ਡਰੱਗ ਮਾਮਲਿਆਂ ‘ਚ ਘਿਰੇ ਸਿਆਸਤਦਾਨਾਂ ਦਾ ਭਵਿੱਖ ਦਾਅ ‘ਤੇ

ਚੰਡੀਗੜ੍ਹ: ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ ਤਹਿਤ ਈæਡੀæ (ਇਨਫੋਰਸਮੈਂਟ ਡਾਇਰੈਕਟੋਰੇਟ) ਵੱਲੋਂ ਕੀਤੀ ਜਾ ਰਹੀ ਜਾਂਚ ਕਰ ਕੇ ਕਈ ਸਿਆਸੀ ਆਗੂਆਂ ਦਾ ਭਵਿੱਖ ਦਾਅ ਉਤੇ ਲੱਗ ਗਿਆ ਹੈ। ਇਸ ਮਾਮਲੇ ਦੀ ਜਾਂਚ ਵਿਚ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਨੂੰ ਕਈ ਵਾਰ ਇਸ ਜਾਂਚ ਵਿਚ ਸ਼ਾਮਲ ਹੋਣ ਲਈ ਈæਡੀæ ਦੇ ਜਲੰਧਰ ਦਫਤਰ ਜਾਣਾ ਪਿਆ ਹੈ। ਕਾਰੋਬਾਰੀ ਗਾਬਾ ਤੋਂ ਮਿਲੀ ਡਾਇਰੀ ਵਿਚ ਅਵਿਨਾਸ਼ ਚੰਦਰ ਦੇ ਨਾਂ ਤੋਂ ਇਲਾਵਾ ਕਈ ਆਗੂਆਂ ਨੂੰ ਇਸ ਜਾਂਚ ਵਿਚ ਸ਼ਾਮਲ ਕੀਤਾ ਗਿਆ ਸੀ।

ਲੰਬੀ ਹੁੰਦੀ ਜਾਂਚ ਤੇ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਤਾਂ ਹੁਣ ਇਸ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ।
ਜਾਂਚ ਵਿਚ ਸ਼ਾਮਲ ਹੋਣ ਕਰ ਕੇ ਕਈ ਸਿਆਸੀ ਆਗੂਆਂ ਨੂੰ ਤਾਂ ਹੁਣ ਤੋਂ ਹੀ ਆਪਣੀਆਂ ਟਿਕਟਾਂ ਕੱਟੇ ਜਾਣ ਦਾ ਡਰ ਸਤਾਉਣ ਲੱਗ ਪਿਆ ਹੈ। ਮੁੱਖ ਤੌਰ ‘ਤੇ ਈæਡੀæ ਵੱਲੋਂ ਕੀਤੀ ਜਾ ਰਹੀ ਜਾਂਚ ਵਿਚ ਹੁਣ ਤੱਕ ਅਵਿਨਾਸ਼ ਚੰਦਰ, ਲੋਕ-ਸਭਾ ਵਿਚ ਕਾਂਗਰਸ ਦੇ ਮੈਂਬਰ ਚੌਧਰੀ ਸੰਤੋਖ ਸਿੰਘ, ਬਿਕਰਮ ਸਿੰਘ ਮਜੀਠੀਆ, ਸਾਬਕਾ ਕੈਬਨਿਟ ਮੰਤਰੀ ਸਰਵਣ ਸਿੰਘ ਫਿਲੌਰ ਦੇ ਲੜਕੇ ਦਮਨਵੀਰ ਸਿੰਘ ਸਮੇਤ ਹੋਰ ਕਈ ਸਿਆਸੀ ਆਗੂ, ਅਫਸਰ ਵੀ ਪੇਸ਼ ਹੋ ਚੁੱਕੇ ਹਨ। ਸਾਬਕਾ ਕੈਬਨਿਟ ਮੰਤਰੀ ਸਰਵਣ ਸਿੰਘ ਫਿਲੌਰ ਨੂੰ ਜਾਂਚ ਲਈ ਸੱਦੇ ਜਾਣ ਤੋਂ ਬਾਅਦ ਤਾਂ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਵੀ ਦਿੱਤਾ ਸੀ। ਈæਡੀæ ਦਫਤਰ ਦੇ ਲੱਗ ਰਹੇ ਚੱਕਰਾਂ ਕਰ ਕੇ ਕਈ ਸਿਆਸੀ ਆਗੂ ਹੁਣ ਜਨਤਕ ਤੌਰ ਉਤੇ ਵੀ ਜ਼ਿਆਦਾ ਸਰਗਰਮ ਨਹੀਂ ਹੋ ਰਹੇ ਹਨ ਕਿਉਂਕਿ ਇਸ ਮਾਮਲੇ ਵਿਚ ਜਾਂਚ ਰਿਪੋਰਟ ਆਉਣੀ ਬਾਕੀ ਹੈ। ਲੰਬੀ ਹੁੰਦੀ ਜਾਂਚ ਨਾਲ ਤਾਂ ਕਈ ਸਿਆਸੀ ਆਗੂਆਂ ਨੂੰ ਗਲਤ ਪ੍ਰਚਾਰ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਜਦਕਿ ਇਸ ਤਰ੍ਹਾਂ ਦੇ ਆਗੂਆਂ ਨੂੰ ਹੁਣ ਤੱਕ ਕਿਸੇ ਨੇ ਦੋਸ਼ੀ ਨਹੀਂ ਠਹਿਰਾਇਆ ਹੈ। ਰਾਜ ਵਿਚ ਨਸ਼ੇ ਦੇ ਕਈ ਮਾਮਲੇ ਤਾਂ ਸਾਹਮਣੇ ਆ ਚੁੱਕੇ ਹਨ ਪਰ ਇਸ ਮਾਮਲੇ ਨੂੰ ਲੈ ਕੇ ਤਾਂ ਸਿਆਸੀ ਪਾਰਟੀਆਂ ਜ਼ਰੂਰ ਅਜਿਹੇ ਆਗੂਆਂ ਨੂੰ ਘੇਰ ਕੇ ਹਮਲੇ ਕਰਦੀਆਂ ਰਹੀਆਂ ਹਨ। ਕੁਝ ਸਿਆਸੀ ਆਗੂ ਵੀ ਚਾਹੁੰਦੇ ਹਨ ਕਿ ਇਸ ਮਾਮਲੇ ਵਿਚ ਜਾਂਚ ਦਾ ਕੰਮ ਜਲਦੀ ਪੂਰਾ ਕਰਨਾ ਚਾਹੀਦਾ ਹੈ। ਕੇਂਦਰੀ ਵਿੱਤ ਮੰਤਰਾਲੇ ਚਾਹੇ ਤਾਂ ਇਸ ਮਾਮਲੇ ਵਿਚ ਜਾਂਚ ਨੂੰ ਤੇਜ਼ ਕਰਨ ਲਈ ਹੋਰ ਕਦਮ ਵੀ ਉਠਾ ਸਕਦਾ ਹੈ।
_________________________________
ਸ਼ਸ਼ੀਕਾਂਤ ਵੱਲੋਂ ਬਾਦਲ ਘੇਰਨ ਦੀ ਤਿਆਰੀ
ਚੰਡੀਗੜ੍ਹ: ਪੰਜਾਬ ਦਾ ਸੇਵਾ ਮੁਕਤ ਡਾਇਰੈਕਟਰ ਜਨਰਲ ਪੁਲਿਸ (ਜੇਲ੍ਹਾਂ) ਸ਼ਸ਼ੀਕਾਂਤ ਹੁਣ ਪੰਜਾਬ ਸਰਕਾਰ ਵੱਲੋਂ ਡਰੱਗ ਮਾਫੀਆ ਵਿਚ ਸਿਆਸੀ ਨੇਤਾਵਾਂ ਦੀ ਮਿਲੀਭੁਗਤ ਵਾਲੀ ਰਿਪੋਰਟ ਉਪਰ ਪਰਦਾ ਪਾਉਣ ਦੇ ਮਾਮਲੇ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਧਿਰ ਬਣਾਉਣ ਦੀ ਤਿਆਰੀ ਵਿਚ ਹੈ। ਸ਼ਸ਼ੀਕਾਂਤ ਨੇ ਦਾਅਵਾ ਕੀਤਾ ਕਿ ਸਾਲ 2007 ਦੌਰਾਨ ਪੰਜਾਬ ਪੁਲਿਸ ਦੇ ਖੁਫੀਆ ਵਿੰਗ ਦੇ ਮੁਖੀ ਵਜੋਂ ਉਨ੍ਹਾਂ ਪੰਜਾਬ ਦੇ ਡਰੱਗ ਮਾਫੀਆ ਵਿਚ ਸ਼ਾਮਲ 10 ਸਿਆਸਤਦਾਨਾਂ ਬਾਰੇ ਰਿਪੋਰਟ ਤਿਆਰ ਕੀਤੀ ਸੀ। ਇਸ ਬਾਰੇ ਉਨ੍ਹਾਂ ਖੁਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੀਟਿੰਗ ਦੌਰਾਨ ਖੁੱਲ੍ਹੀ ਚਰਚਾ ਕੀਤੀ ਸੀ ਅਤੇ ਇਹ ਰਿਪੋਰਟ ਬਕਾਇਦਾ ਪੁਲਿਸ ਦੇ ਰਿਕਾਰਡ ਵਿਚ ਸੀ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਹਾਈ ਕੋਰਟ ਵਿਚ ਡਰੱਗ ਮਾਫੀਆ ਬਾਰੇ ਚੱਲ ਰਹੇ ਮਾਮਲੇ ਵਿਚ ਜਵਾਬ ਦਾਇਰ ਕਰਦਿਆਂ ਕਿਹਾ ਹੈ ਕਿ ਸਾਬਕਾ ਡੀæਜੀæਪੀæ ਸ਼ਸ਼ੀਕਾਂਤ ਵੱਲੋਂ ਸਾਲ 2007 ਵਿਚ ਡਰੱਗ ਮਾਫੀਆ ਦੀ ਸਰਪ੍ਰਸਤੀ ਕਰਨ ਵਾਲੇ 10 ਸਿਆਸਤਦਾਨਾਂ ਬਾਬਤ ਤਿਆਰ ਕੀਤੀ ਰਿਪੋਰਟ ਪੁਲਿਸ ਜਾਂ ਸਰਕਾਰ ਦੇ ਰਿਕਾਰਡ ਵਿਚ ਨਹੀਂ ਹੈ।
______________________________________
ਈæਡੀæ ਨੇ ਅਵਿਨਾਸ਼ ਚੰਦਰ ਨੂੰ ਰਿੜਕਿਆ
ਜਲੰਧਰ: ਸਿੰਥੈਟਿਕ ਡਰੱਗ ਮਾਮਲੇ ਵਿਚ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਨੂੰ ਇਕ ਵਾਰ ਫਿਰ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈæਡੀæ) ਦੇ ਦਫ਼ਤਰ ਵਿਚ ਪੇਸ਼ ਹੋਏ। ਇਸ ਦੌਰਾਨ ਈæਡੀæ ਵੱਲੋਂ ਕਈ ਘੰਟੇ ਅਵਿਨਾਸ਼ ਚੰਦਰ ਤੋਂ ਪੁੱਛਗਿੱਛ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਫਿਲੌਰ ਤੋਂ ਵਿਧਾਇਕ ਅਵਿਨਾਸ਼ ਚੰਦਰ ਦਾ ਨਾਂ ਡਰੱਗ ਮਾਮਲੇ ਵਿਚ ਫੜੇ ਗਏ ਗੁਰਾਇਆ ਦੇ ਅਕਾਲੀ ਆਗੂ ਚੂਨੀ ਲਾਲ ਗਾਬਾ ਦੀ ਡਾਇਰੀ ਵਿਚ ਦਰਜ ਸੀ। ਈæਡੀæ ਨੇ ਅਕਾਲੀ ਵਿਧਾਇਕ ਤੋਂ ਇਲਾਵਾ ਉਸ ਦੀ ਪਤਨੀ ਸੰਤੋਸ਼ ਕਲੇਰ ਤੇ ਭਰਾ ਸਟੀਫਨ ਕਲੇਰ ਨੂੰ ਵੀ ਸੰਮਨ ਜਾਰੀ ਕਰ ਕੇ ਤਲਬ ਕੀਤਾ ਸੀ। ਈæਡੀæ ਦੇ ਦਫ਼ਤਰ ਦੇ ਬਾਹਰ ਅਕਾਲੀ ਵਿਧਾਇਕ ਖਿਲਾਫ਼ ਕਾਂਗਰਸੀ ਵਰਕਰਾਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ। ਦੋ ਮਹੀਨੇ ਪਹਿਲਾਂ ਚੁੰਨੀ ਲਾਲਾ ਗਾਬਾ ਦੀ ਡਾਇਰੀ ਦੀ ਜਾਂਚ ਦੌਰਾਨ ਪਤਾ ਲੱਗਾ ਸੀ ਕਿ ਅੱਠ ਕਟਿੰਗ ਵਿਚ ਸਭ ਤੋਂ ਜ਼ਿਆਦਾ ਲੈਣ-ਦੇਣ ਅਵਿਨਾਸ਼ ਚੰਦਰ ਦੇ ਨਾਮ ਉਤੇ ਸੀ
_______________________________________
2000 ਕਰੋੜੀ ਡਰੱਗ ਤਸਕਰੀ ਵਿਚ ਗੂੰਜਿਆ ਮਮਤਾ ਦਾ ਨਾਂ
ਮੁੰਬਈ: ਬਾਲੀਵੁੱਡ ਅਦਾਕਾਰਾ 2000 ਕਰੋੜ ਦੀ ਡਰੱਗ ਤਸਕਰੀ ਮਾਮਲੇ ਵਿਚ ਕਸੂਤੀ ਫਸ ਸਕਦੀ ਹੈ। ਪੁਲਿਸ ਨੇ ਇਸ ਵੱਡੀ ਖੇਪ ਬਰਾਮਦਗੀ ਨੂੰ ਲੈ ਕੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਅੰਤਰਰਾਸ਼ਟਰੀ ਗਰੋਹ ਦਾ ਸਰਗਨਾ ਬਾਲੀਵੁੱਡ ਅਦਾਕਾਰਾ ਮਮਤਾ ਕੁਲਕਰਨੀ ਦਾ ਪਤੀ ਵਿੱਕੀ ਗੋਸਵਾਮੀ ਹੈ। ਪੁਲਿਸ ਇਸ ਮਾਮਲੇ ਵਿਚ ਮਮਤਾ ਦੀ ਭੂਮਿਕਾ ਦੀ ਵੀ ਜਾਂਚ ਕਰ ਸਕਦੀ ਹੈ। ਪਿਛਲੇ ਮਹੀਨੇ ਠਾਣੇ ਪੁਲਿਸ ਨੇ ਮਹਾਰਾਸ਼ਟਰ ਦੇ ਸੋਲਾਪੁਰ ਵਿਚ ਇਕ ਫੈਕਟਰੀ ਵਿਚੋਂ 20 ਟਨ ਐਫਡ੍ਰੀਨ ਡਰਗ ਬਰਾਮਦ ਕੀਤੀ ਸੀ। ਇਸ ਡਰਗ ਦੀ ਖਰੀਦ ਤੇ ਵਿਕਰੀ ਭਾਰਤ ਵਿਚ ਬੈਨ ਹੈ। ਇਸੇ ਜਾਂਚ ‘ਚ ਠਾਣੇ ਤੋਂ ਪੁਨੀਤ ਨੂੰ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਪੁਨੀਤ ਨੇ ਦੱਸਿਆ ਕਿ ਇਕ ਫਿਲਮ ਡਾਇਰੈਕਟਰ ਵੀ ਵਿੱਕੀ ਦੇ ਇਸ ਰੈਕੇਟ ‘ਚ ਸ਼ਾਮਲ ਹੈ। ਪੁਲਿਸ ਮੁਤਾਬਕ ਇਹ ਇਕ ਅੰਤਰਰਾਸ਼ਟਰੀ ਗਰੋਹ ਹੈ। ਡਰੱਗਜ਼, ਮੁੰਬਈ ਤੋਂ ਗੁਜਰਾਤ ਦੇ ਰਸਤੇ ਈਸਟਰਨ ਯੂਰਪ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਵਿੱਕੀ ‘ਤੇ ਪਹਿਲਾਂ ਹੀ ਇੰਟਰਪੋਲ ਅਲਰਟ ਜਾਰੀ ਹੋਇਆ ਹੈ।