ਪਾਕਿਸਤਾਨੀ ਗੁਰਦੁਆਰਿਆਂ ‘ਚ ਦਹਿਸ਼ਤੀ ਹਮਲਿਆਂ ਦਾ ਖਦਸ਼ਾ

ਪਿਸ਼ਾਵਰ: ਇਥੋਂ ਦੇ ਪੁਰਾਣੇ ਸ਼ਹਿਰ ਦੇ ਜੋਗੀਵਾੜਾ ਇਲਾਕੇ ਵਿਚ ਸਥਿਤ ਤਕਰੀਬਨ 300 ਸਾਲ ਪੁਰਾਣੇ ਗੁਰਦੁਆਰਾ ਭਾਈ ਬੀਬਾ ਸਿੰਘ ਨੂੰ 73 ਸਾਲ ਬਾਅਦ ਸੰਗਤਾਂ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ। ਪਿਛਲੇ ਦਿਨੀਂ ਗੁਰਦੁਆਰਾ ਸਾਹਿਬ ਨੂੰ ਮੁੜ ਖੋਲ੍ਹੇ ਜਾਣ ਮੌਕੇ ਸਿੱਖ ਭਾਈਚਾਰੇ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਕਰਵਾਇਆ ਗਿਆ, ਪਰ ਉਥੇ ਸੁਰੱਖਿਆ ਅਜੇ ਵੀ ਚਿੰਤਾ ਦਾ ਕਾਰਨ ਹੈ। ਸੁਰੱਖਿਆ ਦੀ ਪਰਵਾਹ ਨਾ ਕਰਦੇ ਹੋਏ ਮੁਸਲਿਮ ਭਾਈਚਾਰੇ ਦੇ ਕੁਝ ਲੋਕਾਂ ਨੇ ਵੀ ਗੁਰਦੁਆਰਾ ਸਾਹਿਬ ਵਿਚ ਕਰਵਾਏ ਸਮਾਗਮ ਵਿਚ ਸ਼ਿਰਕਤ ਕੀਤੀ।

ਗੁਰਦੁਆਰਾ ਸਾਹਿਬ ਦੇ ਬਾਹਰ ਪੁਲਿਸ ਦਾ ਇਕ ਜਵਾਨ ਹਰ ਵੇਲੇ ਤਾਇਨਾਤ ਰਹਿੰਦਾ ਹੈ, ਜੋ ਉਥੋਂ ਤੰਗ ਗਲੀ ਵਿਚੋਂ ਲੰਘਣ ਵਾਲੇ ਹਰ ਵਿਅਕਤੀ ‘ਤੇ ਨਜ਼ਰ ਰੱਖਦਾ ਹੈ। ਪੁਲਿਸ ਦੇ ਨਾਲ-ਨਾਲ ਸਿੱਖ ਭਾਈਚਾਰੇ ਵੱਲੋਂ ਵੀ ਗੁਰਦੁਆਰਾ ਸਾਹਿਬ ਦੀ 24 ਘੰਟੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ, ਪਰ ਉਨ੍ਹਾਂ ਦੇ ਮੁਸਲਿਮ ਗੁਆਂਢੀ ਮੰਨਦੇ ਹਨ ਕਿ ਅਤਿਵਾਦੀਆਂ ਦੇ ਹਮਲਿਆਂ ਨੂੰ ਟਾਲਿਆ ਨਹੀਂ ਜਾ ਸਕਦਾ। ਪਿਸ਼ਾਵਰ ਵਿਚ ਸਿੱਖ ਭਾਈਚਾਰੇ ਦੀ ਸੁਰੱਖਿਆ ਦੇ ਮੁਖੀ ਗੁਰਪਾਲ ਸਿੰਘ ਨੇ ਦੱਸਿਆ ਕਿ ਜੋ ਲੋਕ ਬਿਨਾਂ ਕਿਸੇ ਡਰ ਦੇ ਗੁਰਦੁਆਰਾ ਸਾਹਿਬ ਵਿਖੇ ਆ ਕੇ ਮੱਥਾ ਟੇਕਣਾ ਅਤੇ ਅਰਦਾਸ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਸੁਰੱਖਿਆ ਬਹੁਤ ਜ਼ਰੂਰੀ ਹੈ। ਗੁਰਦੁਆਰਾ ਸਾਹਿਬ ਦੇ ਸੇਵਾਦਾਰ ਅਤੇ ਸਿੱਖ ਭਾਈਚਾਰੇ ਦੇ ਬੁਲਾਰੇ ਚਰਨਜੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਮੁੱਖ ਹਾਲ ਦੀ ਮੁਰੰਮਤ ਕੀਤੀ ਗਈ, ਬਾਕੀ ਇਮਾਰਤ ਦੀ ਹਾਲਤ ਬਹੁਤ ਖਸਤਾ ਹੈ। ਤਕਰੀਬਨ 300 ਸਾਲ ਪਹਿਲਾਂ ‘ਵਜ਼ੀਰੀ ਇੱਟਾਂ’ ਨਾਲ ਬਣਾਈ ਗਈ ਇਸ ਇਮਾਰਤ ਦੀ ਪੁਰਾਤਨ ਦਿਖ ਅਜੇ ਵੀ ਬਰਕਰਾਰ ਹੈ।
