ਗੁੜਗਾਓਂ ਤੇ ਪਟੌਦੀ ਵਿਚ ਹੋਇਆ ਸੀ 47 ਸਿੱਖਾਂ ਦਾ ਕਤਲੇਆਮ

ਚੰਡੀਗੜ੍ਹ: ਹੋਦ ਚਿੱਲੜ ਕਤਲੇਆਮ ਬਾਰੇ ਜਾਂਚ ਲਈ ਬਣੇ ਜਸਟਿਸ ਟੀæਪੀæ ਗਰਗ ਕਮਿਸ਼ਨ ਨੇ 1984 ਵਿਚ ਹਰਿਆਣਾ ਦੇ ਦੋ ਸ਼ਹਿਰਾਂ ਗੁੜਗਾਓਂ ਤੇ ਪਟੌਦੀ ਵਿਚ 47 ਸਿੱਖਾਂ ਨੂੰ ਮਾਰੇ ਜਾਣ ਅਤੇ ਹੋਰ ਨੁਕਸਾਨ ਦੀ ਰਿਪੋਰਟ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸੌਂਪ ਦਿੱਤੀ ਹੈ। ਰਿਪੋਰਟ ਸੌਂਪਣ ਨਾਲ ਕਮਿਸ਼ਨ ਦਾ ਕੰਮ ਵੀ ਖਤਮ ਹੋ ਗਿਆ ਹੈ। ਕਮਿਸ਼ਨ ਪਿੰਡ ਹੋਦ ਚਿੱਲੜ ਵਿਚ ਮਾਰੇ ਗਏ 32 ਸਿੱਖਾਂ ਸਬੰਧੀ ਪਹਿਲਾਂ ਹੀ ਸਰਕਾਰ ਨੂੰ ਰਿਪੋਰਟ ਸੌਂਪ ਚੁੱਕਾ ਹੈ ਤੇ ਸਰਕਾਰ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇ ਚੁੱਕੀ ਹੈ।

ਕਮਿਸ਼ਨ ਨੇ ਗੁੜਗਾਓਂ ਅਤੇ ਪਟੌਦੀ ਵਿਚ ਕਤਲ ਕੀਤੇ ਗਏ ਸਿੱਖਾਂ ਦੇ ਵਾਰਸਾਂ ਨੂੰ ਹੋਦ ਚਿੱਲੜ ਦੀ ਤਰਜ਼ ਉਤੇ ਹੀ ਮੁਆਵਜ਼ਾ ਦੇਣ ਦੀ ਸਿਫ਼ਾਰਸ਼ ਕੀਤੀ ਹੈ। ਕਮਿਸ਼ਨ ਨੇ ਹੋਦ ਚਿੱਲੜ ਵਿਚ ਮਾਰੇ ਗਏ ਵਿਅਕਤੀਆਂ ਦੇ ਵਾਰਸਾਂ ਨੂੰ ਵੀਹ ਲੱਖ ਪ੍ਰਤੀ ਵਿਅਕਤੀ, ਇਕ ਮਾਮਲੇ ਵਿੱਚ ਪੱਚੀ ਲੱਖ ਰੁਪਏ ਅਤੇ ਮਾਨਸਿਕ ਰੋਗੀ ਦੇ ਮਾਮਲੇ ਵਿਚ 50 ਲੱਖ ਰੁਪਏ ਦੇਣ ਦੀ ਸਿਫ਼ਾਰਸ਼ ਕੀਤੀ ਸੀ। ਇਸ ਤੋਂ ਇਲਾਵਾ ਹਰੇਕ ਪਟੀਸ਼ਨਰ ਨੂੰ ਪੰਜ ਪੰਜ ਲੱਖ ਰੁਪਏ ਦੇਣ ਲਈ ਕਿਹਾ ਗਿਆ ਸੀ। ਇਸ ਆਧਾਰ ਉਤੇ ਗੁੜਗਾਓਂ ਤੇ ਪਟੌਦੀ ਦੇ ਪੀੜਤ ਪਰਿਵਾਰਾਂ ਨੂੰ ਸਹਾਇਤਾ ਦਿੱਤੀ ਜਾਵੇਗੀ। ਹਰਿਆਣਾ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਕੁਝ ਹੋਰ ਥਾਵਾਂ ਉਤੇ ਵੀ 1984 ਵੇਲੇ ਕਤਲੇਆਮ ਹੋਇਆ ਸੀ ਤੇ ਉਨ੍ਹਾਂ ਨੂੰ ਮੁਆਵਜ਼ਾ ਦੇਣਾ ਪੈ ਸਕਦਾ ਹੈ। ਮੁਆਵਜ਼ਾ ਦੇਣ ਲਈ ਇਕ ਹੀ ਆਧਾਰ ਰੱਖਣਾ ਪਵੇਗਾ। ਵਰਨਣਯੋਗ ਹੈ ਕਿ ਸਾਲ 2011 ਦੇ ਫਰਵਰੀ ਮਹੀਨੇ ਵਿਚ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਹੋਦ ਚਿੱਲੜ ਵਿਚ ਸਿੱਖਾਂ ਦੇ ਕਤਲੇਆਮ ਦੀ ਜਾਣਕਾਰੀ ਮਿਲੀ ਸੀ ਤੇ ਉਸ ਤੋਂ ਬਾਅਦ ਉਹ ਇਸ ਪਿੰਡ ਗਿਆ ਤੇ ਉਸ ਨੇ ਕੁਝ ਹੋਰਾਂ ਦੀ ਮਦਦ ਨਾਲ ਇਸ ਮਾਮਲੇ ਨੂੰ ਮੀਡੀਆ ਵਿੱਚ ਉਭਾਰਿਆ। ਇਹ ਮਾਮਲਾ ਭਖਣ ਤੋਂ ਬਾਅਦ ਤਤਕਾਲੀ ਭੁਪਿੰਦਰ ਸਿੰਘ ਹੁੱਡਾ ਸਰਕਾਰ ਨੇ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਟੀæਪੀæ ਗਰਗ ਦੀ ਅਗਵਾਈ ਹੇਠ ਜਾਂਚ ਕਮਿਸ਼ਨ ਕਾਇਮ ਕੀਤਾ ਸੀ। ਜਾਂਚ ਦੌਰਾਨ ਕਮਿਸ਼ਨ ਨੂੰ ਉਸ ਵੇਲੇ ਗੁੜਗਾਓਂ ਵਿਚ ਸਿੱਖਾਂ ਦੇ 297 ਘਰ ਸਾੜੇ ਜਾਣ ਦਾ ਪਤਾ ਲੱਗਿਆ ਹੈ। ਪਟੌਦੀ ਵਿਚ ਘਰਾਂ ਤੋਂ ਇਲਾਵਾ ਸਿੱਖਾਂ ਦੀਆਂ ਫੈਕਟਰੀਆਂ ਸਾੜੀਆਂ ਗਈਆਂ ਸਨ।
ਸ੍ਰੀ ਗਿਆਸਪੁਰਾ ਨੇ ਇਨ੍ਹਾਂ ਮਾਮਲਿਆਂ ਨੂੰ ਵੀ ਜਾਂਚ ਕਮਿਸ਼ਨ ਦੇ ਘੇਰੇ ਵਿਚ ਲਿਆਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਦਿੱਤੀ। ਅਦਾਲਤ ਨੇ ਜੁਲਾਈ 2012 ਵਿਚ ਕਮਿਸ਼ਨ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਦੋਵਾਂ ਥਾਵਾਂ ਉਤੇ ਜਾਨ-ਮਾਲ ਦੇ ਹੋਏ ਨੁਕਸਾਨ ਦੀ ਰਿਪੋਰਟ ਦਿੱਤੀ ਜਾਵੇ। ਛੇ ਮਹੀਨਿਆਂ ਲਈ ਗਠਿਤ ਕੀਤੇ ਕਮਿਸ਼ਨ ਦੀ ਮਿਆਦ ਵਿਚ ਦਸ ਵਾਰ ਵਾਧਾ ਕੀਤਾ ਗਿਆ। ਹੁਣ ਆਖਰੀ ਵਾਰ ਕਮਿਸ਼ਨ ਦੀ ਮਿਆਦ 31 ਮਾਰਚ ਤੱਕ ਵਧਾਈ ਗਈ ਸੀ ਅਤੇ ਕਮਿਸ਼ਨ ਨੇ ਮਿਆਦ ਖਤਮ ਹੋਣ ਤੋਂ ਲਗਪਗ ਇਕ ਮਹੀਨੇ ਬਾਅਦ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੀ ਹੈ।
____________________________________
ਹੋਦ ਚਿੱਲੜ ਵਿਚ ਯਾਦਗਾਰ ਦਾ ਮਾਮਲਾ ਲਟਕਿਆ
ਚੰਡੀਗੜ੍ਹ: ਹਰਿਆਣਾ ਦੇ ਹੋਦ ਚਿੱਲੜ ਵਿਚ 1984 ਦੇ ਸਮੇਂ ਸਿੱਖਾਂ ਦੇ ਕਤਲ ਦਾ ਪਤਾ ਲੱਗਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਥੇ ਕਤਲ ਕੀਤੇ ਗਏ ਵਿਅਕਤੀਆਂ ਦੀ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਸੀ। ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਸ਼੍ਰੋਮਣੀ ਕਮੇਟੀ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਪਿੰਡ ਹੋਦ ਚਿੱਲੜ ਦੇ ਪੀੜਤ ਪਰਿਵਾਰਾਂ ਨੂੰ ਭਾਵੇਂ ਸਰਕਾਰੀ ਮੁਆਵਜ਼ਾ ਮਿਲ ਚੁੱਕਿਆ ਹੈ, ਪਰ ਪਿੰਡ ਵਿਚ ਮਾਰੇ ਗਏ ਸਿੱਖਾਂ ਦੀ ਯਾਦਗਾਰ ਬਣਾਉਣ ਦਾ ਮਾਮਲਾ ਲਟਕਿਆ ਹੋਇਆ ਹੈ। ਐਲਾਨ ਤੋਂ ਪੰਜ ਸਾਲ ਬੀਤਣ ਬਾਅਦ ਵੀ ਯਾਦਗਾਰ ਨੂੰ ਅਮਲੀਜਾਮਾ ਨਾ ਪਹਿਨਾਏ ਜਾਣ ਕਾਰਨ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਵਿਚ ਰੋਸ ਦੀ ਲਹਿਰ ਹੈ।