ਹਾਕਮ ਧਿਰ ਨੂੰ ਬਾਗੀਆਂ ਦੀ ਲਲਕਾਰ

ਚੰਡੀਗੜ੍ਹ: ਪੰਜਾਬ ਦੀ ਸਿਆਸਤ ਨੂੰ ਬਾਗੀਆਂ ਨੇ ਚੁਫੇਰਿਓਂ ਘੇਰਿਆ ਹੋਇਆ ਹੈ। ਖਾਸਕਰ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਇਸ ਦੀ ਸਭ ਤੋਂ ਵੱਧ ਸ਼ਿਕਾਰ ਹੈ। ਹਾਲ ਹੀ ਦੌਰਾਨ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਗਟ ਸਿੰਘ ਨੇ ਮੁੱਖ ਸੰਸਦੀ ਸਕੱਤਰ ਵਜੋਂ ਸਹੁੰ ਨਾ ਚੁੱਕ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਸੂਤਾ ਫਸਾ ਦਿੱਤਾ ਹੈ।

ਉਹ ਆਪਣੇ ਜਲੰਧਰ ਹਲਕੇ ਵਿਚ ਕੂੜਾ ਡੰਪ ਬਣਾਉਣ ਦੀ ਤਜਵੀਜ਼ ਦਾ ਵਿਰੋਧ ਕਰ ਰਹੇ ਹਨ।
ਅੰਮ੍ਰਿਤਸਰ ਤੋਂ ਅਕਾਲੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵੀ ਉਨ੍ਹਾਂ ਵਿਧਾਇਕਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੇ ਪਾਰਟੀ ਦੀ ਲੀਡਰਸ਼ਿਪ ‘ਤੇ ਹਮਲਾ ਕੀਤਾ ਹੈ; ਹਾਲਾਂਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਾਰਾਜ਼ ਵਿਧਾਇਕ ਪਰਗਟ ਸਿੰਘ ਵੱਲੋਂ ਮੁੱਖ ਸੰਸਦੀ ਸਕੱਤਰ ਵਜੋਂ ਸਹੁੰ ਨਾ ਚੁੱਕੇ ਜਾਣ ਨੂੰ ਗਲਤਫ਼ਹਿਮੀ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਵਿਧਾਇਕ ਨੂੰ ਕੋਈ ਗਿਲਾ ਹੋਵੇਗਾ ਤਾਂ ਉਹ ਦੂਰ ਕਰ ਲਿਆ ਜਾਵੇਗਾ।
ਬਾਗੀ ਰੌਂਅ ਦਿਖਾਉਣ ਵਾਲਿਆਂ ਵਿਚ ਸਭ ਤੋਂ ਉਪਰ ਅੰਮ੍ਰਿਤਸਰ ਤੋਂ ਭਾਜਪਾ ਵਿਧਾਇਕਾ ਨਵਜੋਤ ਕੌਰ ਸਿੱਧੂ ਹਨ। ਹੁਣ ਪਰਗਟ ਸਿੰਘ ਵੱਲੋਂ ਲਏ ਸਟੈਂਡ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਖੁੱਲ੍ਹੀ ਬਗਾਵਤ ਵਜੋਂ ਦੇਖਿਆ ਜਾ ਰਿਹਾ ਹੈ। ਸਿਆਸੀ ਤੌਰ ‘ਤੇ ਚੌਕਸ ਲੋਕਾਂ ਦਾ ਮੰਨਣਾ ਹੈ ਕਿ ਲੰਬੇ ਸਮੇਂ ਬਾਅਦ ਬਾਦਲਾਂ ਨੂੰ ਟੱਕਰ ਦੇਣ ਵਾਲਾ ਕੋਈ ਆਗੂ ਉਨ੍ਹਾਂ ਦੇ ਮੂਹਰੇ ਅੜਿਆ ਹੈ, ਨਹੀਂ ਤਾਂ ਅਕਾਲੀ ਦਲ ਦੇ ਬਹੁਤੇ ਆਗੂਆਂ ਨੇ ਮਨ ਹੀ ਮਨ ਸਮਝੌਤੇ ਕੀਤੇ ਹੋਏ ਹਨ। ਉਧਰ ਇਹ ਵੀ ਚਰਚਾ ਹੁੰਦੀ ਰਹੀ ਕਿ ਪਰਗਟ ਸਿੰਘ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਦੇ ਦੋ ਸਾਥੀ ਓਲੰਪੀਅਨ ਹਰਦੀਪ ਗਰੇਵਾਲ ਤੇ ਕੌਮਾਂਤਰੀ ਖਿਡਾਰੀ ਜਗਦੀਪ ਰਿੰਪੀ ਪਹਿਲਾਂ ਹੀ ‘ਆਪ’ ਵਿਚ ਜਾ ਚੁੱਕੇ ਹਨ। ਭਾਜਪਾ ਦੀ ਸੀਨੀਅਰ ਲੀਡਰ ਤੇ ਪੰਜਾਬ ਦੀ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਨੇ ਵੀ ਪੰਜਾਬ ਸਰਕਾਰ ਵੱਲੋਂ ਨਵੇਂ ਮੁੱਖ ਸੰਸਦੀ ਸਕੱਤਰ ਨਿਯੁਕਤ ਕੀਤੇ ਜਾਣ ‘ਤੇ ਸਵਾਲ ਖੜ੍ਹੇ ਕਰ ਕੇ ਹਾਕਮ ਧਿਰ ਨੂੰ ਕਸੂਤੀ ਫਸਾ ਦਿੱਤਾ ਹੈ। ਚਾਵਲਾ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਅਜਿਹਾ ਕਰਨਾ ਸਰਕਾਰੀ ਖ਼ਜ਼ਾਨੇ ਤੇ ਜਨਤਾ ਦੀ ਕਮਾਈ ‘ਤੇ ਡਾਕੇ ਦੇ ਬਰਾਬਰ ਹੈ।