ਬਲਜੀਤ ਬਾਸੀ
ਦੇਖਿਆ ਜਾਵੇ ਤਾਂ ਮੇਜ਼ ਦੀ ਵਰਤੋਂ ਮੁਖ ਤੌਰ ‘ਤੇ ਦੋ ਕੰਮਾਂ ਲਈ ਕੀਤੀ ਜਾਂਦੀ ਹੈ: ਖਾਣਾ ਰੱਖਣ ਅਤੇ ਪੜ੍ਹਨ ਲਿਖਣ ਦਾ ਸਾਮਾਨ ਕਿਤਾਬਾਂ, ਕਾਪੀਆਂ ਆਦਿ ਧਰਨ ਲਈ। ਉਂਜ ਮੇਜ਼ ਦੀ ਬੁਲੰਦੀ ਤੱਕ ਪਹੁੰਚਣ ਲਈ ਕੁਰਸੀ ਵੀ ਚਾਹੀਦੀ ਹੁੰਦੀ ਹੈ। ਸਾਡੇ ਦੇਸ਼ ਵਿਚ ਪ੍ਰਾਚੀਨ ਵਿਚ ਦੋਨੋਂ ਪ੍ਰਯੋਜਨਾਂ ਲਈ ਮੇਜ਼ ਦੀ ਵਰਤੋਂ ਸੁਣਨ ਵਿਚ ਨਹੀਂ ਆਈ। ਪਹਿਲਾਂ ਭੋਜਨ ਦੀ ਗੱਲ ਕਰ ਲਈਏ। ਰਵਾਇਤੀ ਤੌਰ ‘ਤੇ ਅੱਵਲ ਤਾਂ ਅਸੀਂ ਭੁੰਜੇ ਬਹਿ ਕੇ ਹੀ ਰੋਟੀ ਖਾ ਲਿਆ ਕਰਦੇ ਹਾਂ ਜਾਂ ਫਿਰ ਪਟੜੇ, ਚੌਕੀ, ਪੀੜੀ, ਮੂੜ੍ਹੇ ਆਦਿ ‘ਤੇ ਬੈਠ ਕੇ। ਖਾਣਾ ਥਾਲੀ ਵਿਚ ਹੁੰਦਾ ਹੈ ਜੋ ਥੱਲੇ ਹੀ ਪਈ ਹੁੰਦੀ ਹੈ।
ਭੁੰਜਿਓਂ ਬੁਰਕੀ ਤੋੜ ਕੇ ਮੂੰਹ ਤੱਕ ਲਿਜਾਣ ਦੇ ਕਸ਼ਟਮਈ ਯਤਨ ਨੂੰ ਸੌਖਿਆਂ ਕਰਨ ਲਈ ਕਈ ਵਾਰੀ ਥਾਲੀ ਨੂੰ ਛਾਤੀ ਦੇ ਬਰਾਬਰ ਤੱਕ ਹਥੇਲੀਆਂ ‘ਤੇ ਚੁੱਕ ਲਿਆ ਜਾਂਦਾ ਹੈ। ਇਸ ਤਰ੍ਹਾਂ ਘੱਟੋ ਘੱਟ ਭੋਜਨ ਨੂੰ ਉਪਰ ਚੁੱਕਣ ਦੇ ਨਜ਼ਰੀਏ ਤੋਂ ਤਾਂ ਥਾਲੀ ਮੇਜ਼ ਦਾ ਕੰਮ ਦਿੰਦੀ ਹੈ। ਇਕ ਵਾਰੀ ਮੈਂ ਸੰਤ ਸਿੰਘ ਸੇਖੋਂ ਨੂੰ ਇਹ ਕਹਿੰਦਿਆਂ ਸੁਣਿਆ ਕਿ ਥਾਲੀ ਉਹ ਹੈ ਜੋ ਹਥੇਲੀ ‘ਤੇ ਚੁੱਕੀ ਜਾਵੇ। ਪਰ ਥਾਲੀ ਸ਼ਬਦ ਦੀ ਇਹ ਵਿਆਖਿਆ ਸਹੀ ਨਹੀਂ ਹੈ।
ਪ੍ਰਾਹੁਣਿਆਂ ਦੀ ਬਹੁਤੀ ਆਉ-ਭਗਤ ਕਰਨੀ ਹੋਵੇ ਤਾਂ ਮੰਜੇ ‘ਤੇ ਭੋਜਨ ਛਕਾਈਦਾ ਹੈ, ਮੰਜਾ ਆਸਣ ਦਾ ਆਸਣ, ਮੇਜ਼ ਦਾ ਮੇਜ਼ ਅਤੇ ਖਾ ਪੀ ਕੇ ਟੇਢੇ ਹੋਣ ਦਾ ਵੀ ਵਧੀਆ ਸਾਧਨ ਹੈ। ਪੜ੍ਹਨ ਦਾ ਮਜ਼ਾ ਵੀ ਮੰਜੇ ‘ਤੇ ਹੀ ਆਉਂਦਾ ਹੈ। ਇਹ ਮੇਜ਼ ਤੇ ਕੁਰਸੀ ਦੋਵਾਂ ਦਾ ਕੰਮ ਸਾਰਦਾ ਹੈ, ਪੂਰਾ ਟੂ-ਇਨ-ਵਨ। ਗੌਰਤਲਬ ਹੈ ਕਿ ਮੰਜਾ ਵੀ ਮੇਜ਼ ਦੀ ਤਰ੍ਹਾਂ ਚਾਰ-ਟੰਗਾ ਹੁੰਦਾ ਹੈ ਇਸ ਲਈ ਹੀ ਤਾਂ ਇਸ ਨੂੰ ਚਾਰਪਾਈ ਕਿਹਾ ਜਾਂਦਾ ਹੈ। ਸੰਯੋਗ ਦੀ ਗੱਲ ਹੈ ਕਿ ‘ਮੇਜ਼’ ਸ਼ਬਦ ਦੀ ਧੁਨੀ ਵੀ ‘ਮੰਜਾ’ ਸ਼ਬਦ ਨਾਲ ਮਿਲਦੀ ਹੈ। ਨਿਕਚੂ ਮੇਜ਼ ਜਿਹਾ ਕੰਮ ਦੇਣ ਵਾਲੇ ਉਪਕਰਣ ਯਾਨਿ ਸਟੂਲ ਨੂੰ ਤਾਂ ਅਸੀਂ ਤਿਪਾਈ ਕਹਿ ਦਿੱਤਾ ਪਰ ਮੇਜ਼ ਲਈ ਕੋਈ ਆਪਣਾ ਅਜਿਹਾ ਸ਼ਬਦ ਨਹੀਂ ਘੜਿਆ। ਹਾਂ, ਇਸ ਆਸ਼ੇ ਲਈ ‘ਚੁਪਾਈ’ ਸ਼ਬਦ ਇਕ ਵਧੀਆ ਉਮੀਦਵਾਰ ਸੀ ਪਰ ਸ਼ਾਇਦ ਚਾਰਪਾਈ ਵਿਚ ਆ ਖੜ੍ਹੀ ਹੋਈ! ਹੋਰ ਤਾਂ ਹੋਰ ਚੌਕੀ (ਸੰਸਕ੍ਰਿਤ:ਚਤੁਸ਼ਕ) ਵੀ ਮੇਜ਼ ਅੱਗੇ ਗੋਡੇ ਟੇਕ ਗਈ। ਅਜੇ ਅੱਧੀ ਸਦੀ ਪਹਿਲਾਂ ਤੱਕ ਬਰਾਤਾਂ ਨੂੰ ਭੁੰਜੇ ਬਿਠਾ ਕੇ ਖਾਣੇ ਦੀ ਸੇਵਾ ਕੀਤੀ ਜਾਂਦੀ ਸੀ। ਇਸ ਤੋਂ ਪਹਿਲਾਂ ਤਾਂ ਖੁਰਲੀਆਂ ਦਾ ਵੀ ਰਿਵਾਜ ਸੀ। ਫਿਰ ਪੜ੍ਹਨ-ਲਿਖਣ ਦੀ ਗੱਲ ਕਰੀਏ। ਆਮ ਆਦਮੀ ਤਾਂ ਪੜ੍ਹਦੇ ਹੀ ਨਹੀਂ ਸਨ, ਖਾਸ ਆਦਮੀ ਰਹਿਲ ਦੀ ਸਹਾਇਤਾ ਲੈਂਦੇ ਸਨ। ਸਾਡੀ ਸਭਿਅਤਾ ਵਿਚ ਚਾਰ ਟੰਗਾ ਮੇਜ਼ ਤਾਂ ਅਜੇ ਕੱਲ੍ਹ ਦੀ ਗੱਲ ਹੈ। ਇਕ ਵਾਰੀ ਮੇਜ਼ ਆਇਆ ਤਾਂ ਮੇਜ਼ਪੋਸ਼ ਨੂੰ ਕੌਣ ਰੋਕ ਸਕਦਾ ਸੀ।
ਬਹੁਤ ਸਾਰੇ ਕੋਸ਼ਾਂ ਅਤੇ ਹੋਰ ਸਰੋਤਾਂ ਵਿਚ ਮੇਜ਼ ਸ਼ਬਦ ਦਾ ਪਿੱਛਾ ਫਾਰਸੀ ਦੱਸਿਆ ਗਿਆ ਹੈ ਮਿਸਾਲ ਵਜੋਂ ਪਲੈਟਸ ਦੇ ‘ਹਿੰਦੋਸਤਾਨੀ ਕੋਸ਼’ ਅਨੁਸਾਰ ਮੇਜ਼ ਲਫਜ਼ ਦਾ ਪਹਿਲਵੀ ਰੂਪ ਮੀਜ਼ ਤੇ ਜ਼ੰਦ ਰੂਪ ਮਯਾਜ਼ ਜਿਹਾ ਹੈ। ਇਸ ਨੂੰ ਸੰਸਕ੍ਰਿਤ ਦੇ ‘ਮਹ’ ਦਾ ਸੁਜਾਤੀ ਹੋਣ ਦੀ ਸੰਭਾਵਨਾ ਦਰਸਾਈ ਗਈ ਹੈ। ਮਹ ਸ਼ਬਦ ਵਿਚ ਜਸ਼ਨ, ਬਲੀ ਆਦਿ ਦੇ ਭਾਵ ਹਨ। ਫਾਰਸੀ ਸ਼ਬਦ ਮਜ਼ੀਦਨ ਦਾ ਅਰਥ ਹੁੰਦਾ ਹੈ-ਭੇਟਾ ਕਰਨਾ ਜਾਂ ਭੋਜਨ ਭੇਟਾ ਕਰਨਾ। ਇਸ ਤਰ੍ਹਾਂ ਜੇ ਸ਼ਬਦ ਇਸ ਕਿਰਿਆ ਤੋਂ ਬਣਿਆ ਹੋਵੇ ਤਾਂ ਇਸ ਦਾ ਪਹਿਲਾ ਅਰਥ ਬਣਦਾ ਹੈ ਭੇਟਾ ਜਾਂ ਭੋਜਨ। ਪਰ ਇਸ ਤੋਂ ਮੇਜ਼ ਵਾਲੇ ਅਰਥ ਸਪੱਸ਼ਟ ਨਹੀਂ ਹੁੰਦੇ। ਮੇਜ਼ ਦੇ ਫਾਰਸੀ ਵਿਚ ਉਘੇ ਅਰਥ ਹਨ-ਅਜਨਬੀ, ਓਪਰਾ ਆਦਮੀ, ਪ੍ਰਾਹੁਣਾ; ਪ੍ਰਾਹੁਣੇ ਦੀ ਆਉ-ਭਗਤ, ਪ੍ਰਾਹੁਣਚਾਰੀ, ਦਾਅਵਤ।
ਦੂਜੇ ਪਾਸੇ ਫਾਰਸੀ ਤੇ ਅੱਗੋਂ ਉਰਦੂ ਦਾ ਇਕ ਸ਼ਬਦ ਹੈ-ਮੇਜ਼ਬਾਨ ਜਿਸ ਦਾ ਅਰਥ ਹੁੰਦਾ ਹੈ ਪ੍ਰਾਹੁਣਿਆਂ ਦੀ ਸੇਵਾ ਕਰਨ ਵਾਲਾ। ਪਹਿਲਵੀ ਵਿਚ ਮੇਜ਼ ਜਾਂ ਵੱਡੀ ਥਾਲੀ ਲਈ ਖਵਾਨ ਸ਼ਬਦ ਮਿਲਦਾ ਹੈ। ਇਹ ਸ਼ਬਦ ਅਜੇ ਵੀ ਫਾਰਸੀ ਉਰਦੂ ਵਿਚ ਮੌਜੂਦ ਹੈ ਭਾਵੇਂ ਇਸ ਦੀ ਵਰਤੋਂ ਬਹੁਤ ਘਟ ਗਈ ਹੈ। ਪਰ ਇਹ ਸ਼ਬਦ ‘ਦਸਤਰਖਵਾਨ’ ਦੇ ਲਫਜ਼ ਵਿਚ ਜ਼ਰੂਰ ਝਲਕਦਾ ਹੈ। ਬਹੁਤ ਸਾਰੇ ਜਾਣਦੇ ਹੀ ਹੋਣਗੇ, ਦਸਤਰਖਵਾਨ ਦਾ ਮਤਲਬ ਹੈ-ਵਿਛਾਇਆ ਹੋਇਆ ਭੋਜਨ। ਇਸ ਤਰ੍ਹਾਂ ਟੇਬਲ ਦੇ ਅਰਥਾਂ ਵਾਲੇ ਮੇਜ਼ ਸ਼ਬਦ ਦਾ ਫਾਰਸੀ ਨਾਲ ਰਿਸ਼ਤਾ ਬਹੁਤਾ ਸਥਾਪਤ ਨਹੀਂ ਹੁੰਦਾ।
ਮੇਜ਼ ਸ਼ਬਦ ਦੇ ਦੋ ਸਰੋਤ ਮੰਨੇ ਜਾਂਦੇ ਹਨ-ਫਾਰਸੀ ਅਤੇ ਪੁਰਤਗੀਜ਼। ਪੁਰਤਗੀਜ਼ ਵਿਚ ਇਸ ਸ਼ਬਦ ਦਾ ਲਿਖਤੀ ਰੂਪ ਹੈ ੰeਸਅ ਪਰ ਇਸ ਭਾਸ਼ਾ ਦੇ ਉਚਾਰਣ ਅਨੁਸਾਰ ਇਥੇ ਐਸ ਦੀ ਧੁਨੀ Ḕਜ਼Ḕ ਹੈ। ਇਸ ਭਾਸ਼ਾ ਵਿਚ ਇਸ ਦਾ ਅਰਥ ਮੇਜ਼ ਤੋਂ ਇਲਾਵਾ ਫੱਟਾ ਵੀ ਹੈ। ਪੁਰਤਗੀਜ਼ ਭਾਸਾ ਦੇ ਇਕ ਨਿਰੁਕਤ ਕੋਸ਼ ਅਨੁਸਾਰ ਪੁਰਤਗੀਜ਼ ਵਿਚ ਇਹ ਸ਼ਬਾਦ ਲਾਤੀਨੀ ੰeਨਸਅ ਤੋਂ ਆਇਆ ਹੈ। ਲਾਤੀਨੀ ਵਿਚ ਮੈਨਸਾ ਦੇ ਅਰਥ ਮੇਜ਼ ਤੋਂ ਇਲਾਵਾ ਭੋਜਨ, ਵੇਦੀ, ਵੇਦੀ ਦੀ ਉਪਰਲੀ ਸਿਲ ਜਾਂ ਇਸ ਉਤੇ ਬਲੀ ਜਾਂ ਹੋਰ ਕਿਸੇ ਸ਼ੈਅ ਦਾ ਚੜ੍ਹਾਵਾ ਹੈ। ਇਥੋਂ ਇਸ ਦੇ ਪਹਿਲਾਂ ਜ਼ਿਕਰ ਕੀਤੇ ਸੰਸਕ੍ਰਿਤ ਸ਼ਬਦ ਮਹ ਦੇ ਸੁਜਾਤੀ ਹੋਣ ਦੀ ਸ਼ੱਕ ਵੀ ਪੈਂਦੀ ਹੈ। ਪੁਰਤਗੀਜ਼ ਭਾਸ਼ਾ ਵਿਚ ਇਹ ਸ਼ਬਦ ਕੋਈ ਦਸਵੀਂ ਸਦੀ ਵਿਚ ਮੌਜੂਦ ਸੀ। ਲਾਤੀਨੀ ਤੋਂ ਇਹ ਸ਼ਬਦ ਪੁਰਤਗੀਜ਼ ਤੋਂ ਛੁੱਟ ਇਸ ਦੀਆਂ ਸੰਤਾਨ ਹੋਰ ਰੁਮਾਂਸ ਭਾਸ਼ਾਵਾਂ ਜਿਵੇਂ ਸਪੈਨਿਸ਼, ਰੁਮਾਨੀਅਨ ਅਤੇ ਇਤਾਲਵੀ ਵਿਚ ਗਿਆ, ਪਰ ਅਫਸੋਸ ਫਾਰਸੀ ਦੇ ਬਹੁਤੇ ਕੋਸ਼ ਸ਼ਬਦਾਂ ਦੀ ਵਿਉਤਪਤੀ ਵੱਲ ਸੰਕੇਤ ਨਹੀਂ ਕਰਦੇ। ਰੁਮਾਂਸ ਭਾਸ਼ਾਵਾਂ ਦੇ ਸਰੋਤਾਂ ਤੋਂ ਇਸ ਦੇ ਲਾਤੀਨੀ ਪਿਛੇ ਦੇ ਹੋਣ ਦੀ ਪੁਸ਼ਟੀ ਮਿਲਦੀ ਹੈ। ਨਾਲ ਲੱਗਦੇ ਇਹ ਵੀ ਦੱਸ ਦੇਈਏ ਕਿ ਅੰਗਰੇਜ਼ੀ ਸ਼ਬਦ ੰeਸਅ ਦਾ ਅਰਥ ਹੈ-ਟੇਬਲ ਲੈਂਡ (ਠਅਬਲe æਅਨਦ) ਜਿਸ ਨੂੰ ਅਸੀਂ ਪਠਾਰ ਆਖਦੇ ਹਾਂ ਅਰਥਾਤ ਅਜਿਹੀ ਪਹਾੜੀ ਜਿਸ ਦੀ ਚੋਟੀ ਸਪਾਟ, ਸਮਤਲ ਹੋਵੇ ਅਤੇ ਢਲਾਣਾਂ ਸਿਧੀਆਂ ਹੋਣ। ਦਿਮਾਗ ਵਿਚ ਮੇਜ਼ ਜਿਹਾ ਬਿੰਬ ਹੀ ਬਣਦਾ ਹੈ।
ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਰਤ ਦੇ ਦੱਖਣ, ