ਪ੍ਰਿੰæ ਸਰਵਣ ਸਿੰਘ
ਪਰਗਟ ਸਿੰਘ ਹਾਕੀ ਦਾ ਪੇਲੇ ਹੈ। ਉਹ ਵੀਹ ਸਾਲ ਉਚ ਪਾਏ ਦੀ ਹਾਕੀ ਖੇਡਿਆ। ਉਸ ਨੇ ਭਾਰਤ ਦੀ ਨੁਮਾਇੰਦਗੀ ਕਰਦਿਆਂ 313 ਕੌਮਾਂਤਰੀ ਮੈਚ ਖੇਡੇ ਜਿਨ੍ਹਾਂ ‘ਚੋਂ 168 ਮੈਚਾਂ ਵਿਚ ਉਹ ਭਾਰਤੀ ਟੀਮਾਂ ਦਾ ਕਪਤਾਨ ਸੀ। ਉਸ ਨੇ ਚੈਂਪੀਅਨਜ਼ ਹਾਕੀ ਟਰਾਫੀ ਤੋਂ ਲੈ ਕੇ, ਹਾਕੀ ਦੇ ਵਿਸ਼ਵ ਕੱਪ, ਏਸ਼ੀਆ ਕੱਪ, ਸੈਫ ਖੇਡਾਂ, ਏਸ਼ਿਆਈ ਖੇਡਾਂ ਤੇ ਓਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮਾਂ ਦੀ ਕਪਤਾਨੀ ਕੀਤੀ। ਉਹ ਏਸ਼ੀਅਨ ਆਲ ਸਟਾਰਜ਼ ਇਲੈਵਨ ਦਾ ਵੀ ਕਪਤਾਨ ਬਣਿਆ ਤੇ ਇੰਟਰ-ਕਾਂਟੀਨੈਂਟਲ ਕੱਪ ਖੇਡਿਆ।
ਭਾਰਤ ਦਾ ਉਹ ਇਕੋ ਇਕ ਖਿਡਾਰੀ ਹੈ ਜੋ ਦੋ ਓਲੰਪਿਕਸ ਵਿਚ ਹਾਕੀ ਟੀਮਾਂ ਦਾ ਕਪਤਾਨ ਰਿਹਾ। ਉਹ ਅਰਜਨਾ ਅਵਾਰਡੀ ਤੇ ਰਾਜੀਵ ਗਾਂਧੀ ਖੇਡ ਰਤਨ ਅਵਾਰਡੀ ਹੈ ਤੇ ਉਸ ਨੂੰ ਪਦਮਸ਼੍ਰੀ ਦਾ ਪੁਰਸਕਾਰ ਵੀ ਮਿਲਿਆ ਹੈ। ਇਕ ਸਮੇਂ ਉਹ ਪੰਜਾਬ ਦੇ ਖੇਡ ਵਿਭਾਗ ਦਾ ਡਾਇਰੈਕਟਰ ਸੀ। ਸੁਖਬੀਰ ਸਿੰਘ ਬਾਦਲ ਨੇ ਉਸ ਨੂੰ ਚੰਗੀ ਭਲੀ ਖੇਡਾਂ ਦੀ ਸੇਵਾ ਕਰਦੇ ਨੂੰ ਪੁੱਟ ਕੇ ਸਿਆਸਤ ਵਿਚ ਲੈ ਆਂਦਾ।
ਪਹਿਲਾਂ ਹਾਕੀ ਨਾਲ ਧਿਆਨ ਚੰਦ ਦਾ ਨਾਂ ਜੁੜਿਆ ਸੀ। ਫਿਰ ਬਲਬੀਰ ਸਿੰਘ, ਊਧਮ ਸਿੰਘ, ਪ੍ਰਿਥੀਪਾਲ ਸਿੰਘ, ਅਜੀਤਪਾਲ ਸਿੰਘ ਤੇ ਸੁਰਜੀਤ ਸਿੰਘ ਹੋਰਾਂ ਦੇ ਨਾਂ ਜੁੜਦੇ ਗਏ। ਵੀਹਵੀਂ ਸਦੀ ਦੇ ਅੰਤਲੇ ਦਹਾਕੇ ਪਰਗਟ-ਪਰਗਟ ਹੁੰਦੀ ਰਹੀ। ਹਾਕੀ ਤੇ ਪਰਗਟ ਐਸੇ ਨਾਂ ਹਨ ਜਿਵੇਂ ਮੁੱਕੇਬਾਜ਼ੀ ਤੇ ਮੁਹੰਮਦ ਅਲੀ ਜਾਂ ਫੁਟਬਾਲ ਤੇ ਪੇਲੇ। ਹਾਕੀ ਹੀਰ ਹੈ ਤੇ ਪਰਗਟ ਉਸ ਦਾ ਰਾਂਝਾ। ਰਾਂਝੇ ਨੇ ਬਾਰਾਂ ਵਰ੍ਹੇ ਮੱਝਾਂ ਚਾਰੀਆਂ ਪਰ ਪਰਗਟ ਨੇ ਵੀਹ ਵਰ੍ਹੇ ਹਾਕੀ ਖੇਡੀ। ਹਾਕੀ ਖੇਡ-ਖੇਡ ਕੇ ਉਸ ਨੇ ਸੈਂਕੜੇ ਗੇਂਦਾਂ ਤੇ ਦਰਜਨਾਂ ਹਾਕੀਆਂ ਹੰਢਾਈਆਂ ਅਤੇ ਅਨੇਕਾਂ ਖੇਡ ਮੈਦਾਨ ਆਪਣੇ ਪੈਰਾਂ ਨਾਲ ਘਸਾਏ। ਕੁਮੈਂਟਰੀ ਕਰਨ ਵਾਲਿਆਂ ਨੇ ਪਰਗਟ ਸਿੰਘ ਦਾ ਨਾਂ ਹਜ਼ਾਰਾਂ ਵਾਰ ਹਵਾ ਦੀਆਂ ਤਰੰਗਾਂ ਵਿਚ ਗੁੰਜਾਇਆ।
ਪਰਗਟ ਸਿੰਘ ਦੀ ਬਾਲ ਟੈਕਲਿੰਗ, ਡਰਿਬਲਿੰਗ, ਗੋਲ ਦਾਗਣ, ਗੱਲ ਕੀ ਸੰਪੂਰਨ ਹਾਕੀ ਸ਼ੈਲੀ ਦਾ ਕੋਈ ਜੋੜ ਨਹੀਂ ਸੀ। ਉਹ ਫੁੱਲ ਬੈਕ ਖੇਡਦਾ ਹੋਇਆ ਵੀ ਆਪਣੀ ਗੋਲ ਲਾਈਨ ਤੋਂ ਗੇਂਦ ਲੈ ਕੇ ਸੱਤ-ਅੱਠ ਖਿਡਾਰੀਆਂ ਨੂੰ ਝਕਾਨੀ ਦਿੰਦਾ ਵਿਰੋਧੀ ਧਿਰ ਸਿਰ ਗੋਲ ਕਰ ਦਿੰਦਾ ਸੀ। ਉਸ ਦੀ ਅਜਿਹੀ ਤਕਨੀਕ ਦਰਸ਼ਕਾਂ ਨੂੰ ਚਕਾਚੌਂਧ ਕਰਦੀ ਰਹੀ ਤੇ ਅਸ਼-ਅਸ਼ ਕਰਵਾਉਂਦੀ ਰਹੀ। ਇਸੇ ਲਈ ਖੇਡ ਮਾਹਿਰਾਂ ਨੇ ਉਸ ਨੂੰ ਸਰਬ ਕਲਾ ਸੰਪੂਰਨ ਹਾਕੀ ਖਿਡਾਰੀ ਦੀ ਉਪਾਧੀ ਦਿੱਤੀ। ਚੰਡੀਗੜ੍ਹ ਤੇ ਦਿੱਲੀ ਦੇ ਖੇਡ ਪੱਤਰਕਾਰਾਂ ਨੇ ਉਸ ਨੂੰ ਦੇਸ਼ ਦਾ ਸਰਵੋਤਮ ਖਿਡਾਰੀ ਐਲਾਨਿਆ।
ਪਰਗਟ ਸਿੰਘ ਉਸ ਇਲਾਕੇ ਦਾ ਜੰਮਪਲ ਹੈ ਜਿਥੇ ਜੰਮਦੇ ਬੱਚਿਆਂ ਨੂੰ ਹਾਕੀ ਖੇਡਣ ਦੀ ਗੁੜ੍ਹਤੀ ਮਿਲਦੀ ਸੀ। ਹਾਕੀ ਦੇ ਘਰ ਸੰਸਾਰਪੁਰ ਤੇ ਖੁਸਰੋਪੁਰ ਦੇ ਨੇੜੇ ਹੀ ਹੈ ਮਿੱਠਾਪੁਰ। ਉਸ ਪਿੰਡ ਦੇ ਇਕ ਕਿਸਾਨ ਪਰਿਵਾਰ ‘ਚ 5 ਮਾਰਚ 1965 ਨੂੰ ਉਸ ਦਾ ਜਨਮ ਹੋਇਆ। ਜਲੰਧਰ ਲਾਗਲੇ ਮਿੱਠਾਪੁਰ ਦੇ ਬੀਹੀਆਂ-ਵਿਹੜੇ ਉਦੋਂ ਕ੍ਰਿਕਟ ਦੇ ਲੇਖੇ ਨਹੀਂ ਸਨ ਲੱਗੇ ਤੇ ਨਿਆਣੇ ਹਾਕੀ ਹੀ ਖੇਡਦੇ ਸਨ। ਪਰਗਟ ਸਿੰਘ ਨੇ ਵੀ ਹਾਕੀ ਫੜ ਲਈ ਤੇ ਲੱਗਾ ਟੱਲੇ ਲਾਉਣ। ਮਿੱਠਾਪੁਰ ਦੇ ਸਕੂਲ ਵਿਚ ਹਾਕੀ ਖੇਡਣ ਦਾ ਮਾਹੌਲ ਸੀ ਜਿਸ ਕਰਕੇ ਪਰਗਟ ਸਿੰਘ ਹਾਕੀ ਖੇਡਣ ਲੱਗ ਪਿਆ।
ਮਿੱਠਾਪੁਰੋਂ ਪੜ੍ਹ ਕੇ ਉਹ ਜਲੰਧਰ ਪੜ੍ਹਨ ਲੱਗਾ। ਜਲੰਧਰ ਹਾਕੀ ਦੀ ਰਾਜਧਾਨੀ ਹੈ ਜਿਥੇ ਖੇਡਾਂ ਦਾ ਸਮਾਨ ਹੀ ਨਹੀਂ ਬਣਦਾ ਸਗੋਂ ਖੇਡਾਂ ਦੇ ਖਿਡਾਰੀ ਵੀ ਚੰਡੇ-ਤਰਾਸ਼ੇ ਜਾਂਦੇ ਹਨ। ਸਕੂਲਾਂ-ਕਾਲਜਾਂ ਤੋਂ ਬਿਨਾਂ ਕਈ ਕੌਮੀ ਅਦਾਰਿਆਂ ਦੀਆਂ ਹਾਕੀ ਟੀਮਾਂ ਦਾ ਜਲੰਧਰ ਹੈਡਕੁਆਟਰ ਹੈ। ਉਥੇ ਹਰੇਕ ਮੋੜ ‘ਤੇ ਹਾਕੀ ਓਲੰਪੀਅਨ ਮਿਲਦੇ ਹਨ। ਪਰਗਟ ਸਿੰਘ ਲਾਇਲਪੁਰ ਖਾਲਸਾ ਕਾਲਜ ਵਿਚ ਪੜ੍ਹਨ ਲੱਗਾ ਤੇ ਅਠਾਰਾਂ ਸਾਲ ਦੀ ਉਮਰ ਵਿਚ ਭਾਰਤ ਵੱਲੋਂ ਕੈਨੇਡਾ ਦਾ ਜੂਨੀਅਰ ਵਰਲਡ ਕੱਪ ਖੇਡਿਆ।
ਪਰਗਟ ਸਿੰਘ ਦਾ ਕੱਦ-ਕਾਠ ਬਹੁਤਾ ਉਚਾ ਲੰਮਾ ਨਹੀਂ ਤੇ ਨਾ ਹੀ ਹਾਕੀ ਦੀ ਖੇਡ ਲਈ ਵੱਡੇ ਕੱਦ-ਕਾਠ ਦੀ ਲੋੜ ਹੈ। ਧਿਆਨ ਚੰਦ, ਊਧਮ ਸਿੰਘ ਤੇ ਧੰਨਰਾਜ ਪਿੱਲੇ ਵਰਗੇ ਸਭ ਸਮੱਧਰ ਕੱਦਾਂ ਵਾਲੇ ਖਿਡਾਰੀ ਸਨ ਤੇ ਹਨ। ਪਰਗਟ ਸਿੰਘ ਪੰਜ ਫੁੱਟ ਅੱਠ ਨੌਂ ਇੰਚ ਉਚਾ ਤੇ ਸੱਤਰ ਬਹੱਤਰ ਕਿਲੋ ਭਾਰਾ ਹੈ। ਨੈਣ-ਨਕਸ਼ ਤਿੱਖੇ ਤੇ ਰੰਗ ਰਤਾ ਸਾਂਵਲਾ ਹੈ। ਉਸ ਨੂੰ ਖੇਡਣ ਦੇ ਨਾਲ ਗਾਉਣ ਦਾ ਵੀ ਸੌæਕ ਸੀ। ਜੇ ਉਹ ਹਾਕੀ ਨੂੰ ਆਪਣੀ ਪੇਸ਼ਾਵਰ ਖੇਡ ਨਾ ਬਣਾਉਂਦਾ ਤਾਂ ਸੰਭਵ ਸੀ ਉਹ ਦੂਜਾ ਮਲਕੀਤ ਸਿੰਘ ਗੋਲਡਨ ਸਟਾਰ ਹੁੰਦਾ।
1986 ਦੀਆਂ ਏਸ਼ਿਆਈ ਖੇਡਾਂ ਸਮੇਂ ਉਹ ਭਾਰਤੀ ਹਾਕੀ ਟੀਮ ਵਿਚ ਖੇਡਿਆ। ਦੋ ਸਾਲ ਪਿੱਛੋਂ ਸਿਓਲ ਦੀਆਂ ਓਲੰਪਿਕ ਖੇਡਾਂ ਸਮੇਂ ਉਹ ਫਿਰ ਭਾਰਤੀ ਹਾਕੀ ਟੀਮ ਦਾ ਮੈਂਬਰ ਸੀ। 1992 ਦੀਆਂ ਓਲੰਪਿਕ ਖੇਡਾਂ ਵਿਚ ਉਸ ਨੂੰ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ। ਉਹ 1986 ਅਤੇ 1990 ਦੇ ਹਾਕੀ ਵਿਸ਼ਵ ਕੱਪ ਖੇਡਿਆ। 1990 ਦੀਆਂ ਏਸ਼ਿਆਈ ਖੇਡਾਂ ਵਿਚ ਉਹ ਭਾਰਤੀ ਹਾਕੀ ਟੀਮ ਦਾ ਕਪਤਾਨ ਸੀ। 1996 ਦੀਆਂ ਓਲੰਪਿਕ ਖੇਡਾਂ ਐਟਲਾਂਟਾ ‘ਚ ਹੋਈਆਂ ਤਾਂ ਪਰਗਟ ਸਿੰਘ ਨੂੰ ਦੂਜੀ ਵਾਰ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ। ਉਹ ਚੈਂਪੀਅਨਜ਼ ਟਰਾਫੀ ਦੇ ਚਾਰ ਟੂਰਨਾਮੈਂਟ ਖੇਡਿਆ। ਐਟਲਾਂਟਾ ਦੀਆਂ ਓਲੰਪਿਕ ਖੇਡਾਂ ਵਿਚ ਉਹ ਭਾਰਤੀ ਦਲ ਦਾ ਝੰਡਾਬਰਦਾਰ ਸੀ।
