ਸ਼ਹੀਦ ਭਗਤ ਸਿੰਘ ਨੂੰ ‘ਇਨਕਲਾਬੀ ਇੰਤਹਾਪਸੰਦ’ ਦੱਸਣ ਉਤੇ ਵਿਵਾਦ

ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਦੇ ਪਾਠਕ੍ਰਮ ਦੀ ਇਕ ਪੁਸਤਕ ਵਿਚ ਸ਼ਹੀਦ ਭਗਤ ਸਿੰਘ ਨੂੰ ‘ਇਨਕਲਾਬੀ ਇੰਤਹਾਪਸੰਦ’ ਦੱਸਣ ਦਾ ਮਾਮਲਾ ਲੋਕ ਸਭਾ ਵਿਚ ਉੱਠਿਆ। ਭਾਜਪਾ ਦੇ ਮੈਂਬਰ ਅਨੁਰਾਗ ਠਾਕੁਰ ਨੇ ਇਹ ਮਾਮਲਾ ਚੁੱਕਦਿਆਂ ਮੰਗ ਕੀਤੀ ਕਿ ਦੇਸ਼ ਭਰ ਦੀਆਂ ਸਿੱਖਿਆ ਸੰਸਥਾਵਾਂ ਵਿਚ ਕੀ ਪੜ੍ਹਾਇਆ ਜਾ ਰਿਹਾ ਹੈ, ਇਸ ਬਾਰੇ ਬਹਿਸ ਹੋਣੀ ਚਾਹੀਦੀ ਹੈ।

ਸ੍ਰੀ ਠਾਕੁਰ ਨੇ ਕਿਹਾ ਕਿ ਇਹ ਹਵਾਲਾ ਪ੍ਰਸਿੱਧ ਇਤਿਹਾਸਕਾਰ ਬਿਪਿਨ ਚੰਦਰ ਅਤੇ ਮ੍ਰਿਦੁਲਾ ਮੁਖਰਜੀ ਵੱਲੋਂ ਲਿਖੀ ਕਿਤਾਬ ‘ਇੰਡੀਆਜ਼ ਸਟ੍ਰਗਲ ਫਾਰ ਇੰਡੀਪੈਂਡੈਂਸ’ (ਸੁਤੰਤਰਤਾ ਲਈ ਭਾਰਤ ਦਾ ਸੰਘਰਸ਼) ਵਿਚ ਦਰਜ ਹੈ। ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿਚ ਇਕ ਕਾਂਗਰਸੀ ਆਗੂ ਨੂੰ ‘ਕ੍ਰਿਸ਼ਮਈ ਲੀਡਰ’ ਲਿਖਿਆ ਗਿਆ, ਜੋ ਮਜ਼ਾਕ ਹੈ ਕਿਉਂਕਿ ਇਹ ਪਾਰਟੀ 44 ਲੋਕ ਸਭਾ ਸੀਟਾਂ ਤੱਕ ਸੀਮਤ ਹੋ ਗਈ। ਇਸ ਉਤੇ ਕਾਂਗਰਸੀ ਆਗੂਆਂ ਨੇ ਆਪਣੇ ਇਸ ਆਗੂ, ਜੋ ਉਸ ਸਮੇਂ ਸਦਨ ਵਿਚ ਨਹੀਂ ਸੀ, ਦੇ ਜ਼ਿਕਰ ਉਤੇ ਇਤਰਾਜ਼ ਕੀਤਾ। ਸਪੀਕਰ ਸੁਮਿੱਤਰਾ ਮਹਾਜਨ ਨੇ ਬਾਅਦ ਵਿਚ ਕਾਂਗਰਸ ਦੇ ਆਗੂ ਦਾ ਨਾਮ ਕਾਰਵਾਈ ਵਿਚੋਂ ਕੱਢ ਦਿੱਤਾ।
ਸ੍ਰੀ ਠਾਕੁਰ ਨੇ ਕਿਹਾ ਕਿ ਯੂæਪੀæਐਸ਼ਸੀæ ਦੀ ਪ੍ਰੀਖਿਆ ਵਿਚ ਸਵਾਲ ਪੁੱਛਿਆ ਗਿਆ ਕਿ ਕੀ ਭਗਤ ਸਿੰਘ ‘ਇਨਕਲਾਬੀ ਇੰਤਹਾਪਸੰਦ’ ਸੀ। ਇਸ ਉਤੇ ਇਤਰਾਜ਼ ਜ਼ਾਹਰ ਕਰਦਿਆਂ ਉਨ੍ਹਾਂ ਸੰਕੇਤ ਦਿੱਤਾ ਕਿ ਇਨ੍ਹਾਂ ਲੇਖਕਾਂ ਦੇ ਯੂæਪੀæਏæ ਸਰਕਾਰ ਨਾਲ ਸਬੰਧ ਰਹੇ ਹਨ ਕਿਉਂਕਿ ਬਿਪਿਨ ਚੰਦਰ 2004 ਤੋਂ 2012 ਤੱਕ ਕੌਮੀ ਬੁੱਕ ਟਰੱਸਟ ਦੇ ਚੇਅਰਪਰਸਨ ਸਨ, ਜਦੋਂ ਕਿ ਮੁਖਰਜੀ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਚੁੱਕੀ ਹੈ।
________________________________________
ਭਗਤ ਸਿੰਘ ਦੇ ਹੱਕ ਵਿਚ ਨਿੱਤਰੀ ਸ਼੍ਰੋਮਣੀ ਕਮੇਟੀ
ਅੰਮ੍ਰਿਤਸਰ: ਦੇਸ਼ ਦੇ ਮਹਾਨ ਸ਼ਹੀਦ ਭਗਤ ਸਿੰਘ ਨੂੰ ਅਤਿਵਾਦੀ ਦੱਸਣ ਵਾਲੀ ਕਿਤਾਬ ਦੇ ਲੇਖਕ ਤੇ ਪ੍ਰਕਾਸ਼ਕ ਦੇਸ਼ ਵਾਸੀਆਂ ਕੋਲੋਂ ਮੁਆਫੀ ਮੰਗਣ। ਇਹ ਮੰਗ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦਿੱਲੀ ਯੂਨੀਵਰਸਿਟੀ ਦੀ ਕਿਤਾਬ ਵਿਚ ਭਗਤ ਸਿੰਘ ਨੂੰ ਅਤਿਵਾਦੀ ਦੱਸੇ ਜਾਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ‘ਭਾਰਤ ਦਾ ਸੁਤੰਤਰਤਾ ਸੰਘਰਸ਼’ ਦੀ ਕਿਤਾਬ ਦੇ ਅਧਿਆਏ 20 ਵਿਚ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਜਗ੍ਹਾ-ਜਗ੍ਹਾ ਅਤਿਵਾਦੀ ਲਿਖਿਆ ਜਾਣਾ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦੇ ਰੱਸੇ ਚੁੰਮ ਕੇ ਆਪਣੀਆਂ ਜਾਨਾਂ ਵਾਰੀਆਂ ਸਨ, ਪਰ ਅਫਸੋਸ ਹੈ ਕਿ 1990 ਤੋਂ ਪ੍ਰਕਾਸ਼ਿਤ ਹੋ ਰਹੀ ਕਿਤਾਬ ਨੂੰ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਗਲਤ ਪਾਠ ਪੜ੍ਹਾ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਦੇਸ਼ ਤੋਂ ਜਾਨਾਂ ਵਾਰਨ ਵਾਲੇ ਮਹਾਨ ਆਜ਼ਾਦੀ ਘੁਲਾਟੀਆਂ ਨੂੰ ਅਤਿਵਾਦੀ ਗਰਦਾਨ ਕੇ ਉਨ੍ਹਾਂ ਦਾ ਘੋਰ ਅਪਮਾਨ ਕੀਤਾ ਜਾ ਰਿਹਾ ਹੈ।