‘ਅਖੌਤੀ ਅਕਾਲੀਆਂ’ ਨੇ ਲੋਕ-ਮੁੱਦਿਆਂ ਨੂੰ ਤਿਲਾਂਜਲੀ ਦਿੱਤੀ: ਖਹਿਰਾ

ਸ਼ਿਕਾਗੋ (ਬਿਊਰੋ): ਪੰਜਾਬ ਦੇ ‘ਅਖੌਤੀ ਲੀਡਰ’ ਲੋਕਾਂ ਦੇ ਅਸਲ ਮੁੱਦਿਆਂ ਨੂੰ ਤਿਲਾਂਜਲੀ ਦੇ ਚੁਕੇ ਹਨ ਤੇ ਸਿਰਫ ਨਿਜੀ ਮੁਫਾਦ ਲਈ ਸੱਤਾ ਦੀ ਵਰਤੋਂ ਕਰ ਰਹੇ ਹਨ। ਇਸ ਮਾਮਲੇ ‘ਚ ਕਾਂਗਰਸੀ ਵੀ ਅੰਦਰਖਾਤੇ ਉਨ੍ਹਾਂ ਨਾਲ ਰਲੇ ਹੋਏ ਹਨ। ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਇਕ ਤਰ੍ਹਾਂ ਨਾਲ ਰਲ ਕੇ ਸਿਆਸੀ ਖੇਡ ਖੇਡ ਰਹੇ ਹਨ। ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਵਸੀਲਿਆਂ ਦੀ ਕਮੀ ਨਹੀਂ ਪਰ ਸਿਸਟਮ ਦੀ ਵਾਗਡੋਰ ਸਹੀ ਹੱਥਾਂ ਵਿਚ ਨਾ ਹੋਣ ਕਾਰਨ ਪੰਜਾਬ ਵਿਚ ਅਰਾਜਕਤਾ ਵਾਲਾ ਮਾਹੌਲ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਇਥੇ ਬੈਨਸਨਵਿਲ ਦੇ ਕੈਸਕੇਡ ਬੈਂਕੁਇਟ ਹਾਲ ਵਿਚ ਲੰਘੇ ਵੀਰਵਾਰ ਨੂੰ ‘ਆਪ’ ਹਮਾਇਤੀਆਂ ਦੇ ਇਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਸ਼ ਖਹਿਰਾ ਨੇ ਕਿਹਾ ਕਿ 1985 ਤੱਕ ਪੰਜਾਬ ਆਮਦਨ ਪੱਖੋਂ ਸਰਪਲੱਸ ਸਟੇਟ ਸੀ ਪਰ ਤਿੰਨ ਦਹਾਕਿਆਂ ਦੌਰਾਨ ਉਤੋੜਿਤੀ ਸਰਕਾਰਾਂ ਦੀ ਨਾਅਹਿਲੀਅਤ ਕਾਰਨ ਅੱਜ ਪੰਜਾਬ ਸਿਰ ਕਰੀਬ ਸਵਾ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਸੂਬੇ ਦੀ ਮਾਲੀ ਹਾਲਤ ਇਸ ਕਦਰ ਗਰਕ ਚੁਕੀ ਹੈ ਕਿ ਕਰਜ਼ੇ ਦਾ ਵਿਆਜ ਦੇਣ ਲਈ ਬੈਂਕਾਂ ਤੋਂ ਕਰਜ਼ੇ ਚੁੱਕੇ ਜਾ ਰਹੇ ਹਨ ਜਾਂ ਸਰਕਾਰੀ ਜਾਇਦਾਦਾਂ ਗਹਿਣੇ ਧਰੀਆਂ ਜਾ ਰਹੀਆਂ ਹਨ।
