ਬੱਬਰ ਕਰਮ ਸਿੰਘ ਦੌਲਤਪੁਰ

ਵਾਸਦੇਵ ਸਿੰਘ ਪਰਹਾਰ
ਫੋਨ: 206-434-1155
ਬੱਬਰ ਅਕਾਲੀ ਲਹਿਰ ਦਾ ਮੋਢੀ ਮਾਸਟਰ ਮੋਤਾ ਸਿੰਘ ਪਿੰਡ ਪਤਾਰਾ ਜ਼ਿਲ੍ਹਾ ਜਲੰਧਰ ਮੰਨਿਆ ਜਾਂਦਾ ਹੈ, ਪਰ ਉਸ ਦੇ ਜਲਦੀ ਹੀ ਗ੍ਰਿਫਤਾਰ ਹੋਣ ਪਿਛੋਂ ਅਸਲ ਮਾਅਨਿਆਂ ਵਿਚ ਇਸ ਲਹਿਰ ਦੇ ਮੋਢੀ ਬੱਬਰ ਕਰਮ ਸਿੰਘ ਦੌਲਤਪੁਰ ਅਤੇ ਬੱਬਰ ਕਿਸ਼ਨ ਸਿੰਘ ਗੜਗੱਜ ਪਿੰਡ ਬੜਿੰਗ (ਨੇੜੇ ਜਲੰਧਰ ਛਾਉਣੀ) ਸਨ। ਪਿੰਡ ਦੌਲਤਪੁਰ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਤੋਂ ਚੰਡੀਗੜ੍ਹ ਜਾਣ ਵਾਲੀ ਮੁੱਖ ਸੜਕ ‘ਤੇ ਦਸ ਕਿਲੋਮੀਟਰ ਜਾ ਕੇ ਖੱਬੇ ਹੱਥ ਹੈ। ਇਸ ਦਾ ਹੱਦ ਬਸਤ ਨੰਬਰ 143 ਅਤੇ ਰਕਬਾ ਜ਼ਮੀਨ 249 ਹੈਕਟੇਅਰ ਹੈ।

ਇਹ ਪਿੰਡ ਥਾਂਦੀ ਗੋਤ ਦੇ ਜੱਟਾਂ ਦੀ ਮਾਲਕੀ ਵਾਲਾ ਪਿੰਡ ਹੈ। ਬੱਬਰ ਕਰਮ ਸਿੰਘ ਦਾ ਜਨਮ 1880 ਵਿਚ ਪਿਤਾ ਨੱਥਾ ਸਿੰਘ ਅਤੇ ਮਾਤਾ ਦੁੱਲੀ ਦੀ ਕੁੱਖੋਂ ਹੋਇਆ। ਮਾਤਾ ਦੁੱਲੀ ਪਿੰਡ ਕੌਲਗੜ੍ਹ ਤੋਂ ਸੀ। ਉਨ੍ਹਾਂ ਨੇ ਜਵਾਨ ਹੋ ਕੇ ਸੱਤ ਸਾਲ ਫੌਜ ਵਿਚ ਨੌਕਰੀ ਕੀਤੀ। ਹੋਤੀ ਮਰਦਾਨ ਵਾਲਿਆਂ ਦੀ ਸੰਗਤ ਦਾ ਉਨ੍ਹਾਂ ‘ਤੇ ਐਨਾ ਅਸਰ ਹੋਇਆ ਕਿ ਨੌਕਰੀ ਛੱਡ ਕੇ ਪਿੰਡ ਆ ਗਏ ਅਤੇ ਭੋਰਾ ਪੁੱਟ ਕੇ ਉਸ ਵਿਚ ਦਿਨ-ਰਾਤ ਭਗਤੀ ਕਰਨ ਲੱਗੇ। ਉਨ੍ਹਾਂ ਦੀ ਇਸ ਹਾਲਤ ਬਾਰੇ ਕੈਨੇਡਾ ਰਹਿੰਦੇ ਉਨ੍ਹਾਂ ਦੇ ਚਾਚੇ ਨੂੰ ਪਤਾ ਲੱਗਾ ਤਾਂ ਉਸ ਨੇ ਉਨ੍ਹਾਂ ਨੂੰ 1907 ਵਿਚ ਕੈਨੇਡਾ ਬੁਲਾ ਲਿਆ। ਕੈਨੇਡਾ ਆ ਕੇ ਵੀ ਉਨ੍ਹਾਂ ਦਾ ਧਿਆਨ ਭਗਤੀ ਵੱਲ ਸੀ, ਪਰ ਅੰਗਰੇਜ਼ ਸਰਕਾਰ ਦੇ ਜ਼ੁਲਮਾਂ ਕਰ ਕੇ ਉਨ੍ਹਾਂ ਦਾ ਮਨ ਬਹੁਤ ਉਦਾਸ ਰਹਿੰਦਾ। ਉਨ੍ਹੀਂ ਦਿਨੀਂ ਕੈਨੇਡਾ ਅੰਦਰ ਵੀ ਲੋਕਾਂ ਵਿਚ ਗਦਰ ਲਹਿਰ ਦਾ ਪ੍ਰਚਾਰ ਜ਼ੋਰਾਂ ‘ਤੇ ਸੀ।