ਪਹਿਲਾਂ ਉਹ ਰੇਲ ਕੋਚ ਫੈਕਟਰੀ ਵਿਚ ਭਰਤੀ ਹੋਇਆ ਸੀ ਫਿਰ ਪੰਜਾਬ ਅਲਕਲੀਜ਼ ਦੀ ਟੀਮ ਵਿਚ ਆ ਗਿਆ। ਫਿਰ ਉਸ ਨੂੰ ਪੰਜਾਬ ਪੁਲਿਸ ਨੇ ਸਿੱਧਾ ਡੀæ ਐਸ਼ ਪੀæ ਭਰਤੀ ਕਰ ਲਿਆ। 2005 ਤੋਂ ਉਹ ਪੰਜਾਬ ਖੇਡ ਵਿਭਾਗ ਦਾ ਡਾਇਰੈਕਟਰ ਬਣਿਆ। ਉਸ ਨੇ ਸਕੂਲਾਂ-ਕਾਲਜਾਂ ਦੇ ਖੇਡ ਵਿੰਗਾਂ ਨੂੰ ਮੁੜ ਕੇ ਸਰਗਰਮ ਕੀਤਾ। ਖੇਡ ਸਾਮਾਨ ਪਿੰਡਾਂ ‘ਚ ਪੁਚਾਇਆ ਤੇ ਕੋਚ ਤਾਇਨਾਤ ਕੀਤੇ। ਜੇਕਰ ਪਰਵਾਸੀ ਖੇਡ ਪ੍ਰੋਮੋਟਰ ਉਸ ਨੂੰ ਪੂਰਾ ਸਹਿਯੋਗ ਦਿੰਦੇ ਤਾਂ ਉਹ ਪੰਜਾਬ ਨੂੰ ਭਾਰਤ ਵਿਚ ਫਿਰ ਖੇਡਾਂ ਦਾ ਮੋਹਰੀ ਸੂਬਾ ਬਣਾ ਸਕਦਾ ਸੀ।
ਅਪਰੈਲ 2010 ਵਿਚ ਕਬੱਡੀ ਦਾ ਪਹਿਲਾ ਵਿਸ਼ਵ ਕੱਪ ਪੰਜਾਬ ਵਿਚ ਹੋਇਆ ਤਾਂ ਉਹਨੇ ਮੇਰਾ ਸਾਥ ਮੰਗਿਆ ਤੇ ਮੈਨੂੰ ਉਸ ਨਾਲ ਵਿਚਰਨ ਦਾ ਮੌਕਾ ਮਿਲਿਆ। ਉਹਦੇ ਵਿਚ ਕੰਮ ਕਰਨ ਦੀ ਅਥਾਹ ਸ਼ਕਤੀ ਹੈ ਤੇ ਹੋਰਨਾਂ ਤੋਂ ਕੰਮ ਲੈਣਾ ਆਉਂਦੈ। ਪਹਿਲੇ ਕਬੱਡੀ ਵਿਸ਼ਵ ਕੱਪ ਦੀ ਕਾਮਯਾਬੀ ਪਿੱਛੇ ਪਰਗਟ ਸਿੰਘ ਦਾ ਉਤਸ਼ਾਹ, ਦੂਰਦ੍ਰਿਸ਼ਟੀ ਤੇ ਕੁਝ ਕਰ ਵਿਖਾਉਣ ਦਾ ਭਰਪੂਰ ਜਜ਼ਬਾ ਸੀ। ਮੇਰੇ ਨਾਲ ਉਦੋਂ ਮੱਖਣ ਸਿੰਘ ਤੇ ਭਗਵੰਤ ਮਾਨ ਵੀ ਕਬੱਡੀ ਦੇ ਕੁਮੈਂਟੇਟਰ ਸਨ। ਭਗਵੰਤ ਮਾਨ ਚੋਟੀ ਦਾ ਹਾਸ ਕਲਾਕਾਰ ਹੋਣ ਕਾਰਨ ਸਭ ਤੋਂ ਮਹਿੰਗਾ ਸੀ। ਹੁਣ ਉਹ ਚੋਟੀ ਦਾ ਸਿਆਸਤਦਾਨ ਹੈ।
ਹਾਕੀ ਖੇਡਣ ਤੋਂ ਰਿਟਾਇਰ ਹੋ ਕੇ ਪਰਗਟ ਸਿੰਘ ਨੇ ਹਾਕੀ ਦਾ ਮੈਗਜ਼ੀਨ ਕੱਢਿਆ ਸੀ ਜੋ ਬਾਅਦ ਵਿਚ ਬੰਦ ਹੋ ਗਿਆ। ਉਹ ਅਖਬਾਰਾਂ ਦਾ ਖੇਡ ਰਿਪੋਰਟਰ ਵੀ ਰਿਹਾ ਤੇ ਕੁਮੈਂਟੇਟਰ ਵੀ। ਉਸ ਦੀਆਂ ਵਿਸ਼ਲੇਸ਼ਣੀ ਟਿੱਪਣੀਆਂ ਵਿਚ ਖੇਡ-ਮੁਹਾਰਤ ਹੁੰਦੀ ਹੈ। ਜਿਹੜੇ ਹਾਕੀ ਅਧਿਕਾਰੀ ਹਾਕੀ ਪ੍ਰਤੀ ਸੁਹਿਰਦ ਨਹੀਂ, ਉਹ ਉਨ੍ਹਾਂ ਦੀ ਡਟ ਕੇ ਆਲੋਚਨਾ ਕਰਦਾ ਹੈ। ਸੱਚੀ ਗੱਲ ਮੂੰਹ ‘ਤੇ ਕਹਿਣ ਦੀ ਦਲੇਰੀ ਹੈ ਭਾਵੇਂ ਉਸ ਦਾ ਨਿਜੀ ਨੁਕਸਾਨ ਹੀ ਕਿਉਂ ਨਾ ਹੁੰਦਾ ਹੋਵੇ। ਉਸ ਨੇ ਆਪਣਾ ਨੁਕਸਾਨ ਕਰਵਾਇਆ ਵੀ ਤੇ ਉਸ ਨੂੰ ਤਿੰਨ ਸਾਲ ਭਾਰਤੀ ਹਾਕੀ ਟੀਮਾਂ ਤੋਂ ਲਾਂਭੇ ਰਹਿਣਾ ਪਿਆ। ਇਹ ਉਸ ਦੀ ਖੇਡ ਕਲਾ ਦਾ ਕਮਾਲ ਸੀ ਕਿ ਅਧਿਕਾਰੀਆਂ ਨੂੰ ਮੁੜ ਕੇ ਉਸ ਨੂੰ ਟੀਮ ਵਿਚ ਪਾਉਣਾ ਪਿਆ।
ਪਰਗਟ ਸਿੰਘ ਦੀ ਸ਼ਾਦੀ ਸਾਬਕਾ ਸਪੀਕਰ ਤੇ ਸਾਬਕਾ ਗਵਰਨਰ ਰਾਜਸਥਾਨ ਸ਼ ਦਰਬਾਰਾ ਸਿੰਘ ਦੀ ਧੀ ਬੀਬੀ ਬਰਿੰਦਰਜੀਤ ਨਾਲ ਹੋਈ ਅਤੇ ਉਨ੍ਹਾਂ ਦਾ ਇਕ ਪੁੱਤਰ ਹਰਤਾਸ਼ ਤੇ ਪੁੱਤਰੀ ਹਰਨੂਰ ਹੈ। ਉਹ ਉਸ ਸਮੇਂ ਦੀ ਉਡੀਕ ਵਿਚ ਹੈ ਜਦੋਂ ਭਾਰਤ ਦੀਆਂ ਹਾਕੀ ਟੀਮਾਂ ਮੁੜ ਕੇ ਓਲੰਪਿਕ ਖੇਡਾਂ ਤੇ ਵਿਸ਼ਵ ਕੱਪ ਦੇ ਜਿੱਤ ਮੰਚਾਂ ‘ਤੇ ਚੜ੍ਹਨ। 2012 ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਉਸ ਤੋਂ ਖੇਡ ਵਿਭਾਗ ਦੀ ਡਾਇਰੈਕਟਰੀ ਛੁਡਾ ਕੇ ਵਿਧਾਨ ਸਭਾ ਦੀ ਚੋਣ ਲੜਨ ਲਈ ਜਲੰਧਰ ਛਾਉਣੀ ਤੋਂ ਟਿਕਟ ਦੇ ਦਿੱਤੀ ਤੇ ਉਹ ਚੋਣ ਜਿੱਤ ਗਿਆ। ਉਹ ਬੁਨਿਆਦੀ ਤੌਰ ‘ਤੇ ਖਿਡਾਰੀ ਹੈ, ਸਿਆਸਤਦਾਨ ਨਹੀਂ। ਐਮæ ਐਲ਼ ਏæ ਤਾਂ ਉਹ ਬਣ ਗਿਆ ਪਰ ਨਾ ਉਹਨੂੰ ਝੂਠ ਬੋਲਣਾ ਆਇਆ, ਨਾ ਠੱਗੀ ਠੋਰੀ ਕਰਨੀ ਆਈ ਤੇ ਨਾ ਖੁਸ਼ਾਮਦ। ਅਜਿਹੇ ਬੰਦੇ ਦਾ ਅਜੋਕੇ ਸਮੇਂ ਦੀ ਸਿਆਸਤ ਵਿਚ ਕੀ ਬਣਨਾ ਸੀ? ਉਹਤੋਂ ਕੋਈ ਖੇਡਾਂ ਦਾ ਕੰਮ ਵੀ ਨਾ ਲਿਆ ਗਿਆ ਜਿਸ ਵਿਚ ਉਹ ਮਾਹਿਰ ਸੀ। ਨਾ ਉਹਦੇ ਹਲਕੇ ਦਾ ਕੁਝ ਸੁਆਰਿਆ ਗਿਆ, ਹਾਲਾਂ ਕਿ ਸੁਆਰਨ ਵਾਲਾ ਬਹੁਤ ਕੁਝ ਹੈ। ਦੋਸਤ ਮਿੱਤਰ ਤੇ ਖਿਡਾਰੀ ਮਿਹਣੇ ਮਾਰਨ ਲੱਗੇ, ਭਾਅ ਕਿਥੇ ਫਸ ਗਿਐਂ? ਉਹ ਉਦਾਸ ਰਹਿਣ ਲੱਗਾ। ਹਾਈ ਕਮਾਂਡ ਨੇ ਸਮਝਿਆ, ਇਹ ਜਾਊ ਹੁਣ ਸਾਡੇ ਹੱਥੋਂ। ਚੀਫ ਪਾਰਲੀਮੈਂਟਰੀ ਸੈਕਟਰੀ ਦਾ ਅਹੁਦਾ ਦੇ ਕੇ ਵਰਚਾਉਣ ਦੀ ਚਾਲ ਚੱਲੀ ਗਈ। ਕਈ ਫਸ ਗਏ ਪਰ ਉਹ ਇਸ ਚਾਲ ਵਿਚ ਨਾ ਫਸਿਆ। ਉਹਨੇ ਕਿਹਾ, “ਜੇ ਕੁਝ ਕਰ ਸਕਦੇ ਹੋ ਤਾਂ ਮੇਰੇ ਹਲਕੇ ਦਾ ਕਰੋ, ਮੈਂ ਚੀਫ ਪਾਰਲੀਮੈਂਟਰੀ ਸੈਕਟਰੀ ਦੇ ਅਹੁਦੇ ਨੂੰ ਕੀ ਕਰਨਾ?” ਵੇਖਦੇ ਹਾਂ ਹੁਣ ਨਵੀਂ ਚਾਲ ਕਿਹੜੀ ਚੱਲੀ ਜਾਂਦੀ ਹੈ?
ਅਜੋਕੀ ਸਿਆਸਤ ਨੇ ਬੇਸ਼ਕ ਜ਼ਮੀਰਾਂ ਜਿਊਂਦੀਆਂ ਨਹੀਂ ਛੱਡੀਆਂ ਪਰ ‘ਕੋਈ ਹਰਿਆ ਬੂਟ ਰਹਿਓ ਰੀ’ ਵਾਂਗ ਅਜੇ ਵੀ ਕੋਈ-ਕੋਈ ਬੂਟਾ ਜਿਊਂਦਾ ਹੈ। ਜਿਹੜੇ ਕਹਿੰਦੇ ਸੀ ਪਰਗਟ ਅੰਦਰਲਾ ਪਰਗਟ ਮਰ ਗਿਆ, ਉਨ੍ਹਾਂ ਨੂੰ ਸੁਖ ਦਾ ਸਾਹ ਆਇਆ ਹੈ ਕਿ ਪਰਗਟ ਅਜੇ ਜੀਂਦਾ ਹੈ। ਉਹਦੇ ਸ਼ੁਭਚਿੰਤਕਾਂ ਦੀ ਇੱਛਾ ਹੈ ਕਿ ਉਹ ਖਿਡਾਰੀ ਪਰਗਟ ਵਾਂਗ ਹੀ ਜੀਂਦਾ ਰਹੇ, ਨਾ ਕਿ ਜਮੂਰੇ ਸਿਆਸਤਦਾਨ ਵਾਂਗ।