ਤਿੰਨ ਮਾਂਵਾਂ

ਕਿਰਪਾਲ ਕੌਰ
ਫੋਨ: 815-356-9535
“ਫਿਰ?” ਆਂਟੀ ਨੇ ਪੁੱਛਿਆ।
“ਮੈਂ ਉਸ ਸੁਨੱਖੇ, ਸੋਹਣੇ ਗੱਭਰੂ ਜਵਾਨ ਕੈਪਟਨ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਹੋ ਗਈ।” ਮੈਂ ਉਤਰ ਦਿੱਤਾ, “ਮੇਰੇ ਚਾਚਾ ਜੀ ਤੇ ਚਾਚੀ ਜੀ ਬਹੁਤ ਖੁਸ਼ ਸਨ। ਉਨ੍ਹਾਂ ਨੂੰ ਕੈਪਟਨ ਤੇਜਵੰਤ ਬਹੁਤ ਪਸੰਦ ਸਨ। ਮੇਰੇ ਚਾਚਾ ਜੀ ਡੈਡੀ ਨੂੰ ਨਾਲ ਲੈ ਕੇ ਤੇਜਵੰਤ ਸਿੰਘ ਦੇ ਪਿੰਡ ਵੀ ਜਾ ਆਏ। ਚਾਚਾ ਜੀ ਕਈ ਵਾਰ ਚਾਚੀ ਜੀ ਨਾਲ ਗੱਲਾਂ ਕਰਦਿਆਂ ਦੱਸਦੇ ਕਿ ਰਹਿੰਦੇ ਪਿੰਡ ਵਿਚ ਨੇ, ਪਰ ਘਰ ਤੇ ਹੋਰ ਸੁੱਖ-ਸਹੂਲਤਾਂ ਸ਼ਹਿਰ ਵਾਲੀਆਂ ਹਨ। ਪਰਿਵਾਰ ਪੜ੍ਹਿਆ-ਲਿਖਿਆ ਹੈ।”

ਮੈਨੂੰ ਤੇਜਵੰਤ ਨੇ ਕਿਹਾ ਸੀ, ਉਸ ਦਾ ਛੋਟਾ ਜਿਹਾ ਪਿੰਡ ਤੇ ਕੱਚਾ ਘਰ ਹੈ। ਘਰੇ ਤਾਂ ਬਾਥਰੂਮ ਵੀ ਨਹੀਂ। ਕੰਧ ਨਾਲ ਮੰਜਾ ਖੜ੍ਹਾ ਕਰ ਕੇ ਬੇਜੀ ਨਹਾ ਲੈਂਦੇ ਹਨ, ਪਰ ਮੇਰੇ ਉਪਰ ਨਾ ਤਾਂ ਸੁੱਖ-ਸਹੂਲਤਾਂ ਵਾਲੇ ਘਰ ਦਾ ਕੋਈ ਅਸਰ ਸੀ ਤੇ ਨਾ ਹੀ ਮੰਜਾ ਖੜ੍ਹਾ ਕਰ ਕੇ ਨਹਾਉਣ ਵਾਲੀ ਗੱਲ ਦਾ। ਅਸਲ ਵਿਚ ਮੈਨੂੰ ਤੇਜਵੰਤ ਹੀ ਬਹੁਤ ਸੋਹਣਾ ਲੱਗਾ। ਉਸ ਦੀ ਬੋਲ-ਚਾਲ ਤੇ ਦੂਸਰੇ ਨੂੰ ਪਿਆਰ ਤੇ ਸਤਿਕਾਰ ਦੇਣ ਦੀ ਅਦਾ। ਮੈਂ ਤੇਜ ਨੂੰ ਕਈ ਵਾਰ ਦੇਖਿਆ ਸੀ। ਚਾਚਾ ਜੀ ਜਿਸ ਦਿਨ ਤੋਂ ਫਿਰੋਜ਼ਪੁਰ ਆਏ ਸਨ, ਉਨ੍ਹਾਂ ਕੋਲ ਜਦੋਂ ਵੀ ਮੈਂ ਆਈ, ਇਸ ਦੇ ਦਰਸ਼ਨ ਹੋ ਜਾਂਦੇ। ਹੁਣ ਤਾਂ ਘਰਦਿਆਂ ਸਾਨੂੰ ਖਾਸ ਤੌਰ ‘ਤੇ ਮਿਲਣ ਦਾ ਮੌਕਾ ਵੀ ਦਿੱਤਾ ਅਤੇ ਅਸੀਂ ਇਕ ਦੂਸਰੇ ਨੂੰ ਪਸੰਦ ਕਰ ਲਿਆ।