ਸੰਨ 1914 ਵਿਚ ਦੂਸਰੀ ਸੰਸਾਰ ਜੰਗ ਦੇ ਸ਼ੁਰੂ ਹੋਣ ਕਰ ਕੇ ਗਦਰੀਆਂ ਨੇ ਇਹ ਸੋਚਿਆ ਕਿ ਹਿੰਦੋਸਤਾਨ ਦੀ ਸਰਕਾਰ ਤਾਂ ਜੰਗ ਵਿਚ ਜਰਮਨ ਵਿਰੁਧ ਰੁੱਝੀ ਹੋਈ ਹੈ, ਹੁਣ ਮੁਲਕ ਵਿਚ ਗਦਰ ਮਚਾ ਕੇ ਅੰਗਰੇਜ਼ਾਂ ਨੂੰ ਭਜਾਉਣਾ ਸੌਖਾ ਹੈ। ਸਾਰੇ ਹੀ ਗਦਰੀ ਇਕ ਦੂਜੇ ਤੋਂ ਮੂਹਰੇ ਹੋ ਮੁਲਕ ਪਰਤੇ। ਅਜਿਹੇ ਹੀ ਸੂਰਮਿਆਂ ਵਿਚੋਂ ਸਨ, ਕਰਮ ਸਿੰਘ। ਉਨ੍ਹਾਂ ਦਾ ਬਚਪਨ ਦਾ ਨਾਂ ਨਰੈਣ ਸਿੰਘ ਸੀ। ਨਨਕਾਣਾ ਸਾਹਿਬ ਦੇ 1921 ਦੇ ਸਾਕੇ ਤੋਂ ਬਾਅਦ ਉਹ ਆਸਾ ਸਿੰਘ ਭਕੜੁੱਦੀ ਨਾਲ ਨਨਕਾਣਾ ਸਾਹਿਬ ਗਏ ਅਤੇ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਅਤੇ ਉਨ੍ਹਾਂ ਦਾ ਨਾਂ ਕਰਮ ਸਿੰਘ ਰੱਖਿਆ ਗਿਆ। ਜਦੋਂ 1914 ਵਿਚ ਉਹ ਹਿੰਦੋਸਤਾਨ ਪਹੁੰਚੇ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਪਿੰਡ ਦੌਲਤਪੁਰ ਵਿਚ ਜੂਹਬੰਦ ਕਰ ਦਿੱਤਾ ਗਿਆ। ਇਹ ਜੂਹਬੰਦੀ ਸੰਨ 1918 ਤੱਕ ਰਹੀ। ਇਨ੍ਹੀਂ ਦਿਨੀਂ ਉਹ ਕਾਂਗਰਸ ਦੇ ਵਿਚਾਰਾਂ ਨਾਲ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਪਿੰਡ ਦੌਲਤਪੁਰ ਵਿਚ ਕਾਨਫਰੰਸ ਕਰਨ ਦੀ ਨੀਅਤ ਕਰ ਲਈ, ਪਰ ਸਰਕਾਰ ਨੇ ਪਿੰਡ ਦੌਲਤਪੁਰ ਵਿਚ ਦਫਾ 144 ਲਾ ਦਿੱਤੀ ਤਾਂ ਕਰਮ ਸਿੰਘ ਹੁਰਾਂ ਨੇ ਇਹ ਕਾਨਫਰੰਸ ਪਿੰਡ ਮਹਿਤਪੁਰ ਵਿਚ ਜਾ ਕੀਤੀ।
ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਉਹ ਪੂਰੀ ਸਰਗਰਮੀ ਨਾਲ ਗੁਰਦੁਆਰਾ ਸੁਧਾਰ ਲਹਿਰ ਵਿਚ ਹਿੱਸਾ ਲੈਣ ਲੱਗ ਪਏ। ਹੋਠੀਆਂ ਜ਼ਿਲ੍ਹਾ ਗੁਰਦਾਸਪੁਰ ਵਿਚ ਉਥੋਂ ਦੇ ਮਹੰਤ ਵਿਰੁਧ ਇਲਾਕੇ ਵਿਚੋਂ 50 ਸਿੰਘਾਂ ਦਾ ਜਥਾ ਲੈ ਕੇ ਗਏ। ਸੰਨ 1921 ਵਿਚ ਮਾਸਟਰ ਮੋਤਾ ਸਿੰਘ ਦੀ ਅਗਵਾਈ ਵਿਚ ਸਿੱਖ ਕਾਨਫਰੰਸ ਤੋਂ ਬਾਅਦ ਗਰਮਖਿਆਲੀ ਨੌਜਵਾਨਾਂ ਨੇ ਸੋਚਿਆ ਕਿ ਸ਼ਾਂਤਮਈ ਤਰੀਕੇ ਨਾਲ ਅੰਗਰੇਜ਼ਾਂ ਨੂੰ ਹਿੰਦੋਸਤਾਨ ਵਿਚੋਂ ਕੱਢਣਾ ਔਖਾ ਹੈ। ਸਰਕਾਰ ਦੇ ਝੋਲੀਚੁੱਕ ਨੰਬਰਦਾਰ, ਜ਼ੈਲਦਾਰ, ਸਫੈਦਪੋਸ਼, ਪਟਵਾਰੀ ਆਦਿ ਦਾ ਸੁਧਾਰ ਕਰਨਾ ਜ਼ਰੂਰੀ ਹੈ। ਕਿਸ਼ਨ ਸਿੰਘ ਗੜਗੱਜ ਨੇ ਜਲੰਧਰ ਦੇ ਨੇੜੇ-ਤੇੜੇ ਸਰਗਰਮੀਆਂ ਲਈ ਆਪਣਾ ਚੱਕਰਵਰਤੀ ਜਥਾ ਬਣਾ ਲਿਆ ਅਤੇ ਕਰਮ ਸਿੰਘ ਨੇ ਨਵਾਂ ਸ਼ਹਿਰ ਦੇ ਇਲਾਕੇ ਵਿਚ ਆਪਣਾ ਜਥਾ ਬਣਾ ਲਿਆ ਜਿਸ ਵਿਚ ਆਸਾ ਸਿੰਘ ਭਕੜੁੱਦੀ, ਹਰੀ ਸਿੰਘ ਸੂੰਢ ਅਤੇ ਕਰਮ ਸਿੰਘ ਝਿੰਗੜ, ਜੋ ਸਾਰੇ ਹੀ ਕੈਨੇਡਾ ਤੋਂ ਪਰਤੇ ਗਦਰੀ ਸਨ, ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਦਲੀਪ ਸਿੰਘ ਗੋਸਲ, ਆਤਮਾ ਸਿੰਘ ਲੀਕਾ, ਧੰਨਾ ਸਿੰਘ ਬਹਿਬਲਪੁਰ, ਉਦੈ ਸਿੰਘ ਰਾਮਗੜ੍ਹ ਝੁੱਗੀਆਂ ਵਰਗੇ ਹੋਰ ਵੀ ਆਜ਼ਾਦੀ ਦੇ ਪਰਵਾਨੇ ਸਨ।
ਸੰਨ 1922 ਦੇ ਅਨੰਦਪੁਰ ਸਾਹਿਬ ਹੋਲੇ-ਮਹੱਲੇ ਸਮੇਂ ਬੱਬਰ ਕਿਸ਼ਨ ਸਿੰਘ ਗੜਗੱਜ ਨੇ ਬੱਬਰ ਕਰਮ ਸਿੰਘ ਦੌਲਤਪੁਰ ਦੀ ਜੋਸ਼ੀਲੀ ਤਕਰੀਰ ਸੁਣੀ ਜਿਸ ਤੋਂ ਉਹ ਬਹੁਤ ਪ੍ਰਭਾਵਿਤ ਹੋਏ। ਬੱਬਰ ਕਰਮ ਸਿੰਘ ਦੌਲਤਪੁਰ ਕੈਨੇਡਾ ਵਿਚ ਅਮਰੀਕਾ ਤੋਂ ਛਪਦੇ ਅਖਬਾਰ ਦਾ ਲੋਕਾਂ ‘ਤੇ ਜਾਦੂਮਈ ਪ੍ਰਭਾਵ ਦੇਖ ਚੁੱਕੇ ਸਨ। ਇਸ ਲਈ ਉਨ੍ਹਾਂ ਨੇ ਪੰਜਾਬ ਵਿਚ ਹੀ ਅਜਿਹਾ ਅਖਬਾਰ ਛਾਪਣ ਦਾ ਸੋਚਿਆ। ਬਿਛੌੜੀ ਦੇ ਨੰਬਰਦਾਰ ਕਾਕੇ ਤੋਂ ਸਰਕਾਰੀ ਮਾਮਲੇ ਦੇ 575 ਰੁਪਏ ਲੁੱਟ ਕੇ ਉਸ ਵਿਚੋਂ ਇਕ ਸੌ ਰੁਪਏ ਦੀ ਡੁਪਲੀਕੇਟਿੰਗ ਮਸ਼ੀਨ ਲਾਹੌਰ ਤੋਂ ਖਰੀਦੀ ਗਈ। ਇਸ ਮਸ਼ੀਨ ਨਾਲ ਅਗਸਤ 1922 ਵਿਚ ਪਹਿਲਾ ਪਰਚਾ ਛਾਪਿਆ ਗਿਆ ਜਿਸ ਵਿਚ ਸਰਕਾਰ ਦੇ ਝੋਲੀਚੁੱਕ ਨੰਬਰਦਾਰਾਂ, ਜ਼ੈਲਦਾਰਾਂ ਵਗੈਰਾ ਨੂੰ ਤਾੜਨਾ ਕੀਤੀ ਗਈ ਕਿ ਉਹ ਬੱਬਰਾਂ ਵਿਰੁਧ ਮੁਖਬਰੀਆਂ ਕਰਨੀਆਂ ਬੰਦ ਕਰ ਦੇਣ, ਨਹੀਂ ਤਾਂ ਮਜਬੂਰਨ ਉਨ੍ਹਾਂ ਦਾ ਸੁਧਾਰ ਕਰਨਾ ਪਵੇਗਾ। ਬੱਬਰ ਕਰਮ ਸਿੰਘ ਝਿੰਗੜ (ਨੇੜੇ ਬੰਗਾ) ਨੇ ਦੁਆਬੇ ਦੇ ਦੋਵੇਂ ਬੱਬਰ ਜਥਿਆਂ ਨੂੰ ਇਕੱਠੇ ਕਰ ਕੇ ਇਕ ਜਥਾ ਬਣਾਉਣ ਲਈ ਸਾਰੇ ਬੱਬਰਾਂ ਦੀ ਆਪਣੇ ਪਿੰਡ ਮੀਟਿੰਗ ਰੱਖੀ। ਇਸ ਵਿਚ ਬੱਬਰ ਕਿਸ਼ਨ ਸਿੰਘ ਅਤੇ ਬੱਬਰ ਕਰਮ ਸਿੰਘ ਦੌਲਤਪੁਰ, ਦੋਹਾਂ ਨੇ ਇਕ ਜਥਾ ਬਣਾਉਣ ਦੀ ਸਹਿਮਤੀ ਪ੍ਰਗਟਾਈ ਅਤੇ ਨਵੇਂ ਜਥੇ ਦਾ ਨਾਂ ਬੱਬਰ ਅਕਾਲੀ ਰੱਖਿਆ ਗਿਆ। ਸਾਰਿਆਂ ਨੇ ਸਰਬਸੰਮਤੀ ਨਾਲ ਬੱਬਰ ਕਰਮ ਸਿੰਘ ਦੌਲਤਪੁਰ ਨੂੰ ਨਵੇਂ ਜਥੇ ਦਾ ਮੁਖੀ ਮੰਨ ਲਿਆ। ਬੱਬਰਾਂ ਦੀ ਪ੍ਰੈਸ ਨੂੰ ਪਹਿਲਾਂ ਉਡਾਰੂ ਪ੍ਰੈਸ ਤੇ ਫਿਰ ਸਫਰੀ ਪ੍ਰੈਸ ਆਖਿਆ ਜਾਂਦਾ ਰਿਹਾ, ਕਿਉਂਕਿ ਇਹ ਇਕ ਥਾਂ ਨਹੀਂ ਰੱਖੀ ਜਾਂਦੀ ਸੀ। ਸੰਨ 1922 ਤੋਂ 1923 ਦੇ ਸਮੇਂ ਇਸ ਪ੍ਰੈਸ ਤੋਂ ਬੱਬਰ ਅਕਾਲੀ ਅਖਬਾਰ ਦੇ 15 ਅੰਕ ਪ੍ਰਕਾਸ਼ਿਤ ਕੀਤੇ ਗਏ।
ਬੱਬਰ ਕਰਮ ਸਿੰਘ ਦੌਲਤਪੁਰ ਵਿਰੁਧ ਹੇਠ ਲਿਖੇ ਡਾਕਿਆਂ/ਕਤਲਾਂ ਦੇ ਕੇਸ ਦਰਜ ਹੋਏ:
-ਰਾਮ ਦਿੱਤਾ ਉਰਫ ਕਾਕਾ ਨੰਬਰਦਾਰ ਤੋਂ 3 ਜੁਲਾਈ 1923 ਨੂੰ ਸਰਕਾਰੀ ਮਾਮਲੇ ਦੇ 575 ਰੁਪਏ ਲੁੱਟਣਾ।
-2 ਤੇ 3 ਫਰਵਰੀ 1923 ਨੂੰ ਸੇਠ ਮੁਣਸ਼ੀ ਰਾਮ ਪਿੰਡ ਜਾਡਲਾ ਦੇ ਘਰ ਡਾਕਾ ਮਾਰਨਾ।
-ਲਾਭ ਸਿੰਘ ਢੱਡੇ ਫਤਿਹ ਸਿੰਘ ਜਿਸ ਨੇ ਬੱਬਰ ਕਿਸ਼ਨ ਸਿੰਘ ਨੂੰ ਗ੍ਰਿਫਤਾਰ ਕਰਵਾਇਆ ਸੀ, ਨੂੰ ਮਾਰਨ ਦੀ ਤਿੰਨ ਵਾਰ ਕੋਸ਼ਿਸ਼ ਕੀਤੀ, ਪਰ ਉਹ ਬਚਦਾ ਰਿਹਾ।
-ਬੱਬਰ ਧੰਨਾ ਸਿੰਘ ਬਹਿਬਲਪੁਰ ਨੂੰ ਪਿੰਡ ਨਾ ਵੜਨ ਦੇਣ ਵਾਲੇ ਬਹਿਬਲਪੁਰ ਦੇ ਨੰਬਰਦਾਰ ਹਜ਼ਾਰਾ ਸਿੰਘ ਨੂੰ ਕਤਲ ਕਰਨ ਦਾ ਦੋਸ਼।
-ਆਪਣੇ ਨਾਨਕੇ ਪਿੰਡ ਕੌਲਗੜ੍ਹ ਦੇ ਨੰਬਰਦਾਰ ਰੱਲਾ ਅਤੇ ਉਸ ਦੇ ਭਰਾ ਦਿੱਤੂ ਦਾ ਕਤਲ। ਇਹ ਦੋਵੇਂ ਭਰਾ ਤਾੜਨਾ ਦੇ ਬਾਵਜੂਦ ਮੁਖਬਰੀਆਂ ਤੋਂ ਬਾਜ਼ ਨਹੀਂ ਸੀ ਆਏ।
ਸੰਨ 1922-23 ਦੀਆਂ ਗਰਮੀਆਂ ਵਿਚ ਬੱਬਰਾਂ ਨੇ ਹੁਸ਼ਿਆਰਪੁਰ ਅਤੇ ਜਲੰਧਰ ਜ਼ਿਲ੍ਹੇ ਅੰਦਰ ਸੜਕ ਕੰਢੇ ਲੱਗੇ ਅੰਬਾਂ ਦੇ ਰੁੱਖਾਂ ਦੇ ਫਲ ਦੀ ਬੋਲੀ ਨਾ ਹੋਣ ਦਿੱਤੀ। ਲੋਕਾਂ ਨੇ ਮੁਫਤ ਅੰਬ ਚੂਪੇ ਅਤੇ ਬੱਬਰਾਂ ਨੂੰ ਅਸੀਸਾਂ ਦਿੱਤੀਆਂ। ਬੱਬਰ ਕਰਮ ਸਿੰਘ ਪੁਲਿਸ ਤੋਂ ਭਗੌੜਾ ਸੀ। ਉਸ ਨੇ ਅਤੇ ਬੱਬਰ ਉਦੈ ਸਿੰਘ ਰਾਮਗੜ੍ਹ ਝੁੰਗੀਆਂ ਨੇ ਜੱਸੋਵਾਲ ਵਿਖੇ ਸਾਰੇ ਬੱਬਰਾਂ ਦੀ ਮੀਟਿੰਗ ਵਿਚ ਤਜਵੀਜ਼ ਰੱਖੀ ਕਿ ਝੋਲੀਚੁੱਕਾਂ ਦੇ ਸੁਧਾਰ ਤੋਂ ਬਾਅਦ ਪੁਲਿਸ, ਜੋ ਤਫਤੀਸ਼ ਦੇ ਬਹਾਨੇ ਆਮ ਲੋਕਾਂ ‘ਤੇ ਤਸ਼ੱਦਦ ਕਰਦੀ ਹੈ ਅਤੇ ਇਸ ਲਈ ਹਰ ਵਾਰਦਾਤ ਦੀ ਥਾਂ ਚਿੱਠੀ ਰੱਖ ਦਿੰਦੀ ਹੈ ਕਿ ਇਹ ਕੰਮ ਬੱਬਰਾਂ ਨੇ ਕੀਤਾ ਹੈ, ਨੂੰ ਰੋਕਿਆ ਜਾਵੇ ਕਿ ਉਹ (ਪੁਲਿਸ) ਆਮ ਲੋਕਾਂ ਨੂੰ ਖ਼ਾਹ-ਮਖ਼ਾਹ ਤੰਗ ਨਾ ਕਰੇ।
ਬੱਬਰਾਂ ਨੇ ਕੁਝ ਕੁ ਝੋਲੀਚੁੱਕਾਂ ਕੇ ਕਤਲ ਕਰ ਕੇ ਐਸੀ ਦਹਿਸ਼ਤ ਫੈਲਾਈ ਕਿ ਨੰਬਰਦਾਰ, ਜ਼ੈਲਦਾਰ ਅਤੇ ਹੋਰ ਪੁਲਿਸ ਮੁਖਬਰ, ਅਫਸਰਾਂ ਕੋਲ ਬੱਬਰਾਂ ਬਾਰੇ ਜਾਣਕਾਰੀ ਦੇਣ ਲੱਗਿਆਂ ਪਹਿਲਾਂ ਆਲਾ-ਦੁਆਲਾ ਦੇਖ ਕੇ ਅਫ਼ਸਰ ਦੇ ਕੰਨ ਵਿਚ ਹੋਲੀ ਦੇਣੀ ਆਖਦੇ ਤਾਂ ਜੋ ਉਨ੍ਹਾਂ ਦੀ ਆਵਾਜ਼ ਕੋਈ ਸੁਣ ਨਾ ਲਵੇ। ਬੱਬਰਾਂ ਦੀ ਦਹਿਸ਼ਤ ਦੀ ਗੂੰਜ ਇੰਗਲੈਂਡ ਦੀ ਪਾਰਲੀਮੈਂਟ ਤੱਕ ਪੁੱਜ ਗਈ ਅਤੇ ਅੰਗਰੇਜ਼ ਅਫਸਰਾਂ ਨੂੰ ਹੋਰ ਸਖਤੀ ਕਰਨ ਦੇ ਹੁਕਮ ਮਿਲੇ। ਜਲੰਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਕਮਾਨ ਹੇਠ ਮਿਲਟਰੀ ਦਾ ਸਕੁਐਡ ਵੀ ਤਾਇਨਾਤ ਕੀਤਾ ਗਿਆ। ਥਾਂ-ਥਾਂ ਪਿੰਡਾਂ ਵਿਚ ਪੁਲਿਸ ਚੌਕੀਆਂ ਸਥਾਪਤ ਕੀਤੀਆਂ ਗਈਆਂ ਅਤੇ ਇਨ੍ਹਾਂ ਵਿਚ ਬਹੁਤੇ ਪੁਲਿਸ ਮੁਲਾਜ਼ਮ ਮੁਸਲਮਾਨ ਲਗਾਏ ਗਏ ਜਿਨ੍ਹਾਂ ਨੂੰ ਸਿੱਖਾਂ ਜਾਂ ਬੱਬਰਾਂ ਦੇ ਸੰਘਰਸ਼ ਨਾਲ ਕੋਈ ਹਮਦਰਦੀ ਨਹੀਂ ਸੀ। ਬੱਬਰਾਂ ਨੂੰ ਫੜਾਉਣ ਵਿਚ ਸਹਾਈ ਹੋਣ ਵਾਲਿਆਂ ਨੂੰ ਜ਼ਮੀਨ ਦੇ ਮੁਰੱਬੇ ਅਤੇ ਨਕਦ ਇਨਾਮਾਂ ਦੇ ਪੋਸਟਰ ਛਪਾ ਕੇ ਪਿੰਡਾਂ ਵਿਚ ਲਾਏ ਗਏ। ਇਸ ਲਾਲਚ ਵਿਚ ਫਸ ਕੇ ਝੋਲੀਚੁੱਕ, ਜਸੂਸ ਅਤੇ ਕੁਝ ਬੱਬਰ ਵੀ ਆਪਣੇ ਸਾਥੀਆਂ ਵਿਰੁਧ ਗੱਦਾਰੀ ‘ਤੇ ਉਤਰ ਆਏ। ਅਜਿਹਾ ਹੀ ਇਕ ਗੱਦਾਰ ਅਨੂਪ ਸਿੰਘ ਮਾਣਕੋ ਸੀ ਜੋ ਬੱਬਰ ਕਰਮ ਸਿੰਘ ਨੂੰ ਆਪਣਾ ਧਰਮ ਦਾ ਪਿਤਾ ਕਹਿੰਦਾ ਹੁੰਦਾ ਸੀ ਤੇ ਬੱਬਰ ਉਸ ਨੂੰ ਧਰਮ ਦਾ ਪੁੱਤਰ ਆਖਦਾ ਸੀ।
30 ਅਗਸਤ 1923 ਨੂੰ ਪਿੰਡ ਡੁਮੇਲੀ ਤਹਿਸੀਲ ਫਗਵਾੜਾ ਰਿਆਸਤ ਕਪੂਰਥਲਾ ਵਿਖੇ ਸੱਤ ਬੱਬਰ-ਕਰਮ ਸਿੰਘ ਦੌਲਤਪੁਰ, ਉਦੈ ਸਿੰਘ ਰਾਮਗੜ੍ਹ ਝੁੰਗੀਆਂ, ਕਿਸ਼ਨ ਸਿੰਘ ਮਾਂਗਟ, ਮਹਿੰਦਰ ਸਿੰਘ ਪੰਡੋਰੀ, ਗੰਗਾ ਸਿੰਘ, ਧੰਨਾ ਸਿੰਘ ਬਹਿਬਲਪੁਰ ਅਤੇ ਦਲੀਪ ਸਿੰਘ ਧਾਮੀਆਂ ਸਣੇ ਗੱਦਾਰ ਅਨੂਪ ਸਿੰਘ ਮਾਣਕੋ ਦੇ ਰਾਮਗੜ੍ਹੀਆਂ ਦੀ ਕੋਠੀ ਜੋ ਪਿੰਡੋਂ ਬਾਹਰ ਸੀ, ਵਿਚ ਠਹਿਰੇ ਹੋਏ ਸਨ। ਉਸ ਦਿਨ ਅਨੂਪ ਸਿੰਘ ਦਾ ਰੰਗ ਉਡਿਆ ਹੋਇਆ ਅਤੇ ਜ਼ੁਬਾਨ ਥਥਲਾਂਦੀ ਦੇਖ ਕੇ ਬੱਬਰ ਧੰਨਾ ਸਿੰਘ ਬਹਿਬਲਪੁਰ ਨੂੰ ਕੁਝ ਸ਼ੱਕ ਹੋਇਆ। ਉਸ ਨੇ ਬੱਬਰ ਕਰਮ ਸਿੰਘ ਦੌਲਤਪੁਰ ਨੂੰ ਕਿਹਾ ਕਿ ਅੱਜ ਅਨੂਪ ਸਿੰਘ ਦੀ ਨੀਅਤ ਖਰਾਬ ਲੱਗਦੀ ਏ। ਬੱਬਰ ਕਰਮ ਸਿੰਘ ਨੇ ਕਿਹਾ, “ਤੂੰ ਤਾਂ ਐਵੇਂ ਸ਼ੱਕ ਕਰਦਾ ਹੈਂ, ਉਸ ਨੂੰ ਮਰੋੜੇ ਲੱਗੇ ਹੋਏ ਨੇ ਤਾਂ ਹੀ ਉਹ ਘੜੀ-ਮੁੜੀ ਖੇਤ ਵੱਲ ਜਾਂਦਾ ਏ। ਉਹ ਤਾਂ ਮੇਰਾ ਧਰਮ ਦਾ ਪੁੱਤ ਏ।”
ਬੱਬਰ ਇਕ ਰਾਤ ਤੋਂ ਵੱਧ ਇਕ ਟਿਕਾਣੇ ‘ਤੇ ਨਹੀਂ ਠਹਿਰਦਾ ਸੀ ਅਤੇ ਅਗਲੇ ਦਿਨ ਉਹ ਪਿੰਡ ਬੰਬੇਲੀ ਜੋ ਉਥੋਂ ਦੋ ਕੁ ਮੀਲ ਦੱਖਣ ਵੱਲ ਹੈ, ਨੂੰ ਚੱਲਣ ਲੱਗੇ ਤਾਂ ਅਨੂਪ ਸਿੰਘ, ਬੱਬਰ ਕਰਮ ਸਿੰਘ ਨੂੰ ਕਹਿਣ ਲੱਗਾ, “ਮੈਨੂੰ ਮਰੋੜੇ ਲੱਗੇ ਹੋਏ ਨੇ, ਤੁਸੀਂ ਚੱਲੋ, ਮੈਂ ਕੱਲ੍ਹ ਨੂੰ ਆ ਜਾਵਾਂਗਾ।” ਡੁਮੇਲੀ ਤੋਂ ਬੰਬੇਲੀ ਵੱਲ ਥੋੜ੍ਹੀ ਦੂਰ ਜਾ ਕੇ ਬੱਬਰ ਧੰਨਾ ਸਿੰਘ ਬਹਿਬਲਪੁਰ ਨੇ ਬੱਬਰ ਕਰਮ ਸਿੰਘ ਨੂੰ ਕਿਹਾ ਕਿ ਜਿਸ ਟਿਕਾਣੇ ‘ਤੇ ਠਹਿਰਨ ਦਾ ਤੁਸੀਂ ਅਨੂਪ ਸਿੰਘ ਨੂੰ ਬੰਬੇਲੀ ਦੱਸਿਆ ਹੈ, ਆਪਾਂ ਨੂੰ ਅੱਜ ਉਥੇ ਨਹੀਂ, ਕਿਸੇ ਹੋਰ ਥਾਂ ਠਹਿਰਨਾ ਚਾਹੀਦਾ ਹੈ। ਜਦੋਂ ਬੱਬਰ ਕਰਮ ਸਿੰਘ ਨਾ ਮੰਨੇ ਤਾਂ ਬੱਬਰ ਧੰਨਾ ਸਿੰਘ, ਦਲੀਪ ਸਿੰਘ ਧਾਮੀਆਂ ਦੀ ਬਾਂਹ ਫੜ ਕੇ ਬੋਲਿਆ, “ਚੱਲ ਆਪਾਂ ਅੱਜ ਕਿਸੇ ਹੋਰ ਪਾਸੇ ਚੱਲਦੇ ਹਾਂ। ਇਨ੍ਹਾਂ ਦਾ ਧਰਮ ਪੁੱਤ ਇਨ੍ਹਾਂ ਨੂੰ ਜ਼ਰੂਰ ਧਰਮਰਾਜ ਕੋਲ ਪਹੁੰਚਾਏਗਾ।”
ਇਹ ਆਖ ਕੇ ਇਹ ਦੋਵੇਂ ਬੰਬੇਲੀ ਦੀ ਬਜਾਏ ਪਿੰਡ ਪਾਂਛਟਾ ਨੂੰ ਚਲੇ ਗਏ ਅਤੇ ਆਪਣੇ ਇਕ ਭਰੋਸੇਯੋਗ ਟਿਕਾਣੇ ‘ਤੇ ਜਾ ਠਹਿਰੇ। ਅਨੂਪ ਸਿੰਘ ਨੇ ਪਿੰਡ ਡੁਮੇਲੀ ਪਹੁੰਚ ਕੇ ਆਪਣੇ ਚਾਚੇ ਦੇ ਪੁੱਤ ਕੇਵਲ ਸਿੰਘ ਨੂੰ ਪਿੰਡ ਮਾਣਕੋ ਨੂੰ ਭੇਜਿਆ ਕਿ ਜਾ ਕੇ ਉਸ (ਅਨੂਪ ਸਿੰਘ) ਦੇ ਚਾਚੇ ਤੇ ਸੀæਆਈæਡੀæ ਦੇ ਸਿਪਾਹੀ ਬੋਘ ਸਿੰਘ ਨੂੰ ਬੱਬਰਾਂ ਦੇ ਕੱਲ੍ਹ ਦੇ ਬੰਬੇਲੀ ਦੇ ਟਿਕਾਣੇ ਬਾਰੇ ਦੱਸ ਦੇਵੇ। ਸੁਨੇਹਾ ਮਿਲਦੇ ਸਾਰ ਬੋਘ ਸਿੰਘ ਨੇ ਅੱਧੀ ਰਾਮ ਨੂੰ ਪੁਲਿਸ ਕਮਿਸ਼ਨਰ ਮਿਸਟਰ ਸਮਿੱਥ ਦੀ ਕੋਠੀ ਪਹੁੰਚ ਕੇ ਇਹ ਸੂਚਨਾ ਦੇ ਦਿੱਤੀ। ਕਮਿਸ਼ਨਰ ਸਮਿੱਥ ਨੇ ਤੜਕੇ ਹੀ ਇਹ ਖਬਰ ਡਿਪਟੀ ਕਮਿਸ਼ਨਰ ਮਿਸਟਰ ਜੈਕਬ ਨੂੰ ਜਾ ਦਿੱਤੀ ਅਤੇ ਉਸ ਨੇ ਰਸਾਲੇ ਦੇ ਕਰਨਲ ਕਮਾਂਡਿੰਗ ਅਫਸਰ ਨੂੰ ਰਿਆਸਤ ਦੇ ਪਿੰਡ ਬੰਬੇਲੀ ਨੂੰ ਘੇਰਾ ਪਾਉਣ ਲਈ ਆਖਿਆ। ਪਹਿਲੀ ਸਤੰਬਰ 1923 ਦੇ ਤੜਕੇ ਹੀ ਅਨੂਪ ਸਿੰਘ, ਬੱਬਰਾਂ ਦੇ ਟਿਕਾਣੇ ਪਹੁੰਚ ਗਿਆ ਅਤੇ ਸੁੱਤੇ ਪਏ ਬੱਬਰਾਂ ਦੇ ਬੰਬ ਅਤੇ ਹਥਿਆਰ ਪਰੇ ਕਰ ਦਿੱਤੇ ਤੇ ਆਪ ਪੁਲਿਸ ਕਪਤਾਨ ਕੋਲ ਪਹੁੰਚ ਗਿਆ। ਚਾਰੇ ਬੱਬਰ ਲਲਕਾਰੇ ਮਾਰਦੇ ਪਿੰਡੋਂ ਬਾਹਰ ਚੋਈ ਵੱਲ ਹੋ ਨਿਕਲੇ। ਪੁਲਿਸ ਉਨ੍ਹਾਂ ਨੂੰ ਆਪਣੇ ਆਪ ਨੂੰ ਪੁਲਿਸ ਹਵਾਲੇ ਕਰਨ ਨੂੰ ਵਾਰ-ਵਾਰ ਆਖ ਰਹੀ ਸੀ, ਪਰ ਬੱਬਰਾਂ ਨੇ ਮੁਕਾਬਲਾ ਕਰ ਕੇ ਸ਼ਹੀਦੀ ਪਾਈ। ਇਨ੍ਹਾਂ ਚਾਰ ਬੱਬਰਾਂ ਦੀ ਸ਼ਹੀਦੀ ਨੇ ਬੱਬਰ ਅਕਾਲੀ ਲਹਿਰ ਦਾ ਲੱਕ ਹੀ ਤੋੜ ਦਿੱਤਾ।
ਬੱਬਰ ਕਰਮ ਸਿੰਘ ਅਤੇ ਪਿੰਡ ਦੌਲਤਪੁਰ ਦੇ ਹੋਰ ਬੱਬਰਾਂ ਦੀ ਯਾਦ ਵਿਚ ਪਿੰਡ ਦੌਲਤਪੁਰ ਵਿਚ ਸ਼ਾਨਦਾਰ ਬੱਬਰ ਯਾਦਗਾਰੀ ਹਾਲ ਬਣਿਆ ਹੋਇਆ ਹੈ ਜਿਸ ਵਿਚ ਬੱਬਰ ਅਕਾਲੀ ਲਹਿਰ ਦੇ ਸ਼ਹੀਦਾਂ ਅਤੇ ਉਮਰ ਕੈਦ ਜਾਂ ਹੋਰ ਸਜ਼ਾਵਾਂ ਕੱਟਣ ਵਾਲਿਆਂ ਦੀਆਂ ਤਸਵੀਰਾਂ ਸਜਾਈਆਂ ਗਈਆਂ ਹਨ।