ਟੀæਵੀæ ਚੈਨਲਾਂ ਅਤੇ ਕੇਬਲ ਨੈਟਵਰਕ ਉਤੇ ਬਾਦਲਾਂ ਦੇ ਕਬਜ਼ੇ ਦਾ ਜ਼ਿਕਰ ਕਰਦਿਆਂ ‘ਆਪ’ ਆਗੂ ਨੇ ਕਿਹਾ ਕਿ ਮੀਡੀਏ ‘ਤੇ ਬਾਦਲਾਂ ਦਾ ਕਬਜ਼ਾ ਹੋਣ ਕਰਕੇ ਲੋਕਾਂ ਤੱਕ ਪੰਜਾਬ ਦੀ ਅਸਲ ਤਸਵੀਰ ਨਹੀਂ ਜਾਂਦੀ ਪਰ ਸੋਸ਼ਲ ਮੀਡੀਆ ਤੇ ਫੋਨ ਐਪਸ ਰਾਹੀਂ ਆਪਸ ਵਿਚ ਜੁੜਨ ਕਰ ਕੇ ਲੋਕ ਪੰਜਾਬ ਦੀ ਜ਼ਮੀਨੀ ਹਕੀਕਤ ਤੋਂ ਜਾਣੂ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਗੁਰਬਾਣੀ ਪ੍ਰਸਾਰਣ ਦੇ ਸਾਰੇ ਅਧਿਕਾਰ ਪੀ ਟੀ ਸੀ ਚੈਨਲ ਨੂੰ ਦਿੱਤੇ ਜਾਣ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੁਕਸਾਨ ਹੋ ਰਿਹਾ ਹੈ। ਜੇ ਹੋਰ ਚੈਨਲਾਂ ਨੂੰ ਵੀ ਗੁਰਬਾਣੀ ਪ੍ਰਸਾਰਣ ਦਾ ਮੌਕਾ ਦਿੱਤਾ ਜਾਵੇ ਤਾਂ ਸ਼੍ਰੋਮਣੀ ਕਮੇਟੀ ਨੂੰ ਸਾਲ ਵਿਚ ਕਰੀਬ ਸੌ ਕਰੋੜ ਰੁਪਏ ਦੀ ਆਮਦਨ ਹੋ ਸਕਦੀ ਹੈ।
ਉਨ੍ਹਾਂ ਉਦਾਹਰਣਾਂ ਸਹਿਤ ਦਸਿਆ ਕਿ ਵਿਕਾਸ ਕਾਰਜਾਂ ਲਈ ਪ੍ਰਵਾਨ ਹੋਈ ਰਕਮ ਵਿਚੋਂ 40% ਹਿੱਸਾ ਕਿਵੇਂ ਖੁਰਦ-ਬੁਰਦ ਹੋ ਜਾਂਦਾ ਹੈ। ਇਸ ਦਾ ਕਾਰਨ ਹੇਠਲੇ ਤੋਂ ਉਪਰਲੇ ਪੱਧਰ ਤੱਕ ਫੈਲਿਆ ਭ੍ਰਿਸ਼ਟਾਚਾਰ ਹੈ। ਸ਼ ਖਹਿਰਾ ਨੇ ਨਾਲ ਹੀ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਦੀ ਸਿਫਤ ਕਰਦਿਆਂ ਕਿਹਾ ਕਿ ਉਹ ਭ੍ਰਿਸ਼ਟ ਸਿਸਟਮ ਦੇ ਸਖਤ ਖਿਲਾਫ ਹਨ। ਉਨ੍ਹਾਂ ਭ੍ਰਿਸ਼ਟਾਚਾਰ ਵਿਰੁਧ ਕਦਮ ਚੁੱਕੇ ਵੀ ਹਨ ਜਿਸ ਦੀ ਸਭ ਤੋਂ ਵੱਡੀ ਮਿਸਾਲ ਖੁਦ ਆਪਣੇ ਇਕ ਮੰਤਰੀ ਦੀ ਛਾਂਟੀ ਕਰਨਾ ਹੈ।
2017 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ‘ਆਪ’ ਦੀ ਵੱਡੀ ਸੰਭਾਵੀ ਜਿੱਤ ਦਾ ਦਾਅਵਾ ਕਰਦਿਆਂ ਸ਼ ਖਹਿਰਾ ਨੇ ਭਰੋਸਾ ਜਾਹਰ ਕੀਤਾ ਕਿ ‘ਆਪ’ ਸਰਕਾਰ ਭ੍ਰਿਸ਼ਟਾਚਾਰ ਖਿਲਾਫ ਸਖਤ ਕਾਰਵਾਈ ਕਰ ਕੇ ਸਾਫ-ਸੁਥਰਾ ਪ੍ਰਸਾਸ਼ਕੀ ਢਾਂਚਾ ਖੜ੍ਹਾ ਕਰੇਗੀ।
ਸ਼ ਖਹਿਰਾ ਨੇ ਕਿਹਾ ਕਿ ਪੰਜਾਬ ਪੁਲਿਸ ਵਿਚ ਨੇਕ ਤੇ ਇਨਸਾਫਪਸੰਦ ਅਫਸਰ ਵੀ ਹਨ ਪਰ ਅਕਾਲੀਆਂ ਨੇ ਉਨ੍ਹਾਂ ਨੂੰ ਨੁੱਕਰੇ ਲਾਇਆ ਹੋਇਆ ਹੈ ਅਤੇ ਖੁਸ਼ਾਮਦੀ ਪੁਲਿਸ ਅਫਸਰ ਆਪਣੀ ਅਸਲ ਜ਼ਿੰਮੇਵਾਰੀ ਤੋਂ ਭੱਜ ਕੇ ‘ਸਿਆਸੀ ਸੇਵਾ’ ਨਿਭਾ ਰਹੇ ਹਨ। ਜੇ ਪੰਜਾਬ ਪੁਲਿਸ ਆਪਣਾ ਕੰਮ ਸਹੀ ਤਰੀਕੇ ਨਾਲ ਕਰੇ ਤਾਂ ਪੰਜਾਬ ਵਿਚ ਨਸ਼ਿਆਂ, ਭ੍ਰਿਸ਼ਟਾਚਾਰ, ਸੜਕ ਹਾਦਸਿਆਂ ਅਤੇ ਜ਼ੁਰਮਾਂ ਨੂੰ ਨੱਥ ਆਪੇ ਪੈ ਜਾਊ। ਵਿਜੀਲੈਂਸ ਵਿਭਾਗ ਜੇ ਭ੍ਰਿਸ਼ਟ ਸਿਆਸਤਦਾਨਾਂ ਨੂੰ ਹੱਥ ਪਾਵੇ ਤਾਂ ਛੋਟੇ-ਮੋਟੇ ਭ੍ਰਿਸ਼ਟ ਮੁਲਾਜ਼ਮਾਂ ਨੂੰ ਆਪੇ ਕੰਨ ਹੋ ਜਾਣਗੇ।
‘ਆਪ’ ਆਗੂ ਨੇ ਦੋਸ਼ ਲਾਇਆ ਕਿ ਅਕਾਲੀ ਸਰਕਾਰ ਨੇ ਆਪਣੇ ਜ਼ਾਤੀ ਮੁਫਾਦ ਲਈ ਪੰਜਾਬ ਦੇ ਹਾਲਾਤ ਬਦਤਰ ਬਣਾ ਦਿੱਤੇ ਹਨ। ਨਸ਼ਾ ਸਮਗਲਰਾਂ ਨੂੰ ਸਰਕਾਰੀ ਸਰਪ੍ਰਸਤੀ ਹਾਸਲ ਹੋਣ ਕਾਰਨ ਨੌਜਵਾਨ ਨਸ਼ਿਆਂ ‘ਚ ਗਰਕ ਰਹੇ ਹਨ, ਕੁੜੀਆਂ ਸੁਰੱਖਿਅਤ ਨਹੀਂ ਹਨ ਤੇ ਗੁੰਡਾਗਰਦੀ ਦਾ ਬੋਲਬਾਲਾ ਹੈ, ਪਰਵਾਸੀ ਪੰਜਾਬੀ ਪੰਜਾਬ ਜਾਣ ਤੋਂ ਘਬਰਾਉਣ ਲਗੇ ਹਨ। ਸਮੁੱਚੇ ਤੌਰ ‘ਤੇ ਪੰਜਾਬ ਦੇ ਹਾਲਾਤ ਸਾਜ਼ਗਾਰ ਨਹੀਂ ਹਨ। ਉਨ੍ਹਾਂ ਅਫਸੋਸ ਜ਼ਾਹਰ ਕੀਤਾ ਕਿ ਪੰਜਾਬ ਸਰਕਾਰ ਨੇ ਵੱਡੇ ਵਪਾਰੀਆਂ ਦੇ ਕਰਜ਼ੇ ਉਤੇ ਤਾਂ ਲੀਕ ਮਾਰ ਦਿੱਤੀ ਹੈ ਪਰ ਮਾਯੂਸ ਹੋ ਕੇ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਬਾਰੇ ਸਰਕਾਰ ਗੰਭੀਰ ਨਹੀਂ ਹੈ।
ਪੰਜਾਬ ਵਿਚ ਸਿਹਤ ਸਹੂਲਤਾਂ ਦੀ ਵਿਗੜੀ ਹਾਲਤ ਦੀ ਗੱਲ ਕਰਦਿਆਂ ਸ਼ ਖਹਿਰਾ ਨੇ ਆਖਿਆ ਕਿ ਸਰਕਾਰੀ ਹਸਪਤਾਲਾਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਪ੍ਰਾਈਵੇਟ ਹਸਪਤਾਲਾਂ ਦੀ ਗਿਣਤੀ ਵਧ ਗਈ ਹੈ ਤੇ ਉਹ ਲੋਕਾਂ ਨੂੰ ਦੋਵੇਂ ਹੱਥੀਂ ਲੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਕੈਂਸਰ ਨੇ ਬਹੁਤ ਵਡੀ ਗਿਣਤੀ ਵਿਚ ਲੋਕਾਂ ਨੂੰ ਆਪਣੀ ਗ੍ਰਿਫਤ ਵਿਚ ਲਿਆ ਹੋਇਆ ਹੈ ਪਰ ਇਸ ਦੇ ਇਲਾਜ ਲਈ ਪੰਜਾਬ ‘ਚ ਕੋਈ ਹਸਪਤਾਲ ਨਹੀਂ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਮਰਹੂਮ ਸੁਰਿੰਦਰ ਕੌਰ ਬਾਦਲ ਦੇ ਇਲਾਜ ਲਈ ਸਰਕਾਰੀ ਖਜ਼ਾਨੇ ‘ਚੋਂ 9 ਕਰੋੜ ਰੁਪਿਆ ਖਰਚ ਦਿੱਤਾ ਪਰ ਲੋਕਾਂ ਦੀ ਸਿਹਤਯਾਬੀ ਲਈ ਸਰਕਾਰ ਚਿੰਤਤ ਨਹੀਂ।
ਇਸ ਮੌਕੇ ਅਕਾਲੀਆਂ ਅਤੇ ਕਾਂਗਰਸੀਆਂ ਦੀ ਅੰਦਰੂਨੀ ਸਾਂਝ ਉਤੇ ਵਿਅੰਗ ਕਰਦਿਆਂ ਉਨ੍ਹਾਂ ਰੋਸ ਵੀ ਪ੍ਰਗਟ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਦੋਹਤੇ ਦੇ ਵਿਆਹ ‘ਤੇ ਮੈਨੂੰ (ਖਹਿਰਾ) ਤਾਂ ਸੱਦਿਆ ਨਹੀਂ, ਪਰ ਬਿਕਰਮ ਸਿੰਘ ਮਜੀਠੀਆ ਪਹੁੰਚਿਆ ਹੋਇਆ ਸੀ ਅਤੇ ਨੰਨ੍ਹੀ ਛਾਂ (ਹਰਸਿਮਰਤ ਕੌਰ ਬਾਦਲ) ਵੀ ਆਪਣੇ ਜਵਾਕਾਂ ਨਾਲ ਪਹੁੰਚੀ ਹੋਈ ਸੀ।
ਸ਼ ਖਹਿਰਾ ਨੇ ਆਪਣੀ ਇਹ ਟਿਪਣੀ ਦੋਹਰਾਈ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਇਕੋ ਸਿੱਕੇ ਦੇ ਦੋ ਪਹਿਲੂ ਹਨ। ਲੋਕ ਰਵਾਇਤੀ ਸਿਆਸੀ ਪਾਰਟੀਆਂ-ਕਾਂਗਰਸ, ਅਕਾਲੀ ਦਲ ਤੇ ਭਾਜਪਾ ਤੋਂ ਅਕ-ਥੱਕ ਚੁਕੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਵਿਚ ਵਿਗੜੇ ਹਾਲਾਤ ਸੁਧਰ ਸਕਦੇ ਹਨ ਅਤੇ ਆਮ ਆਦਮੀ ਪਾਰਟੀ ਪੰਜਾਬ ਨੂੰ ਮੁੜ ਖੁਸ਼ਹਾਲ ਬਣਾਉਣ ਦਾ ਦ੍ਰਿੜ ਇਰਾਦਾ ਲੈ ਕੇ ਤੁਰੀ ਹੈ। ਇਸੇ ਮਕਸਦ ਨਾਲ ਪਾਰਟੀ ਨੇ ‘ਡਾਇਲਾਗ ਪੰਜਾਬ’ (ਰਾਬਤਾ ਪੰਜਾਬ) ਨਾਂ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ ਤਾਂ ਜੋ ਜ਼ਮੀਨੀ ਪੱਧਰ ‘ਤੇ ਲੋਕਾਂ ਦੀਆਂ ਲੋੜਾਂ ਸਮਝੀਆਂ ਜਾ ਸਕਣ ਅਤੇ ਉਨ੍ਹਾਂ ਦੀ ਨਬਜ਼ ਪਛਾਣੀ ਜਾ ਸਕੇ। ਸੁਖਪਾਲ ਖਹਿਰਾ ਨੇ ਪਰਵਾਸੀ ਪੰਜਾਬੀਆਂ ਤੋਂ ਹਰ ਤਰ੍ਹਾਂ ਦੇ ਸਹਿਯੋਗ ਦੀ ਮੰਗ ਕਰਦਿਆਂ ਅਪੀਲ ਕੀਤੀ ਕਿ ਉਹ ਪੰਜਾਬ ਰਹਿੰਦੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ-ਮਿੱਤਰਾਂ ਨੂੰ ਆਮ ਆਦਮੀ ਪਾਰਟੀ ਨਾਲ ਜੁੜਨ ਲਈ ਕਹਿਣ। ਪਰਵਾਸੀ ਪੰਜਾਬੀਆਂ ਨੇ ਹਮੇਸ਼ਾ ਪੰਜਾਬ ਦੀ ਤਰੱਕੀ ਦਾ ਸੁਪਨਾ ਲਿਆ ਹੈ ਅਤੇ ਇਸ ਸੁਪਨੇ ਨੂੰ ਆਮ ਆਦਮੀ ਪਾਰਟੀ ਪੂਰਾ ਕਰ ਸਕਦੀ ਹੈ।
ਦਿਲਚਸਪ ਗੱਲ ਇਹ ਸੀ ਕਿ ਪਿਛਲੇ ਦਿਨੀਂ ਇਥੋਂ ਦੀ ਸਬਰਬ ਸ਼ਾਮਬਰਗ ਵਿਚ ਹੋਏ ਕਾਂਗਰਸ ਪਾਰਟੀ ਦੇ ਜਲਸੇ ਵਿਚ ਸ਼ਾਮਲ ਕੁਝ ਸੱਜਣ ‘ਆਪ’ ਦੇ ਇਸ ਇਕੱਠ ਵਿਚ ਵੀ ਹਾਜ਼ਰ ਸਨ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮਰਥਕਾਂ ਵਿਚੋਂ ਕੁਝ ਉਹ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਮੁਜ਼ਾਹਰਾ ਕੀਤਾ ਸੀ।
ਸਮਾਗਮ ਦੇ ਅਖੀਰ ਵਿਚ ਸਵਾਲ-ਜਵਾਬ ਦੌਰਾਨ ਸ਼ ਖਹਿਰਾ ਨੇ ਸਿੱਖਿਆ ਪ੍ਰਣਾਲੀ ਵਿਚ ਸੁਧਾਰ ਲਿਆਉਣ, ਕਿਸਾਨਾਂ ਦੇ ਮਸਲੇ ਹੱਲ ਕਰਨ, ਨਸ਼ਿਆਂ ਨੂੰ ਠੱਲ੍ਹ ਪਾਉਣ, ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਅਤੇ ਕੁਰੱਪਸ਼ਨ ਦਾ ਖਾਤਮਾ ਕਰਨ ਜਿਹੇ ਕਈ ਮੁੱਦਿਆਂ ਉਤੇ ਸਵਾਲਾਂ ਦੇ ਜਵਾਬ ਬੜੇ ਤਹੱਮਲ ਨਾਲ ਦਿਤੇ। ਸਜ਼ਾਵਾਂ ਪੂਰੀਆਂ ਕਰ ਚੁਕੇ ਸਿੱਖ ਕੈਦੀਆਂ ਦੀ ਰਿਹਾਈ ਦੇ ਹੱਕ ਵਿਚ ਸ਼ ਖਹਿਰਾ ਨੇ ‘ਆਪ’ ਵਲੋਂ ਹਾਮੀ ਭਰੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਪਾਰਟੀ ਦੇ ਨਜ਼ਰੀਏ ਸਬੰਧੀ ਪੁੱਛੇ ਗਏ ਸਵਾਲ ਉਤੇ ਉਨ੍ਹਾਂ ਕੋਈ ਟਿਪਣੀ ਕਰਨ ਤੋਂ ਨਾਂਹ ਕਰ ਦਿੱਤੀ।
