ਦਲਜੀਤ ਅਮੀ
ਫੋਨ: +91-97811-21873
ਸਤਨਾਮ ਦਾ ਤੁਰ ਜਾਣ ਦਾ ਫ਼ੈਸਲਾ ਸੋਗ਼ਵਾਰ ਹੈ। ‘ਜੰਗਲਨਾਮਾ’ ਵਰਗੀ ਕਿਤਾਬ ਲਿਖਣ ਵਾਲਾ ਅਤੇ ‘ਸਪਾਰਟਕਸ’ ਵਰਗੇ ਨਾਵਲ ਦਾ ਤਰਜਮਾ ਕਰਨ ਵਾਲਾ ਸਤਨਾਮ ਜ਼ਿੰਦਗੀ ਨੂੰ ਬੇਦਾਵਾ ਦੇ ਗਿਆ। ਸੰਜੇ ਕਾਕ ਦੀ ਦਸਤਾਵੇਜ਼ੀ ਫ਼ਿਲਮ ‘ਮਾਟੀ ਕੇ ਲਾਲ’ ਵਿਚ ਪਾਸ਼ ਦੀ ਕਵਿਤਾ ਸੁਣਾ ਕੇ ਉਹ ਕੈਮਰੇ ਵਿਚ ਝਾਕਦਾ ਹੈ ਅਤੇ ਆਪਣੀ ਸਹਿਮਤੀ ਜਤਾਉਂਦਾ ਹੈ। ਉਸ ਦੇ ਮੂੰਹ ਉਤੇ ਮੁਸਕਰਾਹਟ ਫ਼ੈਲਦੀ ਹੈ। ਦੇਸ਼ ਧਰੋਹ ਦੀ ਧਾਰਨਾ ਦੀ ਗੱਲ ਕਰਦਿਆਂ ਉਹ ਕੈਮਰੇ ਵਿਚ ਝਾਕਦਾ ਹੈ ਅਤੇ ਉਸ ਦਾ ਸਮੁੱਚਾ ਬੁੱਤ ਨਾਬਰੀ ਦਾ ਨੁਮਾਇੰਦਾ ਬਣ ਜਾਂਦਾ ਹੈ।
ਨਿਜ਼ਾਮ ਦੇ ਖ਼ਿਲਾਫ਼ ਨਾਬਰੀ ਕਰਨ ਵਾਲਾ ਸਤਨਾਮ ਆਪਣੇ ਇਸੇ ਖ਼ਾਸੇ ਤਹਿਤ ਜ਼ਿੰਦਗੀ ਨੂੰ ਮੁਖ਼ਾਤਬ ਹੁੰਦਾ ਹੈ। ਜਦੋਂ ਹਰ ਤਰ੍ਹਾਂ ਦੀ ਨਾਬਰੀ ਦੇ ਨਾਲ ਹਰ ਤਰ੍ਹਾਂ ਦੇ ਸੁਆਲਾਂ ਨੂੰ ਦੇਸ਼ ਧਰੋਹ ਕਰਾਰ ਦਿੱਤਾ ਜਾ ਰਿਹਾ ਹੈ ਤਾਂ ਸਤਨਾਮ ਦਾ ਤੁਰ ਜਾਣਾ ਮੌਜੂਦਾ ਦੌਰ ਦੀ ਬੇਕਿਰਕ ਹਿੰਸਾ ਨੂੰ ਬੇਪਰਦ ਕਰਦਾ ਜਾਪਦਾ ਹੈ। ਇਹ ਸੁਆਲ ਪੁੱਛਿਆ ਜਾਣਾ ਲਾਜ਼ਮੀ ਹੈ ਕਿ ਸਤਨਾਮ ਵਰਗਾ ਬੰਦਾ ਖ਼ੁਦਕੁਸ਼ੀ ਕਿਉਂ ਕਰਦਾ ਹੈ? ਇਸ ਖ਼ੁਦਕੁਸ਼ੀ ਲਈ ਜੁਆਬਦੇਹੀ ਕਿਸ ਦੀ ਬਣਦੀ ਹੈ ਅਤੇ ਪੜਚੋਲ ਦੀ ਜ਼ਿੰਮੇਵਾਰੀ ਕਿਨ੍ਹਾਂ ਸਿਰ ਪੈਂਦੀ ਹੈ?
ਸਤਨਾਮ ਤਕਰੀਬਨ ਚਾਲੀ ਸਾਲ ਕੁਲਵਕਤੀ ਇਨਕਲਾਬੀ ਵਜੋਂ ਯੁੱਗ ਪਲਟਾਉਣ ਵਿਚ ਮਸਰੂਫ਼ ਰਿਹਾ। ਉਸ ਨੇ ਯੁੱਗ ਪਲਟਾਉਣ ਲਈ ਲਾਮਬੰਦੀ ਕਰਨ ਵਿਚ ਹਿੱਸਾ ਪਾਇਆ ਅਤੇ ਬਹੁਤ ਸਾਰੇ ਨੌਜਵਾਨਾਂ ਨੂੰ ਇਨਕਲਾਬ ਦੀ ਰਾਹ ਉਤੇ ਤੋਰਿਆ। ਇਨਕਲਾਬ ਦੀ ਰਾਹ ਤੁਰਿਆ ਦੀ ਹੌਸਲਾਅਫ਼ਜਾਈ ਕੀਤੀ। ਇਨਕਲਾਬ ਦੀ ਰਾਹ ਤੋਂ ਪਰਤ ਗਏ ਸਾਥੀਆਂ ਨਾਲ ਸੁਹਿਰਦ ਰਿਸ਼ਤਾ ਕਾਇਮ ਰੱਖਿਆ। ਉਸ ਦੀ ਮਿਲਣਸਾਰਤਾ ਅਤੇ ਨਿੱਘੇ ਸੁਭਾਅ ਦੀਆਂ ਬਾਤਾਂ ਉਸ ਦੇ ਸਾਥੀ ਪਾਉਂਦੇ ਹਨ। ਉਸ ਦੇ ਸਾਥੀ ਦੱਸਦੇ ਹਨ ਕਿ ਉਹ ਆਪਣੀ ਦਲੀਲ ਨੂੰ ਸਾਫ਼ ਸ਼ਬਦਾਂ ਵਿਚ ਪੇਸ਼ ਕਰਦਾ ਸੀ ਅਤੇ ਸੰਜੀਦਗੀ ਨਾਲ ਟਕਰਾਵੀਂ ਦਲੀਲ ਸੁਣ ਸਕਦਾ ਸੀ। ਉਸ ਦੀ ਜਗਿਆਸਾ ਅਤੇ ਜਾਗਰੂਕਤਾ ਦਾ ਸਬੂਤ ਉਸ ਦੀਆਂ ਲਿਖਤਾਂ ਹਨ। ਇਸ ਵਿਚ ਤਾਂ ਕੋਈ ਸ਼ੱਕ ਨਹੀਂ ਕਿ ਇਨਕਲਾਬੀ ਸਿਆਸਤ ਵਿਚ ਚਾਰ ਦਹਾਕੇ ਤੱਕ ਸਰਗਰਮ ਰਹਿਣਾ ਦ੍ਰਿੜਤਾ ਅਤੇ ਸਿਦਕਦਿਲੀ ਦੀ ਮੰਗ ਕਰਦਾ ਹੈ। ਇਸ ਦੌਰਾਨ ਨਿਜ਼ਾਮ ਦੇ ਹਰ ਪੱਖ ਦੀ ਪੜਚੋਲ ਹੋਣੀ ਲਾਜ਼ਮੀ ਹੈ। ਜੇ ਨਿਜ਼ਾਮ ਦੇ ਸਿਆਸੀ, ਜਮਾਤੀ ਅਤੇ ਜਾਤੀ ਢਾਂਚੇ ਦੀ ਪੜਚੋਲ ਲਾਜ਼ਮੀ ਹੈ ਤਾਂ ਸਮਾਜ ਅਤੇ ਭਾਵੁਕ ਨਿਜ਼ਾਮ ਦੀਆਂ ਪਰਤਾਂ ਫਰੋਲਣੀਆਂ ਵੀ ਜ਼ਰੂਰੀ ਹਨ।
ਇਸੇ ਪੜਚੋਲ ਦੇ ਨਤੀਜੇ ਵਜੋਂ ਇਨਕਲਾਬੀ ਸਮਾਜ ਦਾ ਸੁਫ਼ਨਾ ਸਿਰਜਿਆ ਜਾਂਦਾ ਹੈ। ਬੇਬਾਕੀ ਨਾਲ ਨਿਜ਼ਾਮ ਦੀ ਪੜਚੋਲ ਵਿਚ ਲੱਗਿਆ ਕਾਰਕੁਨ ਆਪਣੇ ਆਪ ਨੂੰ ਆਪਣੇ ਸਿਧਾਂਤ ਮੁਤਾਬਕ ਤਬਦੀਲ ਕਰਦਾ ਹੈ। ਇਸੇ ਦੌਰਾਨ ਸਭ ਤੋਂ ਇਨਕਲਾਬੀ ਕਾਰਕੁਨ ਨੇ ਸਭ ਤੋਂ ਮੁਸ਼ਕਲ ਤਵਾਜ਼ਨ ਕਾਇਮ ਰੱਖਣਾ ਹੁੰਦਾ ਹੈ। ਇੱਕ ਪਾਸੇ ਇਨਕਲਾਬੀ ਸਮਾਜ ਦਾ ਸੁਫ਼ਨਾ ਹੁੰਦਾ ਹੈ ਅਤੇ ਦੂਜੇ ਪਾਸੇ ਮੌਜੂਦਾ ਸਮਾਜ ਵਿਚ ਵਿਚਰਨਾ ਹੁੰਦਾ ਹੈ। ਇਹੋ ਤਵਾਜ਼ਨ ਬਹੁਤ ਸਾਰੇ ਕਾਰਕੁਨਾਂ ਅਤੇ ਜਥੇਬੰਦੀਆਂ ਵਿਚਕਾਰ ਤਣਾਅ ਤੋਂ ਟਕਰਾਅ ਦਾ ਸਬੱਬ ਬਣਦਾ ਹੈ। ਇਨਕਲਾਬੀ ਦੇ ਰਾਹ ਵਿਚ ਅਜਿਹੇ ਬਹੁਤ ਮੌਕੇ ਆਉਂਦੇ ਹਨ ਜਦੋਂ ਉਹ ਆਪਣੀ ਹੀ ਜਥੇਬੰਦੀ ਨਾਲ ਆਹਮੋ-ਸਾਹਮਣੇ ਹੁੰਦਾ ਹੈ। ਇਨ੍ਹਾਂ ਕਾਰਨਾਂ ਨਾਲ ਹੀ ਜਥੇਬੰਦੀਆਂ ਵਿਚ ਫੁੱਟਾਂ ਪੈਂਦੀਆਂ ਹਨ ਅਤੇ ਕਾਰਕੁਨਾਂ ਦਾ ਮੋਹਭੰਗ ਹੁੰਦਾ ਹੈ।
ਇਹ ਇਨਕਲਾਬੀ ਲਹਿਰਾਂ ਦਾ ਸਭ ਤੋਂ ਪੇਚੀਦਾ ਅਤੇ ਤਕਲੀਫ਼ਦੇਹ ਪੱਖ ਹੈ। ਜਦੋਂ ਕੋਈ ਯੁੱਗ ਪਲਟਾਉਣ ਦੇ ਰਾਹ ਤੁਰਦਾ ਹੈ ਤਾਂ ਉਸ ਦੇ ਅੰਦਰ ਤਾਂ ਯੁੱਗ ਪਲਟਣਾ ਸ਼ੁਰੂ ਹੋ ਜਾਂਦਾ ਹੈ। ਯੁੱਗ ਪਲਟਾਉਣ ਲਈ ਜੁੜੇ ਮੇਲ ਵਿਚ ਯੁੱਗ ਪਲਟਣਾ ਸ਼ੁਰੂ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਦੀ ਤਰਜ਼ਿ-ਜ਼ਿੰਦਗੀ ਬਦਲਦੀ ਹੈ। ਉਸ ਦਾ ਸਮਾਜਿਕ ਵਿਹਾਰ ਅਤੇ ਭਾਵੁਕ ਸੰਸਾਰ ਬਦਲਦਾ ਹੈ। ਇਸ ਤੋਂ ਬਾਅਦ ਜੇ ਕੋਈ ਕਾਰਕੁਨ ਆਪਣੇ ਸਾਥੀਆਂ ਦੀ ਡਾਰ ਵਿਚੋਂ ਕਿਸੇ ਵੀ ਕਾਰਨ ਵਿਛੜ ਜਾਂਦਾ ਹੈ ਤਾਂ ਉਸੇ ਥਾਂ ਵਸਣ ਦਾ ਔਖਾ ਸੁਆਲ ਸਾਹਮਣੇ ਆਉਂਦਾ ਹੈ ਜਿਸ ਥਾਂ ਤੋਂ ਉਜੜਨ ਦਾ ਸੁਚੇਤ ਫ਼ੈਸਲਾ ਕੀਤਾ ਹੁੰਦਾ ਹੈ। ਇਨਕਲਾਬ ਤੋਂ ਪਹਿਲਾਂ ਘਰਾਂ ਨੂੰ ਪਰਤਦਾ ਰਾਹ ਕਿਸੇ ਵਿਰਲੇ ਲਈ ਹੀ ਸਾਜ਼ਗ਼ਾਰ ਰਹਿੰਦਾ ਹੈ। ਜਦੋਂ ਕੋਈ ਇਨਕਲਾਬੀ ਜੇਲ੍ਹ ਵਿਚੋਂ ਪਰਤਦਾ ਹੈ ਤਾਂ ਉਸ ਦੀ ਬਹਾਲੀ ਅਹਿਮ ਸੁਆਲ ਬਣਦੀ ਹੈ। ਜੇਲ੍ਹ ਯਾਤਰਾ ਤੋਂ ਬਾਅਦ ਜਥੇਬੰਦੀ ਨਾਲ ਨਵੇਂ ਸਿਰੇ ਤੋਂ ਪੁਰਾਣਾ ਰਿਸ਼ਤਾ ਬਣਨਾ ਮੁਸ਼ਕਲ ਹੁੰਦਾ ਹੈ। ਬਦਲੇ ਮਾਹੌਲ ਅਤੇ ਪੁਰਾਣੀ ਤਰਜ਼ਿ-ਜ਼ਿੰਦਗੀ ਵਿਚ ਪੈਦਾ ਹੋਇਆ ਤਣਾਅ ਕਿੰਨੇ ਬੰਦਿਆਂ ਨੂੰ ਡੋਬੂ ਪਾਉਂਦਾ ਹੈ। ਜਥੇਬੰਦੀਆਂ ਨਾਲ ਕਲੇਸ਼ ਵਿਚ ਆਏ ਕਾਰਕੁਨਾਂ ਦਾ ਤਜਰਬਾ ਇਸ ਤੋਂ ਵੱਖਰਾ ਨਹੀਂ ਹੈ। ਜਦੋਂ ਬਿਮਾਰ ਕਾਰਕੁਨ ਨੂੰ ਘਰਦਿਆਂ ਦੇ ਆਸਰੇ ਛੱਡ ਦਿੱਤਾ ਜਾਂਦਾ ਹੈ ਤਾਂ ਹਾਲਾਤ ਇਸੇ ਤਰ੍ਹਾਂ ਦੇ ਹੁੰਦੇ ਹਨ। ਜਦੋਂ ਆਪਣੇ ਪਰਿਵਾਰ ਦੇ ਬਿਮਾਰ ਜੀਅ ਦਾ ਧਿਆਨ ਰੱਖਣ ਲਈ ਕਾਰਕੁਨਾਂ ਨੂੰ ਜਥੇਬੰਦੀਆਂ ਦੇ ਕੰਮਾਂ ਤੋਂ ਸੁਰਖ਼ਰੂ ਕੀਤਾ ਜਾਂਦਾ ਹੈ ਤਾਂ ਰਿਸ਼ਤਿਆਂ ਦੀ ਪੇਚੀਦਗੀ ਸਾਹਮਣੇ ਆਉਂਦੀ ਹੈ। ਕਦੇ ਰੱਦ ਜਾਂ ਨਜ਼ਰਅੰਦਾਜ਼ ਕੀਤੇ ਰਿਸ਼ਤੇ ਨਵੇਂ ਮਾਹੌਲ ਵਿਚ ਆਪਣੀਆਂ ਸ਼ਰਤਾਂ ਤੈਅ ਕਰਦੇ ਹਨ। ਇਸ ਤਰ੍ਹਾਂ ਉਜੜਨ-ਵਸਣ ਦਾ ਤਜਰਬਾ ਕਦੇ ਵੀ ਖ਼ੁਸ਼ਗਵਾਰ ਨਹੀਂ ਹੁੰਦਾ।
ਜਦੋਂ ਇਨਕਲਾਬੀ ਸਿਆਸਤ ਵਿਚ ਇਹ ਸਭ ਕੁਝ ਹੋਣਾ ਹੈ ਤਾਂ ਇਸ ਖ਼ਿਲਾਫ਼ ਪੇਸ਼ਬੰਦੀਆਂ ਕਰਨੀਆਂ ਕਿਸ ਦੀ ਜ਼ਿੰਮੇਵਾਰੀ ਹੈ? ਜਦੋਂ ਯੁੱਗ ਪਲਟਾਉਣ ਵਿਚ ਮਸਰੂਫ਼ ਕਾਰਕੁਨ ਇਨਕਲਾਬ ਤੋਂ ਪਹਿਲਾਂ ਘਰਾਂ ਨੂੰ ਪਰਤਦੇ ਹਨ ਤਾਂ ਵਿਰਲੇ ਹੀ ਇਸ ਜ਼ਿੰਦਗੀ ਨਾਲ ਸਿੱਝਣ ਦਾ ਹੁਨਰ ਸਿੱਖ ਪਾਉਂਦੇ ਹਨ। ਕੁਝ ਨਿਘਾਰ ਦਾ ਸ਼ਿਕਾਰ ਹੁੰਦੇ ਹਨ, ਪਰ ਜ਼ਿਆਦਾਤਰ ਸਿਹਤਮੰਦ ਰੁਝੇਵਾਂ ਅਤੇ ਨਿੱਘਾ ਮਾਹੌਲ ਸਿਰਜਣ ਲਈ ਸੰਘਰਸ਼ ਕਰਦੇ ਹਨ। ਇਨ੍ਹਾਂ ਹਾਲਾਤ ਵਿਚ ਜਥੇਬੰਦੀਆਂ ਉਤੇ ਦਾਅਵੇਦਾਰੀਆਂ ਖ਼ਤਮ ਹੋ ਜਾਂਦੀਆਂ ਹਨ ਅਤੇ ਨਵੀਆਂ ਮੁਲਾਹਜ਼ੇਦਾਰੀਆਂ ਵਿਚ ਭਰੋਸਾ ਕਾਇਮ ਕਰਨਾ ਸੁਖਾਲਾ ਨਹੀਂ ਹੁੰਦਾ। ਇਸੇ ਦੌਰਾਨ ਕਾਰਕੁਨ ਆਪਣੇ ਅੰਦਰਲੀ ਟੁੱਟ-ਭੱਜ ਨੂੰ ਮੁਖ਼ਾਤਬ ਹੁੰਦੇ ਹਨ। ਇਸੇ ਦੌਰਾਨ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਦਾ ਬੌਧਿਕ, ਭਾਵੁਕ ਅਤੇ ਮਨੁੱਖੀ ਵਿਕਾਸ ਕਿਸ ਤਰ੍ਹਾਂ ਦਾ ਹੋਇਆ ਹੈ। ਕਈ ਵਾਰ ਭਾਵੁਕ ਵਿਕਾਸ ਬੌਧਿਕ ਵਿਕਾਸ ਦੇ ਹਾਣ ਦਾ ਨਹੀਂ ਹੁੰਦਾ ਅਤੇ ਕਈ ਵਾਰ ਮਨੁੱਖੀ ਵਿਕਾਸ ਬੌਧਿਕ ਵਿਕਾਸ ਦੇ ਸਾਹਮਣੇ ਊਣਾ ਰਹਿ ਜਾਂਦਾ ਹੈ। ਇਸ ਹਾਲਤ ਨੂੰ ਸਮਝਣ ਲਈ ਮੌਜੂਦਾ ਨਿਜ਼ਾਮ ਦਾ ਸਮਾਜਿਕ ਢਾਂਚਾ ਅਤੇ ਡਾਕਟਰੀ ਹੁਨਰ ਨਾਕਾਫ਼ੀ ਸਾਬਤ ਹੁੰਦਾ ਹੈ। ਇਨ੍ਹਾਂ ਹਾਲਾਤ ਵਿਚ ਕਿਸੇ ਤਰ੍ਹਾਂ ਦਾ ਮਸ਼ਵਰਾ ਜਾਂ ਧਰਵਾਸਾ ਡੋਬੂ ਦਾ ਸ਼ਿਕਾਰ ਹੋਏ ਬੰਦੇ ਦੇ ਕੰਮ ਨਹੀਂ ਆਉਂਦਾ। ਉਸ ਦਾ ਮਾਹੌਲ ਬਦਲਣ ਜਿੰਨੇ ਸਾਧਨ ਨਹੀਂ ਜੁਟਦੇ ਅਤੇ ਧਿਆਨ ਵਟਾਉਣ ਜਿੰਨਾ ਰੁਝੇਵਾਂ ਨਹੀਂ ਬਣਦਾ।
ਇਸ ਤੋਂ ਬਾਅਦ ਇਹ ਲੱਗ ਸਕਦਾ ਹੈ ਕਿ ਅਜਿਹੇ ਬੰਦੇ ਨੂੰ ਬਚਾਇਆ ਨਹੀਂ ਜਾ ਸਕਦਾ। ਦਰਅਸਲ ਇਸ ਬੰਦੇ ਨੂੰ ਬਚਾਉਣਾ ਮੌਜੂਦਾ ਨਿਜ਼ਾਮ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਇਸ ਬੰਦੇ ਦੀ ਮੌਤ ਵਿਚੋਂ ਆਪਣੀ ਅਹਿਮੀਅਤ ਲੱਭਦਾ ਹੈ। ਇਸੇ ਲਈ ਸਤਨਾਮ ਦੀ ਖ਼ੁਦਕੁਸ਼ੀ ਵਿਚੋਂ ਅਧਿਆਤਮ ਅਤੇ ਧਰਮ ਦੀ ਬਿਹਤਰੀ ਦੀ ਦਾਅਵੇਦਾਰੀ ਕੀਤੀ ਜਾ ਰਹੀ ਹੈ। ਇਹ ਦਾਅਵੇਦਾਰੀ ਮੌਜੂਦਾ ਸਿਆਸੀ ਨਿਜ਼ਾਮ ਦੀ ਉਸੇ ਦਲੀਲ ਨਾਲ ਮੇਲ ਖਾਂਦੀਆਂ ਹਨ ਕਿ ਹਰ ਸੁਆਲ ਨੂੰ ਦੇਸ਼ ਧਰੋਹ ਕਰਾਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਯੁੱਗ ਪਲਟਾਉਣ ਵਿਚ ਮਸਰੂਫ਼ ਬੰਦੇ ਦੀ ਹਰ ਨਾਕਾਮਯਾਬੀ ਉਤੇ ਸ਼ਰਧਾ ਦੀ ਜਿੱਤ ਦਾ ਪਰਚਮ ਲਹਿਰਾਇਆ ਜਾਂਦਾ ਹੈ। ਮਨੁੱਖਤਾ ਦੇ ਭਲੇ ਦਾ ਦਾਅਵਾ ਕਰਨ ਵਾਲੇ ਅਧਿਆਤਮਵਾਦੀ ਦੂਜਿਆਂ ਦੇ ਮਾਤਮ ਵਿਚੋਂ ਆਪਣੀ ਖ਼ੁਸ਼ੀ ਦਾ ਦਾਅਵਾ ਕਰਦੇ ਹਨ। ਸਤਨਾਮ ਦਾ ਫ਼ੈਸਲਾ ਇਨਕਲਾਬੀ ਸਿਆਸਤ ਅਤੇ ਇਨਕਲਾਬੀ ਤਬਕਿਆਂ ਦੀ ਨਾਕਾਮਯਾਬੀ ਤਾਂ ਹੈ, ਇਸ ਨਾਕਾਮਯਾਬੀ ਦੇ ਸੋਗ ਵਿਚ ਇਹ ਸੋਚਣਾ ਬਣਦਾ ਹੈ ਕਿ ਯੁੱਗ ਪਲਟਾਉਣ ਵਿਚ ਮਸਰੂਫ਼ ਲੋਕਾਂ ਦੇ ਦਿਲਾਂ ਦੀ ਥਾਹ ਪਾਉਣ ਦਾ ਕੰਮ ਮੌਜੂਦਾ ਸਿਆਸੀ-ਸਮਾਜਿਕ ਨਿਜ਼ਾਮ ਉਤੇ ਨਹੀਂ ਛੱਡਿਆ ਜਾ ਸਕਦਾ। ਸਤਨਾਮ ਦੇ ਹਵਾਲੇ ਨਾਲ ਪੁੱਛੇ ਜਾ ਰਹੇ ਸੁਆਲ ਭਾਵੇਂ ਕਿਸੇ ਵੀ ਮਕਸਦ ਨਾਲ ਪੁੱਛੇ ਜਾ ਰਹੇ ਹੋਣ, ਪਰ ਇਨ੍ਹਾਂ ਨੂੰ ਮੁਖ਼ਾਤਬ ਹੋਣਾ ਲਾਜ਼ਮੀ ਹੈ। ਪੰਜਾਬੀ ਪਾਠਕ ਨੂੰ ‘ਸਪਾਰਟਕਸ’ ਦੇਣ ਵਾਲੇ ਸਤਨਾਮ ਨੇ ਜ਼ਿੰਦਗੀ ਨੂੰ ਬੇਦਾਵਾ ਦਿੱਤਾ ਹੈ ਤਾਂ ਇਸ ਨਾਕਾਮਯਾਬੀ ਦੀ ਪੜਚੋਲ ਮੁਆਫ਼ੀ ਮੰਗ ਕੇ ਸ਼ੁਰੂ ਹੋਣੀ ਚਾਹੀਦੀ ਹੈ। ਰੋਹਿਤ ਵੇਮੁਲਾ ਤੋਂ ਬਾਅਦ ਨਵਕਰਨ ਅਤੇ ਹੁਣ ਸਤਨਾਮ ਕਿਸੇ ਇੱਕੋ ਲੜੀ ਦੀਆਂ ਕੜੀਆਂ ਜਾਪਦੇ ਹਨ ਅਤੇ ਇਸ ਲੜੀ ਨੂੰ ਰੋਕਣਾ ਯੁੱਗ ਪਲਟਾਉਣ ਤੋਂ ਛੋਟਾ ਕਾਰਜ ਨਹੀਂ ਹੈ। ਸਤਨਾਮ ਨੂੰ ਸੁਆਲ ਪੁੱਛੇ ਜਾਣੇ ਚਾਹੀਦੇ ਹਨ ਅਤੇ ਉਸ ਦੇ ਸੁਆਲਾਂ ਨੂੰ ਮੁਖ਼ਾਤਬ ਹੋਣਾ ਬਣਦਾ ਹੈ। ਉਹ ਪਾਸ਼ ਦੀ ਕਵਿਤਾ ਪੜ੍ਹ ਕੇ ਸਾਡੀਆਂ ਅੱਖਾਂ ਵਿਚ ਅੱਖਾਂ ਪਾ ਕੇ ਆਪਣਾ ਖ਼ਾਸਾ ਬਿਆਨ ਕਰ ਰਿਹਾ ਹੈæææ।