ਉਨ੍ਹਾਂ ਦੱਸਿਆ ਕਿ ਸਥਾਨਕ ਸਿੱਖ ਭਾਈਚਾਰੇ ਵੱਲੋਂ ਗੁਰਦੁਆਰਾ ਸਾਹਿਬ ਨੂੰ ਮੁੜ ਖੋਲ੍ਹੇ ਜਾਣ ਬਾਰੇ 2012 ਤੋਂ ਸਰਕਾਰ ਨਾਲ ਲੜਾਈ ਲੜੀ ਜਾ ਰਹੀ ਸੀ।
ਗੁਰਦੁਆਰਾ ਸਾਹਿਬ ਦੇ ਸਾਹਮਣੇ ਗਲੀ ‘ਚ ਇਕ ਸਟਾਲ ਉਤੇ ਕਿਤਾਬਾਂ ਵੇਚਣ ਵਾਲੇ ਇਕ ਵਿਅਕਤੀ ਗੌਹਰ ਇਕਬਾਲ ਅਨੁਸਾਰ ਅਤਿਵਾਦੀਆਂ ਵੱਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਉਸ ਨੇ ਕਿਹਾ ਕਿ ਸਾਨੂੰ ਇਸ ਸਬੰਧੀ ਬਹੁਤ ਚਿੰਤਾ ਹੈ ਕਿਉਂਕਿ ਜੇਕਰ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਨਾਲ ਹੀ ਲੜਕੀਆਂ ਦਾ ਸਕੂਲ ਹੈ। 1940 ਵਿਚ ਜਿਸ ਵੇਲੇ ਗੁਰਦੁਆਰਾ ਸਾਹਿਬ ਨੂੰ ਬੰਦ ਕਰ ਦਿੱਤਾ ਗਿਆ ਸੀ ਤਾਂ ਉਸ ਵੇਲੇ ਇਲਾਕੇ ਵਿਚ ਰਹਿੰਦੇ ਸਿੱਖ ਪਰਿਵਾਰ ਅਤੇ ਸੇਵਾਦਾਰ ਇਥੋਂ ਚਲੇ ਗਏ ਸਨ। ਮੌਜੂਦ ਸਮੇਂ ਵਿਚ ਪਾਕਿਸਤਾਨ ਵਿਚ ਸਿੱਖ ਭਾਈਚਾਰੇ ਦੇ ਕਿੰਨੇ ਲੋਕ ਰਹਿੰਦੇ ਹਨ, ਇਸ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਹੈ। ਸੀæਆਈæਏæ ਦੇ ਅੰਦਾਜ਼ੇ ਅਨੁਸਾਰ ਪਾਕਿਸਤਾਨ ਦੀ ਆਬਾਦੀ ਦੇ 3æ6 ਫੀਸਦੀ ਲੋਕ ਗੈਰ ਮੁਸਲਿਮ ਹਨ, ਜਿਨ੍ਹਾਂ ਵਿਚ ਸਿੱਖ, ਇਸਾਈ ਅਤੇ ਹਿੰਦੂ ਭਾਈਚਾਰੇ ਦੇ ਲੋਕ ਸ਼ਾਮਲ ਹਨ। ਪਾਕਿਸਤਾਨ ਵਿਚ ਸਿੱਖ ਬਹੁਤ ਘੱਟ ਗਿਣਤੀ ‘ਚ ਹਨ।
_____________________________________________
ਸ਼੍ਰੋਮਣੀ ਕਮੇਟੀ ਨੇ ਕੀਤਾ ਪਾਕਿਸਤਾਨ ਨੂੰ ਖਬਰਦਾਰ
ਅੰਮ੍ਰਿਤਸਰ: ਪਾਕਿਸਤਾਨ ਵਿਚ ਸਥਿਤ ਗੁਰਦੁਆਰਾ ਬਾਬੇ ਕੇ ਬੇਰ ਦੀਆਂ ਦੀਵਾਰਾਂ ਉਤੇ ਕਲਮਾ ਲਿਖੇ ਜਾਣ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਭੜਕ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਗੁਰਦੁਆਰੇ ਦੀਆਂ ਕੰਧਾਂ ‘ਤੇ ਕਮਲਾ ਲਿਖੇ ਜਾਣ ਦੀ ਨਿੰਦਾ ਕਰਦਿਆਂ ਪਾਕਿਸਤਾਨ ਓਕਾਫ ਬੋਰਡ ਦੇ ਚੇਅਰਮੈਨ ਸਦੀਕ-ਉਲ-ਫਾਰੂਕ ਤੋਂ ਮਾਮਲੇ ਦੀ ਪੜਤਾਲ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਦੀ ਚਰਨ ਛੋਹ ਪ੍ਰਾਪਤ ਸਿਆਲਕੋਟ (ਪਾਕਿਸਤਾਨ) ਗੁਰਦੁਆਰਾ ਬਾਬੇ ਦੀ ਬੇਰ ਦੀਆਂ ਦੀਵਾਰਾਂ ਉਤੇ ਬਣੇ ਗੁਰੂਆਂ ਦੇ ਕੰਧ ਚਿੱਤਰਾਂ ‘ਤੇ ਲਿਖੀਆਂ ਗੁਰਬਾਣੀ ਦੀਆਂ ਤੁਕਾਂ ਨੂੰ ਲੁਪਤ ਕਰ ਕੇ ਉਸ ਜਗ੍ਹਾ ਕਲਮਾ ਲਿਖਣਾ ਬਹੁਤ ਹੀ ਮੰਦਭਾਗਾ ਹੈ। ਆਉਣ ਵਾਲੀਆਂ ਪੀੜੀਆਂ ਲਈ ਗੁਰੂ ਸਾਹਿਬਾਨ ਦੇ ਚਿੱਤਰਾਂ ਨੂੰ ਸੰਭਾਲਣ ਦੀ ਜ਼ਰੂਰਤ ਸੀ, ਪਰ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਪਾਕਿਸਤਾਨ ਓਕਾਫ ਬੋਰਡ ਦੇ ਚੇਅਰਮੈਨ ਸਦੀਕ-ਉਲ-ਫਾਰੂਕ ਨੂੰ ਇਕ ਪੱਤਰ ਰਾਹੀਂ ਅਪੀਲ ਕਰਦਿਆਂ ਕਿਹਾ ਕਿ ਇਸ ਪਾਵਨ ਪਵਿੱਤਰ ਅਸਥਾਨ ਦੀ ਪੜਤਾਲ ਕਰਵਾ ਕੇ ਜਲਦ ਇਸ ਦਾ ਕੋਈ ਢੁਕਵਾਂ ਹੱਲ ਲੱਭਣ ਤਾਂ ਜੋ ਦੇਸ਼-ਵਿਦੇਸ਼ ਵਿਚ ਵੱਸਦੇ ਸਿੱਖਾਂ ਦੇ ਮਨਾਂ ਵਿਚ ਪਾਏ ਜਾ ਰਹੇ ਰੋਸ ਨੂੰ ਦੂਰ ਕੀਤਾ ਜਾਵੇ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਗੁਰਦੁਆਰਿਆਂ ਦੀ ਜਾਇਦਾਦ ‘ਤੇ ਨਾਜਾਇਜ਼ ਕਬਜ਼ੇ ਰੋਕਣ ਲਈ ਓਕਾਫ ਬੋਰਡ ਨੂੰ ਹਰਕਤ ਵਿਚ ਆਉਣਾ ਚਾਹੀਦਾ ਹੈ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਨ੍ਹਾਂ ਅਸਥਾਨਾਂ ਦੀ ਸਾਂਭ-ਸੰਭਾਲ ਲਈ ਹਰ ਉਹ ਹੀਲਾ ਵਰਤਣਾ ਚਾਹੀਦਾ ਹੈ ਜਿਸ ਨਾਲ ਜਾਇਦਾਦਾਂ ਨੂੰ ਖੁਰਦ-ਬੁਰਦ ਹੋਣ ਤੋਂ ਬਣਾਇਆ ਜਾ ਸਕੇ।