ਸਮਾਗਮ ਨੂੰ ‘ਆਪ’ ਅਮਰੀਕਾ ਦੇ ਸਕੱਤਰ ਸ੍ਰੀਕਾਂਥ ਤੇ ਕਨਵੀਨਰ ਪ੍ਰਦੀਪ ਸੁੰਦਰਿਆਲ, ਮੇਜਰ ਗੁਰਚਰਨ ਸਿੰਘ ਝੱਜ, ਸਿਆਟਲ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਪਹਿਲਵਾਨ ਕਰਤਾਰ ਸਿੰਘ, ਸ਼ਿਕਾਗੋ ਤੋਂ ਡੈਮੋਕਰੈਟ ਆਗੂ ਰਾਜਾ ਕ੍ਰਿਸ਼ਨਾਮੂਰਥੀ, ਜਸਬੀਰ ਪਾਲੀਆ, ਮੱਤ ਸਿੰਘ ਢਿੱਲੋਂ, ਅੰਮ੍ਰਿਤਪਾਲ ਸਿੰਘ ਤੇ ਗੁਰਚਰਨ ਸਿੰਘ ਢਿੱਲੋਂ ਨੇ ਵੀ ਸੰਬੋਧਨ ਕੀਤਾ ਅਤੇ ਲੋਕਾਂ ਨੂੰ ‘ਆਪ’ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਲਈ ਫੰਡ ਵੀ ਇਕੱਤਰ ਕੀਤਾ ਗਿਆ।
ਸਮਾਗਮ ਦੇ ਸ਼ੁਰੂ ਵਿਚ ਹਾਜ਼ਰੀਨ ਨੂੰ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਬਾਰੇ ਇਕ ਵੀਡੀਓ ਵਿਖਾਈ ਗਈ। ਮੰਚ ਸੰਚਾਲਨ ਗੁਰਮੁਖ ਸਿੰਘ ਭੁੱਲਰ ਨੇ ਕੀਤਾ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸ਼ਿਕਾਗੋ ਇਕਾਈ ਦਾ ਗਠਨ ਪਿਛਲੀਆਂ ਲੋਕ ਸਭਾ ਚੋਣਾਂ ਮੌਕੇ ਇਕ ਛੋਟੇ ਜਿਹੇ ਗਰੁਪ, ਜਿਸ ਵਿਚ ਹੋਰਨਾਂ ਤੋਂ ਇਲਾਵਾ ਅਜੀਤ ਸਿੰਘ, ਮੱਤ ਸਿੰਘ ਢਿੱਲੋਂ, ਲਾਲ ਸਿੰਘ, ਪ੍ਰੋæ ਜੋਗਿੰਦਰ ਸਿੰਘ ਰਮਦੇਵ, ਠਾਕਰ ਸਿੰਘ ਬਸਾਤੀ, ਅਮੋਲਕ ਸਿੰਘ ਗਿੱਧਾ, ਬਲਦੇਵ ਸਿੰਘ ਰਾਜੂ, ਸੁਰਿੰਦਰ ਸਿੰਘ ਕਾਲੜਾ, ਸਰਵਣ ਸਿੰਘ ਰਾਜੂ ਤੇ ਲਖਬੀਰ ਸਿੰਘ ਸੰਧੂ ਦੇ ਯਤਨਾਂ ਨਾਲ ਕੀਤਾ ਗਿਆ ਸੀ।
ਇਸ ਇਕੱਤਰਤਾ ਵਿਚ ਸ਼ਾਮਲ ਹੋਣ ਲਈ ਲੋਕ ਸ਼ਿਕਾਗੋ ਤੋਂ ਇਲਾਵਾ ਇੰਡੀਆਨਾ, ਵਿਸਕਾਨਸਿਨ, ਮਿਜ਼ੌਰੀ ਅਤੇ ਮਿਸ਼ੀਗਨ ਸਟੇਟ ਤੋਂ ਵੀ ਆਏ ਹੋਏ ਸਨ। ਮਿਲਵਾਕੀ ਤੋਂ ਪਾਖਰ ਸਿੰਘ ਸਿੱਧੂ, ਦਲਬੀਰ ਸਿੰਘ ਸੈਣੀ, ਹਰਵਿੰਦਰ ਸਿੰਘ ਲਾਲੀ, ਅਮਰਜੀਤ ਸਿੰਘ ਸੰਧਰ ਆਪਣੇ ਸਾਥੀਆਂ ਸਮੇਤ ਪਹੁੰਚੇ।
ਰੇਡੀਓ ਚੰਨ ਪ੍ਰਦੇਸੀ ਵਲੋਂ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਨ ਕੀਤਾ ਗਿਆ।