ਮਹੀਨੇ ਵਿਚ ਸਾਡਾ ਵਿਆਹ ਹੋ ਗਿਆ। ਕੁਝ ਦਿਨ ਪਿੰਡ ਰਹੇ ਤੇ ਫਿਰ ਮੰਮੀ ਡੈਡੀ ਕੋਲ ਗਏ। ਹਫ਼ਤੇ ਪਿਛੋਂ ਫਿਰ ਪਿੰਡ ਮੁੜ ਗਏ। ਪਤਾ ਨਹੀਂ, ਦਿਨ ਕਿਵੇਂ ਲੰਘ ਰਹੇ ਸਨ। ਸਾਡੇ ‘ਤੇ ਕੋਈ ਅਨੋਖਾ ਹੀ ਸਰੂਰ ਸੀ। ਤੇਜ ਦੇ ਦੋ ਛੋਟੇ ਭਰਾ ਸਨ। ਅਸੀਂ ਸਾਰਾ ਦਿਨ ਗੱਲਾਂ ਮਾਰਦੇ ਤੇ ਕਦੀ ਫਾਰਮ ‘ਤੇ ਚਲੇ ਜਾਂਦੇ। ਅਜੇ ਤੇਜ ਦੀ ਦੋ ਹਫ਼ਤੇ ਦੀ ਛੁੱਟੀ ਬਾਕੀ ਸੀ। ਇਕ ਦਿਨ ਸਵੇਰੇ ਟੈਲੀਫੋਨ ਦੀ ਘੰਟੀ ਵੱਜੀ। ਤੇਜ ਨੇ ਦੱਸਿਆ ਕਿ ਉਸ ਨੂੰ ਡਿਊਟੀ ‘ਤੇ ਪਹੁੰਚਣ ਲਈ ਕਿਹਾ ਗਿਆ ਹੈ। ਅਸੀਂ ਸਾਰੇ ਉਦਾਸ ਹੋ ਗਏ। ਤੇਜ ਨੇ ਸਮਝਾਇਆ ਕਿ ਫੌਜ ਦੀ ਨੌਕਰੀ ਇਸੇ ਤਰ੍ਹਾਂ ਹੁੰਦੀ ਹੈ।
ਦੂਸਰੇ ਦਿਨ ਸਵੇਰੇ ਤੇਜ ਵਾਪਸ ਜਾਣ ਲਈ ਤਿਆਰ ਸੀ। ਮੈਂ ਉਸ ਨੂੰ ਯੂਨੀਫਾਰਮ ਵਿਚ ਪਹਿਲੀ ਵਾਰ ਦੇਖਿਆ ਸੀ। ਐਨੇ ਸੋਹਣੇ ਲੱਗਦੇ ਸਨ! ਮੈਂ ਤਾਂ ਰੋਈ ਹੀ ਜਾਂਦੀ ਸਾਂ, ਤੇਜ ਦੀਆਂ ਅੱਖਾਂ ਵੀ ਪਾਣੀ ਨਾਲ ਭਰੀਆਂ ਹੋਈਆਂ ਸਨ। ਉਹ ਮੈਨੂੰ ਸਮਝਾ ਰਿਹਾ ਸੀ, “ਫੌਜੀ ਦੀ ਬੀਵੀ ਬਣੀ ਹੈਂ, ਬਹਾਦਰ ਬਣ; ਮੈਂ ਛੇਤੀ ਵਾਪਸ ਆ ਜਾਣੈ।” ਬੀਜੀ ਅਰਦਾਸ ਕਰ ਰਹੇ ਸਨ। ਸਭ ਨੂੰ ਮਿਲ ਕੇ ਉਹ ਵਿਦਾ ਹੋ ਗਏ।
ਮੈਂ ਪੰਜ ਦਿਨ ਪਿੰਡ ਰਹੀ ਤੇ ਫਿਰ ਆਪਣੀ ਮੰਮੀ ਕੋਲ ਆ ਗਈ। ਇਨ੍ਹਾਂ ਦਾ ਰੋਜ਼ ਦੋ ਵਾਰ ਫੋਨ ਆ ਜਾਂਦਾ। ਇਕ ਦਿਨ ਇਨ੍ਹਾਂ ਦੱਸਿਆ, ‘ਅੱਜ ਮੈਂ ਫਰੰਟ ‘ਤੇ ਜਾ ਰਿਹਾ ਹਾਂ।’ ਦੋ ਦਿਨ ਬਾਅਦ ਫਿਰ ਫੋਨ ਆਇਆ। ਮੁੜ ਕੋਈ ਫੋਨ ਨਹੀਂ। ਤੀਸਰੇ ਦਿਨ ਦੁਪਹਿਰ ਨੂੰ ਇਨ੍ਹਾਂ ਦੀ ਯੂਨਿਟ ਤੋਂ ਫੋਨ ਆਇਆ, ‘ਕੈਪਟਨ ਤੇਜ ਕਾਰਗਿੱਲ ਵਿਚ ਸ਼ਹੀਦ ਹੋ ਗਿਆ।’ ਇਸ ਤੋਂ ਅੱਗੇ ਮੈਨੂੰ ਕੁਝ ਪਤਾ ਨਹੀਂ, ਕੀ ਹੋਇਆ।
“ਓਹ ਰੂਪæææ ਤੇਰੇ ਸੁਹਾਗ ਦੀ ਐਨੀ ਛੋਟੀ ਉਮਰ।” ਆਂਟੀ ਨੇ ਕਿਹਾ।
“ਜੀ ਹਾਂ, ਇਕ ਮਹੀਨਾ ਤੇ ਸੋਲਾਂ ਦਿਨ।” ਮੈਂ ਉਤਰ ਦਿੱਤਾ।
“ਫਿਰ?” ਆਂਟੀ ਨੇ ਪੁੱਛਿਆ।
ਫਿਰ ਮੈਂ ਬੇਹੋਸ਼ ਹੋ ਗਈ। ਮੈਨੂੰ ਕੁਝ ਪਤਾ ਨਹੀਂ ਕੀ ਹੋਇਆ। ਮੇਰੀਆਂ ਦੋ ਸਹੇਲੀਆਂ ਨੇ ਮੇਰਾ ਬਹੁਤ ਸਾਥ ਦਿੱਤਾ। ਮੇਰੇ ਬੇਜੀ ਤੇ ਪਿੰਡ ਵਾਲੇ ਬੀਜੀ ਸਭ ਦਾ ਬੁਰਾ ਹਾਲ ਸੀ। ਚਾਚੀ ਜੀ, ਬੇਜੀ ਤੋਂ ਵੀ ਜ਼ਿਆਦਾ ਦੁਖੀ ਸਨ। ਮੈਨੂੰ ਮੇਰੀਆਂ ਸਹੇਲੀਆਂ ਨੇ ਸੰਭਾਲਿਆ। ਤੇਜ ਦਾ ਸਰੀਰ ਪਿੰਡ ਆਇਆ, ਤੇ ਮੈਨੂੰ ਵੀ ਉਥੇ ਲੈ ਕੇ ਗਏ। ਤੇਜ ਦਾ ਮੂੰਹ ਮੈਨੂੰ ਦਿਖਾਇਆ, ਪਰ ਮੈਨੂੰ ਕੁਝ ਪਤਾ ਨਹੀਂ। ਡਾਕਟਰ ਤੇ ਨਰਸ ਮੇਰੇ ਨਾਲ ਸਨ। ਕਹਿੰਦੇ ਇਕ ਮਿੰਟ ਹੋਸ਼ ਆਉਂਦੀ ਤੇ ਮੈਂ ਫਿਰ ਬੇਹੋਸ਼ ਹੋ ਜਾਂਦੀ।
ਛੇ ਹਫ਼ਤਿਆਂ ਪਿਛੋਂ ਮੇਰੀ ਹਾਲਤ ਕੁਝ ਸੰਭਲੀ। ਮੈਨੂੰ ਸਮਝ ਆਈ ਕਿ ਤੇਜ ਸ਼ਹੀਦ ਹੋ ਗਿਆ ਹੈ। ਜਦ ਡਾਕਟਰ ਨੇ ਆਪ ਮੈਨੂੰ ਦੱਸਿਆ, ਮੈਂ ਬਹੁਤ ਰੋਈ। ਇਕ ਮਨੋਵਿਗਿਆਨੀ ਡਾਕਟਰ ਵੀ ਮੈਨੂੰ ਦੇਖਦਾ ਸੀ। ਉਸ ਨੇ ਮੈਨੂੰ ਗੱਲਾਂ ਕਰਨ ਲਾਇਆ। ਰੋਣ ਤੋਂ ਵੀ ਰੋਕਦਾ ਨਹੀਂ ਸੀ। ਹੌਲੀ-ਹੌਲੀ ਗਰਮ ਲਾਵਾ ਠੰਢਾ ਹੋ ਕੇ ਜੰਮ ਗਿਆ।
ਰੂਪ ਉਠ ਕੇ ਖੜ੍ਹੀ ਹੋ ਗਈ। ਫਿਰ ਦੂਸਰਾ ਝਟਕਾ ਲੱਗਾ ਨਵੇਂ ਜੀਵਨ ਦਾ।
“ਉਹ ਕੀ?” ਆਂਟੀ ਨੇ ਪੁੱਛਿਆ।
ਮੇਰੀ ਮੰਮੀ ਨੂੰ ਡਾਕਟਰ ਨੇ ਦੱਸਿਆ ਕਿ ਮੈਂ ਮਾਂ ਬਣਨ ਵਾਲੀ ਹਾਂ। ਮੰਮੀ ਨੇ ਡਾਕਟਰ ਨੂੰ ਕਿਹਾ ਕਿ ਉਹ ਇਹ ਗੱਲ ਕਿਸੇ ਨੂੰ ਨਾ ਦੱਸੇ, ਪਰ ਇਕ ਨਰਸ ਨੇ ਮੇਰੇ ਪਿੰਡ ਵਾਲੇ ਬੀਜੀ ਨੂੰ ਦੱਸ ਦਿੱਤਾ। ਹੁਣ ਦੋਹਾਂ ਮਾਂਵਾਂ ਨੂੰ ਪਤਾ ਸੀ। ਇਹ ਆਪਸ ਵਿਚ ਇਕ ਦੂਜੇ ਤੋਂ ਛੁਪਾ ਰਹੀਆਂ ਸਨ।
ਮੇਰੀਆਂ ਸਹੇਲੀਆਂ ਨੇ ਪਿਛੋਂ ਮੈਨੂੰ ਦੱਸਿਆ ਕਿ ਇਕ ਹੋਰ ਗਲਤਫਹਿਮੀ ਵੀ ਰਿਸ਼ਤੇਦਾਰਾਂ ਨੇ ਦੋਹਾਂ ਪਰਿਵਾਰਾਂ ਵਿਚ ਪਾ ਦਿੱਤੀ। ਸਹੁਰਿਆਂ ਵੱਲ ਦੇ ਰਿਸ਼ਤੇਦਾਰ ਕਹਿੰਦੇ ਕਿ ਜੋ ਵੀ ਸਰਕਾਰ ਨੇ ਤੇਜ ਦੀ ਤਨਖਾਹ-ਪੈਨਸ਼ਨ ਦੇਣੀ ਹੈ, ਉਸ ‘ਤੇ ਉਨ੍ਹਾਂ ਦਾ ਹੱਕ ਹੋਵੇਗਾ। ਕੁੜੀ ਵਾਲਿਆਂ ਤਾਂ ਕੁੜੀ ਦਾ ਵਿਆਹ ਕਰ ਦੇਣਾ, ਇਹ ਸਭ ਕੁਝ ਉਹ ਮਾੜੇ ਸੁਪਨੇ ਵਾਂਗ ਭੁੱਲ ਜਾਵੇਗੀ। ਉਹ ਆਪਣੇ ਦੁੱਖ ਨੂੰ ਅੰਦਰ ਸਮੇਟ ਕੇ ਰੋਜ਼ ਮੈਨੂੰ ਦੇਖਣ ਆਉਂਦੇ। ਹਸਪਤਾਲ ਦਾ ਖਰਚਾ ਵੀ ਜਮ੍ਹਾ ਕਰਾ ਜਾਂਦੇ। ਸਾਡੇ ਰਿਸ਼ਤੇਦਾਰ ਇਸ ਹਮਦਰਦੀ ਨੂੰ ਦਿਖਾਵਾ ਕਹਿੰਦੇ। ਸੱਚ, ਲੋਕ ਸਮਾਂ ਵੀ ਨਹੀਂ ਦੇਖਦੇ। ਇਸ ਤਰ੍ਹਾਂ ਦੀ ਦੁੱਖ ਦੀ ਘੜੀ ਵਿਚ ਵੀ ਗੱਲਾਂ ਬਣਾਉਂਦੇ ਰਹੇ। ਮੇਰੀਆਂ ਸਹੇਲੀਆਂ ਨੇ ਦੱਸਿਆ ਕਿ ਉਹ ਤੇ ਮੇਰੇ ਲਈ ਅਰਦਾਸਾਂ ਕਰਦੇ ਸਨ।
ਡਾਕਟਰ ਨੇ ਮੇਰੀ ਮੰਮੀ ਨੂੰ ਕਿਹਾ ਕਿ ਜੇ ਤੁਸੀਂ ਇਸ ਦੀ ਪਰੈਗਨੈਂਸੀ ਨਹੀਂ ਚਾਹੁੰਦੇ ਤਾਂ ਰੂਪ ਨੂੰ ਪੁੱਛੋ। ਬਿਨਾਂ ਉਹਦੇ ਉਹ ਕੁਝ ਨਹੀਂ ਕਰ ਸਕਦੇ, ਪਰ ਇਹ ਕੰਮ ਜਲਦੀ ਕਰਨਾ ਹੋਵੇਗਾ, ਨਹੀਂ ਤਾਂ ਉਸ ਲਈ ਕੋਈ ਖਤਰਾ ਵੀ ਹੋ ਸਕਦਾ ਹੈ। ਇਨ੍ਹਾਂ ਸਲਾਹਾਂ ਦਾ ਮੈਨੂੰ ਕੋਈ ਇਲਮ ਨਹੀਂ ਸੀ। ਜਿਸ ਦਿਨ ਡਾਕਟਰ ਨੇ ਮੈਨੂੰ ਕਿਹਾ ਕਿ ਤੂੰ ਘਰ ਜਾ ਸਕਦੀ ਹੈਂ, ਉਦੋਂ ਨਰਸ ਨੇ ਮੇਰੇ ਨਾਲ ਗੱਲ ਕੀਤੀ ਸੀ। ਮੈਨੂੰ ਹੈਰਾਨੀ ਬਹੁਤ ਹੋਈ। ਛੇ ਹਫ਼ਤਿਆਂ ਦੇ ਸਮੇਂ ਨੇ ਕੀ ਦਾ ਕੀ ਕਰ ਕੇ ਰੱਖ ਦਿੱਤਾ! ਇਕ ਲੜਕੀ ਪਤਨੀ ਬਣ ਗਈ, ਮਾਂ ਬਣ ਗਈ ਤੇ ਸਦਾ ਲਈ ਵਿਧਵਾ। ਨਰਸ ਨੇ ਮੈਨੂੰ ਇਹ ਵੀ ਦੱਸਿਆ ਕਿ ਮੇਰੀ ਮੰਮੀ ਮੇਰੀ ਪਰੈਗਨੈਂਸੀ ਨੂੰ ਟਰਮੀਨੇਟ ਕਰਵਾਉਣਾ ਚਾਹੁੰਦੇ ਸਨ। ਮੈਂ ਬਹੁਤ ਰੋਈ। ਮੇਰਾ ਦਿਲ ਕਰਦਾ ਸੀ ਕਿ ਮੈਂ ਵੀ ਮਰ ਜਾਵਾਂ। ਇਕ ਦਮ ਮੇਰੀ ਹਾਲਤ ਫਿਰ ਵਿਗੜ ਗਈ। ਮੇਰੀਆਂ ਸਹੇਲੀਆਂ ਆਈਆਂ ਤਾਂ ਮੈਂ ਉਨ੍ਹਾਂ ਨਾਲ ਕੋਈ ਗੱਲ ਨਾ ਕਰ ਸਕੀ। ਉਨ੍ਹਾਂ ਡਾਕਟਰ ਨੂੰ ਬੁਲਾ ਕੇ ਦੱਸਿਆ ਕਿ ਇਹ ਬੋਲ ਨਹੀਂ ਰਹੀ। ਕੁਝ ਸੰਭਲ ਕੇ ਮੈਂ ਡਾਕਟਰ ਨੂੰ ਕਿਹਾ ਕਿ ਮੈਂ ਉਸ ਨਾਲ ਇਕੱਲਿਆਂ ਗੱਲ ਕਰਨੀ ਚਾਹੁੰਦੀ ਹਾਂ। ਡਾਕਟਰ ਨੂੰ ਮੈਂ ਇਕਾਂਤ ਵਿਚ ਕਿਹਾ ਕਿ ਉਸ ਨੇ ਮੈਨੂੰ ਕਿਉਂ ਨਹੀਂ ਦੱਸਿਆ। ਡਾਕਟਰ ਨੇ ਕਿਹਾ, ਤੂੰ ਅਜਿਹਾ ਕੁਝ ਸੁਣ ਕੇ ਸਹਿਣ ਕਰਨ ਦੀ ਹਾਲਤ ਵਿਚ ਨਹੀਂ ਸੀ। ਫਿਰ ਮੈਂ ਡਾਕਟਰ ਨੂੰ ਕਿਹਾ ਕਿ ਉਹ ਮੇਰੇ ਨਾਲ ਧੋਖਾ ਨਾ ਕਰੇ। ਕੋਈ ਐਸੀ ਦਵਾਈ ਨਾ ਦੇਵੇ ਜਿਸ ਨਾਲ ਬੱਚਾ ਨਾ ਰਹੇ। ਡਾਕਟਰ ਨੇ ਕਿਹਾ ਕਿ ਤੂੰ ਬਿਲਕੁਲ ਫਿਕਰ ਨਾ ਕਰ, ਤੇਰੀ ਮਰਜ਼ੀ ਤੋਂ ਬਿਨਾਂ ਕੁਝ ਨਹੀਂ ਹੋਵੇਗਾ। ਉਸ ਦਿਨ ਮੈਂ ਬਹੁਤ ਰੋਈ। ਫਿਰ ਤਬੀਅਤ ਜ਼ਿਆਦਾ ਖਰਾਬ ਹੋ ਗਈ। ਉਸ ਦਿਨ ਵੀ ਘਰ ਨਹੀਂ ਗਈ। ਦੋ ਦਿਨ ਪਿਛੋਂ ਮੈਂ ਘਰ ਪਹੁੰਚੀ ਤਾਂ ਮੇਰਾ ਮੰਮੀ ਨਾਲ ਵੀ ਬੋਲਣ ਨੂੰ ਦਿਲ ਨਾ ਕਰੇ। ਮੰਮੀ ਐਨੀ ਨਿਰਮੋਹੀ ਹੋ ਸਕਦੀ ਹੈ! ਇਹ ਬੱਚਾ ਮੇਰੇ ਤੇਜ ਦੀ ਨਿਸ਼ਾਨੀ ਹੈ। ਤੇਜ ਨੇ ਤਾਂ ਮੇਰਾ ਹੱਥ ਫੜਦਿਆਂ ਹੀ ਛੱਡ ਦਿੱਤਾ, ਮੈਂ ਉਸ ਦੀ ਨਿਸ਼ਾਨੀ ਸੰਭਾਲਾਂਗੀ। ਮੈਂ ਆਪਣੇ ਮਨ ਨੂੰ ਪੱਕਾ ਕਰ ਕੇ ਫੈਸਲਾ ਲਿਆ ਕਿ ਹੋਰ ਵਿਆਹ ਬਾਰੇ ਕਦੀ ਨਹੀਂ ਸੋਚਣਾ ਤੇ ਬੱਚੇ ਨੂੰ ਪਾਲਾਂਗੀ।
ਮੰਮੀ ਦਾ ਸਾਰਾ ਜ਼ੋਰ ਮੈਨੂੰ ਮਨਾਉਣ ਲਈ ਲੱਗਾ ਹੋਇਆ ਸੀ। ਆਪ ਕੁਝ ਨਾ ਕਹਿੰਦੇ, ਮੇਰੀਆਂ ਸਹੇਲੀਆਂ ਤੋਂ ਕਹਾਉਂਦੇ। ਇਕ ਦਿਨ ਸਵੇਰੇ ਮੈਂ ਆਪਣੇ ਕਮਰੇ ਵਿਚ ਬੈਠੀ ਤੇਜ ਨੂੰ ਯਾਦ ਕਰ ਰਹੀ ਸੀ। ਹਨੀਮੂਨ ਦਾ ਕੋਈ ਪਲ ਮੇਰੀਆਂ ਅੱਖਾਂ ਅੱਗਿਉਂ ਲੰਘ ਰਿਹਾ ਸੀ। ਉਸ ਪਲ ਦਾ ਅਨੰਦ ਮਾਣਦੀ ਮੈਂ ਭੁੱਲ ਚੁੱਕੀ ਸੀ ਕਿ ਤੇਜ ਹੁਣ ਇਸ ਦੁਨੀਆਂ ਵਿਚ ਨਹੀਂ ਹੈ। ਮੰਮੀ ਮੇਰੇ ਕਮਰੇ ਵਿਚ ਆ ਕੇ ਬੈਠ ਗਏ। ਮੈਨੂੰ ਪਤਾ ਨਾ ਲੱਗਾ। ਅਸਲ ਵਿਚ ਮੈਂ ਤਾਂ ਉਥੇ ਹੈ ਹੀ ਨਹੀਂ ਸੀ। ਮੈਨੂੰ ਇਸ ਹਾਲਤ ਵਿਚ ਦੇਖ ਕੇ ਮੰਮੀ ਘਬਰਾ ਗਈ ਤੇ ਮੇਰੇ ਸਿਰ ‘ਤੇ ਹੱਥ ਰੱਖ ਕੇ ਬੋਲੀ, “ਰੂਪ, ਬੇਟਾ ਮੈਂ ਤੇਰੇ ਨਾਲ ਗੱਲ ਕਰਨ ਆਈ ਹਾਂ।” ਮੈਨੂੰ ਕੁਝ ਸਮਾਂ ਲੱਗਾ ਵਾਪਸ ਪਰਤਣ ਨੂੰ। ਮੈਂ ਕਿਹਾ, “ਮੰਮੀ ਕਦ ਆਏ?”
“ਬੇਟਾ, ਮੈਂ ਤਾਂ ਚਿਰਾਂ ਦੀ ਤੇਰੇ ਕਮਰੇ ਵਿਚ ਬੈਠੀ ਹਾਂ।”
“ਅੱਛਾ ਜੀ, ਪਤਾ ਨਹੀਂ ਲੱਗਾ। ਦੱਸੋ ਕੀ ਕਹਿਣੈ?” ਮੈਂ ਮੰਮੀ ਨੂੰ ਕਿਹਾ।
“ਕੁਝ ਨਹੀਂ, ਯਾਦ ਦਿਵਾਉਣਾ ਸੀ ਕਿ ਅੱਜ ਤੂੰ ਡਾਕਟਰ ਨੂੰ ਮਿਲਣਾ ਹੈ।” ਮੰਮੀ ਨੇ ਕਿਹਾ।
ਮੈਂ ਚੁੱਪ ਰਹੀ, ਮੰਮੀ ਮੇਰੇ ਮੰਜੇ ‘ਤੇ ਬੈਠ ਗਏ। ਮੇਰੇ ਦੋਵੇਂ ਹੱਥ ਆਪਣੇ ਹੱਥਾਂ ਵਿਚ ਲੈ ਕੇ ਬੋਲੇ, “ਪੁੱਤਰ, ਮਾਂ ਦੀ ਗੱਲ ‘ਤੇ ਧਿਆਨ ਦੇ, ਤੇਰਾ ਭਲਾ ਸੋਚਦੀ ਹਾਂ।”
“ਮੰਮੀ ਤੁਸੀਂ ਜ਼ਰੂਰ ਭਲਾ ਸੋਚਦੇ ਹੋ। ਮੈਂ ਵੀ ਕਿਸੇ ਦੀ ਮਾਂ ਬਣਨ ਜਾ ਰਹੀ ਹਾਂ। ਮੈਂ ਉਸ ਦਾ ਭਲਾ ਸੋਚਦੀ ਹਾਂ। ਮੈਂ ਕਿਸੇ ਦਾ ਖੂਨ ਨਹੀਂ ਕਰਨਾ। ਮੰਮੀ ਮੈਂ ਆਪਣਾ ਫੈਸਲਾ ਦੱਸ ਚੁੱਕੀ ਹਾਂ।”
“ਧੀਏ ਉਮਰ ਲੰਬੀ ਹੈ। ਰੋ-ਰੋ ਕੇ ਨਹੀਂ ਕੱਟੀ ਜਾਣੀ।” ਮੰਮੀ ਬੋਲੇ।
“ਮੰਮੀ! ਰੋਣ ਨਾਲ ਸਾਲ ਦੇ ਦਿਨ ਨਹੀਂ ਵਧ ਜਾਣੇ। ਮੈਂ ਰੋ ਕੇ ਜਾਂ ਹੱਸ ਕੇ ਉਮਰ ਕੱਟ ਲਵਾਂਗੀ। ਬੱਚਾ ਵੀ ਪਾਲ ਲਵਾਂਗੀ। ਇਹ ਮੇਰਾ ਆਖਰੀ ਫੈਸਲਾ ਹੈ।” ਮੈਂ ਉਠ ਕੇ ਕੰਘੀ ਕਰਨ ਲੱਗ ਪਈ। ਫਿਰ ਆਪਣੇ ਆਪ ਨੂੰ ਸੰਭਾਲ ਕੇ ਬਹੁਤ ਪਿਆਰ ਤੇ ਸ਼ਾਂਤ ਮਨ ਨਾਲ ਬੋਲੀ, “ਮੰਮੀ ਤੁਸੀਂ ਦੱਸੋ ਤੁਹਾਡਾ ਕੀ ਫੈਸਲੈ? ਅੱਜ ਨਾਸ਼ਤਾ ਘਰ ਬਣੇਗਾ ਜਾਂ ਬਾਹਰ ਜਾਣਾ ਪਵੇਗਾ?”
ਮੰਮੀ ਚਾਹੁੰਦੇ ਸਨ ਕਿ ਬੱਚਾ ਨਾ ਰਹੇ। ਇਹ ਰੋ ਕੇ ਠੀਕ ਹੋ ਜਾਵੇਗੀ ਤੇ ਹੌਲੀ-ਹੌਲੀ ਤੇਜ ਨੂੰ ਭੁੱਲ ਜਾਵੇਗੀ। ਇਸ ਦਾ ਵਿਆਹ ਕਰ ਦੇਵਾਂਗੇ। ਮੁੜ ਸੁਖੀ ਜੀਵਨ ਜੀਵੇਗੀ।
ਪਰ ਮੈਂ ਨਾ ਮੰਨੀ। ਆਂਟੀ ਮੈਂ ਤੁਹਾਡੇ ਸਾਹਮਣੇ ਹਾਂ। ਮੇਰਾ ਬੇਟਾ ਬਹੁਤ ਸੋਹਣਾ ਜਵਾਨ ਨਿਕਲਿਆ। ਇਸ ਸਾਲ ਉਸ ਹਾਈ ਸਕੂਲ ਪਾਸ ਕੀਤਾ ਹੈ ਤੇ ਇੰਜੀਨੀਅਰਿੰਗ ਕਾਲਜ ਵਿਚ ਦਾਖ਼ਲ ਹੋ ਗਿਆ। ਉਸ ਦਾ ਨਾਮ ਮੈਂ ਤੇਜਵੀਰ ਸਿੰਘ ਰੱਖਿਆ ਹੈ।
“ਬਹੁਤ ਚੰਗਾ ਫੈਸਲਾ ਲਿਆ ਬੇਟਾ ਤੂੰ, ਪਰ ਬੇਟਾ ਐਨੇ ਸਾਲਾਂ ਵਿਚ ਤੈਨੂੰ ਕਦੀ ਇਹ ਨਹੀਂ ਲੱਗਾ ਕਿ ਮੁੜ ਵਿਆਹ ਕਰਵਾ ਲਵਾਂ।” ਆਂਟੀ ਨੇ ਪੁੱਛਿਆ।
“ਨਹੀਂ ਜੀ, ਬਿਲਕੁਲ ਵੀ ਨਹੀਂ। ਮੈਨੂੰ ਹਮੇਸ਼ਾ ਆਪਣੇ ਫੈਸਲੇ ‘ਤੇ ਮਾਣ ਹੀ ਹੋਇਆ। ਤਿੰਨ ਮਾਂਵਾਂ ਦਾ ਇਹ ਪੇਚੀਦਾ ਫੈਸਲਾ ਸੀ ਜੋ ਮੈਂ ਠੀਕ ਕੀਤਾ।”
