ਕਾਨਾ ਸਿੰਘ ਨੇ ਸ਼ਾਇਰੀ ਵੀ ਕੀਤੀ ਹੈ ਅਤੇ ਕਹਾਣੀਆਂ ਵੀ ਲਿਖੀਆਂ ਹਨ। ਬਾਲ ਰਚਨਾਵਾਂ ਵੀ ਸਾਹਿਤ ਜਗਤ ਦੀ ਝੋਲੀ ਪਾਈਆਂ ਹਨ। ਹੋਰ ਵੀ ਕਈ ਕੁਝ ਲਿਖਿਆ ਹੈ, ਨਿੱਕ-ਸੁੱਕ; ਪਰ ਉਹਦੀ ਨਸਰ (ਵਾਰਤਕ) ਦਾ ਰੰਗ ਨਿਰਾਲਾ ਹੈ। ਰਸਦਾਰ, ਸੁਘੜ, ਚੁਸਤ। ਕਰਤਾਰ ਸਿੰਘ ਦੁੱਗਲ ਅਤੇ ਪ੍ਰੋæ ਮੋਹਨ ਸਿੰਘ ਤੋਂ ਬਾਅਦ ਉਹਦੀਆਂ ਰਚਨਾਵਾਂ ਵਿਚ ਪੋਠੋਹਾਰ ਭਰਵੇਂ ਰੂਪ ਵਿਚ ਪੇਸ਼ ਹੈ। ਐਤਕੀਂ ‘ਕੜ ਪਾਟ ਗਿਆ’ ਲੇਖ ਵਿਚ ਉਹਨੇ ਦਿੱਲੀ ਦੀ ਕਹਾਣੀਕਾਰ ਜੋੜੀ ਰਾਜਿੰਦਰ ਕੌਰ ਅਤੇ ਕੁਲਦੀਪ ਬੱਗਾ ਨਾਲ ਸਬੰਧਤ ਗੱਲਾਂ ਕੀਤੀਆਂ ਹਨ।
ਇਹਦੇ ਵਿਚ ਘੁਲੀ ਉਦਾਸੀ ਐਨ ਨਿਆਰੇ ਰੰਗ ਵਿਚ ਪੇਸ਼ ਹੋਈ ਹੈ। -ਸੰਪਾਦਕ
“ਕੁਲਦੀਪ ਬੱਗਾ ਨਹੀਂ ਰਿਹਾ।
ਕੁਲਦੀਪ ਬੱਗਾ ਨਹੀਂ ਰਿਹਾ।”
æææ æææ æææ
ਕਿਉਂਂ ਨਹੀਂ ਰਿਹਾ ਕੁਲਦੀਪ ਬੱਗਾæææ? ਕੀਕੂੰ ਮਰ ਸਕਦੈ ਭਲਾæææ? ਲਾਲੀ ਤਾਂ ਚੋਅ ਚੋਅ ਪੈਂਦੀ ਸੀ ਉਸ ਦੀ। ਦੰਦ ਤਾਂ ਰੱਬ ਨੇ ਦਿੱਤੇ ਹੀ ਹੱਸਣ ਲਈ ਸਨæææਉਸ ਦੀਆਂ ਗੋਲ ਗੋਲ ਅੱਖਾਂ ਦੇ ਲਿਸ਼ਕਾਰੇ ਐਨਕਾਂ ਨੂੰ ਪਾੜ ਪਾੜ ਸੁੱਟਦੇ ਸਨæææਸੂਖਮ ਜਿਹਾ ਸਰੀਰ।
ਨਾ ਸਿਰ ਪੀੜ, ਨਾ ਬੁਖਾਰ। ਨਾ ਬਲੱਡ ਪਰੈਸ਼ਰ, ਨਾ ਡਾਇਆਬਟੀਜ਼æææਦਾਰੂ ਦਾ ਵੀ ਸ਼ੌਕ ਨਾ। ਕੋਈ ਇੱਲਤ ਨਾæææਨਿਰਾ ਸੋਫੀæææਨਪਿਆ ਤੁਲਿਆ ਖਾਣਾ, ਘੱਟ ਬੋਲਣਾ। ਸ਼ਾਂਤ ਚਿੱਤæææਸੁਥਰੀ ਔਲਾਦæææਦੋ ਭੋਲੇ ਭਾਲੇ ਉਹਦੇ ਵਰਗੇ ਹੀ ਸੁਹਲ, ਸੁਸ਼ੀਲ ਤੇ ਆਗਿਆਕਾਰੀ ਬੱਚੇ।
ਪਤੀ-ਪਤਨੀ ਵਿਚ ਪੂਰਾ ਤਾਲ ਮੇਲ਼ææਨਾ ਸ਼ੱਕ, ਨਾ ਈਰਖਾ। ਨਾ ਲੜਾਈ, ਨਾ ਝਗੜਾ। ਸਹੇਲੀਆਂ ਸਾਂਝੀਆਂ। ਮਿਤਰ ਸਾਂਝੇ। ਸੌਖੇ, ਸਹਿਜ ਸੁਹਿਰਦ! ਵਿਸ਼ਾਲ ਦਿਲ, ਨਮਰ ਮਨ! ਇਕ ਦੂਜੇ ਲਈ ਜਿਉਂਦੇ। ਇਕ ਦੂਜੇ ਦਾ ਵਿਸਥਾਰ। ਇਕ ਦੂਜੇ ਦੇ ਪੂਰਕ। ਪਿਆਰ ਪੰਛੀ! ਫਿਰ ਕਿਉਂ ਨਹੀਂ ਰਿਹਾ ਕੁਲਦੀਪ ਬੱਗਾ? ਨਾ ਰਹਿਣ ਲਈ ਹੋਰ ਥੋੜੇ ਸਨæææ? ਪੀੜ, ਝੁੰਜਲਾਹਟ, ਕ੍ਰੋਧ, ਵਿਦਰੋਹ ਨਾਲ ਵਲਿੱਆਸੀ ਪਈ ਸੀ ਮੇਰੀ ਜਾਨ। ਥ੍ਰੀਵ੍ਹੀਲਰ ਦੌੜ ਰਿਹਾ ਸੀ, ਪਰ ਵਿਚਾਰਾਂ ਦੀ ਦੌੜ ਤੋਂ ਦੂਰ ਪਿੱਛੇ। ਜਿਉਂ ਜਿਉਂ ਨਰਾਇਣ ਵਿਹਾਰ ਨੇੜੇ ਆਉਂਦਾ ਗਿਆ, ਦਿਲ ਬੈਠਦਾ ਗਿਆ। ਪੌੜੀਆਂ ਚੜ੍ਹਨ ਵੇਲੇ ਹਮੇਸ਼ਾਂ ਹੀ ਮੈਨੂੰ ਸਾਹ ਚੜ੍ਹ ਜਾਂਦਾ ਹੈ, ਪਰ ਅੱਜ ਕਿਥੇ ਸੀ ਸਾਹ-ਸੱਤ, ਚੜ੍ਹਨ ਜਾਂ ਉਤਰਨ ਲਈ?
æææ æææ æææ
æææ ‘ਰੋਣਾ ਨਹੀਂ।’
ਗਲੇ ਲੱਗੀ ਹੀ ਸਾਂ ਕਿ ਧੂ ਕੇ ਵੱਖ ਕਰ ਦਿੱਤਾ ਉਸ। ਸਾਫ ਸੁਥਰੇ, ਫੱਬਦੇ ਸੂਟ ਵਿਚ। ਹਲਕਾ ਨੀਲਾ ਲਿਬਾਸ। ਸੁਹਣੇ ਸੰਵਰੇ ਵਾਲ। ਏਨੀ ਉਜਲੀ ਤੇ ਆਕਰਸ਼ਕ ਕਦੇ ਨਹੀਂ ਸੀ ਲੱਗੀ ਉਹ ਮੈਨੂੰ। ‘ਕੀ ਪੀੜ ਬੰਦੇ ਨੂੰ ਸੁਹਣਾ ਬਣਾ ਦੇਂਦੀ ਹੈ?’æææਹਲਕੀ ਜਿਹੀ ਮੁਸਕਰਾਹਟ। ਅਡੋਲ ਦਿੱਖ। ਕਹਾਣੀਕਾਰ ਕੇæ ਜਗਜੀਤ ਉਸ ਦਾ ਭਰਾ। ਮਾਂ, ਭੈਣਾਂ, ਭਾਬੀਆਂ, ਸਨੇਹੀ, ਮਿੱਤਰ, ਜੁਗਿੰਦਰ ਅਮਰ, ਅਮਰ ਸਿੰਘ (ਕਬਰਪੁੱਟ) ਤੇ ਉਸ ਦੀ ਪਤਨੀ। ਹੋਰ ਵੀ ਕਿੰਨੇ ਹੀ ਸਾਹਿਤਕਾਰ ਉਰਦੂ, ਹਿੰਦੀ ਤੇ ਪੰਜਾਬੀ ਦੇ। ਇਕ ਇਕ ਨਾਲ ਪਰੀਚੈ ਕਰਾਇਆ ਉਸ।
‘ਰੋਣਾ ਨਹੀਂ’-ਜਿਹੜਾ ਵੀ ਸਾਕ ਸਬੰਧੀ, ਮਿੱਤਰ ਆਉਂਦਾ, ਗਲੇ ਲਗਦਾ, ਉਹ ਵਰਜਦੀ। ਸਹਿਜ ਨਾਲ ਮਿਲ ਰਹੀ ਸੀ ਸਭ ਨਾਲ।
‘ਸਫਰ ਕਰ ਕੇ ਆਈ ਏਂ, ਨਹਾ ਲੈ।’ ਉਸ ਆਪੇ ਗੀਜ਼ਰ ਚਾਲੂ ਕੀਤਾ। ਨਹਾ ਕੇ ਨਿਕਲੀ ਤਾਂ ਚਾਹ ਦਾ ਕੱਪ। ਨਾਲ ਬਿਸਕੁਟæææਪਹਿਲਾਂ ਹਮੇਸ਼ਾਂ ਕੁਲਦੀਪ ਹੀ ਦਿਆ ਕਰਦਾ ਸੀ ਚਾਹ।
‘ਰੋਟੀ ਖਾ ਕੇ ਜਾਣਾ।’ ਕੁਝ ਸਨੇਹੀ ਉਠਣ ਲੱਗੇ ਤਾਂ ਉਸ ਰੋਕ ਲਏ।
‘ਸ਼ੈਲੀ, ਇਨ੍ਹਾਂ ਦੇ ਘਰ ਫੋਨ ਕਰ ਦੇ, ਇਹ ਖਾਣਾ ਖਾ ਕੇ ਜਾਣਗੇ।’ ਫਿਰ ਸਲਾਦ ਕੱਟਣ ਲਗੀ। ਵੱਡੀ ਸਾਰੀ ਪਰਾਤ ਵਿਚ। ਢੇਰ ਸਾਰੀ।
ਸਲਾਦ ਹਮੇਸ਼ਾਂ ਕੁਲਦੀਪ ਕੱਟਿਆ ਕਰਦਾ ਸੀ; ਬੜੀ ਪ੍ਰੀਤ ਨਾਲ। ਮੇਜ਼ ਉਹੀ ਲਗਾਂਦਾ ਸੀ। ਫਿਰ ਖਾਣੇ ਮਗਰੋਂ ਕਲੀਅਰ ਕਰਦਾ ਸੀ। ਗੈਸ ਉਤੇ ਸਬਜ਼ੀ ਉਹ ਰੱਖਦੀ ਸੀ, ਕੜਛੀ ਉਹ ਮਾਰਦਾ ਸੀ। ਅੱਜ ਉਹ ਆਪੇ ਹੀ ਵਰਤਾਅ ਰਹੀ ਸੀ। ਭੈਣਾਂ, ਭਰਜਾਈਆਂ, ਸ਼ੈਲੀ, ਗਿਨੀ ਵੀ ਮਦਦ ਕਰ ਰਹੇ ਸਨ, ਪਰ ਕੁਲਦੀਪ ਵਾਲੇ ਸਾਰੇ ਕੰਮ ਉਸ ਆਪ ਸੰਭਾਲ ਲਏ ਜਾਪਦੇ ਸਨ।
ਖਾਣੇ ਵਿਚ ਮੱਖਣੀ ਦਾਲ, ਮਟਰ-ਪਨੀਰ ਤੇ ਰਾਇਤਾ। ਪਾਪੜ ਅਚਾਰ। ਉਸੇ ਤਰ੍ਹਾਂ ਸੁਆਦੀ। ਕੋਈ ਰਹਿ ਨਾ ਜਾਵੇ। ਸਭ ਦਾ ਖਿਆਲ, ਕੁਲਦੀਪ ਵਾਂਗ।
ਵਿਆਹ ਵਾਲੀ ਗਹਿਮਾ ਗਹਿਮ ਤਾਂ ਨਹੀਂ ਸੀ, ਪਰ ਵਾਤਾਵਰਨ ਸੋਗੀ ਵੀ ਨਹੀਂ ਸੀ। ਕਿਸੇ ਗੰਭੀਰ ਸਮਾਗਮ ਵਰਗਾ ਮਾਹੌਲ। ਰਾਤ ਪੈ ਚੁੱਕੀ ਸੀ। ਦੂਜੇ ਦਿਨ, ਛੇ ਅਗਸਤ, ਭੋਗ ਸੀ। ਸਵੇਰ ਦੇ ਲੰਗਰ ਦੀ ਤਿਆਰੀ ਹੋ ਰਹੀ ਸੀ।
ਵਿਹੜੇ ਦਾ ਬਿਰਛ ਡਿੱਗ ਪਿਆ ਸੀ। ਚੌਫਾਲ। ਬਿਨਾਂ ਕੋਈ ਝੱਖੜ ਝੁੱਲਿਆਂ, ਪਰ ਮਹਿਕ ਛੱਡ ਗਿਆ ਸੀ- ‘ਵਿਹੜੇ ਦੀ ਮਹਿਕ’।
ਜਾਪਦਾ ਨਹੀਂ ਸੀ ਕਿ ਚਲਾ ਗਿਆ ਹੈ ਉਹ। ਬਸ ਹੁਣੇ ਹੀ ਪਰਤਣ ਵਾਲਾ ਹੈ। ਪਰਦੇਸੋਂ। ਇਸੇ ਲਈ ਤਿਆਰੀ ਹੋ ਰਹੀ ਹੈ ਸ਼ਾਇਦ।
ਕੁਝ ਮਹਿਮਾਨਾਂ ਦੇ ਸੌਣ ਦਾ ਪ੍ਰਬੰਧ ਥੱਲੇ ਕੀਤਾ ਗਿਆ। ਫਲੈਟ ਵਿਚ। ਬਾਕੀਆਂ ਦਾ ਉਪਰ। ਟੈਰੇਸ ਉਤੇ। ਚੱਦਰਾਂ, ਸਿਰਹਾਣੇ, ਦਰੀਆਂ, ਖੇਸ ਉਹ ਕੱਢ ਕੱਢ ਦੇ ਰਹੀ ਸੀ।
‘ਚੱਦਰਾਂ ਹਮੇਸ਼ਾਂ ਕੁਲਦੀਪ ਹੀ ਖਰੀਦਦਾ ਹੈ। ਕੱਪੜੇ, ਬਿਸਤਰੇ, ਕਰੌਕਰੀ, ਫਰਨੀਚਰ।æææਕੁਲਦੀਪ ਦੀ ਚੌਇਸ ਮੇਰੇ ਨਾਲੋਂ ਚੰਗੀ ਹੈ। ਇਹ ਲੈਂਪ ਇਨ੍ਹਾਂ ਦੀ ਹੀ ਪਸੰਦ ਹੈæææ।’
ਪਿਛਲੀ ਫੇਰੀ ਉਤੇ ਮੈਂ ਲੈਂਪ ਦੀ ਤਾਰੀਫ ਕੀਤੀ ਸੀ ਤੇ ਬਿੱਨੀ ਦੀਆਂ ਚੱਦਰਾਂ ਦੀ ਵੀ; ਤਾਂ ਉਸ ਕਿਹਾ ਸੀ।
‘ਵਾਹ। ਕੁਲਦੀਪ ਦੀ ਚੌਇਸ ਆਪਣੇ ਨਾਲੋਂ ਵਧੀਆ ਆਖ ਕੇ ਸਾਰੇ ਨੰਬਰ ਆਪੇ ਲੈ ਗਈ।’ ਮੈਂ ਹੱਸੀ ਸਾਂ। ਕੁਲਦੀਪ ਮੁਸ ਮੁਸ ਕਰ ਰਿਹਾ ਸੀ। ਉਸ ਨੂੰ ਕਿਥੇ ਲੋੜ ਹੁੰਦੀ ਸੀ ਭਾਸ਼ਾ ਦੀ। ਉਹ ਤਾਂ ਬਿਨਾ ਬੋਲਿਆਂ ਹੀ ਕਹਿ ਜਾਂਦਾ ਸੀ ਸਭ ਕੁਝ।
‘ਤੂੰ ਕਿਥੇ ਸੌਵੇਂਗੀ?’ ਉਸ ਪੁਛਿਆ।
‘ਜਿਥੇ ਤੂੰæææ।’
ਇਹ ਵੀ ਭਲਾ ਕੋਈ ਪੁੱਛਣ ਵਾਲੀ ਗੱਲ ਸੀ? ਮੈਂ ਸੋਚ ਰਹੀ ਸਾਂ। ਕਦੇ ਸੁੱਤੀ ਸਾਂ ਮੈਂ ਉਸ ਤੋਂ ਵੱਖ? ਉਹ ਤੇ ਮੈਂ ਬੈਡ ਰੂਮ ਵਿਚ। ਕੁਲਦੀਪ ਦੂਜੇ ਕਮਰੇ ਵਿਚ, ਬੱਚਿਆਂ ਵਾਲੇ, ਜਾਂ ਫਿਰ ਸ਼ਾਇਦ ਹਾਲ ਵਿਚ, ਕਿਸ ਨੂੰ ਸੁੱਧ ਹੁੰਦੀ ਸੀ ਉਸ ਦੀ।