ਬਠਿੰਡਾ: ਪਾਕਿਸਤਾਨੀ ਜੇਲ੍ਹਾਂ ਵਿਚ ਬੰਦ ਭਾਰਤੀ ਫੌਜੀਆਂ ਦੇ ਪਰਿਵਾਰਾਂ ਨੂੰ ਅੱਜ ਵੀ ਉਨ੍ਹਾਂ ਦੇ ਵਾਪਸ ਪਰਤਣ ਦੀ ਉਮੀਦ ਹੈ। ਇਹ ਫੌਜੀ ਦੋਵਾਂ ਦੇਸ਼ਾਂ ਵਿਚਾਲੇ ਹੋਈਆਂ ਜੰਗਾਂ ਮੌਕੇ ਪਾਕਿਸਤਾਨੀ ਫੌਜ ਦੇ ਹੱਥੇ ਚੜ੍ਹ ਗਏ ਸਨ। ਇਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਭਾਰਤੀ ਫੌਜ ਸ਼ਹੀਦ ਦਾ ਦਰਜਾ ਦੇ ਚੁੱਕੀ ਹੈ, ਪਰ ਉਨ੍ਹਾਂ ਦੇ ਪਰਿਵਾਰ ਇਹ ਮੰਨਣ ਨੂੰ ਤਿਆਰ ਨਹੀਂ। ਅਜਿਹੇ ਹੀ ਇਕ ਫੌਜੀ ਦੀ ਮਿਸਾਲ ਭੁੱਚੋ ਮੰਡੀ ਵਿਖੇ ਸਾਹਮਣੇ ਆਈ ਹੈ, ਜਿਸ ਨੂੰ ਭਾਰਤ ਸਰਕਾਰ ਸ਼ਹੀਦ ਐਲਾਨ ਚੁੱਕੀ ਹੈ ਪਰ ਉਸ ਦਾ ਪਰਿਵਾਰ ਫੌਜੀ ਦੇ ਪਾਕਿਸਤਾਨ ਜੇਲ੍ਹ ਵਿਚ ਬੰਦ ਹੋਣ ਦੇ ਸਬੂਤ ਚੁੱਕ ਕੇ ਉਸ ਦੀ ਰਿਹਾਈ ਲਈ ਦਰ-ਦਰ ਦੀਆਂ ਠੋਕਰ ਖਾ ਰਿਹਾ ਹੈ।
ਮੰਡੀ ਦੇ ਵਾਰਡ ਨੰਬਰ 6 ਗੁਰੂ ਅਰਜਨ ਦੇਵ ਨਗਰ ਦੀ ਵਾਸੀ ਪਰਮਜੀਤ ਕੌਰ ਪਤਨੀ ਰਿਟਾਇਰਡ ਸੂਬੇਦਾਰ ਲਖਵੀਰ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਜਗਰਾਜ ਸਿੰਘ 1971 ਵਿਚ 102 ਇੰਜੀਨੀਅਰ ਰੈਜਮੈਂਟ ਬਤੌਰ ਸਿਪਾਹੀ ਫਿਰੋਜ਼ਪੁਰ ਸੈਕਟਰ ਤਾਇਨਾਤ ਸਨ ਕਿ ਭਾਰਤ ਪਾਕਿ ਜੰਗ ਸ਼ੁਰੂ ਹੋ ਗਈ। ਉਸ ਸਮੇਂ 102 ਇੰਜੀਨੀਅਰ ਰੈਜਮੈਂਟ ਦੇ ਕਮਾਂਡਿੰਗ ਅਫਸਰ ਲੈਫਟੀਨੈਂਟ ਕਰਨਲ ਐਮæਐਸ਼ ਗੁਸਾਈ ਵੱਲੋਂ ਲਿਖਿਆ ਪੱਤਰ ਉਨ੍ਹਾਂ ਦੇ ਘਰ ਪਹੁੰਚਿਆ ਜਿਸ ਵਿਚ ਉਸ ਦੇ ਪਿਤਾ ਜਗਰਾਜ ਸਿੰਘ ਦੇ ਤਿੰਨ ਦਸੰਬਰ 1971 ਨੂੰ ਸ਼ਹੀਦ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਾਡੇ ਪਰਿਵਾਰ ਨੂੰ ਉਨ੍ਹਾਂ ਦੀ ਲਾਸ਼ ਨਹੀਂ ਸੌਂਪੀ ਗਈ ਜਦੋਂ ਕਿ ਉਨ੍ਹਾਂ ਦੇ ਨਾਲ ਸ਼ਹੀਦ ਹੋਏ ਫੌਜੀਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ।
ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਉਨ੍ਹਾਂ ਦੇ ਪਿਤਾ ਸ਼ਹੀਦ ਨਹੀਂ ਹੋਏ। ਪਾਕਿ ਜੇਲ੍ਹ ਵਿਚ 12 ਸਾਲ ਉਨ੍ਹਾਂ ਦੇ ਨਾਲ ਕੈਦ ਕੱਟ ਕੇ ਭਾਰਤ ਵਾਪਸ ਪਹੁੰਚੇ ਫਿਰੋਜ਼ਪੁਰ ਦੇ ਸਤੀਸ਼ ਕੁਮਾਰ ਬਾਰੇ ਉਨ੍ਹਾਂ ਨੂੰ ਪਤਾ ਲੱਗਿਆ ਤਾਂ ਉਹ 12 ਜੁਲਾਈ 2012 ਨੂੰ ਉਨ੍ਹਾਂ ਕੋਲ ਗਏ ਤਾਂ ਉਸ ਨੇ ਜਗਰਾਜ ਸਿੰਘ ਦੀ ਫੋਟੋ ਸਾਨੂੰ ਦਿਖਾਈ। ਅਸੀਂ ਉਨ੍ਹਾਂ ਨੂੰ ਫੋਟੋ ਦੇਖ ਕੇ ਪਛਾਣ ਲਿਆ ਤਾਂ ਸਤੀਸ਼ ਕੁਮਾਰ ਨੇ ਦੱਸਿਆ ਕਿ 1974 ਵਿਚ ਸ਼ਾਹੀ ਕਿਲ੍ਹਾ ਜੇਲ੍ਹ ਲਾਹੌਰ ਵਿਚ ਉਸ ਨੂੰ ਇਕ ਪੰਜਾਬੀ ਮਿਲਿਆ ਸੀ। ਉਸ ਨੇ ਆਪਣਾ ਨਾਂ ਜਗਰਾਜ ਸਿੰਘ ਪਿੰਡ ਜੀਦਾ ਜ਼ਿਲ੍ਹਾ ਬਠਿੰਡਾ ਦੱਸਿਆ ਸੀ।
ਉਸ ਨੇ ਇਹ ਵੀ ਦੱਸਿਆ ਕਿ ਉਸ ਨੂੰ 1971 ਦੀ ਜੰਗ ਦੌਰਾਨ ਪਾਕਿ ਫੌਜ ਨੇ ਫੜ ਲਿਆ ਸੀ। ਸਿਪਾਹੀ ਜਗਰਾਜ ਸਿੰਘ ਦੀ ਬੇਟੀ ਪਰਮਜੀਤ ਕੌਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਹਰਰਾਏਪੁਰ ਜ਼ਿਲ੍ਹਾ ਬਠਿੰਡਾ ਦੇ ਹੌਲਦਾਰ ਚਰਨਜੀਤ ਸਿੰਘ ਜਿਹੜੇ ਉਨ੍ਹਾਂ ਦੇ ਪਿਤਾ ਨਾਲ ਫੌਜ ਵਿਚ ਸਨ, ਦੀ ਪਤਨੀ ਮਨਜੀਤ ਕੌਰ ਨੇ ਦੱਸਿਆ ਸੀ ਕਿ ਸਤੰਬਰ 2004 ਵਿਚ ਲਾਹੌਰ ਦੇ ਰੇਡੀਓ ਸਟੇਸ਼ਨ ਤੋਂ ਪ੍ਰਸਾਰਿਤ ਹੋਏ ਇਕ ਪ੍ਰੋਗਰਾਮ ਦੌਰਾਨ ਉਸ ਦੇ ਪਿਤਾ ਜਗਰਾਜ ਸਿੰਘ ਦੀ ਆਵਾਜ਼ ਸੁਣੀ ਸੀ ਜਿਸ ਵਿਚ ਉਸ ਨੇ ਦੱਸਿਆ ਸੀ ਕਿ ਉਹ ਇਕ ਜੰਗੀ ਕੈਦੀ ਹੈ।
ਉਸ ਦਾ ਨਾਂ ਜਗਰਾਜ ਸਿੰਘ ਹੈ ਤੇ ਉਸ ਦੇ ਪਿਤਾ ਦਾ ਨਾਂ ਪੂਰਨ ਸਿੰਘ ਹੈ ਅਤੇ ਉਹ ਪਿੰਡ ਜੀਦਾ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਹੈ। ਪਰਮਜੀਤ ਕੌਰ ਨੇ ਦੱਸਿਆ ਕਿ ਇਹ ਪਤਾ ਲੱਗਣ ਤੋਂ ਬਾਅਦ ਉਹ ਇਸ ਬਾਰੇ 102 ਇੰਜੀਨੀਅਰ ਰੈਜਮੈਂਟ ਦੇ ਕਮਾਂਡਰ ਨੂੰ ਸ੍ਰੀਨਗਰ ਵਿਖੇ ਜਾ ਕੇ ਮਿਲੇ ਸਨ ਅਤੇ ਉਨ੍ਹਾਂ ਨੂੰ ਆਪਣੇ ਪਿਤਾ ਦੇ ਜ਼ਿੰਦਾ ਹੋਣ ਦੀ ਖਬਰ ਦਿੱਤੀ ਸੀ ਜਿਸ ‘ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੇ ਬੰਬੇ ਇੰਜੀਨੀਅਰ ਗਰੁੱਪ ਦੇ ਕਮਾਂਡਰ ਨੂੰ ਅਗਲੀ ਕਾਰਵਾਈ ਕਰਨ ਲਈ ਪੱਤਰ ਲਿਖਿਆ ਸੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਇਸ ਬਾਰੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਜਾਣਕਾਰੀ ਦੇਣ ਲਈ ਇਕ ਲਿਖਤੀ ਪੱਤਰ ਹਲਕਾ ਇੰਚਾਰਜ ਦਰਸ਼ਨ ਸਿੰਘ ਕੋਟਫੱਤਾ ਨੂੰ ਦਿੱਤਾ ਹੈ ਅਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੇ ਪਿਤਾ ਦੀ ਪਾਕਿ ਜੇਲ੍ਹ ਚੋਂ ਰਿਹਾਈ ਕਰਵਾਈ ਜਾਵੇ। ਉਹ ਪਰਨੀਤ ਕੌਰ, ਬਲਵੰਤ ਸਿੰਘ ਰਾਮੂਵਾਲੀਆ ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਇਸ ਬਾਰੇ ਮਿਲ ਚੁੱਕੀ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ, ਸਾਬਕਾ ਰੱਖਿਆ ਮੰਤਰੀ ਏæਕੇæ ਐਂਟਨੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਭਾਰਤੀ ਫੌਜ ਨੂੰ ਲਿਖਤੀ ਬੇਨਤੀਆਂ ਕਰ ਚੁੱਕੀ ਹੈ ਪਰ ਹਾਲੇ ਤੱਕ ਉਸ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ।