ਗੁਲਜ਼ਾਰ ਸੰਧੂ
ਕੇਂਦਰ ਨੇ ਸੰਵਿਧਾਨ ਵਿਚ ਗੁਰਦੁਆਰਾ ਸੋਧ ਬਿਲ ਲਿਆ ਕੇ ਸਹਿਜਧਾਰੀ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ਼ ਜੀæ ਪੀæ ਸੀæ) ਦੀਆਂ ਚੋਣਾਂ ਵਿਚ ਵੋਟ ਪਾਉਣ ਦੇ ਹੱਕ ਤੋਂ ਵਾਂਝੇ ਕਰ ਦਿੱਤਾ ਹੈ। ਐਸ਼ ਜੀæ ਪੀæ ਸੀæ ਸਿੱਖਾਂ ਦੇ ਧਾਰਮਕ ਮਸਲਿਆਂ ਦੀ ਰਖਵਾਲੀ ਹੋਣ ਤੋਂ ਬਿਨਾਂ ਸਿੱਖਾਂ ਦੀ ਗੋਲਕ ਵੀ ਹੈ। ਸਿੱਖ ਸ਼ਰਧਾਵਾਨਾਂ ਵਲੋਂ ਚੜ੍ਹਾਇਆ ਪੈਸਾ ਇਸ ਗੋਲਕ ਵਿਚ ਪੈਂਦਾ ਹੈ ਜਿਸ ਨੂੰ ਸਿੱਖ ਪੰਥ ਤੇ ਸਿੱਖ ਭਾਈਚਾਰੇ ਦੇ ਭਲੇ ਲਈ ਵਰਤਿਆ ਜਾਣਾ ਚਾਹੀਦਾ ਹੈ। ਸਿੱਖ ਵਿੱਦਿਆ ਪ੍ਰਣਾਲੀ ਨੂੰ ਮਜਬੂਤ ਕਰਨਾ, ਭਾਈਚਾਰੇ ਨੂੰ ਮਾੜੀ ਰਹੁਰੀਤਾਂ ਤੇ ਨਸ਼ਿਆਂ ਤੋਂ ਮੁਕਤ ਕਰਨਾ ਇਸ ਦਾ ਉਦੇਸ਼ ਹੈ ਤੇ ਹੋਣਾ ਵੀ ਚਾਹੀਦਾ ਹੈ।
ਇਸ ਗੋਲਕ ਵਿਚ ਕੇਵਲ ਅੰਮ੍ਰਿਤਧਾਰੀ ਸਿੱਖਾਂ ਦਾ ਚੜ੍ਹਾਵਾ ਨਹੀਂ ਹੁੰਦਾ, ਸਹਿਜਧਾਰੀ ਸਿੱਖਾਂ ਦਾ ਵੀ ਭਰਪੂਰ ਯੋਗਦਾਨ ਹੁੰਦਾ ਹੈ। ਇਹੋ ਕਾਰਨ ਹੈ ਕਿ ਐਸ਼ ਜੀæ ਪੀæ ਸੀæ ਦੀ ਚੋਣ ਸਮੇਂ ਸਹਿਜਧਾਰੀ ਸਿੱਖਾਂ ਨੂੰ ਵੋਟ ਪਾਉਣ ਦਾ ਓਨਾ ਹੀ ਹੱਕ ਚਲਿਆ ਆ ਰਿਹਾ ਹੈ ਜਿੰਨਾ ਅੰਮ੍ਰਿਤਧਾਰੀ ਸਿੱਖਾਂ ਦਾ। ਸਿੱਖ ਭਾਈਚਾਰੇ ਅਤੇ ਸਿੱਖ ਸਮਾਜ ਉਤੇ ਭਵਿੱਖ ਵਿਚ ਪੈਣ ਵਾਲੇ ਪ੍ਰਭਾਵ ਸੋਚਣ ਤੋਂ ਪਹਿਲਾਂ ਸਹਿਜਧਾਰੀ ਸਿੱਖਾਂ ਦੀ ਪਰਿਭਾਸ਼ਾ ਜਾਣਨੀ ਜ਼ਰੂਰੀ ਹੈ।
ਭਾਈ ਕਾਨ੍ਹ ਸਿੰਘ ਨਾਭਾ ਦਾ Ḕਮਹਾਨ ਕੋਸ਼Ḕ (ਗੁਰਸ਼ਬਦ ਰਤਨਾਕਰ) ਸਾਫ਼ ਤੇ ਸਪਸ਼ਟ ਸ਼ਬਦਾਂ ਵਿਚ ਦਸਦਾ ਹੈ ਕਿ ਸਹਿਜਧਾਰੀ ਸਹਿਜ (ਗਿਆਨ) ਧਾਰਨ ਵਾਲੇ ਵਿਚਾਰਵਾਨ ਨੂੰ ਕਹਿੰਦੇ ਹਨ ਭਾਵ ਸੁਖਾਲੀ ਧਾਰਨਾ ਵਾਲਾ, ਸੌਖੀ ਰੀਤ ਅੰਗੀਕਾਰ ਕਰਨ ਵਾਲਾ ਸਿੱਖਾਂ ਦਾ ਇੱਕ ਅੰਗ ਜਿਸ ਵਿਚ ਸਿੰਧੀ ਭਾਈਚਾਰਾ ਪ੍ਰਮੁੱਖ ਹੈ, ਖੰਡੇ ਦਾ ਅੰਮ੍ਰਿਤਪਾਨ ਨਹੀਂ ਕਰਦਾ ਅਤੇ ਕੱਛ ਕਿਰਪਾਨ ਦੀ ਰਹਿਤ ਨਹੀਂ ਰਖਦਾ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਿਨਾਂ ਆਪਣੀ ਹੋਰ ਕੋਈ ਧਰਮ ਪੁਸਤਕ ਨਹੀਂ ਮੰਨਦਾ ਸਹਜਧਾਰੀ ਹੈ। ਮੈਂ ਨਿਜੀ ਅਨੁਭਵ ਤੋਂ ਦੱਸ ਸਕਦਾ ਹਾਂ ਕਿ ਜਦੋਂ ਮੈਂ ਤੇ ਮੇਰਾ ਦੋਸਤ ਲਾਲ ਕਰਮਚੰਦਾਨੀ ਕਿਸੇ ਵੱਡੇ ਇਮਤਿਹਾਨ ਲਈ ਤੁਰਦੇ ਤਾਂ ਲਾਲ ਦਾ ਪਿਤਾ ਸਾਨੂੰ ਦੋਨਾਂ ਨੂੰ ਬਾਬੇ ਨਾਨਕ ਅੱਗੇ ਨਤਮਸਤਕ ਹੋਏ ਬਿਨਾਂ ਨਾ ਤੁਰਨ ਦਿੰਦਾ।
ਭਾਈ ਕਾਨ੍ਹ ਸਿੰਘ ਫੁਟ ਨੋਟ ਵਿਚ ਵਿਆਖਿਆ ਕਰਦੇ ਹਨ ਕਿ ਪੰਜਾਬ ਅਤੇ ਸਿੰਧ ਵਿਚ ਸਹਿਜਧਾਰੀ ਬਹੁਤ ਗਿਣਤੀ ਵਿਚ ਹਨ, ਖਾਸ ਕਰਕੇ ਸਿੰਧ ਦੇ ਸਹਿਜਧਾਰੀ ਵੱਡੇ ਪ੍ਰੇਮੀ ਤੇ ਬੁਧੀਵਾਨ ਹਨ। ਜੋ ਸਿੰਘ, ਸਹਿਜਧਾਰੀਆਂ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਦੇ ਹਨ, ਉਹ ਸਿੱਖ ਧਰਮ ਤੋਂ ਅੰਞਾਣ ਹਨ।
ਇਸ ਪ੍ਰਸੰਗ ਵਿਚ ਬਿੱਲ ਦੀ ਸੋਧ ਉਤੇ ਕੱਛਾਂ ਵਜਾਉਣ ਵਾਲੇ ਆਪਣੇ ਆਪ ਨੂੰ ਕਿਹੜੀ ਸ਼੍ਰੇਣੀ ਵਿਚ ਗਿਣਦੇ ਹਨ, ਉਹੀਓ ਦੱਸ ਸਕਦੇ ਹਨ! ਸਹਜਧਾਰੀ ਸਿੱਖਾਂ ਨੂੰ ਅੰਮ੍ਰਿਤਧਾਰੀ ਸਿੱਖਾਂ ਤੋਂ ਨੀਵੇਂ ਰੱਖਣ ਵਾਲੇ ਸਿੱਖ ਧਰਮ ਦੀ ਉਤਮਤਾਈਆਂ ਤੋਂ ਅਨਜਾਣ ਹਨ। ਗੁਰਦਦੁਆਰਾ ਸੋਧ ਬਿਲ ਦੇ ਕਰਤਾ-ਧਰਤਾ ਦਲੀਪ ਸਿੰਘ ਸੌਂਧ, ਐਮæ ਐਸ਼ ਰੰਧਾਵਾ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਵਿਗਿਆਨੀ ਡਾæ ਪੀæ ਐਸ਼ ਗਿੱਲ ਤੇ ਉਜਲ ਦੁਸਾਂਝ ਵਰਗੇ ਅਨੇਕਾਂ ਸਿੱਖਾਂ ਦੀ ਦੇਣ ਨੂੰ ਨਕਾਰਨ ਦਾ ਯਤਨ ਕਰ ਰਹੇ ਹਨ। ਨਿਸ਼ਚੇ ਹੀ ਇਸ ਸੋਧ ਬਿੱਲ ਦੀ ਸਿੱਖੀ ਮਾਣ ਮਰਿਆਦਾ ਦੇ ਰਾਖਿਆਂ ਨੂੰ ਚਿੰਤਾ ਹੈ। ਉਨ੍ਹਾਂ ਨੂੰ ਪੰਜਾਬੀ ਸੂਬੇ ਦੀਆਂ ਪੈਦਾ ਕੀਤੀਆਂ ਤਰੁਟੀਆਂ ਹਾਲੀਂ ਭੁੱਲੀਆਂ ਨਹੀਂ। ਅਕਾਲੀਆਂ ਨੂੰ ਇਸ ਦੀ ਕੀ ਖੱਟੀ ਹੁੰਦੀ ਹੈ, ਸਮਾਂ ਦੱਸੇਗਾ।
ਡਾæ ਹਮਦਰਦ ਦੀ ਮਾਸ਼ੂਕਾ-ਗਾਇਕੀ: ਡਾæ ਬਰਜਿੰਦਰ ਸਿੰਘ ਹਮਦਰਦ ਇੱਕੋ ਸਮੇਂ ਦੋ ਬੇੜੀਆਂ ਦੀ ਸਵਾਰੀ ਕਰ ਸਕਦਾ ਹੈ। ਪੱਤਰਕਾਰੀ ਉਸ ਦੀ ਪਤਨੀ ਹੈ ਤੇ ਗਾਇਕੀ ਮਾਸ਼ੂਕਾ। ਜੇ ਸੱਚ ਪੁੱਛੋਂ ਤਾਂ ਪੱਤਰਕਾਰੀ ਉਸ ਦੇ ਗਲ ਪਿਆ ਢੋਲ ਹੈ ਪਰ ਉਸ ਨੇ ਇਸ ਨੂੰ ਡਗੇ ਦੀਆਂ ਤਾਨਾਂ ਤੇ ਸੁਰਾਂ ਨਾਲ ਸੁਧਾਰਿਆ ਤੇ ਨਿਖਾਰਿਆ। ਉਸ ਦੇ ਇਸ ਨਿਖਾਰ ਨੂੰ ਪਹਿਚਾਣਦਿਆਂ ਦੇਸ਼ ਦੇ ਰਾਸ਼ਟਰਪਤੀ ਨੇ ਉਸ ਨੂੰ ਪਦਮ ਭੂਸ਼ਣ ਦਾ ਸਨਮਾਨ ਦਿੱਤਾ।