“ਤਿੰਨਾਂ ਮਾਂਵਾਂ ਦਾ? ਕੀ ਮਤਲਬ ਰੂਪ!” ਆਂਟੀ ਨੇ ਕਿਹਾ।
“ਮੈਂ ਬੱਚੇ ਨੂੰ ਜਨਮ ਦਿੱਤਾ ਤੇ ਮਾਂ ਬਣ ਗਈ। ਤੇਜ ਦੀ ਮੰਮੀ ਨੂੰ ਪੋਤੇ ਦੇ ਰੂਪ ਵਿਚ ਤੇਜ ਹੀ ਮਿਲ ਗਿਆ। ਮੇਰੀ ਮੰਮੀ ਨੂੰ ਹੁਣ ਤਸੱਲੀ ਹੋ ਗਈ ਕਿ ਔਖਾ ਸਮਾਂ ਕੁੜੀ ਦਾ ਨਿਕਲ ਗਿਆ, ਪੁੱਤ ਹੁਣ ਬਰਾਬਰ ਦਾ ਹੋ ਗਿਆ।”
“ਜੀਂਦੀ ਰਹੇਂ ਧੀਏ। ਤੈਨੂੰ ਗੁਰੂ ਸਦਾ ਇਸ ਤਰ੍ਹਾਂ ਦੀ ਸੁਮੱਤ ਤੇ ਸਮਰਥਾ ਬਖਸ਼ੇ।” ਆਂਟੀ ਦੀਆਂ ਅੱਖਾਂ ਭਰੀਆਂ ਹੋਈਆਂ ਸਨ।
ਮੈਂ ਸਰਕਾਰੀ ਕਾਲਜ ਵਿਚ ਲੈਕਚਰਾਰ ਹਾਂ। ਮੈਂ ਰਹਿੰਦੀ ਆਪਣੇ ਡੈਡੀ ਮੰਮੀ ਨਾਲ ਹਾਂ, ਪਰ ਆਪਣਾ ਘਰ ਵੀ ਬਣਾ ਲਿਆ ਹੈ। ਪਿੰਡ ਵੀ ਜਾਂਦੀ ਹਾਂ, ਉਥੇ ਰਹਿੰਦੀ ਹਾਂ। ਕਦੀ ਮੈਨੂੰ ਇਸ ਤਰ੍ਹਾਂ ਜਾਪਦਾ ਹੈ ਕਿ ਪਿੰਡ ਵਾਲੇ ਬੀਜੀ, ਮੰਮੀ ਨਾਲੋਂ ਵੀ ਵੱਧ ਪਿਆਰ ਕਰਦੇ ਹਨ। ਤੇਜਵੀਰ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਹਨ। ਮੈਨੂੰ ਕਹਿੰਦੇ ਹਨ, ਤੂੰ ਸਾਨੂੰ ਇਹ ਖੁਸ਼ੀ ਦਿੱਤੀ ਹੈ।
ਹਾਂ, ਫਿਰ ਪੈਂਡਾ ਪਾਰ ਕਰਦਿਆਂ ਮੁਸ਼ਕਿਲਾਂ ਤਾਂ ਜ਼ਰੂਰ ਆਈਆਂ ਪਰ ਗੁਰੂ ਦੇ ਸਹਾਰੇ ਸਾਰਾ ਕੁਝ ਠੀਕ ਹੀ ਰਿਹਾ। ਜਿਹੜੇ ਰਿਸ਼ਤੇਦਾਰ ਕਦੀ ਦੇਖੇ ਸੁਣੇ ਨਹੀਂ ਸਨ, ਉਨ੍ਹਾਂ ਦੇ ਪੁੱਤਰ ਮੇਰਾ ਦੁੱਖ-ਸੁੱਖ ਪੁੱਛਣ ਆਉਣ ਲੱਗੇ। ਕਈ ਤੂਫਾਨ, ਭੂਚਾਲ ਤੇ ਸੁਨਾਮੀਆਂ, ਪਰ ਕੋਈ ਕੁਝ ਨਹੀਂ ਵਿਗਾੜ ਸਕਿਆ। ਮੈਂ ਸ਼ਾਇਦ ਚੱਟਾਨ ਤੋਂ ਵੀ ਵੱਧ ਮਜ਼ਬੂਤ ਹੋ ਗਈ ਹਾਂ। ਆਂਟੀ, ਜੇ ਮੈਂ ਦੂਸਰਾ ਵਿਆਹ ਕਰਵਾ ਲੈਂਦੀ ਤੇ ਉਹ ਵੀ ਕਿਸੇ ਦੁਰਘਟਨਾ ਨਾਲ ਮਰ ਜਾਂਦਾæææ!