ਲਾਕਾਨੂੰਨੀ ਨੇ ਹੱਦ ਬੰਨ੍ਹੇ ਟੱਪੇ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਚ ਲਾਕਾਨੂੰਨੀ ਸਾਰੇ ਹੱਦ ਬੰਨ੍ਹੇ ਟੱਪ ਗਈ ਹੈ। ਸੂਬੇ ਵਿਚ ਦਿਨੋ-ਦਿਨ ਵਧ ਰਹੇ ਅਪਰਾਧ ਨੇ ਪੰਜਾਬ ਪੁਲਿਸ ਅਤੇ ਸਰਕਾਰ ਦੀ ਨਾਲਾਇਕੀ ‘ਤੇ ਗੰਭੀਰ ਸਵਾਲ ਚੁੱਕੇ ਹਨ। ਅਪਰਾਧੀ ਗਰੋਹਾਂ ਦੇ ਤੇਜ਼ੀ ਨਾਲ ਵਧਣ-ਫੁੱਲਣ ਕਾਰਨ ਅਮਨ ਕਾਨੂੰਨ ਸਾਹਮਣੇ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਇਸ ਤੋਂ ਵੱਧ ਫਿਕਰ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਗੈਂਗਸਟਰਾਂ ਦੀਆਂ ਤਾਰਾਂ ਸਿਆਸੀ ਆਗੂਆਂ ਅਤੇ ਉੱਚ ਅਧਿਕਾਰੀਆਂ ਨਾਲ ਜੁੜੀਆਂ ਹੋਣ ਦੇ ਅਹਿਮ ਖੁਲਾਸੇ ਹੋਏ ਹਨ। ਪਿਛਲੇ ਕੁਝ ਦਿਨਾਂ ਤੋਂ ਇਕ ਤੋਂ ਬਾਅਦ ਵਾਪਰੀਆਂ ਘਟਨਾਵਾਂ ਨੇ ਪੁਲਿਸ ਤੇ ਸਰਕਾਰ ਦੀਆਂ ਵੀ ਅੱਖਾਂ ਖੋਲ੍ਹ ਦਿੱਤੀਆਂ ਹਨ।

ਪੁਲਿਸ ਖੁਦ ਦਾਅਵਾ ਕਰ ਰਹੀ ਹੈ ਕਿ ਸੂਬੇ ਵਿਚ ਇਸ ਸਮੇਂ ਤਕਰੀਬਨ 500 ਗੈਂਗਸਟਰਾਂ ਦੇ ਦੋ ਦਰਜਨ ਤੋਂ ਵੱਧ ਗਰੁੱਪ ਹਨ। ਇਨ੍ਹਾਂ ਵਿਚੋਂ ਤਕਰੀਬਨ ਅੱਧੇ ਜੇਲ੍ਹਾਂ ਵਿਚ ਹਨ ਜਦੋਂਕਿ ਬਾਕੀ ਅਗਵਾ, ਫਿਰੌਤੀਆਂ, ਡਕੈਤੀਆਂ, ਖੋਹਾਂ ਅਤੇ ਲੁੱਟਾਂ-ਮਾਰਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਇਨ੍ਹਾਂ ਵਿਚੋਂ ਬਹੁਤੇ ਵੱਡੇ ਘਰਾਂ ਦੇ ਵਿਗੜੈਲ ਕਾਕੇ ਹਨ ਤੇ ਜ਼ਿਆਦਾਤਰ ਦੀ ਉਮਰ 25 ਤੋਂ 35 ਸਾਲ ਦੀ ਹੈ।
ਸ਼ਿਮਲਾ ਕੌਮੀ ਸ਼ਾਹਰਾਹ ਉਤੇ ਪਰਵਾਣੂ ਨੇੜੇ ਗੈਂਗਸਟਰ ਜਸਵਿੰਦਰ ਸਿੰਘ ਭੁੱਲਰ ਉਰਫ ਰੌਕੀ ਦੇ ਦਿਨ-ਦਿਹਾੜੇ ਕਤਲ ਨੇ ਪੁਲਿਸ ਦੀਆਂ ਅੱਖਾਂ ਖੋਲ੍ਹੀਆਂ ਹਨ। ਕਤਲ ਦੀ ਜ਼ਿੰਮੇਵਾਰੀ ਫੇਸਬੁੱਕ ਰਾਹੀਂ ਜੈਪਾਲ ਗੈਂਗ ਨੇ ਲਈ। ਇਸ ਗੈਂਗ ਦਾ ਦਾਅਵਾ ਸੀ ਕਿ ਇਸ ਨੇ ਗੈਂਗਸਟਰ ਗੁਰਸ਼ਹੀਦ ਸਿੰਘ ਉਰਫ਼ ਸ਼ੇਰਾ ਖੁੱਬਣ ਦੇ ਕਤਲ ਦਾ ਬਦਲਾ ਲੈਣ ਲਈ ਰੌਕੀ ਨੂੰ ਹਲਾਕ ਕੀਤਾ। ਇਹ ਦੂਜੀ ਵਾਰ ਹੈ ਜਦੋਂ ਕਿਸੇ ਗੈਂਗਸਟਰ ਦੇ ਕਤਲ ਉਤੇ ਸੋਸ਼ਲ ਮੀਡੀਆ ਰਾਹੀਂ ‘ਜਸ਼ਨ’ ਮਨਾਏ ਗਏ। ਸਵਾ ਸਾਲ ਪਹਿਲਾਂ ਫਗਵਾੜਾ ਨੇੜੇ ਸੁੱਖਾ ਕਾਹਲਵਾਂ ਕਤਲ ਕਾਂਡ ਵੇਲੇ ਵੀ ਉਸ ਦੇ ਕਾਤਲਾਂ ਨੇ ਪਹਿਲਾਂ ਉਸ ਦੀ ਲਾਸ਼ ਦੇ ਨੇੜੇ ਅਤੇ ਫਿਰ ਫੇਸਬੁੱਕ ਉਤੇ ਜਸ਼ਨ ਮਨਾਏ ਸਨ। ਪੰਜਾਬ ਵਿਚ ਅਪਰਾਧੀ ਗਰੋਹਾਂ ਦਰਮਿਆਨ ਜੰਗ ਅਤੇ ਇਨ੍ਹਾਂ ਦੇ ਸਰਗਨਿਆਂ ਦੇ ਕਤਲਾਂ ਦਾ ਵਰਤਾਰਾ ਪਿਛਲੇ ਇਕ ਦਹਾਕੇ ਤੋਂ ਦਿਸਣਾ ਸ਼ੁਰੂ ਹੋਇਆ ਹੈ। ਸਿਆਸਤਦਾਨਾਂ ਵੱਲੋਂ ਇਨ੍ਹਾਂ ਗਰੋਹਾਂ ਅਤੇ ਪਿੰਡਾਂ ਵਿਚਲੇ ਸਮਗਲਰਾਂ ਦੀ ਪੁਸ਼ਤਪਨਾਹੀ ਨੇ ਇਨ੍ਹਾਂ ਅਪਰਾਧੀਆਂ ਦਾ ਦਬਦਬਾ ਵਧਾਉਣਾ ਸ਼ੁਰੂ ਕੀਤਾ। ਇਹੀ ਵਜ੍ਹਾ ਹੈ ਕਿ ਰੌਕੀ 2012 ਵਿਚ ਫਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਿਆ ਅਤੇ ਭਾਜਪਾ ਨੇਤਾ ਸੁਰਜੀਤ ਕੁਮਾਰ ਜਿਆਣੀ ਨੂੰ ਤਕੜੀ ਟੱਕਰ ਦਿੱਤੀ।
ਰੌਕੀ ਵਿਰੁੱਧ ਇਕ ਸਮੇਂ ਕਤਲਾਂ, ਰਾਹਜ਼ਨੀਆਂ, ਲੁੱਟਾਂ-ਖੋਹਾਂ, ਡਾਕਿਆਂ ਆਦਿ ਦੇ 22 ਕੇਸ ਸਨ। ਇਨ੍ਹਾਂ ਕੇਸਾਂ ਦੇ ਬਾਵਜੂਦ ਉਹ ਕਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸ਼ੇਰ ਸਿੰਘ ਘੁਬਾਇਆ ਦੀਆਂ ਰੈਲੀਆਂ ਵਿਚ ਆਗੂ ਵਜੋਂ ਵਿਚਰਦਾ ਰਿਹਾ ਅਤੇ ਕਦੇ ਪੰਜਾਬ ਦੇ ਕਾਂਗਰਸੀ ਆਗੂਆਂ ਨਾਲ ਤੱਤਕਾਲੀਨ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੇ ਦਿੱਲੀ ਸਥਿਤ ਬੰਗਲੇ ਵਿਚ ਹਾਜ਼ਰੀ ਭਰਦਾ ਰਿਹਾ। ਜੇਲ੍ਹ ਵਿਭਾਗ ਦੇ ਵੇਰਵਿਆਂ ਅਨੁਸਾਰ ਇਸ ਵੇਲੇ ਸਮੁੱਚੇ ਪੰਜਾਬ ਦੀਆਂ ਜੇਲ੍ਹਾਂ ਅੰਦਰ 254 ਗੈਂਗਸਟਰ 1200 ਤੋਂ ਵੱਧ ਅਪਰਾਧਕ ਮਾਮਲਿਆਂ ਵਿਚ ਬੰਦ ਹਨ। ਹੈਰਾਨੀ ਦੀ ਗੱਲ ਹੈ ਕਿ ਇਕ-ਇਕ ਗੈਂਗਸਟਰ ਦੋ-ਦੋ ਦਰਜਨ ਮਾਮਲਿਆਂ ਦਾ ਦੋਸ਼ੀ ਹੈ।
