ਚੰਡੀਗੜ੍ਹ: ਬਰਨਾਲਾ ਜ਼ਿਲ੍ਹੇ ਦੇ ਪਿੰਡ ਜੋਧਪੁਰ ਵਿਚ ਆੜ੍ਹਤੀਆਂ ਦਾ ਕਰਜ਼ਾ ਲਾਹੁਣ ਤੋਂ ਅਸਮਰੱਥ ਮਾਂ ਅਤੇ ਪੁੱਤ ਵੱਲੋਂ ਕੀਟਨਾਸ਼ਕ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਘਟਨਾ ਨੇ ਸੂਬੇ ਦੇ ਕਿਸਾਨੀ ਸੰਕਟ ਦੀਆਂ ਡੂੰਘੀਆਂ ਹੋ ਰਹੀਆਂ ਪਰਤਾਂ ਨੂੰ ਮੁੜ ਸਾਹਮਣੇ ਲਿਆ ਦਿੱਤਾ ਹੈ। ਇਸ ਘਟਨਾ ਪਿੱਛੋਂ ਪੀੜਤਾਂ ਨੂੰ ਰਾਹਤ ਦੇਣ ਦੀ ਥਾਂ ਖੁੱਲ੍ਹ ਕੇ ਸਿਆਸਤ ਸ਼ੁਰੂ ਹੋ ਗਈ।
ਕਿਸਾਨ ਮਾਂ-ਪੁੱਤ ਦੇ ਮਾਮਲੇ ਵਿਚ ਨਾਮਜ਼ਦ ਆੜ੍ਹਤੀਏ ਤੇ ਉਸ ਦੇ ਰਿਸ਼ਤੇਦਾਰਾਂ ਵਿਰੁੱਧ ਦਰਜ ਕੇਸ ਰੱਦ ਕਰਵਾਉਣ ਲਈ ਸੱਤਾਧਾਰੀ ਅਕਾਲੀ ਆਗੂ ਹੀ ਖੜ੍ਹੇ ਹੋ ਗਏ ਤੇ ਦੋਸ਼ ਲਾ ਦਿੱਤਾ ਕਿ ਖੁਦਕੁਸ਼ੀ ਕਰਨ ਵਾਲੇ ਮਾਂ-ਪੁੱਤ ਨੂੰ ਇਸ ਕਾਰੇ ਲਈ ਉਥੇ ਮੌਜੂਦ ਕਿਸਾਨ ਯੂਨੀਅਨ ਆਗੂਆਂ ਤੇ ਕਾਰਕੁਨਾਂ ਵੱਲੋਂ ਉਕਸਾਇਆ ਗਿਆ ਸੀ। ਦੂਜੇ ਪਾਸੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਗੰਭੀਰ ਸਵਾਲ ਉਠੇ ਹਨ। ਕਿਸਾਨ ਮਾਂ-ਪੁੱਤ ਨੇ ਪੁਲਿਸ ਦੀ ਹਾਜ਼ਰੀ ਵਿਚ ਖੁਦਕੁਸ਼ੀ ਕੀਤੀ, ਪਰ ਪੁਲਿਸ ਤਮਾਸ਼ਬੀਨ ਬਣੀ ਰਹੀ। ਸੂਬੇ ਵਿਚ ਇਹ ਘਟਨਾ ਕੋਈ ਇਕੱਲੀ ਨਹੀਂ। ਪੰਜਾਬ ਵਿਚ ਇਸ ਸਮੇਂ ਔਸਤ ਹਰ ਦੋ ਦਿਨਾਂ ਵਿਚ ਤਿੰਨ ਕਿਸਾਨ ਕਰਜ਼ੇ ਦੇ ਬੋਝ ਕਾਰਨ ਖ਼ੁਦਕੁਸ਼ੀਆਂ ਕਰ ਰਹੇ ਹਨ।
ਸੰਸਦ ਵਿਚ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ ਪੰਜਾਬ ਵਿਚ ਇਸ ਸਾਲ 11 ਮਾਰਚ ਤੱਕ 56 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ ਜਦੋਂਕਿ ਅਖਬਾਰੀ ਰਿਪੋਰਟਾਂ ਅਨੁਸਾਰ ਸਿਰਫ ਅਪਰੈਲ ਮਹੀਨੇ ਦੀ 26 ਤਰੀਕ ਤੱਕ ਹੀ 40 ਕਿਸਾਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ। ਕਿਸਾਨ ਖ਼ੁਦਕੁਸ਼ੀਆਂ ਦੇ ਮਾਮਲੇ ਵਿਚ ਮਹਾਰਾਸ਼ਟਰ ਤੋਂ ਬਾਅਦ ਪੰਜਾਬ, ਦੇਸ਼ ਵਿਚੋਂ ਦੂਜੇ ਨੰਬਰ ਉਤੇ ਆ ਗਿਆ ਹੈ।
ਸੂਬੇ ਦੀਆਂ ਤਿੰਨ ਯੂਨੀਵਰਸਿਟੀਆਂ ਵੱਲੋਂ ਕੀਤੇ ਗਏ ਸਰਵੇਖਣ ਅਨੁਸਾਰ ਸਾਲ 2000 ਤੋਂ 2011 ਦੌਰਾਨ ਸੂਬੇ ਵਿਚ ਖੇਤੀ ਕਿੱਤੇ ਨਾਲ ਸਬੰਧਤ 6926 ਵਿਅਕਤੀਆਂ ਨੇ ਖ਼ੁਦਕੁਸ਼ੀ ਕੀਤੀ ਜਿਨ੍ਹਾਂ ਵਿਚੋਂ 3954 ਕਿਸਾਨ ਅਤੇ 2972 ਖੇਤ ਮਜ਼ਦੂਰ ਸਨ। ਪੰਜਾਬ ਸਰਕਾਰ ਨੇ 2011 ਤੋਂ ਬਾਅਦ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਸਬੰਧੀ ਨਾ ਕੋਈ ਨਵਾਂ ਸਰਵੇਖਣ ਕਰਵਾਇਆ ਹੈ ਅਤੇ ਨਾ ਹੀ ਇਨ੍ਹਾਂ ਦਾ ਰਿਕਾਰਡ ਰੱਖਣ ਲਈ ਕੋਈ ਤੰਤਰ ਕਾਇਮ ਕੀਤਾ ਹੈ ਜਦੋਂਕਿ ਇਸ ਸਮੇਂ ਦੌਰਾਨ ਖੇਤੀ ਸੰਕਟ ਹੋਰ ਡੂੰਘਾ ਹੋਣ ਕਾਰਨ ਖ਼ੁਦਕੁਸ਼ੀਆਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ ਹੈ। ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵੱਲੋਂ ਖ਼ੁਦਕੁਸ਼ੀਆਂ ਕਰਨ ਦੇ ਵਰਤਾਰੇ ਵਿਚ ਵਾਧੇ ਦੇ ਬਾਵਜੂਦ ਪੰਜਾਬ ਸਰਕਾਰ ਖੇਤੀ ਸੰਕਟ ਦੇ ਹੱਲ ਵੱਲ ਕੋਈ ਧਿਆਨ ਦਿੰਦੀ ਨਜ਼ਰ ਨਹੀਂ ਆ ਰਹੀ। ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇ ਸਹਾਇਤਾ ਅਤੇ ਇਕ ਜੀਅ ਨੂੰ ਨੌਕਰੀ ਦੇਣ ਦੇ ਵਾਅਦੇ ਅਤੇ ਦਾਅਵੇ ਵੀ ਹਵਾ ਹੋ ਚੁੱਕੇ ਹਨ। ਭਾਰੀ ਜਨਤਕ ਦਬਾਅ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਵੇਂ ਸਰਕਾਰ ਨੇ ਖੇਤੀ ਕਰਜ਼ ਨਿਬੇੜਾ ਬਿੱਲ ਪਾਸ ਕਰ ਕੇ ਇਸ ਸਮੱਸਿਆ ਨੂੰ ਹੱਲ ਕਰਨ ਦੀ ਦਿਸ਼ਾ ਵੱਲ ਕਦਮ ਪੁੱਟਿਆ ਹੈ, ਪਰ ਸ਼ਾਹੂਕਾਰਾਂ ਦੇ ਦਬਾਅ ਹੇਠ ਇਹ ਇੰਨਾ ਕਮਜ਼ੋਰ ਕਰ ਦਿੱਤਾ ਗਿਆ ਹੈ ਕਿ ਇਸ ਨਾਲ ਕਰਜ਼ੇ ਵਿਚ ਜਕੜੀ ਕਿਸਾਨੀ ਨੂੰ ਕੋਈ ਰਾਹਤ ਮਿਲਣ ਦੀ ਆਸ ਨਹੀਂ।
_______________________________
ਪਿਛਲੇ ਵਰ੍ਹੇ ਦੋ ਹਜ਼ਾਰ ਕਿਸਾਨਾਂ ਨੇ ਮੌਤ ਗਲੇ ਲਾਈ
ਚੰਡੀਗੜ੍ਹ: ਸਾਲ 2015 ਵਿਚ ਖੇਤੀ ਸੰਕਟ ਕਾਰਨ ਦੋ ਹਜ਼ਾਰ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਸੀ ਤੇ ਇਕੱਲੇ ਮਹਾਰਾਸ਼ਟਰ ਵਿਚ 1841 ਕੇਸ ਸਾਹਮਣੇ ਆਏ ਸਨ। ਇਸੇ ਤਰ੍ਹਾਂ ਪੰਜਾਬ ਦੇ ਮਾਲਵਾ ਇਲਾਕੇ ਵਿਚ 4 ਮਹੀਨਿਆਂ ਵਿਚ 93 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ। ਅੰਕੜਿਆਂ ਮੁਤਾਬਕ ਬਠਿੰਡਾ ਵਿਚ 27, ਮਾਨਸਾ ਵਿਚ 23, ਸੰਗਰੂਰ ਵਿਚ 12, ਫਰੀਦਕੋਟ ਵਿਚ 3, ਬਰਨਾਲਾ ‘ਚ 13, ਮੋਗਾ ਵਿਚ 2, ਫਾਜ਼ਿਲਕਾ ਵਿਚ 3 ਤੇ ਫਿਰੋਜ਼ਪੁਰ ਵਿਚ ਇਕ ਕਿਸਾਨ ਨੇ ਖ਼ੁਦਕੁਸ਼ੀ ਕੀਤੀ ਹੈ। ਇਸ ਸਾਲ 29 ਫਰਵਰੀ ਤੱਕ ਮਹਾਰਾਸ਼ਟਰ ਵਿਚ 57 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ ਜਦੋਂ ਕਿ ਪੰਜਾਬ ਵਿਚ 11 ਮਾਰਚ ਤੱਕ 56 ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਬਾਰੇ ਕੇਸ ਦਰਜ ਹੋਏ ਹਨ।
_____________________________
ਪੰਜਾਬ ਨੂੰ ਨਸ਼ਾ ਤੇ ਖੁਦਕੁਸ਼ੀ ਮੁਕਤ ਕਰਾਂਗੇ: ਕੇਜਰੀਵਾਲ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਪੰਜਾਬ ਵਿਚ ਸੱਤਾ ਵਿਚ ਆਉਂਦੀ ਹੈ ਤਾਂ ਉਹ ਸੂਬੇ ਨੂੰ ਨਸ਼ਾ ਤੇ ਖੁਦਕੁਸ਼ੀਆਂ ਮੁਕਤ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦਿੱਲੀ ਵਾਂਗ ਖਾਤਾ ਖੋਲ੍ਹਣ ਵਿਚ ਵੀ ਨਾਕਾਮ ਰਹੇਗੀ ਜਦਕਿ ਅਕਾਲੀ ਦਲ ਦਾ ਅੰਕੜਾ 10 ਸੀਟਾਂ ਤੋਂ ਵੀ ਘਟ ਜਾਵੇਗਾ।
____________________________________
ਜ਼ਮੀਨਾਂ ਕੁਰਕ ਕਰਨ ਖਿਲਾਫ ਸਖਤ ਕਾਨੂੰਨ ਬਣੇ: ਕੈਪਟਨ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ਾਈ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਕੁਰਕ ਕੀਤੇ ਜਾਣ ਤੋਂ ਰੋਕਣ ਲਈ ਸਖ਼ਤ ਅਤੇ ਪ੍ਰਭਾਵਸ਼ਾਲੀ ਕਾਨੂੰਨ ਬਣਾਉਣ ਦੀ ਲੋੜ ਉਤੇ ਜ਼ੋਰ ਦਿੱਤਾ ਹੈ। ਇਸ ਮੁੱਦੇ ਉਤੇ ਸਾਰੀਆਂ ਪਾਰਟੀਆਂ ਦੀ ਰਜ਼ਾਮੰਦੀ ਬਣਾਏ ਜਾਣ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਕਦਮ ਇਸ ਲਈ ਚੁੱਕਣਾ ਜ਼ਰੂਰੀ ਹੈ ਤਾਂ ਜੋ ਕਿਸਾਨ ਖੁਦਕੁਸ਼ੀਆਂ ਵਰਗੇ ਗੰਭੀਰ ਕਦਮ ਚੁੱਕਣ ਲਈ ਮਜਬੂਰ ਨਾ ਹੋਣ। ਕੈਪਟਨ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਇਸ ਮੁੱਦੇ ‘ਤੇ ਸਿਆਸਤ ਕਰਨ ਵਿਚ ਸਮਾਂ ਗਵਾਏ ਬਗੈਰ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਕਾਨੂੰਨ ਬਣਾਏ ਜਾਣ ਵੱਲ ਤੇਜ਼ੀ ਨਾਲ ਵਧਣਾ ਚਾਹੀਦਾ ਹੈ।