ਦਸ ਕੁ ਸਾਲ ਬਾਅਦ ਲੋਕਾਂ ਨੂੰ ਕੋਹਿਨੂਰ ਹੀਰੇ ਦੀ ਯਾਦ ਆਉਂਦੀ ਹੈ ਤਾਂ ਹੌਲ ਪੈਣ ਲਗਦੇ ਹਨ ਜਿਵੇਂ ਕੋਹਿਨੂਰ ਹੀਰਾ ਕੋਈ ਪ੍ਰੇਤ ਆਤਮਾ ਹੋਵੇ। ਲੀਡਰਾਂ ਦੇ ਬਿਆਨ ‘ਤੇ ਬਿਆਨ ਆਉਣ ਲੱਗਦੇ ਹਨ-ਇੰਗਲੈਂਡ ਸਾਡਾ ਹੀਰਾ ਸਾਨੂੰ ਵਾਪਸ ਕਰੇ। ਇਹ ਹੀਰਾ ਕਿਸੇ ਨੇ ਆਪਣੇ ਕਾਰਖਾਨੇ ਵਿਚ ਤਾਂ ਬਣਾਇਆ ਨਹੀਂ, ਲੁਟ ਦਾ ਮਾਲ ਕਦੀ ਕਿਸੇ ਦੇ ਹਥ ਆ ਗਿਆ, ਕਦੀ ਕਿਸੇ ਦੇ।
ਜੂਨ 1984 ਨੂੰ ਦਰਬਾਰ ਸਾਹਿਬ ਉਪਰ ਫੌਜੀ ਹਮਲਾ ਹੋਇਆ ਤਾਂ ਕੀਮਤੀ ਵਸਤਾਂ ਅਗਨੀ ਭੇਟ ਵੀ ਹੋਈਆਂ, ਚੋਰੀ ਵੀ ਹੋਈਆਂ।
ਭਾਰਤ, ਇਰਾਨ, ਪਾਕਿਸਤਾਨ, ਅਫਗਾਨਿਸਤਾਨ ਅਤੇ ਖਾਲਸਾ ਪੰਥ ਕੋਹਿਨੂਰ ਹੀਰੇ ਉਪਰ ਆਪੋ-ਆਪਣਾ ਹੱਕ ਜਤਾ ਰਹੇ ਹਨ। ਇੰਗਲੈਂਡ ਸਾਰੇ ਦਾਅਵੇਦਾਰਾਂ ਦੀ ਸੂਚੀ ਤਿਆਰ ਕਰੇ ਤੇ ਇਕ ਲੱਖ ਪੌਂਡ ਸਾਲਾਨਾ ਫੀਸ ਨਾਲ ਹੀਰਾ ਪੰਜ-ਪੰਜ ਸਾਲ ਲਈ ਇਨ੍ਹਾਂ ਦੇਸ਼ ਦੇ ਨਾਮ ਹੇਠ ਲੰਡਨ ਵਿਚ ਦਿਖਾਉਣ ਲਈ ਰੱਖੇ। ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਪਾਸੋਂ ਪੰਜ ਸਾਲ ਅਜਾਇਬ ਘਰ ਦੇਖਣ ਦੀ ਦਾਖਲਾ ਫੀਸ ਨਾ ਉਗਰਾਹੀ ਜਾਏ। ਇਹ ਹੀਰਾ ਇੰਗਲੈਂਡ ਵਿਚ ਪੂਰਨ ਸੁਰੱਖਿਅਤ ਹੈ, ਭਾਰਤ ਨੂੰ ਜੇ ਇਸ ਦੀ ਸੰਭਾਲ ਕਰਨ ਲਈ ਇੰਗਲੈਂਡ ਨੂੰ ਕਿਰਾਇਆ ਵੀ ਦੇਣਾ ਪਵੇ ਤਾਂ ਦੇ ਦੇਣਾ ਚਾਹੀਦਾ ਹੈ। ਲਾਕਰ ਵਿਚ ਗਹਿਣੇ ਰਖਣ ਲਈ ਅਸੀਂ ਬੈਂਕ ਨੂੰ ਕਿਰਾਇਆ ਵੀ ਤਾਂ ਦਿੰਦੇ ਹਾਂ।
1999 ਵਿਚ ਖਾਲਸਾ ਸਾਜਨਾ ਦੀ ਤ੍ਰੈ-ਸ਼ਤਾਬਦੀ ਮਨਾਈ ਗਈ ਤਾਂ ਯੋਗੀ ਹਰਿਭਜਨ ਸਿੰਘ ਅਮਰੀਕਾ ਨੇ ਹੀਰੇ ਜੜੀ ਕਿਰਪਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਭੇਟ ਕੀਤੀ ਜਿਸ ਦੀ ਕੀਮਤ ਦੋ ਕਰੋੜ ਸੀ। ਕੁਝ ਮਹੀਨਿਆਂ ਬਾਅਦ ਰੌਲਾ ਪੈ ਗਿਆ ਕਿ ਕਿਰਪਾਨ ਗੁੰਮ ਹੋ ਗਈ ਹੈ। ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਵਿਚ ਰੋਸ ਏਨਾ ਵਿਆਪਕ ਫੈਲਿਆ ਕਿ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਦਾ ਬਿਆਨ ਆ ਗਿਆ-ਕਿਰਪਾਨ ਲੱਭ ਗਈ ਹੈ, ਕਿਰਪਾਨ ਲੱਭ ਗਈ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜ ਖੋਜਾਰਥੀਆਂ ਦੀ ਚੋਣ ਕਰਨ ਹਿਤ ਅਰਜੀਆਂ ਮੰਗੀਆਂ ਹਨ। ਇਸ਼ਤਿਹਾਰ ਵਿਚ ਲਿਖਿਆ ਗਿਆ ਹੈ ਕਿ ਉਮੀਦਵਾਰ ਅਰਜੀ ਨਾਲ 500 ਰੁਪਏ ਦਾ ਡਰਾਫਟ ਨੱਥੀ ਕਰਨ। ਸ਼੍ਰੋਮਣੀ ਕਮੇਟੀ ਬੇਰੁਜ਼ਗਾਰਾਂ ਪਾਸੋਂ ਇਹ ਫੀਸ ਕਿਉਂ ਮੰਗ ਰਹੀ ਹੈ? ਕੀ ਕਮੇਟੀ ਕੋਲ ਪੈਸੇ ਦੀ ਘਾਟ ਹੈ? ਵਿਰੋਧੀ ਧਿਰ ਦਾ ਸਰਬੱਤ ਖਾਲਸਾ ਰੋਕਣ ਲਈ ਜਿਹੜੀ ਕਮੇਟੀ ਲੱਖਾਂ ਰੁਪਏ ਇਸ਼ਤਿਹਾਰਾਂ ਉਪਰ ਖਰਚਦੀ ਹੈ, ਉਸ ਲਈ ਬੇਰੁਜ਼ਗਾਰ ਉਮੀਦਵਾਰਾਂ ਤੋਂ ਫੀਸ ਉਗਰਾਹੁਣੀ ਪਾਪ ਹੈ।
-ਹਰਪਾਲ ਸਿੰਘ ਪਨੂੰ
ਪੰਜਾਬੀ ਯੂਨੀਵਰਸਿਟੀ, ਪਟਿਆਲਾ।