ਤਾਜ਼ਾ ਸਰਵੇਖਣ ਨੇ ਉਡਾਏ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਹੋਸ਼

ਚੰਡੀਗੜ੍ਹ: ਤਾਜ਼ਾ ਸਰਵੇਖਣ ਨੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਹੋਸ਼ ਉਡਾ ਦਿੱਤੇ ਹਨ। ਅਕਾਲੀ ਦਲ ਵੱਲੋਂ ਹੀ ਕਰਵਾਏ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਪਿਛਲੇ ਨੌਂ ਸਾਲਾਂ ਤੋਂ ਸੱਤਾ ਉਤੇ ਬਿਰਾਜਮਾਨ ਸਰਕਾਰ ਤੋਂ ਜਨਤਾ ਅੱਕ ਚੁੱਕੀ ਹੈ। ਅਕਾਲੀ ਦਲ ਦੀ ਫਿਕਰਮੰਦੀ ਇਸ ਗੱਲ ਨੇ ਵਧਾਈ ਹੈ ਕਿ ਇਹ ਅੱਕੀ ਜਨਤਾ ਆਮ ਆਦਮੀ ਪਾਰਟੀ ਵੱਲ ਝੁਕਾਅ ਰੱਖ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਜ਼ਮੀਨੀ ਹਕੀਕਤਾਂ ਜਾਣਨ ਲਈ 117 ਹਲਕਿਆਂ ਵਿਚ ਸਰਵੇਖਣ ਕਰਵਾਇਆ ਹੈ।

ਸਰਵੇਖਣ ਵਿਚ ਆਇਆ ਕਿ ਲੋਕ ਭ੍ਰਿਸ਼ਟਾਚਾਰ ਤੋਂ ਬੇਹੱਦ ਤੰਗ ਹਨ। ਪੰਜਾਬ ਦੀ ਜਨਤਾ ਸੋਚਦੀ ਹੈ ਕਿ ਪਿਛਲੇ ਨੌਂ ਸਾਲਾਂ ਵਿਚ ਕੋਈ ਵਿਕਾਸ ਕਾਰਜ ਵੀ ਨਹੀਂ ਹੋਇਆ। ਜਨਤਾ ਨੇ ਸੜਕਾਂ ਦੀ ਮਾੜੀ ਹਾਲਤ, ਸ਼ਹਿਰਾਂ ਵਿਚ ਟਰਾਂਸਪੋਰਟ ਦਾ ਢੁਕਵਾਂ ਪ੍ਰਬੰਧ ਨਾ ਹੋਣ, ਪੀਣ ਵਾਲਾ ਸਾਫ ਪਾਣੀ ਨਾ ਮਿਲਣ, ਰੇਤ ਬਜਰੀ ਦੀ ਕਿੱਲਤ ਜਾਂ ਮਹਿੰਗੇ ਭਾਅ ‘ਤੇ ਮਿਲਣ ਤੇ ਨਸ਼ਿਆਂ ਦਾ ਬੋਲਬਾਲਾ ਹੋਣ ਦੀ ਗੱਲ ਵੀ ਕਹੀ ਹੈ। ਇਸ ਸਰਵੇਖਣ ਨੇ ਅਕਾਲੀ ਦਲ ਦੇ ਹੋਸ਼ ਉਡਾ ਦਿੱਤੇ ਹਨ। ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਅਕਾਲੀ-ਭਾਜਪਾ ਵਿਧਾਇਕਾਂ ਨਾਲ ਮੀਟਿੰਗਾਂ ਵੀ ਕੀਤੀਆਂ। ਉਨ੍ਹਾਂ ਨੇ ਵਿਧਾਇਕਾਂ ਨੂੰ ਹੁਣ ਤੋਂ ਹੀ ਪਲੈਨਿੰਗ ਕਰਨ ਦੀ ਸਲਾਹ ਦਿੱਤੀ ਹੈ।
ਵਿਧਾਇਕਾਂ ਨਾਲ ਮੀਟਿੰਗ ਸਮੇਂ ਭਾਜਪਾ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ ਅਤੇ ਵਿਨੀਤ ਜੋਸ਼ੀ ਵੀ ਮੌਜੂਦ ਰਹੇ। ਮੀਡੀਆ ਰਿਪੋਰਟਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਸਰਵੇਖਣ 10 ਤੋਂ 30 ਮਾਰਚ ਤੱਕ ਕਰਵਾਇਆ ਗਿਆ। ਇਸ ਦੌਰਾਨ ਹਰੇਕ ਹਲਕੇ ਦੇ 25 ਘਰਾਂ ਤੱਕ ਵੱਖ-ਵੱਖ ਟੀਮਾਂ ਵੱਲੋਂ ਪਹੁੰਚ ਕੀਤੀ ਗਈ। ਟੀਮਾਂ ਵੱਲੋਂ ਸਬੰਧਤ ਹਲਕੇ ਦੇ ਵਿਧਾਇਕ ਤੇ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਸਵਾਲ ਪੁੱਛੇ ਗਏ। ਹਾਕਮ ਪਾਰਟੀ ਤੇ ਸਰਕਾਰ ਵੱਲੋਂ 25 ਘਰਾਂ ਤੱਕ ਸਰਵੇਖਣ ਟੀਮਾਂ ਵੱਲੋਂ ਪਹੁੰਚ ਕਰਨ ਦੀ ਪੁਸ਼ਟੀ ਆਪਣੇ ਤੌਰ ਉਤੇ ਵੀ ਕੀਤੀ ਗਈ ਤਾਂ ਜੋ ਸਰਵੇਖਣ ਦੀ ਪ੍ਰਮਾਣਿਕਤਾ ਸ਼ੱਕੀ ਨਾ ਰਹੇ। ਸਰਵੇਖਣ ਕਰਨ ਵਾਲੀ ਏਜੰਸੀ ਵੱਲੋਂ ਹਰੇਕ ਵਿਧਾਨ ਸਭਾ ਹਲਕੇ ਦੀ ਰਿਪੋਰਟ ਤਿਆਰ ਕੀਤੀ ਗਈ ਹੈ। ਸੂਤਰਾਂ ਮੁਤਾਬਕ ਸਰਵੇਖਣ ਟੀਮਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਪੰਜਾਬ ਦੀ ਜਨਤਾ ਦਾ ਰੁਖ਼ ‘ਆਪ’ ਵੱਲ ਹੋ ਰਿਹਾ ਹੈ। ਕਈ ਵਿਧਾਨ ਸਭਾ ਹਲਕਿਆਂ ਵਿਚ ‘ਆਪ’ ਦਾ ਪ੍ਰਭਾਵ 90 ਫੀਸਦੀ ਤੱਕ ਹੈ।
ਸਰਵੇਖਣ ਦੌਰਾਨ ਆਮ ਆਦਮੀ ਪਾਰਟੀ (ਆਪ) ਤੋਂ ਮਿਲ ਰਹੀਆਂ ਸਿਆਸੀ ਚੁਣੌਤੀਆਂ ਬਾਰੇ ਵੀ ਸੁਚੇਤ ਕੀਤਾ ਗਿਆ ਹੈ ਤੇ ਇਹ ਵੀ ਦੱਸਿਆ ਗਿਆ ਹੈ ਕਿ ਦੋਹਾਂ ਹਾਕਮ ਪਾਰਟੀਆਂ ਦਾ ਕਾਡਰ ਚੋਣਾਂ ਤੋਂ ਪਹਿਲਾਂ ‘ਆਪ’ ਵੱਲ ਖਿਸਕ ਸਕਦਾ ਹੈ। ਸਾਲ-2017 ਦੇ ਆਰੰਭ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਨਿਗਰਾਨੀ ਹੇਠ ਇਹ ਸਰਵੇਖਣ ਕਰਵਾਇਆ ਗਿਆ ਤੇ ਇਸ ਨੂੰ ਅਧਾਰ ਬਣਾ ਕੇ ਅਕਾਲੀ-ਭਾਜਪਾ ਵਿਧਾਇਕਾਂ ਨਾਲ ਮੀਟਿੰਗਾਂ ਵੀ ਕੀਤੀਆਂ। ਟੀਮਾਂ ਵੱਲੋਂ ਸਬੰਧਤ ਹਲਕੇ ਦੇ ਵਿਧਾਇਕ ਅਤੇ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਸਵਾਲ ਪੁੱਛੇ ਗਏ। ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਇਕ ਮੁੱਖ ਸੰਸਦੀ ਸਕੱਤਰ ਨੇ ਉਪ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਤੋਂ ਬਾਅਦ ਦੱਸਿਆ ਕਿ ਇਨ੍ਹਾਂ ਰਿਪੋਰਟਾਂ ਦੌਰਾਨ ਹਲਕਿਆਂ ਦੀਆਂ ਸਮੱਸਿਆਵਾਂ ਬਾਰੇ ਤਾਂ ਭਾਵੇਂ ਲੋਕਾਂ ਨੇ ਵੱਖੋ ਵੱਖਰੇ ਤੱਥ ਦਿੱਤੇ ਪਰ ਸਰਕਾਰੀ ਦਫ਼ਤਰਾਂ ਦੇ ਭ੍ਰਿਸ਼ਟਾਚਾਰ ਵਿਚ ਡੁੱਬੇ ਹੋਣ ਦੀ ਸ਼ਿਕਾਇਤ ਸਮੁੱਚੇ ਪੰਜਾਬ ਦੇ ਲੋਕਾਂ ਨੇ ਹੀ ਕੀਤੀ। ਸੂਬੇ ਦੇ ਲੋਕਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੇ ਵਿਕਾਸ ਦੇ ਦਾਅਵਿਆਂ ਉਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਸੜਕਾਂ ਦੀ ਮਾੜੀ ਹਾਲਤ, ਸ਼ਹਿਰਾਂ ‘ਚ ਟਰਾਂਸਪੋਰਟ ਦਾ ਢੁਕਵਾਂ ਪ੍ਰਬੰਧ ਨਾ ਹੋਣ, ਪੀਣ ਵਾਲਾ ਸਾਫ ਪਾਣੀ ਨਾ ਮਿਲਣ, ਰੇਤ ਬਜਰੀ ਦੀ ਕਿੱਲਤ ਜਾਂ ਮਹਿੰਗੇ ਭਾਅ ਉਤੇ ਮਿਲਣ ਅਤੇ ਨਸ਼ਿਆਂ ਦਾ ਬੋਲਬਾਲਾ ਹੋਣ ਦੀ ਗੱਲ ਵੀ ਕਹੀ।
ਸੁਖਬੀਰ ਸਿੰਘ ਬਾਦਲ ਨੇ ਦੋਹਾਂ ਪਾਰਟੀਆਂ ਦੇ ਵਿਧਾਇਕਾਂ ਨੂੰ ਕਿਹਾ ਹੈ ਕਿ ਲੋਕਾਂ ਦੀਆਂ ਸ਼ਿਕਾਇਤਾਂ ਦੂਰ ਕੀਤੀਆਂ ਜਾਣ। ਵਿਧਾਇਕਾਂ ਨੂੰ ਆਪੋ-ਆਪਣੇ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ 5 ਅਜਿਹੀਆਂ ਵੱਡੀਆਂ ਮੰਗਾਂ/ਮੁੱਦੇ ਜਾਂ ਪ੍ਰਾਜੈਕਟ ਦੀ ਸੂਚੀ ਤਿਆਰ ਕਰਨ ਲਈ ਵੀ ਕਿਹਾ ਹੈ, ਜਿਨ੍ਹਾਂ ਦੇ ਅਧਾਰ ਉਤੇ ਹਾਕਮ ਪਾਰਟੀਆਂ ਚੋਣਾਂ ਵਿਚ ਜਾ ਸਕਣ।
__________________________________
ਅਸੀਂ ਕੋਈ ਸਰਵੇਖਣ ਨਹੀਂ ਕਰਵਾਇਆ: ਬਾਦਲ
ਸ੍ਰੀ ਮੁਕਤਸਰ ਸਾਹਿਬ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਧਾਨ ਸਭਾ ਚੋਣਾਂ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਵਿਕਾਸ ਦੇ ਮੁੱਦੇ ਉਤੇ ਲੜੇਗਾ। ਅਕਾਲੀ ਦਲ ਵੱਲੋਂ ਚੋਣ ਸਰਵੇਖਣ ਕਰਾਏ ਜਾਣ ਬਾਰੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਕੋਈ ਸਰਵੇਖਣ ਨਹੀਂ ਕਰਾਇਆ ਹੈ ਤੇ ਨਾ ਹੀ ਕਰਾਉਣਾ ਹੈ। ਉਹ ਵਿਅਕਤੀਗਤ ਤੌਰ ਉਤੇ ਚੋਣ ਸਰਵੇਖਣਾਂ ਦੇ ਹੱਕ ‘ਚ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਖ਼ੁਦ ਲੋਕਾਂ ਨੂੰ ਮਿਲਦੇ ਹਨ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਦੇ ਤੇ ਹੱਲ ਲਈ ਯਤਨ ਕਰਦੇ ਹਨ। ਇਹ ਸਭ ਕੁਝ ਚੋਣ ਸਰਵੇਖਣ ਹੀ ਹੈ।