ਜੇਲ੍ਹਾਂ ਵਿਚ ਬੰਦ ਇਨ੍ਹਾਂ ਗੈਂਗਸਟਰਾਂ ਕੋਲ ਮੋਬਾਈਲ ਫੋਨ ਵੀ ਹਨ ਤੇ ਇਨ੍ਹਾਂ ਦੇ ਫੇਸਬੁੱਕ ਅਕਾਊਂਟ ਵੀ ਰੋਜ਼ਾਨਾ ਅਪਡੇਟ ਹੁੰਦੇ ਹਨ। ਫੇਸਬੁੱਕ ‘ਤੇ ਇਕ ਦੂਸਰੇ ਨੂੰ ਮਾਰ ਦੇਣ ਤੱਕ ਦੀਆਂ ਧਮਕੀਆਂ ਅਤੇ ਖ਼ੌਫ਼ ਪੈਦਾ ਕਰਦੀਆਂ ਹਥਿਆਰਾਂ ਨਾਲ ਲੈਸ ਤਸਵੀਰਾਂ ਵੀ ਅਪਲੋਡ ਕੀਤੀਆਂ ਜਾਂਦੀਆਂ ਹਨ। ਸਕੂਲਾਂ, ਕਾਲਜਾਂ ਵਿਚ ਜਥੇਬੰਦਕ ਗਰੁੱਪ ਵੀ ਇਨ੍ਹਾਂ ਗੈਂਗਸਟਰਾਂ ਦੇ ਨਾਵਾਂ ਹੇਠ ਸ਼ਰੇਆਮ ਬਣ ਰਹੇ ਹਨ।
ਵਿਦਿਆਰਥੀ ਜਥੇਬੰਦੀਆਂ ਨੂੰ ਵੋਟਾਂ ਲਈ ਆਪਣੇ ਨਾਲ ਜੋੜਨ ਦੇ ਲਾਲਚ ਕਾਰਨ ਵੀ ਕੁਰਾਹੇ ਪਈ ਇਸ ਨੌਜਵਾਨ ਪੀੜ੍ਹੀ ਦੇ ਹੌਸਲੇ ਵਧਦੇ ਜਾ ਰਹੇ ਹਨ। ਇਸ ਵੇਲੇ ਪਟਿਆਲਾ ਜੇਲ੍ਹ ਵਿਚ ਸਭ ਤੋਂ ਵੱਧ 37 ਗੈਂਗਸਟਰ ਹਨ। ਇਸ ਤੋਂ ਬਿਨਾਂ ਗੁਰਦਾਸਪੁਰ ਵਿਚ 27, ਫ਼ਰੀਦਕੋਟ ‘ਚ 21, ਕਪੂਰਥਲਾ ਵਿਚ 21, ਅੰਮ੍ਰਿਤਸਰ ਵਿਚ 13, ਬਠਿੰਡਾ ‘ਚ 13, ਨਾਭਾ ‘ਚ 31, ਸੰਗਰੂਰ ਵਿਚ 21, ਮਾਨਸਾ ਵਿਚ 10, ਨਾਭਾ ਓਪਨ ਵਿਚ 18, ਲੁਧਿਆਣਾ ‘ਚ 6, ਹੁਸ਼ਿਆਰਪੁਰ ਵਿਚ 3 ਅਤੇ ਰੋਪੜ ਜੇਲ੍ਹ ਵਿਚ 9 ਗੈਂਗਸਟਰ ਬੰਦ ਹਨ। ਇਨ੍ਹਾਂ ਵਿਚੋਂ ਵੱਡੀ ਗਿਣਤੀ ਗੈਂਗਸਟਰ ਖਿਡਾਰੀ ਹਨ ਜੋ ਆਪਣੇ ਚੰਗੇ ਕੈਰੀਅਰ ਨੂੰ ਛੱਡ ਕੇ ਸ਼ੌਕ ਲਈ ਇਧਰ ਆਏ ਹਨ।
