ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਜਿਸ ਪਰਿਵਾਰਕ ਕਾਰਜ ਵਿਚ ਸ਼ਾਮਲ ਹੋਣ ਲਈ ਮੈਂ ਡੇਢ ਕੁ ਮਹੀਨੇ ਦੀ ਛੁੱਟੀ ਲੈ ਕੇ ਪੰਜਾਬ ਗਿਆ ਸਾਂ, ਉਹ ਤਾਂ ਭਾਵੇਂ 26-27 ਮਾਰਚ ਦਾ ਸੀ, ਪਰ ਇਸੇ ਬਹਾਨੇ ਸ੍ਰੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੀਆਂ ਰੌਣਕਾਂ ਦੇਖਣ ਦੀ ਰੀਝ ਪੂਰੀ ਕਰਨ ਹਿੱਤ ਮੈਂ ਦਸ ਦਿਨ ਪਹਿਲਾਂ ਹੀ 17 ਮਾਰਚ ਨੂੰ ਆਪਣੇ ਪਿੰਡ ਪਹੁੰਚ ਗਿਆ। ਪਹਿਲੇ ਦੋ-ਚਾਰ ਦਿਨ ਤਾਂ ਮੈਂ ਸ਼ੂਗਰ ਦੇ ਇਲਾਜ ਦੇ ਬਹਾਨੇ ਪੈਦਲ ਅਤੇ ਸਾਈਕਲ ‘ਤੇ ਹੀ ਪਿੰਡ ਦੇ ਆਲੇ-ਦੁਆਲੇ ਦੇ ਇਲਾਕੇ ਵਿਚ ਖੂਬ ਫੇਰਾ-ਤੋਰੀ ਕੀਤੀ। ਇਸ ਦੇ ਘੱਟੋ ਘੱਟ ਦੋ ਫਾਇਦੇ ਤਾਂ ਜ਼ਰੂਰ ਸਨ-ਪਹਿਲਾ ਸਿਹਤ ਤੰਦਰੁਸਤ ਅਤੇ ਦੂਜਾ ਸਾਰੇ ਜਾਣੂਆਂ-ਪਛਾਣੂਆਂ ਨੂੰ ਮੇਰੇ ‘ਬਾਹਰੋਂ ਆਇਆ’ ਹੋਣ ਦੀ ਖਬਰ ਮਿਲ ਜਾਂਦੀ।
ਲੋਕ-ਭਾਖਿਆ ਸੁਣਨ-ਜਾਣਨ ਵਾਸਤੇ ਬੇਸ਼ੱਕ ਮੈਂ ਅੱਗੇ ਪਿਛੇ ਵੀ ਸਾਈਕਲ-ਸਕੂਟਰ ਚਲਾ ਲੈਂਦਾ, ਪਰ ਪਿੰਡ ਪਹੁੰਚਦਿਆਂ ਹੀ ਪਹਿਲੇ ਦੋ-ਤਿੰਨ ਦਿਨ ਆਪਣੀਆਂ ਗਲੀਆਂ ਵਿਚ ਤੁਰਨ-ਫਿਰਨ ਦਾ ਵੱਖਰਾ ਹੀ ਮਜ਼ਾ ਹੁੰਦਾ ਹੈ। ਇਕ ਕਿਸਮ ਦੀ ਪਦ-ਯਾਤਰਾ ਵਰਗੇ ਇਸ ਸੈਰ-ਸਪਾਟੇ ਤੋਂ ਮੈਂ ਆਪਣੇ ਪਿੰਡ ਅਤੇ ਲਾਗੇ-ਚਾਗੇ ਦੇ ਪਿੰਡਾਂ ਦੀ ਸਿਆਸੀ ਆਬੋ-ਹਵਾ ਦਾ ਸਰਵੇ ਕਰ ਲਿਆ; ਕਿਉਂਕਿ ਬਹੁਤਿਆਂ ਘਰਾਂ ਦੇ ਗੇਟਾਂ-ਦਰਵਾਜ਼ਿਆਂ ਉਤੇ ਆਮ ਆਦਮੀ ਪਾਰਟੀ (ਆਪ) ਦੇ ‘ਪੰਜਾਬ ਜੋੜੋ’ ਵਾਲੇ ਪੋਸਟਰ ਤੇ ਇਸ਼ਤਿਹਾਰ ਲੱਗੇ ਹੋਏ ਸਨ। ਕਿਸੇ ਵੱਖਰੀ ਸੋਚ ਵਾਲੇ ਵਿਰਲੇ-ਟਾਵੇਂ ਘਰ ਅੱਗੇ ਕੇਜਰੀਵਾਲ ਦੀ ਫੋਟੋ ਵਾਲੇ ਪੋਸਟਰ ਪਾੜੇ ਹੋਏ ਵੀ ਸਨ, ਪਰ ਬਹੁਤੀ ਥਾਈਂ ਅਜਿਹੇ ਇਸ਼ਤਿਹਾਰ ਐਨੇ ਬਾ-ਹਿਫ਼ਾਜ਼ਤ ‘ਸਾਂਭੇ ਹੋਏ’ ਜਾਪੇ, ਜਿਵੇਂ ਕਿਤੇ ਇਹ ਤਾਜ਼ੇ ਹੀ ਚਿਪਕਾਏ ਗਏ ਹੋਣ। ਇਕ ਸੱਜਣ ਨੇ ‘ਆਪ’ ਸਮਰਥਕ ਗੁਆਂਢੀਆਂ ਨੂੰ ਚਿੜਾਉਣ ਲਈ ਆਪਣੀ ਛੱਤ ਉਤੇ ਰੱਖੀ ਹੋਈ ਪਾਣੀ ਦੀ ਟੈਂਕੀ ਕੈਪਟਨ ਅਮਰਿੰਦਰ ਸਿੰਘ ਦੀਆਂ ਤਸਵੀਰਾਂ ਨਾਲ ਸ਼ਿੰਗਾਰੀ ਹੋਈ ਸੀ।
ਲੋਕਲ ਏਰੀਏ ਵਿਚੋਂ ਬਾਹਰ ਨਿਕਲਣ ਵਾਲੀ ਮੇਰੀ ਪਹਿਲੀ ਯਾਤਰਾ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀ ਸੀ। ਕਦੀ ਸਮਾਂ ਸੀ, ਜਦ ਅਸੀਂ ਟੱਬਰ ਸਮੇਤ ਤਿੰਨ-ਤਿੰਨ ਦਿਨ ਸ੍ਰੀ ਅਨੰਦਪੁਰ ਸਾਹਿਬ ਰਹਿ ਕੇ ਹੋਲੇ ਮਹੱਲੇ ਦਾ ਅਨੰਦ ਮਾਣਦੇ ਸਾਂ, ਪਰ ਇਸ ਵਾਰ ਆਪਣੇ ਅੱਧ-ਅਧੂਰੇ ਪਰਿਵਾਰ ਨਾਲ ਸਿਰਫ ਇਕ ਦਿਨ ਦੀ ਆਵਾਜਾਈ ਕੀਤੀ। ਅਸੀਂ ਗੜ੍ਹਸ਼ੰਕਰ ਤੋਂ ਸੰਗਤਾਂ ਦੇ ਕਾਫ਼ਲਿਆਂ ਵਿਚ ਸ਼ਾਮਲ ਹੋਏ। ਨਦੀਆਂ ਦਰਿਆਵਾਂ ਦੇ ਸਮੁੰਦਰ ਵਿਚ ਡਿਗਦਿਆਂ ਵਿਸ਼ਾਲ ਸਾਗਰ ਵਿਚ ਅਭੇਦ ਹੋ ਜਾਣ ਵਾਂਗ, ਇਧਰੋਂ-ਉਧਰੋਂ ਆ ਰਹੇ ਸਿੱਖ ਸ਼ਰਧਾਲੂ, ਖਾਲਸਾ ਪੰਥ ਦਾ ਅਲੌਕਿਕ ਤੇ ਸਜੀਲਾ ਸਰੂਪ ਸਿਰਜ ਰਹੇ ਸਨ।
ਥਾਂ-ਥਾਂ ਚੱਲਦੇ ਵੰਨ-ਸਵੰਨੇ ਲੰਗਰ ਛਕਦਿਆਂ-ਛਕਾਉਂਦਿਆਂ ਮੈਂ ਇਸ਼ਤਿਹਾਰਬਾਜ਼ੀ ‘ਤੇ ਵੀ ਨਜ਼ਰ ਰੱਖ ਰਿਹਾ ਸਾਂ। ਸੜਕ ਦੇ ਦੋਹੀਂ ਪਾਸੀਂ ਗੱਡੇ ਹੋਏ ‘ਹੋਰਡਿੰਗਜ਼’ ਉਤੇ ਸਿਆਸਤਦਾਨਾਂ ਵੱਲੋਂ ਹੋਲੇ ਮਹੱਲੇ ਦੀਆਂ ਵਧਾਈਆਂ ਲਿਖੀਆਂ ਹੋਈਆਂ ਸਨ। ਨਾਲ-ਨਾਲ ਚੋਣਵੇਂ ਆਗੂਆਂ ਦੀਆਂ ਤਸਵੀਰਾਂ ਵੀ ਸਨ। ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਸਭ ਤੋਂ ਵੱਧ ਹੋਰਡਿੰਗ ਸਰਕਾਰੀ, ਭਾਵ ਬਾਦਲ ਦਲ-ਭਾਜਪਾ ਦੇ ਸਨ। ਅਟੇ-ਸਟੇ ਇਸ਼ਤਿਹਾਰਬਾਜ਼ੀ ਵਿਚ ਦੂਜਾ ਨੰਬਰ ਸੀ ਕੇਜਰੀਵਾਲ ਦੀ ਪਾਰਟੀ ਦਾ ਅਤੇ ਤੀਸਰਾ ਕਾਂਗਰਸ ਦਾ, ਪਰ ਇਸ਼ਤਿਹਾਰਾਂ ਦਾ ਹੁਲੀਆ ਦੇਖਦਿਆਂ ਅਜੀਬ ਗੱਲ ਸਾਹਮਣੇ ਆ ਰਹੀ ਸੀ; ਉਹ ਇਹ ਕਿ ਬਾਦਲ ਦਲ-ਭਾਜਪਾ ਦੇ ਸਿਰਫ ਦੋ ਹੋਰਡਿੰਗ ਹੀ ਸਾਬਤ ਸਬੂਤੇ ਸਨ। ਇਕ ਗੜ੍ਹਸ਼ੰਕਰ ਸ਼੍ਰੋਮਣੀ ਕਮੇਟੀ ਦੇ ਕਾਲਜ ਮੂਹਰੇ ਅਤੇ ਦੂਜਾ ਝੱਜ ਚੌਕ ਉਤੇ ਪੁਲਿਸ ਨਾਕੇ ਦੇ ਸਾਹਮਣੇ। ਬਾਕੀ ਸਾਰੇ ਥਾਈਂ ਲੋਕਾਂ ਨੇ ਫਲੈਕਸਾਂ ਦੀਆਂ ਲੀਰਾਂ-ਲੀਰਾਂ ਕੀਤੀਆਂ ਹੋਈਆਂ ਸਨ। ਦਿਲਚਸਪ ਗੱਲ ਇਹ ਵੀ ਸੀ ਕਿ ਲੋਕਾਂ ਨੇ ਸਿਰਫ਼ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਜਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀਆਂ ਤਸਵੀਰਾਂ ਹੀ ਮਿਥ ਕੇ ਪਾੜੀਆਂ ਹੋਈਆਂ ਸਨ; ਜਿਵੇਂ ਕਿਤੇ ਪੰਜਾਬੀਆਂ ਦੇ ਗੁੱਸੇ ਦਾ ਨਿਸ਼ਾਨਾ ਕੇਵਲ ਬਾਦਲ ਪਰਿਵਾਰ ਹੀ ਹੋਵੇ!
ਇਸ ਦੇ ਉਲਟ ‘ਆਪ’ ਦਾ ਸਿਰਫ ਇਕ ਫਲੈਕਸ, ਕਾਨਪੁਰ ਖੂਹੀ ਮੋੜ ਕੋਲ ਇਕ ਮੰਦਰ ਸਾਹਮਣੇ ਫਟਿਆ ਹੋਇਆ ਦੇਖਿਆ। ਹੋਰ ਸਭ ਸਹੀ ਸਲਾਮਤ ਸਨ। ਉਭਰ ਰਿਹਾ ਨਵਾਂ ਗਾਇਕ ਪੰਮਾ ਡੂੰਮੇਵਾਲੀਆ ਆਪਣੇ ਪਿੰਡ ਡੂੰਮੇਵਾਲ ਵੱਲੋਂ ਲਗਾਏ ਲੰਗਰ ਵਾਲੀ ਥਾਂ ਸਟੇਜ ਉਤੇ ਗੀਤ ਗਾ ਰਿਹਾ ਸੀ। ਉਸ ਨੂੰ ਸੁਣਨ ਲਈ ਅਸੀਂ ਰੁਕੇ, ਤਾਂ ਸਾਹਮਣੇ ਪਾੜੇ ਹੋਏ ਸਰਕਾਰੀ ਫਲੈਕਸ ਕੋਲ ਖੜ੍ਹੇ ਕੁਝ ਤਮਾਸ਼ਬੀਨ ਮੁੰਡਿਆਂ ਨੂੰ ਮੈਂ ‘ਸੁਣਾ ਕੇ’ ਕਿਹਾ, “ਆਹ ਤਾਂ ਬਾਈ ਸਾਰਾ ਗੁੱਸਾ ਬਾਦਲ ਪਰਿਵਾਰ ‘ਤੇ ਹੀ ਲਾਹ’ਤਾ ਲੋਕਾਂ ਨੇ?”