æææਗੱਲਾਂ ਗੱਲਾਂ ਗੱਲਾਂæææ। ਅੱਧੀ ਅੱਧੀ ਰਾਤ ਤਕ। ਕਦੇ ਸਾਰੀ ਸਾਰੀ। ਪਤਾ ਨਹੀਂ ਕਦੋਂ ਮੇਰੀਆਂ ਅੱਖਾਂ ਨੀਂਦ ਨਾਲ ਬੋਝਲ ਹੁੰਦੀਆਂ। ਪਹਿਲਾਂ ਮੈਂ ਹੀ ਮੈਦਾਨ ਛੱਡਦੀ ਸਾਂ। ਬੱਤੀ ਕਦੇ ਮੇਰੇ ਜਾਗਦਿਆਂ ਬੰਦ ਨਹੀਂ ਸੀ ਹੋਈ। ਉਹੀ ਦਬਾਂਦੀ ਹੋਵੇਗੀ ਬੈਡ ਸਵਿਚ। ਮੇਰੇ ਸੌਣ ਮਗਰੋਂ।
æææ æææ æææ
ਪੈ ਗਈਆਂ ਸਾਂ ਟੈਰੇਸ ਉਤੇ। ਨਾਲੋ ਨਾਲ।
æææ æææ æææ
‘ਤੇਰੇ ਵਾਲ ਕਿਤਨੇ ਚਿੱਟੇ ਹੋ ਗਏ, ਤੂੰ ਡਾਈ ਕਿਉਂ ਨਹੀਂ ਕਰਦੀ?’ ਉਸ ਆਪਣੀ ਛੋਟੀ ਭੈਣ ਨੂੰ ਕਿਹਾ।
ਮੈਂ ਤ੍ਰਭਕ ਪਈ। ‘ਕਲ੍ਹ ਸਵੇਰੇ ਸਵੇਰੇ ਕਰ ਲਈਂ।’
‘ਮਿੱਠੂ (ਜਾਂ ਇਹੋ ਜਿਹਾ ਕੋਈ ਪੁਲਿੰਗ ਨਾਂ) ਦਾ ਰਿਸ਼ਤਾ ਜੇ ਸਿੰਮੀ ਨਾਲ ਹੋ ਜਾਵੇ ਤਾਂ?’ ਉਸ ਆਪਣੀ ਭਰਜਾਈ, ਪ੍ਰੀਤਮ ਬੇਲੀ ਦੀ ਪਤਨੀ ਨੂੰ ਮੁਖਾਤਬ ਹੋ ਕੇ ਕਿਹਾ।
ਮਿੱਠੂ ਕੌਣ ਏæææ? ਸਿੰਮੀ ਕੌਣæææ?
ਹੋਣਗੇ। ਕੀ ਫਰਕ ਪੈਂਦਾ ਹੈæææਪਰ ਰਿਸ਼ਤੇ ਦੀ ਗੱਲ ਐਸ ਵੇਲੇ? ਇਹਦੇ ਮੂੰਹੋਂ? ਇਹਦਾ ਦਿਮਾਗ਼ ਠੀਕ ਏ?
ਜੇ ਇਹ ਪੱਥਰ ਹੁੰਦੀ, ਮੈਂ ਪਿੰਘਲਾ ਲੈਂਦੀ। ਰੋਂਦੀ ਕੁਰਲਾਂਦੀ, ਮੈਂ ਵਰਚਾ ਲੈਂਦੀ। ਖਾਮੋਸ਼ ਹੁੰਦੀ, ਮੈਂ ਗੱਲੀਂ ਲਾ ਲੈਂਦੀ। ਬੋਲਦੀ, ਮੈਂ ਸਬਰ ਨਾਲ ਸੁਣ ਲੈਂਦੀ, ਪਰ ਇਸ ਦਾ ਇੰਝ ਵਿਰਕਤ ਹੋਣਾ, ਬੇਲਾਗ, ਅਲਗਰਜ਼æææਖੌਲ ਉਠਿਆ ਮੇਰਾ ਖੂਨ।
æææ æææ æææ
ਦੋ ਮਹੀਨੇ ਵੀ ਨਹੀਂ ਹੋਏ ਹੋਣੇ। ਅਸੀਂ ਬਿਸਤਰਿਆਂ ਵਿਚ ਵੜ ਚੁਕੀਆਂ ਸਾਂ। ਮੈਂ ਮੁੰਬਈਓਂ ਪਰਤੀ ਸਾਂ। ਕੁਲਦੀਪ ਕੌਫੀ ਬਣਾ ਕੇ ਲੈ ਆਇਆ। ਬੱਚਿਆਂ ਨੂੰ ਦੁੱਧ ਉਸ ਦਿੱਤਾ ਸੀ। ਰਸੋਈ ਉਸੇ ਸੰਭਾਲੀ ਸੀ।
‘ਤੂੰ ਕਿਤਨੀ ਖੁਸ਼ਕਿਸਮਤ ਏਂ ਰਾਜਿੰਦਰ!’ ਮੈਂ ਕਿਹਾ ਸੀ।
‘ਹਾਂ ਬਹੁਤ ਚੰਗਾ ਹੈ ਕੁਲਦੀਪ, ਪਰ ਇਕੋ ਹੀ ਅਰਮਾਨ ਰਿਹਾ ਕਿ ਮੈਨੂੰ ਨੌਕਰੀ ਕਰਨੀ ਪਈ। ਸੋਚਿਆ ਸੀ ਇਹ ਬਿਜ਼ਨਸਮੈਨ ਹੈ, ਖੁੱਲ੍ਹਾ ਪੈਸਾ ਹੋਵੇਗਾ। ਘਰ ਬਹਿ ਕੇ ਅਰਾਮ ਨਾਲ ਪੜ੍ਹਾਂਗੀ, ਲਿਖਾਂਗੀ; ਪਰ ਕੰਮ ਨਾ ਚੱਲਿਆ। ਕੁਲਦੀਪ ਨੂੰ ਵੀ ਨੌਕਰੀ ਕਰਨੀ ਪਈ ਤੇ ਮੈਨੂੰ ਵੀ।’
‘ਪਰ ਇਹ ਵੀ ਕੀ ਪੱਕ ਏ ਕਿ ਘਰ ਬਹਿ ਕੇ ਤੂੰ ਬਾਹਲਾ ਚੰਗਾ ਲਿਖ ਲੈਣਾ ਸੀ। ਮੇਰੇ ਵੱਲ ਵੇਖ। ਸਾਰੇ ਸੁੱਖ ਅਰਾਮ ਸਨ ਤੇ ਫਿਰ ਵੀ ਮੈਂ ‘ਕਾਨਾ’ ਬਣ ਕੇ ਰਹਿ ਗਈ। ਪੰਝੀ ਸਾਲ ਇਕ ਸਤਰ ਨਾ ਲਿਖੀ।’
‘ਇਹ ਵੀ ਠੀਕ ਹੈ, ਪਰ ਕੁਲਦੀਪ ਵਰਗੇ ਪਤੀ ਦੇ ਸਾਥ ਨਾਲ ਮੈਂ ਲਿਖਦੇ ਰਹਿਣਾ ਸੀ ਤੇ ਹੋਰ ਵੀ ਵਧੀਆ ਲਿਖਣਾ ਸੀ। ਉਹ ਮੇਰਾ ਪ੍ਰੇਰਕ ਵੀ ਹੈ, ਸਰੋਤਾ ਵੀ ਤੇ ਪ੍ਰਸ਼ੰਸਕ ਵੀ।’
ਉਹ ਠੀਕ ਕਹਿੰਦੀ ਸੀ। ਕੁਲਦੀਪ ਬਹੁਤ ਸੁਲਝਿਆ ਹੋਇਆ ਸੀ। ਸੁਹਿਰਦ ਤੇ ਫ਼ਰਾਖ ਦਿਲ।
ਮੇਰੇ ਸੱਜੇ ਹੱਥ ਵਿਚ ਉਸ ਦਾ ਹੱਥ ਸੀ। ਖੱਬੇ ਨਾਲ ਉਸ ਦਾ ਸਿਰ ਪਲੋਸ ਰਹੀ ਸਾਂ। ਹੌਲੀ ਹੌਲੀ ਸਾਰੇ ਸੌਂਦੇ ਗਏ। ਆਵਾਜ਼ਾਂ ਮੱਧਮ ਪੈਂਦੀਆਂ ਗਈਆਂ।
ਇਕ ਚੁੱਪ। ਚੁੱਪ ਵਿਚ ਘੁਰਾੜੇ। ਰਾਜਿੰਦਰ ਦੇ ਘੁਰਾੜੇ। ਉਹ ਘੂਕ ਸੌਂ ਗਈ ਸੀ। ਨੀਂਦ ਦਾ ਕੀ ਏ, ਉਹ ਤਾਂ ਸੂਲਾਂ ਦੀ ਸੇਜ ਉਤੇ ਵੀ ਆ ਜਾਂਦੀ ਏæææਇਹਦੇ ਘੁਰਾੜੇ ਪਹਿਲਾਂ ਤਾਂ ਕਦੇ ਨਹੀਂ ਸਨ ਸੁਣੇ? ਮਾਰਦੀ ਹੋਵੇਗੀ। ਮੈਂ ਕਦੋਂ ਸੌਣ ਦਿੱਤਾ ਹੈ ਉਸ ਨੂੰ ਆਪਣੇ ਸਾਹਵੇਂ? ਖਿਆਲਾਂ ਦਾ ਕੋਈ ਪਤਾ ਨਹੀਂ, ਕਿਧਰੋਂ ਕਿਧਰ ਲੈ ਜਾਣ।
ਕੁਝ ਦੇਰ ਪਹਿਲਾਂ ਉਸ ਦੀ ਮੁਲਾਕਾਤ ਪੜ੍ਹੀ ਸੀ, ਪ੍ਰੀਤ ਲੜੀ ਵਿਚ। ਡਾæ ਕਰਨਜੀਤ ਨਾਲ। ਉਦੋਂ ਵੀ ਉਸ ਕਿਹਾ ਸੀ-‘ਮੈਂ ਤਾਂ ਸੋਚਿਆ ਸੀ ਉਹਦਾ ਚੰਗਾ ਬਿਜ਼ਨੈਸ ਹੋਵੇਗਾ ਪਰ ਤਮੰਨਾæææ।’
ਕੁਲਦੀਪ ਕੀ ਚਾਹੁੰਦਾ ਸੀ? ਉਹਦੀ ਕਿਹੜੀ ਤਮੰਨਾ ਸੀ ਜੋ ਪੂਰੀ ਨਾ ਹੋਈ? ਕਿਹੜਾ ਸੁਪਨਾ ਸੀ ਜੋ ਸਾਕਾਰ ਨਾ ਹੋਇਆ? ਕਿਹੜੀ ਰੀਝ ਸੀ ਜਿਸ ਨੂੰ ਫਲ ਨਾ ਲਗਾ? ਕਿਹੜਾ ਗ਼ਮ, ਕਿਹੜਾ ਬੋਝ, ਕਿਹੜਾ ਹੁਸੜ ਕੀ ਕੀ ਕੀ ਲੈ ਗਿਆ ਉਸ ਨੂੰ?
ਨੱਕੋ ਨੱਕ ਭਰੀ ਪਈ ਛਲਕਣ ਲਈ, ਡੁੱਲ੍ਹਣ ਲਈ ਬੇਤਾਬ, ਹਨੇਰਿਆਂ ਨੂੰ ਘੂਰ ਰਹੀ ਸਾਂ ਮੈਂ।
ਉਹ ਤਾਂ ਪੰਝੀ ਵਰ੍ਹਿਆਂ ਦੀ ਮੇਰੀ ਵਾਕਿਫ਼ ਸੀ, ਪਰ ਕੁਲਦੀਪ ਤਾਂ ਪਿਛਲੇ ਤਿੰਨ ਵਰ੍ਹਿਆਂ ਤੋਂ ਹੀ। ਪੰਜ ਸੱਤ ਮਿਲਣੀਆਂ ਅਤੇ ਕਿੰਨਾ ਮਨ ਮੋਹ ਲਿਆ ਸੀ ਉਸ। ਹੁਣ ਦਿੱਲੀ ਦੀ ਹਰ ਫੇਰੀ ਉਤੇ ਇਕ ਰਾਤ, ਉਨ੍ਹਾਂ ਨਾਲ ਕੱਟਣੀ ਮੇਰੀ ਆਪਣੀ ਲੋੜ ਹੋ ਗਈ ਸੀ। ਅਜੇ ਪਿਛਲੇ ਹਫ਼ਤੇ ਦੀ ਹੀ ਤਾਂ ਗੱਲ ਸੀ। ਜੁਲਾਈ ਦਾ ਅਖ਼ੀਰਲਾ ਹਫ਼ਤਾ। ਹਮੇਸ਼ਾਂ ਵਾਂਗ ਫ਼ੋਨ ਕੀਤਾ।
‘ਰਾਜਿੰਦਰ ਮੁੰਬਈ ਗਈ ਹੋਈ ਹੈ।’ ਕੁਲਦੀਪ ਨੇ ਦੱਸਿਆ।
ਮੈਂ ਇਕ ਦਿਨ ਲਈ ਦਿੱਲੀ ਗਈ ਸਾਂ।
‘ਕੌਫ਼ੀ ਹੋਮ ਵਿਚ ਮਿਲ। ਆਜ਼ਾਦ, ਇੰਦਰ, ਕਿਸ਼ਨ, ਐਸ਼ ਸਵਰਨ, ਕੇਵਲ ਸੂਰੀæææਸਾਰੇ ਬੈਠਾਂਗੇ।’
ਜੇ ਵਕਤ ਥੋੜ੍ਹਾ ਹੋਵੇ ਤਾਂ ਮੈਂ ਇਸੇ ਤਰ੍ਹਾਂ ਸਾਰੇ ਮਿੱਤਰਾਂ ਸਨੇਹੀਆਂ ਨੂੰ ਕੌਫ਼ੀ ਹੋਮ ਵਿਚ ਬੁਲਾ ਲੈਂਦੀ ਸਾਂ। ਉਸ ਆਪਣੀ ਅਸਮਰਥਤਾ ਦੱਸੀ। ਸ਼ੈਲੀ ਨੇ ਕੰਮ ਤੋਂ ਪਰਤਣਾ ਸੀ ਤੇ ਉਸ ਨੂੰ ਖਾਣਾ ਖੁਆਉਣਾ ਸੀ ਕੁਲਦੀਪ ਨੇ। ਗਰਮ ਕਰ ਕੇ। ਤੇ ਉਹ ਕੁਝ ਸੁਸਤ ਵੀ ਸੀ। ਖਿਮਾ ਮੰਗ ਰਿਹਾ ਸੀ।
‘ਕੁਲਦੀਪ ਬੱਗਾ ਨਹੀਂ ਆ ਰਿਹਾ’ ਸੁਣਨ ਉਤੇ ਝੁੰਜਲਾ ਉਠਿਆ ਕੇਵਲ ਸੂਰੀ।
‘ਆਵੇਗਾ ਕਿਸ ਤਰ੍ਹਾਂ ਨਹੀਂ। ਉਹਦੇ ਬਿਨਾ ਖ਼ਾਕ ਮਜ਼ਾ ਆਵੇਗਾ।’
‘ਛੇਤੀ ਪਹੁੰਚ। ਵਿਦਾਊਟ ਫੇਲ੍ਹ।’ ਸੂਰੀ ਨੇ ਫੋਨ ਕੀਤਾ।
ਉਹ ਆ ਗਿਆ। ਪਹਿਲੀ ਵੇਰਾਂ, ਰਾਜਿੰਦਰ ਬਗੈਰ! ਸੱਖਣਾ ਸੱਖਣਾ! ਅਧੂਰਾ ਅਧੂਰਾ! ਬੁਝਿਆ ਬੁਝਿਆ! ਮਹਿਫ਼ਲ ਨਹੀਂ ਸੀ ਜੰਮ ਰਹੀ। ਮੈਂ ਵੀ ਉਦਾਸ ਸਾਂ।
‘ਜੇ ਅੱਜ ਰਾਜਿੰਦਰ ਇਥੇ ਹੁੰਦੀ ਤਾਂ ਮੈਂ ਤੇਰੇ ਮੋਢੇ ਉਤੇ ਸਿਰ ਰਖ ਕੇ ਖ਼ੂਬ ਰੋਣਾ ਸੀ। ਥੱਕ ਗਈ ਹਾਂ ਹੱਸ ਹੱਸ ਕੇ।’
‘ਤੇ ਹੁਣ ਕਿਉਂ ਨਹੀਂ?’
‘ਉਹਦੀ ਵੀ ਉਤਨੀ ਹੀ ਲੋੜ ਹੈ। ਜੱਫੀ ਉਸ ਦੀ ਤੇ ਮੋਢਾ ਤੇਰਾ।’
‘ਮੈਂ ਇਕ ਕਹਾਣੀ ਸੋਚ ਰਿਹਾ ਹਾਂ। ਤੇਰੇ ਬਾਰੇ।’
‘ਮੇਰੇ ਬਾਰੇ? ਸੁਣਾ ਤਾਂ।’
‘ਸੁਣਾ ਯਾਰ।’ ਸਾਰੇ ਉਤਸੁਕ ਹੋ ਗਏ ਸਨ।
‘ਹੁਣ ਨਹੀਂ, ਤੇਰੀ ਅਗਲੀ ਫੇਰੀ ਉਤੇ। ਮੁਕੰਮਲ ਤੇ ਫ਼ਾਈਨਲ ਸੂਰਤ ਵਿਚ।’
ਅਗਲੇ ਦਿਨ ਸਵੇਰ ਦੀ ਬੱਸ ਉਤੇ ਹੀ ਮੈਂ ਚੰਡੀਗੜ੍ਹ ਪਰਤ ਜਾਣਾ ਸੀ ਤੇ ਰਾਜਿੰਦਰ ਦੀ ਗੱਡੀ ਸ਼ਾਮੀਂ ਆਉਣੀ ਸੀ। ਮੁੰਬਈਓਂ।
ਮੇਲ ਨਾਮੁਮਕਿਨ ਸੀ।
ਜਿਸ ਕੰਮ ਲਈ ਗਈ ਸਾਂ, ਉਹ ਨਾ ਹੋਇਆ। ਮੈਨੂੰ ਰੁਕਣਾ ਪੈ ਗਿਆ। ਇਕ ਦਿਨ ਹੋਰ। ਸਾਰਾ ਦਿਨ ਰੁਝੀ ਰਹੀ, ਰਾਤੀਂ ਦਸ ਵਜੇ ਫ਼ੋਨ ਕੀਤਾ।
‘ਤੂੰ ਕਿਵੇਂ, ਗਈ ਨਹੀਂ?’ ਇਹ ਰਾਜਿੰਦਰ ਸੀ।
‘ਨਹੀਂ ਗਈ ਮੈਂ। ਕਿਥੇ ਏ ਕੁਲਦੀਪ?’
‘ਉਹ ਪਾਰਲਿਆਮੈਂਟ ਸਟਰੀਟ ਗਏ ਨੇ। ਸਵਰਨ ਦਾ ਫ਼ੋਨ ਆਇਆ ਸੀ। ਉਹ ਤਾਂ ਮੇਰੇ ਲਈ ਵੀ ਜ਼ਿੱਦ ਕਰ ਰਿਹਾ ਸੀ, ਪਰ ਮੈਂ ਥੱਕੀ ਹੋਈ ਹਾਂæææਤੇ ਕੱਲ੍ਹ ਸਵੇਰੇ ਸਕੂਲ ਵੀæææ।’ ਉਹਦੀ ਉਬਾਸੀ ਮੈਂ ਭਾਂਪ ਲਈ ਸੀ।
‘ਆਏ ਨਹੀਂ ਅਜੇ ਤਕ। ਮੈਂ ਵੀ ਫੋਨ ਨਹੀਂ ਕੀਤਾ। ਸਵਰਨ ਆਖੇਗਾ ਵਿਸਾਹ ਨਹੀਂ ਖਾਂਦੀ।’
‘ਮੈਂ ਫ਼ੋਨ ਕਰਾਂ?’
‘ਕੀ ਜਾਦੂ ਕਰ ਦਿਤਾ ਹੈ ਤੂੰ? ਹੁਣ ਤਾਂ ਤੇਰਾ ਹੀ ਭੂਤ ਸਵਾਰ ਏ ਕੁਲਦੀਪ ਉਤੇ।’
‘ਜੇ ਮੈਨੂੰ ਯਕੀਨ ਹੋਵੇ ਕਿ ਮਰਨ ਬਾਅਦ ਮੈਂ ਉਸ ਨੂੰ ਭੂਤ ਬਣ ਕੇ ਚੰਬੜ ਜਾਂਗੀ ਤਾਂ ਹੁਣੇ ਹੀ ਮਰ ਜਾਂ।’
‘ਤੇ ਹੁਣ ਕਿਉਂ ਨਹੀਂ ਚੰਬੜ ਜਾਂਦੀ?’
‘ਤੂੰ ਜੋ ਧੂਅ ਕੇ ਲਾਹ ਸੁਟੇਂਗੀ।’
‘ਸ਼ਰਾਰਤ ਦੀ ਪੰਡæææ।’ ਦੇਰ ਤਕ ਹੱਸਦੀਆਂ ਰਹੀਆਂ ਸਾਂ। ਹੱਸਦੀਆਂ ਹੀ ਰਹੀਆਂ।
‘ਅੱਛਾ ਫ਼ੋਨ ਰੱਖ, ਮੈਂ ਕੁਲਦੀਪ ਨਾਲ ਗੱਲ ਕਰਾਂ।’
ਮੈਂ ਫ਼ੋਨ ਲਾਇਆ।
‘ਕਿਥੋਂ ਬੋਲ ਰਹੀ ਏਂ? ਚੰਡੀਗੜ੍ਹੋਂ ਕਿ ਦਿੱਲੀਓਂ?’
‘ਦਿੱਲੀਓਂ।’
‘ਜੇ ਇਥੇ ਹੀ ਸੈਂ ਤਾਂ ਆਈ ਕਿਉਂ ਨਹੀਂ? ਅਸੀਂ ਕਦੋਂ ਤੋਂ ਤੇਰਾ ਸਿਆਪਾ ਕਰ ਰਹੇ ਹਾਂ।’
‘ਜੇ ਆ ਜਾਂਦੀ ਤਾਂ ਸਿਆਪਾ ਕੀਕੂੰ ਹੁੰਦਾ? ਹੁਣ ਛੇਤੀ ਭੋਗ ਪਾਓ ਤੇ ਤੁਰੋ ਘਰੋ ਘਰੀ, ਹਾਲੀ ਮੇਰਾ ਮਰਨ ਦਾ ਕੋਈ ਇਰਾਦਾ ਨਹੀਂ।’
‘ਮੁੜ ਕਦੋਂ ਆਵੇਂਗੀ?’
‘ਤੇਰੀ ਕਹਾਣੀ ਪੂਰੀ ਹੋ ਜਾਣ ‘ਤੇ।’
‘ਤਾਂ ਤੇ ਪਿਛਲੇ ਪੈਰੀਂ ਆਣਾ ਪਵੇਗਾ ਤੈਨੂੰ।’
ਦਸ ਦਿਨ ਪਹਿਲਾਂ ਹੀ ਤਾਂ ਕਿਹਾ ਸੀ ਕੁਲਦੀਪ ਨੇ। ਕਿਤਨੀ ਜਲਦੀ ਖ਼ਤਮ ਕਰ ਦਿੱਤੀ ਕਹਾਣੀ ਉਸ! ਕਿਤਨਾ ਚੁਸਤ! ਕਿਤਨਾ ਪ੍ਰਬੀਣ ਸੀ ਉਹ ਕਹਾਣੀ ਕਲਾ ਵਿਚ! ‘ਮੇਰੇ ਵਰਗੀਆਂ ਕੁੜੀਆਂ’, ‘ਟੁੱਟੇ ਹੋਏ ਲੋਕ’, ‘ਛਿਣਾਂ ਵਿਚ ਵੰਡੇ ਹੋਏ’, ‘ਕਤਾਰਾਂ ਵਿਚ ਗੁਆਚੇ ਹੋਏ’, ‘ਛੋਟੇ ਵੱਡੇ ਆਦਮੀਆਂ’ ਦਾ ਲੇਖਕ!
æææ æææ æææ
ਉਹ ਘੂਕ ਸੁੱਤੀ ਪਈ ਸੀ!æææਉਫ਼, ਇਤਨੀ ਬੇਰਹਿਮ! ਕੀ ਕਾਰਨ ਹੋ ਸਕਦੈ ਉਸ ਦੇ ਇਸ ਵਤੀਰੇ ਦਾæææ?
ਠੀਕ ਹੈ, ਸਾਹਿਤਕਾਰ ਗ਼ੈਰ ਰਸਮੀ ਹੁੰਦੇ ਨੇ। ਸਲੀਕੇਦਾਰ। ਰੋਣਾ ਧੋਣਾ, ਚੀਕ ਚਿਹਾੜਾ, ਵੈਣ ਰੁਦਨ ਕਿਤਨਾ ਕੋਝਾ ਹੈ, ਕਿਤਨਾ ਗ਼ਲਤ। ਨਿਰਾ ਦਿਖਾਵਾ। ਹਾਸੋਹੀਣਾ! ਪਰ ਇਹ ਵੀ ਤਾਂ ਅਸਲੋਂ ਹੀ ਉਲਟੀ ਗੰਗਾ ਏæææ æææਕੀ ਸਾਬਿਤ ਕਰਨਾ ਚਾਹ ਰਹੀ ਹੈ ਕਿ ਉਹ ਸਥਿਤੀ ਨੂੰ ਸੰਭਾਲਣ ਵਿਚ ਸਮੱਰਥ ਹੈ? ਜਾਂ ਅਡੋਲ, ਸ਼ਾਂਤ-ਚਿੱਤ ਕੁਲਦੀਪ ਬਣ ਖੜੋਣ ਦਾ ਜਤਨ? ਇਹ ਜ਼ਬਤ ਹੈ ਜਾਂ ਕੋਈ ਦੋਸ਼ ਭਾਵਨਾ?
æææ æææ æææ
‘ਤੂੰ ਸੁਤੀ ਨਹੀਂ?’ ਉਸ ਮੈਨੂੰ ਝੰਜੋੜਿਆ।
ਪਤਾ ਨਹੀਂ ਕੀ ਵਕਤ ਸੀ? ਦੋ, ਤਿੰਨ ਜਾਂ ਚਾਰ, ਤੇ ਮੈਂ ਕਦੋਂ ਬੈਠ ਗਈ ਸਾਂ, ਸੁੱਖ ਆਸਨ ਵਿਚ।æææ (ਪਰ) ਸੁੱਖ ਕਿਥੇ ਸੀæææ।
‘ਕੀ ਸੋਚ ਰਹੀ ਏਂ?’
‘ਇਹੀ ਕਿ ਹੋਰ ਕਿਤਨਾ ਕੁ ਜੀ ਸਕਦਾ ਸੀ ਕੁਲਦੀਪ।’
‘ਹੂੰ?’
æææ æææ æææ
‘ਤੂੰ ਤਾਂ ਏਨੇ ਘੁਰਾੜੇ ਮਾਰਦੀ ਹੈਂ। ਉਹ ਸੁੱਤਾ ਹੀ ਕਿਥੇ ਹੋਣੈ।’ ਮੈਂ ਪੂਰੇ ਤਾਣ ਨਾਲ ਉਹਦੇ ਸੀਨੇ ਵਿਚ ਬਰਛੀ ਖੋਭ ਦਿੱਤੀ।
æææ æææ æææ
‘ਹਾਂ, ਨਹੀਂ ਸੁੱਤਾ ਉਹæææਉਕਾ ਨਹੀਂæææਤੇæææਤੇ ਹੁਣ ਮੈਂ ਉਸ ਨੂੰ ਸੌਣ ਦਿਆਂਗੀæææਗੂੜ੍ਹੀ ਨੀਂਦੇ।æææਮੈਂ ਨਹੀਂ ਰੋਵਾਂਗੀ, ਨਹੀਂ ਰੋਵਾਂਗੀ, ਨਹੀਂæææ ਨਹੀਂæææ।’
ਝੱਖੜ ਝੁੱਲ ਪਿਆæææਤੂਫ਼ਾਨ ਆ ਗਿਆæææਕੜ ਪਾਟ ਗਿਆæææਦੋਹੀਂ ਵੰਨੀ! ਹੁਣ ਇਕੋ ਸਾਗਰ ਵਿਚ ਗੋਤੇ ਖਾ ਰਹੀਆਂ ਸਾਂ, ਦੋਵੇਂ ਬਿਲਖ ਰਹੀਆਂ! ਸੰਭਲ ਰਹੀਆਂ!! ਪਰਚਾਅ ਰਹੀਆਂ!!!
-0-