ਗੈਂਗਸਟਰ ਰੌਕੀ ਦੀ ਹੱਤਿਆ ਤੋਂ ਬਾਅਦ ਪੁਲਿਸ ਨੂੰ ਇਨ੍ਹਾਂ ਦੀ ਤਾਕਤ ਦਾ ਪਤਾ ਲੱਗਿਆ ਹੈ। ਇਨ੍ਹਾਂ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਪੰਜਾਬ ਪੁਲਿਸ ਦੇ ਹੌਲਦਾਰ ‘ਤੇ ਹਮਲਾ ਕਰ ਕੇ ਉਸ ਦੀ ਕਾਰਬਾਈਨ ਖੋਹ ਲਈ ਗਈ। ਦੁਆਬੇ ਅਤੇ ਮਾਝੇ ਵਿਚ ਜੱਗੂ ਭਗਵਾਨਪੁਰੀਆ, ਗੋਪੀ ਡੱਲੇਵਾਲੀਆ ਅਤੇ ਪ੍ਰੇਮਾ ਲਾਹੌਰੀਆ ਬੜੇ ਮਸ਼ਹੂਰ ਗੈਂਗ ਹਨ। ਕੁਝ ਸਮਾਂ ਪਹਿਲਾਂ ਹੀ ਸੁੱਖਾ ਕਾਹਲਵਾਂ ਦੇ ਕਤਲ ਦੇ ਪਿੱਛੋਂ ਇਨ੍ਹਾਂ ਪੰਜਾਬ ਵਿਚ ਵਿਚਰਦੇ ਗਰੋਹਾਂ ਦੇ ਨਾਂ ਹੋਰ ਵੀ ਉਭਰ ਕੇ ਸਾਹਮਣੇ ਆਏ ਸਨ। ਤਾਜ਼ਾ ਘਟਨਾਵਾਂ ਨੇ ਅਮਨ-ਕਾਨੂੰਨ ਦੀ ਰਾਖੀ ਲਈ ਜ਼ਿੰਮੇਵਾਰ ਪੁਲਿਸ ਅੰਦਰ ਵੀ ਬੇਚੈਨੀ ਪੈਦਾ ਕੀਤੀ ਹੈ। ਇਸ ਬਾਰੇ ਪੰਜਾਬ ਦੇ ਪੁਲਿਸ ਮੁਖੀ ਨੇ ਵਿਸ਼ੇਸ਼ ਟਾਸਕ ਫੋਰਸ ਕਾਇਮ ਕਰਨ ਦੀ ਹਦਾਇਤ ਦਿੱਤੀ ਹੈ।
_____________________________________________
ਗੈਰਕਾਨੂੰਨੀ ਹਥਿਆਰਾਂ ਦੇ ਕਾਰੋਬਾਰ ਵਿਚ ਵਾਧਾ
ਬਠਿੰਡਾ: ਪੰਜਾਬ ਵਿਚ ਪਿਛਲੇ ਤਕਰੀਬਨ ਪੰਜ ਵਰ੍ਹਿਆਂ ਤੋਂ ਗੈਰਕਾਨੂੰਨੀ ਹਥਿਆਰਾਂ ਦਾ ਕਾਰੋਬਾਰ ਤੇਜ਼ੀ ਨਾਲ ਵਧਿਆ ਹੈ। ਰਾਜਸਥਾਨ ਦਾ ‘ਦੇਸੀ ਕੱਟਾ’ ਪੰਜਾਬ ਵਿਚ ਕਾਫੀ ਮਸ਼ਹੂਰ ਹੋਇਆ ਹੈ। ਹਾਲਾਂਕਿ ਪੰਜਾਬ ਵਿਚ ਲਾਇਸੈਂਸੀ ਹਥਿਆਰਾਂ ਦੀ ਵੀ ਕੋਈ ਕਮੀ ਨਹੀਂ ਹੈ। ਪੰਜਾਬ ਪੁਲਿਸ ਤਰਫੋਂ ਲੰਘੇ ਸਾਢੇ ਚਾਰ ਵਰ੍ਹਿਆਂ ਵਿਚ ਪੰਜਾਬ ਵਿਚੋਂ 1307 ਵਿਅਕਤੀਆਂ ਕੋਲੋਂ 1489 ਗੈਰਕਾਨੂੰਨੀ ਹਥਿਆਰ ਫੜੇ ਗਏ ਹਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਤਿੰਨ ਵਰ੍ਹਿਆਂ ਦੌਰਾਨ ਪੰਜਾਬ ਵਿਚ 2048 ਪੁਲਿਸ ਕੇਸ ਅਜਿਹੇ ਦਰਜ ਹੋਏ ਹਨ ਜੋ ਆਰਮਜ਼ ਐਕਟ ਦੀ ਉਲੰਘਣਾ ਨਾਲ ਸਬੰਧਤ ਸਨ। ਇਨ੍ਹਾਂ ਕੇਸਾਂ ਵਿਚ 2306 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਦਾਲਤਾਂ ਵਿਚੋਂ 1440 ਕੇਸਾਂ ਵਿਚ ਮੁਲਜ਼ਮਾਂ ਨੂੰ ਸਜ਼ਾ ਵੀ ਹੋਈ ਹੈ।