ਚੰਡੀਗੜ੍ਹ: ਪੰਜਾਬ ਦੇ ਕਾਂਗਰਸੀਆਂ ਨੇ ਇਕ ਫਿਰ ਹਾਈ ਕਮਾਨ ਕੋਲ ਆਪਣੇ ਦੁਖੜੇ ਫਰੋਲਦਿਆਂ ਮਦਦ ਦੀ ਗੁਹਾਰ ਲਾਈ ਹੈ। ਕਾਂਗਰਸੀਆਂ ਨੇ ਲੰਘੇ ਦਿਨੀਂ ਜੈਪੁਰ ਵਿਚ ਕਾਂਗਰਸ ਦੇ ਚਿੰਤਨ ਕੈਂਪ ਵਿਚ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਵਿਚ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਖ਼ਿਲਾਫ਼ ਵਰਤੀ ਭੱਦੀ ਸ਼ਬਦਾਵਲੀ ਤੇ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਉਪਰ ਅਕਾਲੀ ਨੇਤਾਵਾਂ ਵੱਲੋਂ ਕੀਤੇ ਹਮਲਿਆਂ ਤੋਂ ਬਾਅਦ ਬਣੀ ਹਾਲਤ ਬਾਰੇ ਜਾਣਕਾਰੀ ਦਿੱਤੀ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਅਨੁਸਾਰ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਤੇ ਕੇਂਦਰੀ ਯੋਜਨਾਵਾਂ ਵਿਚ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਹੇਰਾਫੇਰੀਆਂ ਦੀ ਤੱਥਾਂ ਸਮੇਤ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਅਕਾਲੀ-ਭਾਜਪਾ ਸਰਕਾਰ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣ ਦੀ ਮੰਗ ਕਰਦੇ ਹੋਏ ਦਾਅਵਾ ਕੀਤਾ ਕਿ ਪੰਜਾਬ ਵਿਚ ਅੱਜ ਲੋਕਤੰਤਰ ਦਾ ਰਾਜ ਨਹੀਂ ਬਲਕਿ ਮਾਫ਼ੀਆ ਦਾ ਰਾਜ ਚੱਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਦਿੱਲੀ ਵਿਚ ਗ੍ਰਹਿ ਮੰਤਰੀ ਨਾਲ ਉਨ੍ਹਾਂ ਦੇ ਦਫ਼ਤਰ ਮਿਲ ਕੇ ਪੰਜਾਬ ਵਿਚ ਵਿਗੜ ਰਹੇ ਹਾਲਾਤ ਤੇ ਕਾਂਗਰਸੀ ਵਰਕਰਾਂ ‘ਤੇ ਕੀਤੀ ਜਾ ਰਹੀ ਧੱਕੇਸ਼ਾਹੀ ਤੇ ਖਾੜਕੂਵਾਦ ਸਮੇਂ ਵਿਚ ਜਨ ਸੇਵਾ ਵਿਚ ਲੱਗੇ ਨੇਤਾਵਾਂ ਦੀ ਸੁਰੱਖਿਆ ਵਾਪਸ ਲੈਣ ਦੀ ਜਾਣਕਾਰੀ ਦਿੱਤੀ ਸੀ ਜਿਸ ਬਾਬਤ ਗ੍ਰਹਿ ਮੰਤਰੀ ਨੇ ਸ੍ਰੀ ਜਾਖੜ ਨਾਲ ਪੰਜਾਬ ਵਿਚ ਲੋਕਤੰਤਰ ਦੀ ਬਹਾਲੀ ਲਈ ਸਲਾਹ ਮਸ਼ਵਰਾ ਕਰਨ ਲਈ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਸੁਨੀਲ ਜਾਖੜ ਨੇ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਪੰਜਾਬ ਵਿਚ ਅਕਾਲੀ-ਭਾਜਪਾ ਵੱਲੋਂ ਮੁੜ ਸੱਤਾ ਵਿਚ ਕਾਬਜ਼ ਹੋਣ ‘ਤੇ ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦਾ ਗੈਰ ਕਾਨੂੰਨੀ ਧੰਦਾ ਕਰਨ ਵਾਲੇ, ਰੇਤ-ਬੱਜਰੀ-ਇੱਟ ਤੇ ਭੂ ਮਾਫ਼ੀਆ ਭਾਰੂ ਹੋ ਗਏ ਹਨ। ਵਿਧਾਨ ਸਭਾ ਚੋਣਾਂ ਵਿਚ ਵੋਟਰਾਂ ‘ਤੇ ਦਬਾਅ ਪਾਉਣ ਲਈ ਹਰ ਤਰ੍ਹਾਂ ਤੇ ਹੱਥਕੰਡੇ ਅਪਣਾਉਣ ਲਈ ਇਨ੍ਹਾਂ ਮਾਫ਼ੀਆ ਦਾ ਵੱਡੇ ਪੱਧਰ ‘ਤੇ ਇਸਤੇਮਾਲ ਕੀਤਾ ਗਿਆ ਸੀ ਇਸ ਲਈ ਹੁਣ ਇਨ੍ਹਾਂ ‘ਤੇ ਰੋਕ ਲਾਉਣਾ ਸੱਤਾਧਾਰੀ ਸਰਕਾਰ ਦੇ ਅਨੁਕੂਲ ਨਹੀਂ ਬੈਠਦਾ।
ਸ੍ਰੀ ਜਾਖੜ ਨੇ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਹਰ ਰੋਜ਼ ਪੂਰੇ ਸੂਬੇ ਵਿਚ ਗ਼ਰੀਬ ਤੇ ਦਲਿਤਾਂ ‘ਤੇ ਅੱਤਿਆਚਾਰ ਕੀਤੇ ਜਾ ਰਹੇ ਹਨ ਤਾਂ ਜੋ ਉਹ ਅਪਣਾ ਹੱਕ ਨਾ ਮੰਗ ਸਕਣ। ਕਾਂਗਰਸੀ ਵਰਕਰਾਂ ਤੇ ਨੇਤਾਵਾਂ ਤੋ ਇਲਾਵਾ ਜਨਤਾ ਵੱਲੋਂ ਚੁਣੇ ਨੁਮਾਇੰਦਿਆਂ ਨੂੰ ਡਰਾਉਣ ਧਮਕਾਉਣ ਦੇ ਬਾਅਦ ਸੱਤਾਧਾਰੀ ਆਗੂਆਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਉਹ ਵਿਧਾਨ ਸਭਾ ਵਿਚ ਵੀ ਕਾਂਗਰਸੀ ਵਿਧਾਇਕ ਖ਼ਿਲਾਫ਼ ਭੱਦੀ ਸ਼ਬਦਾਵਲੀ ਦੀ ਵਰਤੋ ਕਰਕੇ ਖ਼ੌਫ਼ ਪੈਦਾ ਕਰ ਰਹੇ ਹਨ।
ਇਸ ਦੇ ਬਾਵਜੂਦ ਵਿਧਾਨ ਸਭਾ ਦੇ ਸਪੀਕਰ ਨੇ ਸਾਰੇ ਕਾਇਦੇ ਕਾਨੂੰਨਾਂ ਦੀਆ ਧੱਜੀਆਂ ਉਡਾਉਂਦੇ ਹੋਏ ਉਲਟਾ ਕਾਂਗਰਸੀ ਵਿਧਾਇਕ ‘ਤੇ ਕਾਰਵਾਈ ਕਰਕੇ ਸੰਦੇਸ਼ ਦਿੱਤਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹੇਗੀ। ਗ੍ਰਹਿ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਦੇ ਹਾਲਾਤ ਦੀ ਰਿਪੋਰਟ ਜਲਦੀ ਹੀ ਆਪਣੇ ਅਧਿਕਾਰੀਆਂ ਤੋ ਮੰਗਵਾ ਕੇ ਸੂਬਾ ਸਰਕਾਰ ਨੂੰ ਆਮ ਜਨਤਾ ਤੇ ਕਾਂਗਰਸੀ ਵਰਕਰਾਂ ਤੇ ਕੀਤੀ ਜਾ ਰਹੀ ਧੱਕੇਸ਼ਾਹੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦੇਣਗੇ।
Leave a Reply