“ਅੰਕਲ, ਅਸਲੀ ਗੁੱਸਾ ਤਾਂ 2017 ਵਿਚ ਦਿਖਾਵਾਂਗੇ ਇਨ੍ਹਾਂ ਨੂੰ!” ਗਹਿਰੀਆਂ ਅੱਖਾਂ ਕਰ ਕੇ ਦੁਮਾਲੇ ਵਾਲੇ ਇਕ ਗੱਭਰੂ ਨੇ ਜਵਾਬ ਦਿੱਤਾ, ਪਰ ਲਾਗੇ ਹੀ ਖਲੋਤਾ ਇਕ ਬਜ਼ੁਰਗ ਚਿਤਾਵਨੀ ਭਰੇ ਲਹਿਜ਼ੇ ਵਿਚ ਉਸ ਮੁੰਡੇ ਨੂੰ ਘੂਰਦਾ ਬੋਲਿਆ, “ਕਾਕਾ, ਐਵੇਂ ਮੌਤ ਨੂੰ ਮਾਸੀ ਨਹੀਂ ਕਹੀਦਾ, ਅਗਲੇ ਚੱਕ ਕੇ ਅੰਦਰ ਸੁੱਟ ਦਿੰਦੇ ਐæææਸੋਚ ਸਮਝ ਕੇ ਬੋਲਿਆ ਕਰੋ!”
ਆਪਣੇ ਇਲਾਕੇ ਵਿਚ ਹੋਣ ਵਾਲੇ ਨਾਟਕ ਦੇ ਇਸ਼ਤਿਹਾਰ ਪੜ੍ਹ ਕੇ ਮੈਂ ਹੈਰਾਨ ਰਹਿ ਗਿਆ। ਸਾਡੇ ਪਿੰਡ ਦੀ ਲਹਿੰਦੀ ਗੁੱਠ ਵਿਚ ਪਿੰਡ ਹੈ ਜਲਵਾਹਾ। ਕੱਟੜ ਕਾਂਗਰਸ ਪੱਖੀ ਪਿੰਡ ਜਿਸ ਨੂੰ ਪੂਰੇ ਇਲਾਕੇ ਵਿਚ ਗਿਆ-ਗੁਜ਼ਰਿਆ ਸਮਝਿਆ ਜਾਂਦਾ ਰਿਹਾ ਹੈ, ਪਰ ਹੁਣ ਇਸ ਜਲਵਾਹੇ ਨੇ ਵੀ ਤਬਦੀਲੀ ਦੀ ਕਰਵਟ ਲੈ ਲਈ। ਇਸ ਪਿੰਡ ਦਾ ਇਕ ਉਦਮੀ ਨੌਜਵਾਨ ‘ਆਪ’ ਦਾ ਝੰਡਾਬਰਦਾਰ ਬਣ ਕੇ ਪਿੰਡ ਵਿਚ ‘ਅਸੀਂ ਬੋਲਾਂਗੇ ਸੱਚ’ ਨਾਟਕ ਕਰਵਾ ਰਿਹਾ ਸੀ।
ਸਤਨਾਮ ਸਿੰਘ ਜਲਵਾਹੇ ਦੇ ਪਿੰਡ ਵਿਚ ‘ਆਪ’ ਦਾ ਪ੍ਰਚਾਰਕ ਗੁਰਚੇਤ ਸਿੰਘ ਚਿੱਤਰਕਾਰ ਆਪਣੀ ਸਮੁੱਚੀ ਟੀਮ ਨਾਲ ਪਹੁੰਚਿਆ। ਪੰਜਾਬ ਦੇ ਸਿਆਸੀ, ਧਾਰਮਿਕ ਤੇ ਸਮਾਜਿਕ ਹਾਲਾਤ ਬਿਆਨ ਕਰਦੇ ਇਸ ਨਾਟਕ ਦਾ ਉਦਘਾਟਨ ਕਰਨ ਲਈ ਪਹੁੰਚਿਆ ‘ਆਪ’ ਦਾ ਸਟਾਰ ਪ੍ਰਚਾਰਕ ਗੁਰਪ੍ਰੀਤ ਸਿੰਘ ਘੁੱਗੀ। ਪੱਛੜੇ ਜਿਹੇ ਇਸ ਪਿੰਡ ਵਿਚ ਅੱਧੀ ਰਾਤ ਤੱਕ ਸੈਂਕੜੇ ਲੋਕਾਂ ਦੇ ਇਕੱਠ ਨੇ ਨਾਟਕ ਦਾ ਅਨੰਦ ਮਾਣਿਆ। ਵਿਅੰਗਮਈ ਸੁਰ ਵਿਚ, ਭਵਿੱਖ ਸੁਧਾਰਨ ਵਾਲਾ ਸੰਦੇਸ਼ ਦਿੰਦਾ ਇਹ ਨਾਟਕ ਹਰ ਕਾਂਡ ਉਪਰੰਤ ਦਰਸ਼ਕਾਂ ਦੀਆਂ ਭਰਪੂਰ ਤਾੜੀਆਂ ਬਟੋਰਦਾ ਰਿਹਾ। ਇਸ ਨਾਟਕ ਦਾ ਇਕ ਡਾਇਲਾਗ ਦੇਖੋ- ਅੱਠੇ ਪਹਿਰ ਨਸ਼ੇੜੀ ਰਹਿਣ ਵਾਲੇ ਪਤੀ ਨੂੰ ‘ਚਾਹਟਾ ਛਕਾਉਣ’ ਲਈ ਉਸ ਦੀ ਦੁਖੀ ਪਤਨੀ ਲਾਗੇ ਪਿਆ ਝਾੜੂ ਚੁੱਕ ਲੈਂਦੀ ਹੈ। ਨਸ਼ੇੜੀ ਅੱਗੇ-ਅੱਗੇ ਭੱਜਦਾ ਹੱਥ ਜੋੜ ਕੇ ਕਹਿੰਦਾ ਹੈ, “ਓ ਭਾਗਵਾਨੇ, ਮੈਨੂੰ ਕੁੱਟਣ ਲਈ ਹੋਰ ਜੋ ਮਰਜ਼ੀ ਡੰਡਾ-ਸੋਟਾ ਚੁੱਕ ਲੈ, ਪਰ ਰੱਬ ਦਾ ਵਾਸਤਾ ਝਾੜੂ ਰੱਖ ਦੇ।æææਇਸ ਨੇ ਦਿੱਲੀ ਵਿਚ ਮੋਦੀ ਵਰਗਿਆਂ ਦੀਆਂ ਗੋਡਣੀਆਂ ਲਵਾ’ਤੀਆਂ, ਮੈਂ ਕੀਹਦੇ ਪਾਣੀ ਹਾਰ ਆਂ।”
ਜਲਵਾਹੇ ਦੇ ਇਕੱਠ ਵਿਚ ਘੁੱਗੀ ਤੋਂ ਪਹਿਲਾਂ ਮੈਨੂੰ ਵੀ ਬੋਲਣ ਦਾ ਮੌਕਾ ਮਿਲਿਆ। ਇਥੇ ਆਪਣੇ ਪਿੰਡ ਦੇ ਕਹਿੰਦੇ-ਕਹਾਉਂਦੇ ਅਕਾਲੀ-ਕਾਂਗਰਸੀ ਪਰਿਵਾਰਾਂ ਦੇ ਨੌਜਵਾਨਾਂ ਮੂੰਹੋਂ ‘ਕੇਜਰੀਵਾਲ ਜ਼ਿੰਦਾਬਾਦ’ ਅਤੇ ‘ਆਮ ਆਦਮੀ ਜ਼ਿੰਦਾਬਾਦ’ ਦੇ ਜੋਸ਼ੀਲੇ ਨਾਅਰੇ ਸੁਣ ਕੇ ਮੈਂ ਤਾਂ ਦੰਗ ਹੀ ਰਹਿ ਗਿਆ।
ਡੇਢ ਮਹੀਨੇ ਦੇ ਅਰਸੇ ਵਿਚ ਮੈਂ ਸਾਈਕਲ, ਸਕੂਟਰ, ਕਾਰ ਜਾਂ ਬੱਸ ਰਾਹੀਂ ਪੰਜਾਬ ਦੇ ਕਈ ਇਲਾਕਿਆਂ ਦਾ ਸਫਰ ਕੀਤਾ। ਆਪਣੇ ਜ਼ਿਲ੍ਹੇ ਤੋਂ ਇਲਾਵਾ ਲੁਧਿਆਣਾ, ਪਟਿਆਲਾ, ਹੁਸ਼ਿਆਰਪੁਰ, ਜਲੰਧਰ, ਅੰਮ੍ਰਿਤਸਰ ਅਤੇ ਚੰਡੀਗੜ੍ਹ ਘੁੰਮਿਆ-ਫਿਰਿਆ; ਪਰਿਵਾਰਕ ਮੇਲ-ਮਿਲਾਪ ਦੇ ਨਾਲ-ਨਾਲ ਕਈ ਛੋਟੇ-ਛੋਟੇ ਸਿਆਸੀ ਆਗੂਆਂ ਨਾਲ ਵੀ ਵਿਚਾਰ-ਵਟਾਂਦਰੇ ਕੀਤੇ ਜਿਨ੍ਹਾਂ ਵਿਚ ਭਗਵੰਤ ਮਾਨ, ਗੁਰਪ੍ਰੀਤ ਘੁੱਗੀ, ਸੁਖਪਾਲ ਸਿੰਘ ਖਹਿਰਾ, ਪ੍ਰੋਫੈਸਰ ਬਲਜਿੰਦਰ ਕੌਰ ਅਤੇ ‘ਆਪ’ ਦੇ ਬੁੱਧੀਜੀਵੀ ਵਿੰਗ ਦੇ ਕਨਵੀਨਰ ਕੈਪਟਨ ਆਰæਆਰæ ਭਾਰਦਵਾਜ ਸ਼ਾਮਲ ਸਨ। ਵੱਖ-ਵੱਖ ਥਾਈਂ ‘ਆਮ ਆਦਮੀ ਪਾਰਟੀ’ ਦੀਆਂ ਹੋਈਆਂ ਮੀਟਿੰਗਾਂ ਅਤੇ ਜਨ ਸਭਾਵਾਂ ਵਿਚ ਵੀ ਸ਼ਿਰਕਤ ਕੀਤੀ। ਸਿੱਖ ਮਿਸ਼ਨਰੀ ਕਾਲਜ ਅਤੇ ‘ਆਪ’ ਲਈ ਨਿਸ਼ਕਾਮ ਸੇਵਾ ਕਰ ਰਹੇ ਮਾਸਟਰ ਗੁਰਚਰਨ ਸਿੰਘ ਬਸਿਆਲਾ ਨੇ ‘ਆਪ’ ਦੀਆਂ ਕਈ ਸ਼ਖਸੀਅਤਾਂ ਨਾਲ ਮੈਨੂੰ ਮਿਲਾਇਆ।
ਮੇਲ-ਮੁਲਾਕਾਤਾਂ ਦੇ ਇਸ ਸਿਲਸਿਲੇ ਵਿਚੋਂ ਤੁੱਛ ਬੁੱਧੀ ਮੁਤਾਬਕ ਮੈਂ ਦੋ ਸਿੱਟੇ ਕੱਢੇ ਹਨ, ਪਹਿਲਾ ‘ਆਪ’ ਦੇ ਸਾਰੇ ਆਗੂ ਜਿੱਤ ਪ੍ਰਤੀ ਹੱਦੋਂ ਵੱਧ ਆਸਵੰਦ ਹਨ। ਵਰਕਰਾਂ-ਸਮਰਥਕਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਲਈ ਅਜਿਹਾ ਜ਼ਰੂਰੀ ਹੁੰਦਾ ਹੈ ਕਿ ਪ੍ਰਸੰæਸਕਾਂ ਨੂੰ ਜਿੱਤ ਦਾ ਸ਼ੀਸ਼ਾ ਦਿੱਸਦਾ ਰਹੇ, ਪਰ ਅਕਸਰ ਇਹ ‘ਆਸ’ ਨੁਕਸਾਨਦੇਹ ਵੀ ਹੋ ਨਿਬੜਦੀ ਹੈ, ਕਿਉਂਕਿ ਸੰਘਰਸ਼ ਕਰਨ ਦੀ ਸਰਗਰਮ ਭਾਵਨਾ ਨੂੰ ਇਹ ਨਿਸਲ ਬਣਾ ਦਿੰਦੀ ਹੈ। ਦੂਜਾ ਸਿੱਟਾ ਇਹ ਕਿ ‘ਆਪ’ ਦੇ ਸੰਭਾਵੀ ਵੋਟਰਾਂ-ਸਪੋਰਟਰਾਂ ਵਿਚ ਜਿੰਨਾ ਉਤਸ਼ਾਹ ਤੇ ਜੋਸ਼ ਹੈ, ਉਨਾ ਹੀ ਪੁੱਤ ਅਤੇ ਬਾਪ (ਪੰਜਾਬ ਦੇ ਮੌਜੂਦਾ ਹੁਕਮਰਾਨ) ਦਾ ਡਰ ਵੀ ਉਨ੍ਹਾਂ ਨੂੰ ਸਤਾ ਰਿਹਾ ਹੈ। ‘ਜਿੱਤ ਤਾਂ ‘ਆਪ’ ਵਾਲਿਆਂ ਦੀ ਪੱਕੀ ਐ, ਜੇæææ।’ ਲੋਕਾਂ ਦੇ ਮੂੰਹੋਂ ਆਮ ਹੀ ਸੁਣੇ ਜਾਂਦੇ ਇਸ ਵਾਕ ਵਿਚਲੀ ‘ਜੇ’ ਦੇ ਮੂਹਰਲੇ ਵਾਕ ਵਿਚ ਹਾਕਮਾਂ ਵੱਲੋਂ ‘ਅੰਦਰ ਦੇਣ’ ਜਾਂ ਧਨ, ਹੇਰਾਫੇਰੀ ਤੇ ਬੇਈਮਾਨੀ ਦੀ ਅੰਨ੍ਹੀ ਵਰਤੋਂ ਦੀ ਚਰਚਾ ਹੁੰਦੀ ਹੈ।
ਅੰਮ੍ਰਿਤਸਰ ਵਿਖੇ ਇਕ ਧਾਰਮਿਕ ਸਮਾਗਮ ਵਿਚ ਮੈਨੂੰ ਸ਼੍ਰੋਮਣੀ ਕਮੇਟੀ ਜਾਂ ਸਿੱਖ ਸਿਆਸਤ ਵਿਚਲੇ ਨਵੇਂ ਪੁਰਾਣੇ ਜਥੇਦਾਰ ਮਿੱਤਰ ਮਿਲੇ। ਮੌਜੂਦਾ ਪੰਥਕ ਹਾਲਾਤ ਬਾਰੇ ਗੱਲ ਕਰਦਿਆਂ ਉਹ ਅੰਦਰੋਂ ਰੋ ਹੀ ਰਹੇ ਸਨ। ਇਧਰ-ਉਧਰ, ਉਪਰ ਹੇਠਾਂ ਚੋਰ-ਅੱਖ ਝਾਕਦਿਆਂ ਜਦੋਂ ਉਨ੍ਹਾਂ ਫੁਸਰ-ਫੁਸਰ ਕਰਦਿਆਂ ਆਮ ਆਦਮੀ ਪਾਰਟੀ ਨੂੰ ਦਿਲੋਂ ਹਮਾਇਤ ਦੇਣ ਦੀ ਗੱਲ ਕੀਤੀ, ਤਾਂ ਮੈਂ ਉਨ੍ਹਾਂ ਨੂੰ ਮਖੌਲ ਕੀਤਾ ਕਿ ਐਥੇ ਕੋਈ ਗੁਪਤ ਕੈਮਰੇ ਲੱਗੇ ਹੋਏ ਨੇ ਕਿ ਤੁਸੀਂ ਐਨੇ ਡਰ-ਡਰ ਕੇ ਬੋਲਦੇ ਹੋ? ਉਨ੍ਹਾਂ ਦਾ ਜਵਾਬ ਸੀ, “ਭਰਾਵਾ! ਕੰਧਾਂ ਦੇ ਵੀ ਕੰਨ ਹੁੰਦੇ ਐæææਅਹਿ ਪਿਓ-ਪੁੱਤ ਦੀ ਕਰੋਪੀ ਬੜੀ ਮਾੜੀ ਐ।”