ਮੈਂ ਬਰਜਿੰਦਰ ਸਿੰਘ ਨੂੰ ਉਦੋਂ ਤੋਂ ਜਾਣਦਾ ਹਾਂ ਜਦ ਪੰਜਾਹ ਸਾਲ ਪਹਿਲਾਂ ਉਸ ਦੇ ਮਾਣਯੋਗ ਪਿਤਾ ਸਾਧੂ ਸਿੰਘ ਹਮਦਰਦ ਮੇਰੀ ਜੰਜੇ ਗਏ ਸਨ ਤੇ ਉਸ ਤੋਂ ਪਹਿਲਾਂ ਬਰਜਿੰਦਰ ਸਿੰਘ ਮੇਰੀ ਦਿੱਲੀ ਵਾਲੀ ਰਿਹਾਇਸ਼ ਉਤੇ ਉਰਦੂ ਦੀ ਇੱਕ ਗਜ਼ਲ ਦੇ ਕੁਝ ਸ਼ਿਅਰ ਗਾ ਕੇ ਮੇਰੇ ਮਿੱਤਰਾਂ ਨੂੰ ਨਿਹਾਲ ਕਰ ਕੇ ਗਿਆ ਸੀ। ਗੀਤ-ਸੰਗੀਤ ਨਾਲ ਉਸ ਨੇ ਆਪਣੀ ਆਸ਼ਕੀ ਨੂੰ ਸਦਾ ਆਪਣੇ ਸੀਨੇ ਨਾਲ ਲਾਈ ਰੱਖਿਆ। ਅਜੀਤ ਸਮਾਚਾਰ ਸਮੂਹ ਦੀ ਸਾਂਭ-ਸੰਭਾਲ ਕਰਦਿਆਂ, ਰਾਜ ਸਭਾ ਦੀ ਮੈਂਬਰੀ ਨਿਭਾਉਦਿਆਂ, ਅਨੰਦਪੁਰ ਸਾਹਿਬ ਦੀ ਵਿਰਾਸਤ-ਏ-ਖ਼ਾਲਸਾ ਤੇ ਕਰਤਾਰਪੁਰ ਵਿਚ ਉਸਾਰੀ ਜਾ ਰਹੀ ਜੰਗ-ਏ-ਆਜ਼ਾਦੀ ਲਈ ਸਲਾਹ ਮਸ਼ਵਰਾ ਦਿੰਦਿਆਂ 25 ਅਪਰੈਲ 2016 ਨੂੰ ਲਵਲੀ ਯੂਨੀਵਰਸਟੀ ਵਿਚ ਆਪਣੀ ਗਾਇਕੀ ਦੀ ਨਵੀਂ ਐਲਬਮ ਲੋਕ ਅਰਪਣ ਕਰਾਉਣਾ ਇਸ ਦੀ ਪੁਸ਼ਟੀ ਕਰਦਾ ਹੈ।
30 ਮਾਰਚ 2016 ਨੂੰ ਹੋਈ ਮੇਰੀ ਬਾਈ ਪਾਸ ਸਰਜਰੀ ਨੇ ਮੈਨੂੰ ਉਸ ਸਮਾਗਮ ‘ਤੇ ਹਾਜ਼ਰੀ ਨਹੀਂ ਭਰਨ ਦਿੱਤੀ ਪਰ ਪੜ੍ਹੀਆਂ-ਸੁਣੀਆਂ ਖਬਰਾਂ ਤੋਂ ਪਤਾ ਲਗਾ ਕਿ ਇਸ ਐਲਬਮ ਵਿਚ ਕੇਵਲ ਤੇ ਕੇਵਲ ਲੋਕ ਗੀਤ ਹਨ। ਉਨ੍ਹਾਂ ਲੋਕ ਗੀਤਾਂ ਦੀ ਸੰਗੀਤਮਈ ਕੋਰੀਓਗ੍ਰਾਫੀ ਜਿਹੜੇ ਕਦੀ ਦਵਿੰਦਰ ਸਤਿਆਰਥੀ ਤੇ ਐਮæ ਐਸ਼ ਰੰਧਾਵਾ ਨੇ ਇੱਕਠੇ ਕੀਤੇ ਅਤੇ ਕਰਵਾਏ ਸਨ। ਤੇਰੇ ਬਾਜਰੇ ਦੀ ਰਾਖੀ ਦਿਉਰਾ ਮੈਂ ਨਾ ਬਹਿੰਦੀ, ਉਡਦਾ ਵੇ ਜਾਵੀਂ ਕਾਂਵਾਂ, ਵੀਰ ਮੇਰੇ ਨੇ ਬਾਗ ਲਵਾਇਆ ਵਿਚ ਲਵਾਈਆਂ ਕਲੀਆਂ, ਲੜੀ ਵੇ ਪ੍ਰੀਤ ਵਾਲੀ ਟੁਟਦੀ ਵੀ ਨਾ, ਰਾਤ ਵੇ ਵਿਛੋੜੇ ਵਾਲੀ ਮੁਕਦੀ ਵੀ ਨਾ ਆਦਿ ਲੋਕ ਗੀਤ ਮੁਖੜਿਆਂ ਤੋਂ ਇਲਾਵਾ ਇਨ੍ਹਾਂ ਵਿਚ ਸਤਿਆਰਥੀ ਤੇ ਰੰਧਾਵਾ ਦੀ ਚੋਣ ਨਾਲੋਂ ਵੱਖਰੇ ਤੇ ਨਵੇਂ ਗੀਤ ਵੀ ਹਨ। ਵੱਡੀ ਗੱਲ ਇਹ ਕਿ ਬਰਜਿੰਦਰ ਸਿੰਘ ਉਨ੍ਹਾਂ ਨੂੰ ਸੰਗੀਤ ਪ੍ਰਦਾਨ ਕਰਕੇ ਤੇ ਲਵਲੀ ਯੂਨੀਵਰਸਟੀ ਦੇ ਵਿਦਿਆਰਥੀਆਂ ਤੋਂ ਗੰਵਾ ਕੇ ਅਮਰ ਕੀਤਾ ਹੈ।
ਇਸ ਵਾਰੀ ਮੈਂ ਆਪਣੇ ਦਰਜਨਾਂ ਮਿੱਤਰਾਂ ਨੂੰ ਮਿਲਣੋਂ ਰਹਿ ਗਿਆ ਪਰ ਡਾਕਟਰ ਕਹਿੰਦੇ ਹਨ ਕਿ ਅੱਠਵੀਂ ਐਲਬਮ ਤੱਕ ਮੈਂ ਨੌ-ਬਰ-ਨੌ ਹੋ ਕੇ ਹਾਜ਼ਰੀ ਭਰ ਸਕਾਂਗਾ। ਮੈਨੂੰ ਅਗਲੀ ਐਲਬਮ ਦੀ ਉਡੀਕ ਰਹੇਗੀ।
ਅੰਤਿਕਾ: (ਕਵੀਸ਼ਰ ਕਰਨੈਲ ਸਿੰਘ ਪਾਰਸ)
ਰੰਗ ਸਾਰੀ ਦੁਨੀਆਂ ਦੇ ਮੇਰਾ ਮਾਣਨ ਨੂੰ ਜੀਅ ਕਰਦਾ।
ਨੱਨ੍ਹਾ ਦਿਲ ਸਹਿਮਿਆ ਵਾ, ਤੇਰੀ ਸੋਚ ਛੁਰੀ ਤੋਂ ਡਰਦਾ।
ਕਾਤਲ ਅਣਜਨਮੀ ਦੀ, ਬਣ ਕੇ ਡੈਣ ਰੂਪ ਨਾ ਧਾਰੀਂ।
ਹਾੜੇ ਹੱਥ ਬੰਨ੍ਹਦੀ ਹਾਂ, ਅੰਮੀਏਂ ਕੁਖ ਵਿਚ ਨਾ ਮਾਰੀਂ।
ਪੁੱਤਾਂ ਦੇ ਵਾਂਗ ਹਾਂ ਮੈਂ ਵੀ ਖੂਨ ਤੁਹਾਡਾ ਸੁੱਚਾ।
ਪੜ੍ਹ ਹਾਸਲ ਕਰ’ਲਾਂਗੀ, ਰੁਤਬਾ ਸੂਰਜ ਨਾਲੋਂ ਉਚਾ।
ਧੁੰਮਾਂ ਪਾ ਦਿਆਂਗੀ, ਥੋਡੇ ਨਾਂ ਦੀਆਂ ਕੂੰਟਾਂ ਚਾਰੀਂ।
ਹਾੜ੍ਹੇ ਹੱਥ ਬੰਨ੍ਹਦੀ ਹਾਂ, ਅੰਮੜੀਏ ਕੁੱਖ ਵਿਚ ਨਾ ਮਾਰੀਂ।