਹੈ ਜੋ ਬਹੁਤ ਹੀ ਖਤਰਨਾਕ ਅਤੇ ਮਾਰੂ ਸਾਬਤ ਹੋਵੇਗੀ।
ਸਿੱਖਾਂ ਦੇ ਇਹ ਲੀਡਰ ਜੇ ਕਿਤੇ ਕੌਮ ਨੂੰ ਵੰਡਣ ਦੀ ਥਾਂ ਗੁਰਬਾਣੀ ਦੇ ਪ੍ਰਚਾਰ ਰਾਹੀਂ ਇਨ੍ਹਾਂ ਦਾ ਭਵਿਖ ਉਲੀਕਦੇ ਤਾਂ ਅੱਜ ਮਾਹੌਲ ਕੁਝ ਹੋਰ ਹੀ ਹੁੰਦਾ। ਅੱਜ ਦਾ ਲੀਡਰ ਅਤੇ ਪ੍ਰਚਾਰਕ ਵੀ ਕੱਟੜਤਾ ਦਾ ਜ਼ਹਿਰ ਅੰਨ੍ਹੇਵਾਹ ਵੰਡ ਰਿਹਾ ਹੈ। ਸਿੱਖਾਂ ਅਤੇ ਪੰਜਾਬ ਦਾ ਭਵਿੱਖ ਬਰਬਾਦੀ ਭਰਿਆ ਜਾਪ ਰਿਹਾ ਹੈ:
ਲਾਲ ਹਨੇਰੀ ਛਾਈ ਹੈ ਪੰਜਾਬ ਵਿਚ
ਲਗਦੈ ਪਰਲੋ ਆਈ ਹੈ ਪੰਜਾਬ ਵਿਚ
ਪਰ ਸਹਿਜਧਾਰੀ ਸਿੱਖ ਵੀ ਲਾਵਾਰਸ ਨਹੀਂ ਹਨ। ਗੁਰੂ ਨਾਨਕ, ਦਸਮ ਪਿਤਾ ਅਤੇ ਸ਼ਬਦ ਗੁਰੂ ਉਨ੍ਹਾਂ ਦਾ ਓਟ-ਆਸਰਾ ਹੈ। ਕੁਝ ਸਿਆਣੇ ਬਜ਼ੁਰਗ ਆਖ ਰਹੇ ਸਨ, ਇਨ੍ਹਾਂ ਕੱਟੜ ਲੋਕਾਂ ਨੂੰ ਜੋ ਗੋਲਕਾਂ ਦਾ ਨਸ਼ਾ ਹੈ, ਖੁਮਾਰ ਹੈ, ਉਹ ਤਾਂ ਝੱਟ-ਪੱਟ ਹੀ ਉਤਰ ਸਕਦਾ ਹੈ, ਜੇ ਚੜ੍ਹਾਵੇ ਨੂੰ ਠੱਲ੍ਹ ਪਾ ਦਿੱਤੀ ਜਾਵੇ। ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ, ਚੜ੍ਹਾਵੇ ਗੋਲਕਾਂ ਵਿਚ ਨਾ ਪਾ ਕੇ ਗਰੀਬਾਂ ਅਤੇ ਜ਼ਰੂਰਤਮੰਦਾਂ ਵਿਚ ਵਰਤਾਣੇ ਸ਼ੁਰੂ ਕਰ ਦਿਓ! ਗੋਲਕਾਂ ‘ਤੇ ਬੈਠੇ ਚੋਰਾਂ ਦੀ ਨੀਂਦ ਪਲਾਂ ਵਿਚ ਹੀ ਹਰਾਮ ਹੋ ਜਾਵੇਗੀ। ਹਉਮੈ ਅਤੇ ਹੰਕਾਰ ਦੇ ਖੁਮਾਰ ਸਭ ਉੱਡ-ਪੁੱਡ ਜਾਣਗੇ। ਜੋ ਅੱਜ ਧੱਕੇ ਮਾਰ ਰਹੇ ਹਨ, ਕੱਲ੍ਹ ਤੁਹਾਡੇ ਤਰਲੇ ਕਰਦੇ ਦਿਖਾਈ ਦੇਣਗੇ। ਬੱਸ, ਜ਼ਰਾ ਚੜ੍ਹਾਵੇ ਬੰਦ ਕਰ ਕੇ ਤਾਂ ਦੇਖੋ, ਆਪਣੇ ਹੱਕ ਦੀ ਵਰਤੋਂ ਕਰ ਕੇ ਤਾਂ ਦੇਖੋ!
-ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536