-ਜਤਿੰਦਰ ਪਨੂੰ
ਜਦੋਂ ਭਾਰਤ ਦੀ ਪਾਰਲੀਮੈਂਟ ਦੀਆਂ ਆਮ ਚੋਣਾਂ ਲਈ ਸਿਰਫ 16 ਮਹੀਨੇ ਰਹਿ ਗਏ ਹਨ, ਮੁਲਕ ਦੀ ਵੱਡੀ ਗੱਦੀ ਉਤੇ ਕਬਜ਼ੇ ਦੀਆਂ ਚਾਹਵਾਨ ਧਿਰਾਂ ਤੇਜ਼ ਚਾਲੇ ਤੁਰਨ ਲੱਗ ਪਈਆਂ ਹਨ। ਮੁੱਖ ਤੌਰ ‘ਤੇ ਭਾਵੇਂ ਦੋ ਪਾਰਟੀਆਂ-ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਹੀ ਇਸ ਖਿੱਚੋਤਾਣ ਵਿਚ ਮੋਹਰੀ ਜਾਪਦੀਆਂ ਹਨ, ਪਰ ਇਨ੍ਹਾਂ ਦੋਵਾਂ ਵਿਚੋਂ ਕਿਸੇ ਕੋਲੋਂ ਵੀ ਕਿਉਂਕਿ ਆਪਣੇ ਸਿਰ ਬਹੁਮਤ ਜੋਗੀਆਂ ਸੀਟਾਂ ਜਿੱਤੀਆਂ ਨਹੀਂ ਜਾ ਸਕਣੀਆਂ, ਇਸ ਲਈ ਨਾਲ ਜੁੜਨ ਦੀ ਸਹਿਮਤੀ ਦੇਣ ਵਾਲੀਆਂ ਪਾਰਟੀਆਂ ਜਾਂ ਜਿਨ੍ਹਾਂ ਨੇ ਚੋਣਾਂ ਤੋਂ ਬਾਅਦ ਹਾਲਾਤ ਵੇਖ ਕੇ ਇੱਕ ਜਾਂ ਦੂਸਰੀ ਧਿਰ ਨਾਲ ਜੁੜਨ ਦਾ ਫੈਸਲਾ ਕਰਨਾ ਹੈ, ਦੇ ਆਗੂ ਵੀ ਹੁਣੇ ਤੋਂ ਇਹ ਸੋਚ ਕੇ ਚੱਲਣ ਲੱਗ ਪਏ ਹਨ ਕਿ ਆਪਣਾ ਭਾਰ ਏਨਾ ਕੁ ਵਧਾ ਲਈਏ ਕਿ ਅੰਤਲੇ ਲੇਖੇ ਵਿਚ ਗਿਣੇ ਜਾਣ ਜੋਗੇ ਹੋ ਸਕੀਏ। ਤੀਸਰੀ ਧਿਰ ਬਣਾਉਣ ਲਈ ਵੀ ਜ਼ੋਰ ਲੱਗ ਰਿਹਾ ਹੈ। ਇਸ ਪੱਖ ਤੋਂ ਮੁਲਾਇਮ ਸਿੰਘ ਯਾਦਵ ਨੇ ਸਾਰਿਆਂ ਤੋਂ ਵੱਡਾ ਖਾਹਿਸ਼ਮੰਦ ਹੋਣ ਕਰ ਕੇ ਵੱਧ ਸਰਗਰਮੀ ਫੜ ਲਈ ਹੈ, ਪਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਵੀ ਸੁਫਨੇ ਦਿੱਲੀ ਦੀ ਓਸੇ ਕੁਰਸੀ ਦੇ ਚੋਖੇ ਆਉਂਦੇ ਹਨ। ਉਹ ਇਸੇ ਲਈ ਭਾਜਪਾ ਤੋਂ ਫਾਸਲਾ ਪਾਉਣ ਦੇ ਯਤਨ ਕਰ ਰਿਹਾ ਹੈ ਤੇ ਘੱਟ-ਗਿਣਤੀਆਂ ਅੰਦਰ ਭਾਜਪਾ ਦੇ ਸਭ ਤੋਂ ਬਦਨਾਮ ਚਿਹਰੇ ਨਰਿੰਦਰ ਮੋਦੀ ਨਾਲ ਅੱਖ ਵੀ ਮਿਲਾਉਣ ਨੂੰ ਤਿਆਰ ਨਹੀਂ ਹੁੰਦਾ। ਇਹ ਉਸ ਵੱਲੋਂ ਤੀਸਰੀ ਧਰਮ-ਨਿਰਪੱਖ ਗੈਰ-ਕਾਂਗਰਸੀ ਧਿਰ ਦਾ ਸਰਬ ਪ੍ਰਵਾਨਤ ਲੀਡਰ ਬਣਨ ਲਈ ਕੀਤਾ ਜਾ ਰਿਹਾ ਯਤਨ ਹੈ।
ਬਾਕੀ ਧਿਰਾਂ ਕੱਲ੍ਹ ਨੂੰ ਕੀ ਪੈਂਤੜਾ ਲੈਣਗੀਆਂ, ਇਸ ਬਾਰੇ ਹਾਲੇ ਤੱਕ ਸਪੱਸ਼ਟ ਨਹੀਂ, ਪਰ ਭਾਜਪਾ ਤੇ ਕਾਂਗਰਸ ਦੀ ਸਰਗਰਮੀ ਹਰ ਕਿਸੇ ਦਾ ਚੋਖਾ ਧਿਆਨ ਖਿੱਚ ਰਹੀ ਹੈ।
ਕਾਂਗਰਸ ਪਾਰਟੀ ਵੱਲੋਂ ਇਨ੍ਹੀਂ ਦਿਨੀਂ ਜੈਪੁਰ ਵਿਚ ਇੱਕ ਚਿੰਤਨ ਕੈਂਪ ਲਾਇਆ ਗਿਆ ਹੈ। ਇਹ ਲਿਖਤ ਲਿਖਣ ਸਮੇਂ ਉਸ ਕੈਂਪ ਦਾ ਪਹਿਲਾ ਦਿਨ ਲੰਘ ਚੁੱਕਾ ਹੈ ਤੇ ਉਸੇ ਵਿਚ ਬਿੱਲੀ ਥੈਲੇ ਤੋਂ ਬਾਹਰ ਨਿਕਲ ਆਈ ਹੈ। ਕੈਂਪ ਵਿਚ ਚਿੰਤਨ ਘੱਟ ਕੀਤਾ ਗਿਆ ਤੇ ਇਹ ਚਿੰਤਾ ਵੱਧ ਕੀਤੀ ਗਈ ਕਿ ਪਾਰਟੀ ਦਾ ਵੱਖੋ-ਵੱਖ ਰਾਜਾਂ ਵਿਚ ਭੱਠਾ ਬਹਿੰਦਾ ਜਾ ਰਿਹਾ ਹੈ। ਪਾਰਟੀ ਪ੍ਰਧਾਨ ਨੇ ਆਪਣੀ ਪਾਰਟੀ ਨੂੰ ਆਪ ਭਾਵੇਂ ਨਿਕੰਮੀ ਨਹੀਂ ਕਿਹਾ, ਤੇ ਉਸ ਨੇ ਕਹਿਣਾ ਵੀ ਨਹੀਂ ਸੀ, ਪਰ ਜਿਹੜੇ ਪੰਜ ਨੁਕਤੇ ਚਿੰਤਨ ਲਈ ਗਿਣਾਏ, ਉਹ ਸਾਰੇ ਦੇ ਸਾਰੇ ਇਹੋ ਸਾਬਤ ਕਰਦੇ ਹਨ ਕਿ ਰਾਜ ਚਲਾਉਣ ਦੇ ਮਾਮਲੇ ਵਿਚ ਇਹ ਪਾਰਟੀ ਅਸਲੋਂ ਨਿਕੰਮੀ ਨਿਕਲੀ ਹੈ। ਜਦੋਂ ਮਰੀਜ਼ ਦੀ ਬਿਮਾਰੀ ਦਾ ਪਤਾ ਲੱਗ ਜਾਵੇ, ਅਗਲਾ ਕੰਮ ਉਸ ਦਾ ਇਲਾਜ ਕਰਨ ਦਾ ਹੁੰਦਾ ਹੈ ਅਤੇ ਇਲਾਜ ਕਰਨ ਦੇ ਨਾਂ ਉਤੇ ਕਾਂਗਰਸ ਪਾਰਟੀ ਦੇ ਲਗਭਗ ਹਰ ਬੁਲਾਰੇ ਨੇ ਇਹੋ ਤਵਾ ਵਜਾ ਛੱਡਿਆ ਕਿ ਇਸ ਮਰਨਾਊ ਜਾਪ ਰਹੀ ਪਾਰਟੀ ਨੂੰ ਰਾਹੁਲ ਗਾਂਧੀ ਨਾਂ ਦੇ ਡਾਕਟਰ ਦੇ ਹਵਾਲੇ ਕਰ ਦਿੱਤਾ ਜਾਵੇ, ਉਹ ਆਪਣੇ ਆਪ ਇਸ ਵਿਚ ਜਾਨ ਪਾ ਦੇਵੇਗਾ। ਅੱਗੇ ਰਾਹੁਲ ਗਾਂਧੀ ਨੂੰ ਉਤਰ ਪ੍ਰਦੇਸ਼ ਵਿਚ ਇਸੇ ਕੰਮ ਲਾਇਆ ਗਿਆ ਸੀ, ਉਥੇ ਜਿਹੜੀ ਖੱਟੀ ਖੱਟ ਕੇ ਮੁੜਿਆ ਸੀ, ਉਸ ਦਾ ਵੀ ਧਿਆਨ ਨਹੀਂ ਕੀਤਾ ਗਿਆ। ਇੰਦਰਾ ਗਾਂਧੀ ਦੀ ਚੜ੍ਹਤ ਦੇ ਸਮੇਂ ਵੀ ਕੁਝ ਲੋਕ ਪਾਰਟੀ ਦੇ ਅੰਦਰ ਹੁੰਦੇ ਸਨ, ਜਿਹੜੇ ਸੰਜੇ ਗਾਂਧੀ ਦੀ ਅਗਵਾਈ ਬਾਰੇ ਕਿੰਤੂ ਕਰ ਸਕਦੇ ਸਨ, ਪਰ ਹੁਣ ਦੀ ਕਾਂਗਰਸ ਪਾਰਟੀ ਵਿਚ ਇਹੋ ਜਿਹਾ ਕੋਈ ਰੜਕਦਾ ਹੀ ਨਹੀਂ ਤੇ ਸਾਰੇ ਦੇ ਸਾਰੇ ‘ਰਾਹੁਲ-ਚਾਲੀਸਾ’ ਜਪਣ ਲੱਗੇ ਹੋਏ ਹਨ। ਇਹ ਇਸ ਪਾਰਟੀ ਦੇ ਨਿਘਾਰ ਦਾ ਪ੍ਰਤੀਕ ਵੀ ਹੈ ਤੇ ਭਵਿੱਖ ਵਿਚ ਇਸ ਦੇ ਹੋਰ ਤੋਂ ਹੋਰ ਡੁੱਬਦੀ ਜਾਣ ਦਾ ਸੰਕੇਤ ਵੀ।
ਦੂਸਰੇ ਪਾਸੇ ਇਸ ਨੂੰ ਟੱਕਰ ਦੇਣ ਦੀ ਤਿਆਰੀ ਭਾਰਤੀ ਜਨਤਾ ਪਾਰਟੀ ਨਹੀਂ ਕਰ ਰਹੀ, ਇਹ ਕੰਮ ਉਸ ਦੇ ਮਾਈ-ਬਾਪ ਮੰਨੇ ਜਾਂਦੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ ਐਸ ਐਸ) ਵਾਲੇ ਕਰ ਰਹੇ ਹਨ। ਉਨ੍ਹਾਂ ਪਿਛਲੇ ਦਿਨੀਂ ਗੁਜਰਾਤ ਦੀਆਂ ਚੋਣਾਂ ਵਿਚ ਦੋਗਲੀ ਭੂਮਿਕਾ ਨਿਭਾਈ ਸੀ। ਕੁਝ ਲੀਡਰ ਨਰਿੰਦਰ ਮੋਦੀ ਦੇ ਨਾਲ ਫਿਰਦੇ ਰਹੇ ਤੇ ਕੁਝ ਉਸ ਦੀਆਂ ਜੜ੍ਹਾਂ ਵੱਢਣ ਲੱਗੇ ਹੋਏ ਸਨ, ਪਰ ਨਾਗਪੁਰ ਵਿਚ ਉਹ ਸਾਰੇ ਇੱਕ-ਸੁਰ ਸਨ। ਇਸ ਦੋਗਲੇ ਰੋਲ ਪਿੱਛੇ ਕਾਰਨ ਇਹ ਸੀ ਕਿ ਨਰਿੰਦਰ ਮੋਦੀ ਕਿਉਂਕਿ ਆਰ ਐਸ ਐਸ ਦੀ ਲੀਡਰਸ਼ਿਪ ਨੂੰ ਅੱਖਾਂ ਦਿਖਾਉਣ ਲੱਗ ਪਿਆ ਹੈ, ਇਸ ਲਈ ਜੇ ਉਹ ਡੁੱਬ ਸਕਦਾ ਹੈ ਤਾਂ ਇੱਕ ਧੱਕਾ ਮਾਰ ਕੇ ਇਹ ਕੰਮ ਕਰ ਦਿੱਤਾ ਜਾਵੇ, ਪਰ ਜੇ ਉਹ ਡੁੱਬਦਾ ਨਹੀਂ ਤੇ ਲੋਕ ਹਾਲੇ ਉਸ ਦੇ ਨਾਲ ਹਨ, ਤਾਂ ਅਗਲੀ ਪਾਰਲੀਮੈਂਟ ਚੋਣ ਲਈ ਮੋਹਰਾ ਮੰਨ ਲਿਆ ਜਾਵੇ। ਗੁਜਰਾਤ ਵਿਚ ਉਸ ਦੀ ਚੜ੍ਹਤ ਬਰਕਰਾਰ ਰਹਿਣ ਦੇ ਨਤੀਜੇ ਤੋਂ ਬਾਅਦ ਆਰ ਐਸ ਐਸ ਦੀ ਲੀਡਰਸ਼ਿਪ ਨੇ ਸਮਾਂ ਗਵਾਏ ਬਿਨਾਂ ਭਾਜਪਾ ਲੀਡਰਸ਼ਿਪ ਨੂੰ ਇਹ ਸਾਫ ਸੁਨੇਹਾ ਭੇਜ ਦਿੱਤਾ ਹੈ ਕਿ ਅਗਲੀਆਂ ਚੋਣਾਂ ਲਈ ਕਿਸੇ ਸੁਸ਼ਮਾ ਸਵਰਾਜ, ਅਰੁਣ ਜੇਤਲੀ, ਰਾਜਨਾਥ ਸਿੰਘ ਜਾਂ ਕਿਸੇ ਹੋਰ ਲੀਡਰ ਨੂੰ ਤਿਆਰ ਕਰਨ ਦੀ ਲੋੜ ਨਹੀਂ, ਹੁਣ ਤਾਂ ਮੋਦੀ ਹੀ ਕਾਫੀ ਹੈ। ਉਹ ਸਾਰੇ ਜਣੇ ਅੰਦਰੋਂ ਭਾਵੇਂ ਕਾਫੀ ਕੌੜ ਖਾਈ ਬੈਠੇ ਹਨ, ਪਰ ਬਾਹਰੀ ਪ੍ਰਭਾਵ ਵਿਚ ਆਰ ਐਸ ਐਸ ਦੀ ਲੀਡਰਸ਼ਿਪ ਦੇ ਕਹਿਣ ਉਤੇ ਸੂਈ ਦੇ ਨੱਕੇ ਵਿਚੋਂ ਵੀ ਲੰਘਣ ਦਾ ਯਕੀਨ ਦਿਵਾਈ ਜਾ ਰਹੇ ਹਨ।
ਜੇ ਹਾਲਾਤ ਕੱਲ੍ਹ ਨੂੰ ਕਾਂਗਰਸ ਬਨਾਮ ਭਾਜਪਾ ਦੀ ਬਜਾਏ ਰਾਹੁਲ ਬਨਾਮ ਮੋਦੀ ਵਾਲੇ ਬਣ ਗਏ ਤੇ ਭਾਰਤ ਦੀ ਰਾਜਨੀਤੀ ਵਿਚ ਇਨ੍ਹਾਂ ਦੋਵਾਂ ਵਿਚੋਂ ਇੱਕ ਨੂੰ ਚੁਣਨ ਦਾ ਮੁੱਦਾ ਉਭਰ ਪਿਆ, ਇਸ ਦਾ ਨਤੀਜਾ ਕੀ ਨਿਕਲੇਗਾ, ਇਸ ਦੀ ਚਰਚਾ ਭਾਰਤ ਵਿਚ ਹੀ ਨਹੀਂ, ਅਮਰੀਕਾ ਦੇ ਕੁਝ ਖਾਸ ਹਲਕਿਆਂ ਵਿਚ ਵੀ ਹੁਣੇ ਛਿੜ ਪਈ ਹੈ। ਅਮਰੀਕਾ ਨਾਲ ਸੈਨਤ ਦੀ ਸਾਂਝ ਰੱਖਦਾ ਮੰਨਿਆ ਜਾਂਦਾ ਪਾਕਿਸਤਾਨੀ ਮੂਲ ਦਾ ਕਨੇਡੀਅਨ ਨਾਗਰਿਕ ਤਾਹਿਰ ਉਲ ਕਾਦਰੀ ਆਪਣੇ ਆਪ ਹੀ ਨਰਿੰਦਰ ਮੋਦੀ ਦੀਆਂ ਸਿਫਤਾਂ ਨਹੀਂ ਕਰ ਰਿਹਾ, ਉਸ ਦੇ ਅੰਦਰੋਂ ਕੋਈ ਹੋਰ ਬੋਲਦਾ ਜਾਪਦਾ ਹੈ। ਕਈ ਸਾਲ ਪਹਿਲਾਂ ਜਦੋਂ ਇੰਦਰਾ ਗਾਂਧੀ ਨੂੰ ਜ਼ੁਕਾਮ ਤੱਕ ਨਹੀਂ ਸੀ ਹੋਇਆ, ਉਦੋਂ ਇੱਕ ਏਦਾਂ ਦੀ ਅਮਰੀਕੀ ਰਿਪੋਰਟ ਚਰਚਾ ਦਾ ਵਿਸ਼ਾ ਬਣ ਗਈ ਸੀ, ਜਿਸ ਵਿਚ ਇੰਦਰਾ ਗਾਂਧੀ ਤੋਂ ਬਾਅਦ ਦੇ ਹਿੰਦੁਸਤਾਨ ਦੇ ਹਾਲਾਤ ਦੀ ਚੀਰ-ਪਾੜ ਕੀਤੀ ਹੋਈ ਸੀ। ਉਸ ਰਿਪੋਰਟ ਵਿਚ ਇਹ ਵੀ ਸ਼ਾਮਲ ਸੀ ਕਿ ਇੰਦਰਾ ਗਾਂਧੀ ਨੂੰ ਚੋਣਾਂ ਤੋਂ ਪਹਿਲਾਂ ਕੁਝ ਹੋ ਜਾਵੇ ਤਾਂ ਕੀ ਬਣੇਗਾ ਤੇ ਜੇ ਚੋਣਾਂ ਦੌਰਾਨ ਕੁਝ ਹੋ ਗਿਆ ਤਾਂ ਕੀ ਹੋਵੇਗਾ, ਤੇ ਕੁਝ ਚਿਰ ਬਾਅਦ ਇੰਦਰਾ ਗਾਂਧੀ ਦਾ ਕਤਲ ਹੋ ਗਿਆ ਸੀ। ਹੁਣ ਫਿਰ ਭਾਰਤ ਦੀਆਂ ਅਗਲੀਆਂ ਚੋਣਾਂ ਬਾਰੇ ਅਮਰੀਕਾ ਦੇ ਚੋਣ-ਮਾਹਰ ਰਿਪੋਰਟਾਂ ਬਣਾਉਂਦੇ ਫਿਰਦੇ ਹਨ।
ਅਸੀਂ ਇਸ ਹਾਲਤ ਤੋਂ ਪਾਸੇ ਹੋ ਕੇ ਇਹ ਸੋਚਦੇ ਹਾਂ ਕਿ ਇਨ੍ਹਾਂ ਦੋਵਾਂ ਦੀ ਰਾਜਨੀਤੀ ਇਸ ਦੇਸ਼ ਉਤੇ ਅਸਰ ਕੀ ਪਾਉਂਦੀ ਹੈ। ਨਰਿੰਦਰ ਮੋਦੀ ਨੂੰ ਬਹੁ-ਗਿਣਤੀ ਦੀ ਫਿਰਕਾਪ੍ਰਸਤੀ ਦੇ ਨੇਜ਼ੇ ਦੀ ਨੋਕ ਮੰਨਿਆ ਜਾ ਸਕਦਾ ਹੈ। ਉਸ ਨੇ ਜੋ ਕੁਝ ਗੁਜਰਾਤ ਵਿਚ ਕੀਤਾ ਤੇ ਫਿਰ ਆਪਣੇ ਭਾਸ਼ਣਾਂ ਰਾਹੀਂ ਉਸ ਕੀਤੇ ਨੂੰ ਜਾਇਜ਼ ਠਹਿਰਾਉਣ ਵੀ ਲੱਗਾ ਰਿਹਾ ਸੀ, ਉਸ ਦੇ ਬਾਅਦ ਇਹੋ ਜਿਹੇ ਬੰਦੇ ਦੇ ਦੇਸ਼ ਦੀ ਵਾਗਡੋਰ ਸੰਭਾਲਣ ਦੀ ਗੱਲ ਚੱਲੇ ਤਾਂ ਉਸ ਹਾਲਤ ਵਿਚ ਇਸ ਦੇਸ਼ ਵਿਚ ਭਵਿੱਖ ਵਿਚ ਮੱਚਣ ਵਾਲੇ ਕਹਿਰ ਬਾਰੇ ਸੋਚਣਾ ਔਖਾ ਨਹੀਂ। ਭਾਰਤ ਦੇ ਲੋਕ ਉਸ ਦੇ ਨਾਲ ਖੜ੍ਹੇ ਹੋਣ ਲਈ ਤਿਆਰ ਨਹੀਂ ਹੋਣੇ ਚਾਹੀਦੇ, ਪਰ ਹੋਣੇ ਗੁਜਰਾਤ ਵਾਲੇ ਵੀ ਨਹੀਂ ਸੀ ਚਾਹੀਦੇ ਤੇ ਉਥੇ ਉਸ ਦੀ ਦਹਿਸ਼ਤ ਨੇ ਉਸ ਦੀ ਸੱਟ ਖਾਧੇ ਹੋਏ ਲੋਕ ਵੀ ਉਸ ਦੇ ਨਾਲ ਤੋਰ ਲਏ ਸਨ। ਇਹੋ ਜਿਹੀ ਔਰੰਗਜ਼ੇਬੀਅਤ ਭਾਰਤ ਦੇ ਉਤੇ ਲੱਦੀ ਜਾਵੇ ਤਾਂ ਅਸੀਂ ਉਸ ਨੂੰ ਕਦੇ ਵੀ ਸ਼ੁਭ ਸ਼ਗਨ ਨਹੀਂ ਮੰਨ ਸਕਦੇ, ਬਲਕਿ ਆਪਣੇ ਲੋਕਾਂ ਨੂੰ ਉਸ ਬਾਰੇ ਸੁਚੇਤ ਰਹਿਣ ਨੂੰ ਕਹਾਂਗੇ।
ਦੂਸਰਾ ਪਾਸਾ ਇਸ ਦੇ ਵਿਰੋਧ ਦੀ ਸਭ ਤੋਂ ਵੱਡੀ ਧਿਰ, ਅਤੇ ਨਾਲ ਹੀ ਸਭ ਤੋਂ ਵੱਧ ਪਾਪਾਂ ਦੀ ਪੰਡ ਬਣ ਚੁੱਕੀ ਧਿਰ ਕਾਂਗਰਸ ਪਾਰਟੀ ਦਾ ਹੈ। ਬਹੁਤ ਸਾਰੇ ਲੋਕਾਂ ਦੀ ਰਾਏ ਹੈ ਕਿ ਹਜ਼ਾਰ ਪਾਪਾਂ ਦੇ ਬਾਵਜੂਦ ਦੇਸ਼ ਵਿਚ ਧਰਮ ਨਿਰਪੱਖਤਾ ਦਾ ਝੰਡਾ ਬੁਲੰਦ ਰੱਖਣ ਲਈ ਇਸ ਪਾਰਟੀ ਦੀ ਅਗਵਾਈ ਦੀ ਲੋੜ ਹੈ। ਇਹ ਉਨ੍ਹਾਂ ਦੀ ਸੋਚ ਹੈ ਤੇ ਉਨ੍ਹਾਂ ਨੂੰ ਮੁਬਾਰਕ ਹੈ, ਪਰ ਜਿਹੜੀ ਭੂਮਿਕਾ ਧਰਮ-ਨਿਰਪੱਖਤਾ ਦੇ ਓਹਲੇ ਹੇਠ ਕਾਂਗਰਸ ਪਾਰਟੀ ਨਿਭਾ ਰਹੀ ਹੈ, ਉਸ ਦੇ ਹੁੰਦਿਆਂ ਉਸ ਦੇ ਹੱਥਾਂ ਵਿਚ ਇਸ ਦੇਸ਼ ਦਾ ਸੱਤਿਆਨਾਸ ਹੁੰਦਾ ਵੀ ਦੇਸ਼ ਦੇ ਲੋਕਾਂ ਨੂੰ ਹਜ਼ਮ ਹੋਣਾ ਹੁਣ ਔਖਾ ਹੋਈ ਜਾ ਰਿਹਾ ਹੈ। ਜਦੋਂ ਵਾਜਪਾਈ ਸਰਕਾਰ ਹਾਰ ਗਈ ਤੇ ਕਾਂਗਰਸ ਦੀ ਅਗਵਾਈ ਵਾਲਾ ਗੱਠਜੋੜ ਵੱਡਾ ਹੋਣ ਕਰ ਕੇ ਖੱਬੇ ਪੱਖੀਆਂ ਦੀ ਮਦਦ ਨਾਲ ਉਸ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲ ਗਿਆ, ਸਾਰੇ ਲੋਕ ਇਹ ਸੋਚ ਰਹੇ ਸਨ ਕਿ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਬਣੇਗੀ। ਉਸ ਦੀ ਪਾਰਟੀ ਵੱਲੋਂ ਵੀ ਉਸ ਦੇ ਨਾਂ ਉਤੇ ਮੋਹਰ ਲੱਗ ਗਈ ਅਤੇ ਸਹਿਯੋਗੀ ਵੀ ਮੰਨ ਗਏ, ਪਰ ਦੋ ਭਾਜਪਾਈ ਬੀਬੀਆਂ ਨੇ ਨਵਾਂ ਸਾਂਗ ਸ਼ੁਰੂ ਕਰ ਦਿੱਤਾ ਸੀ। ਇੱਕ ਉਮਾ ਭਾਰਤੀ ਸੀ, ਜਿਸ ਨੇ ਕਿਹਾ ਸੀ ਕਿ ਜੇ ਸੋਨੀਆ ਗਾਂਧੀ ਕਮਾਨ ਸਾਂਭੇਗੀ ਤਾਂ ਰਾਜਨੀਤੀ ਛੱਡ ਕੇ ਮੈਂ ਪਹਾੜਾਂ ਉਤੇ ਪਹੁੰਚ ਕੇ ਭਗਤੀ ਕਰਾਂਗੀ ਤੇ ਦੂਸਰੀ ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ ਉਹ ਇਸ ਹਾਲਤ ਵਿਚ ਭੁੰਜੇ ਸੌਂਵੇਂਗੀ ਅਤੇ ਛੋਲੇ ਚੱਬ ਕੇ ਗੁਜ਼ਾਰਾ ਕਰੇਗੀ। ਸੋਨੀਆ ਗਾਂਧੀ ਨੇ ਮਿਲੀ ਹੋਈ ਕੁਰਸੀ ਛੱਡ ਕੇ ਇੱਕ ਤਿਆਗ ਦਾ ਸਬੂਤ ਦੇ ਦਿੱਤਾ। ਉਸ ਦੀ ਸੰਸਾਰ ਭਰ ਦੇ ਲੋਕਾਂ ਵਿਚ ਸ਼ੋਭਾ ਹੋਣ ਲੱਗ ਪਈ। ਨਾਲ ਉਮਾ ਭਾਰਤੀ ਤੇ ਸੁਸ਼ਮਾ ਸਵਰਾਜ ਨੂੰ ਕਿਹਾ ਜਾਣ ਲੱਗਾ ਕਿ ਤਿਆਗੀ ਬਣਨ ਲਈ ਪਹਾੜੀਂ ਚੜ੍ਹਨ ਜਾਂ ਭੁੰਜੇ ਸੌਣ ਤੇ ਛੋਲੇ ਚੱਬਣ ਦੀ ਲੋੜ ਨਹੀਂ, ਸੋਨੀਆ ਵਾਂਗ ਸੱਤਾ ਦਾ ਮੋਹ ਛੱਡ ਕੇ ਵੀ ਇਹ ਕੰਮ ਕੀਤਾ ਜਾ ਸਕਦਾ ਹੈ। ਕੀ ਉਸ ਵੇਲੇ ਦੀ ਸਭ ਤੋਂ ਵੱਡੀ ਤਿਆਗਣ ਮੰਨੀ ਗਈ ਸੋਨੀਆ ਗਾਂਧੀ ਬਾਰੇ ਉਸ ਦੇ ਦਾਮਾਦ ਰਾਬਰਟ ਵਾਡਰਾ ਦੇ ਜ਼ਮੀਨੀ ਸਕੈਂਡਲਾਂ ਦੇ ਸਾਹਮਣੇ ਆਉਣ ਪਿੱਛੋਂ ਅੱਜ ਇਹ ਗੱਲ ਕਹੀ ਜਾ ਸਕਦੀ ਹੈ? ਕੀ ਦੇਸ਼ ਦੇ ਲੋਕ ਹੁਣ ਇਹ ਗੱਲ ਮੰਨ ਲੈਣਗੇ ਕਿ ਜਵਾਈ ਜਾਇਦਾਦ ਜੋੜਦਾ ਰਿਹਾ ਤੇ ਸੱਸ ਸਾਰੇ ਹਾਲਾਤ ਤੋਂ ਅਣਜਾਣ ਸੀ? ਕੀ ਉਹ ਇਹ ਨਹੀਂ ਜਾਣਦੇ ਕਿ ਹਰਿਆਣੇ ਦਾ ਕਾਂਗਰਸੀ ਮੁੱਖ ਮੰਤਰੀ ਰਾਬਰਟ ਵਾਡਰਾ ਦੇ ਮਾਮਲੇ ਵਿਚ ਇੱਕ ਕਾਰਿੰਦੇ ਵਾਂਗ ਭੁਗਤਿਆ ਤੇ ਉਸ ਸਕੈਂਡਲ ਉਤੇ ਪਰਦਾ ਪਾਉਣ ਲਈ ਇੱਕ ਅੰਤਾਂ ਦੇ ਇਮਾਨਦਾਰ ਅਫਸਰ ਨੂੰ ਖੂੰਜੇ ਲਾਉਣ ਤੋਂ ਵੀ ਨਹੀਂ ਸੀ ਝਿਜਕਿਆ? ਜਿਨ੍ਹਾਂ ਆਮ ਲੋਕਾਂ ਦੇ ਘਰੀਂ ਦੋ ਡੰਗ ਦੀ ਰੋਟੀ ਨਹੀਂ ਪੱਕਦੀ, ਉਹ ਧਰਮ-ਨਿਰਪੱਖਤਾ ਦੇ ਨਾਂ ਉਤੇ ਸੋਨੀਆ ਗਾਂਧੀ ਦੇ ਟੱਬਰ ਦੇ ਇਨ੍ਹਾਂ ਸਕੈਂਡਲਾਂ ਤੋਂ ਅੱਖਾਂ ਮੀਟ ਕੇ ਵੋਟਾਂ ਕਿਵੇਂ ਪਾ ਦੇਣਗੇ? ਇਸ ਪਾਰਟੀ ਨੂੰ ਇਸ ਪੱਖ ਤੋਂ ਚਿੰਤਾ ਕਰਨ ਦੀ ਲੋੜ ਹੈ ਤੇ ਉਹ ‘ਰਾਹੁਲ ਚਾਲੀਸਾ’ ਪੜ੍ਹਨ ਲਈ ਚਿੰਤਨ ਕੈਂਪ ਲਾਈ ਫਿਰਦੀ ਹੈ।
ਚਿੰਤਨ ਦੇ ਕੈਂਪ ਭਾਰਤੀ ਜਨਤਾ ਪਾਰਟੀ ਵਾਲਿਆਂ ਵੀ ਲਾਏ ਸਨ, ਪੰਜਾਬ ਦੇ ਅਕਾਲੀ ਭਾਈ ਵੀ ਕੈਂਪ ਲਾਉਣ ਸ਼ਿਮਲੇ ਜਾ ਚੜ੍ਹੇ ਸਨ, ਪਰ ਉਨ੍ਹਾਂ ਕੈਂਪਾਂ ਤੋਂ ਗਹਿਰ-ਗੰਭੀਰ ਚਿੰਤਨ ਦੀ ਕੋਈ ਗੱਲ ਬਾਹਰ ਨਹੀਂ ਸੀ ਆਈ। ਲੀਡਰਾਂ ਦੀ ਅੰਦਰ ਮੀਟਿੰਗ ਹੁੰਦੀ ਸੀ ਤੇ ਲਾਗੜ-ਭੂਗੜ ਬਾਹਰ ਬਾਜ਼ਾਰ ਵਿਚ ਖੜੋ ਕੇ ਆਪਣੇ ਜ਼ਿਲ੍ਹੇ ਦੇ ਪੁਲਿਸ ਮੁਖੀ ਨੂੰ ਫੋਨ ਕਰ ਕੇ ਕਹਿੰਦੇ ਸਨ ਕਿ ‘ਮੈਨੂੰ ਬਾਦਲ ਸਾਹਿਬ ਨੇ ਆਪ ਕਿਹਾ ਹੈ ਕਿ ਤੂੰ ਅਜੇ ਵਾਪਸ ਨਾ ਜਾਈਂ’, ਜਦ ਕਿ ਬਾਦਲ ਦੇ ਗੋਡੀਂ ਹੱਥ ਲਾਉਣ ਦਾ ‘ਸੁਭਾਗ’ ਵੀ ਇਹੋ ਜਿਹੇ ਬੰਦਿਆਂ ਨੂੰ ਉਦੋਂ ਤੱਕ ਨਹੀਂ ਸੀ ਮਿਲਿਆ ਹੁੰਦਾ। ਉਹ ਇਨ੍ਹਾਂ ਕੈਂਪਾਂ ਨੂੰ ਅਫਸਰਸ਼ਾਹੀ ਵਿਚ ਅਸਰ ਵਧਾਉਣ ਲਈ ਵਰਤਦੇ ਸਨ। ਇਸ ਵਾਰੀ ਕਾਂਗਰਸ ਦੇ ਕਈ ਰਾਜਾਂ ਦੇ ਝੋਲਾ-ਚੁੱਕ ਜੈਪੁਰ ਜਾ ਪਹੁੰਚੇ ਹਨ ਤੇ ਉਥੋਂ ਸਾਰਿਆਂ ਨੂੰ ਫੋਨ ਕਰ ਕੇ ਆਪਣੇ ਰਾਜ ਦੇ ਮੁੱਖ ਮੰਤਰੀ ਵੱਲੋਂ ਆਪਣੀ ਡਿਊਟੀ ਲਾਈ ਹੋਣ ਦੀ ਗੱਲ ਕਹੀ ਜਾਂਦੇ ਹਨ। ਪੰਜਾਬ ਦੇ ਕਈ ਕਾਂਗਰਸੀ ਆਗੂ ਵੀ ਫੋਨ ਕਰ ਰਹੇ ਹਨ ਕਿ ‘ਕੱਲ੍ਹ ਰਾਹੁਲ ਜੀ ਨੇ ਉਚੇਚਾ ਸੱਦ ਕੇ ਕਿਹਾ ਸੀ ਕਿ ਜਦੋਂ ਤੱਕ ਚਿੰਤਨ ਕੈਂਪ ਮੁੱਕ ਨਾ ਜਾਵੇ, ਹੋਰ ਭਾਵੇਂ ਸਾਰੇ ਚਲੇ ਜਾਣ, ਤੂੰ ਬਿਲਕੁਲ ਨਹੀਂ ਜਾਣਾ।’ ਇਹੋ ਜਿਹੇ ਕੈਂਪਾਂ ਵਿਚ ਚਿੰਤਨ ਨਹੀਂ ਹੋਇਆ ਕਰਦਾ, ਪਾਰਟੀ ਹਾਈ ਕਮਾਂਡ ਇੱਕ ਇਸ਼ਾਰਾ ਕਰਿਆ ਕਰਦੀ ਹੈ ਕਿ ਅਗਲੇ ਦਿਨਾਂ ਵਿਚ ਉਸ ਦੇ ਵਰਕਰਾਂ ਨੇ ਕਿਸ ਆਗੂ ਦੀ ਚਾਪਲੂਸੀ ਲਈ ਆਪਣੇ ਆਪ ਨੂੰ ਮਾਨਸਿਕ ਤੌਰ ਉਤੇ ਤਿਆਰ ਕਰਨਾ ਹੈ, ਤੇ ਇਹ ਕੰਮ ਹੋਈ ਜਾਂਦਾ ਹੈ।
ਚਿੰਤਨ ਤਾਂ ਮੰਥਨ ਹੁੰਦਾ ਹੈ। ਮਿਥਿਹਾਸ ਵਿਚ ਇੱਕ ਵਾਰੀ ਦੇਵਤਿਆਂ ਤੇ ਦੈਂਤਾਂ ਨੇ ਸਮੁੰਦਰ ਦਾ ਮੰਥਨ ਕਰ ਕੇ ਚੌਦਾਂ ਰਤਨ ਵੱਖੋ-ਵੱਖ ਕੀਤੇ ਸਨ। ਉਨ੍ਹਾਂ ਚੌਦਾਂ ਵਿਚ ਘਿਓ ਤੇ ਅੰਮ੍ਰਿਤ ਵੀ ਸਨ, ਜ਼ਹਿਰ ਤੇ ਸ਼ਰਾਬ ਵੀ। ਹੁਣ ਜਿਹੜੇ ਚਿੰਤਨ-ਮੰਥਨ ਕੀਤੇ ਜਾਂਦੇ ਹਨ, ਇਨ੍ਹਾਂ ਵਿਚ ਸ਼ਰਾਬ ਤੇ ਜ਼ਹਿਰ ਜਿੰਨਾ ਮਰਜ਼ੀ ਕੱਢ ਕੇ ਕੋਈ ਮੱਖਣ ਦਾ ਭੁਲੇਖਾ ਪਾ ਲਵੇ, ਘਿਓ ਤੇ ਅੰਮ੍ਰਿਤ ਕਿਸੇ ਨੇ ਨਹੀਂ ਕੱਢ ਸਕਣਾ, ਕਿਉਂਕਿ ਉਹ ਭਾਰਤ ਦੀ ਰਾਜਨੀਤੀ ਵਿਚ ਹੁਣ ਹੈ ਹੀ ਨਹੀਂ।
Leave a Reply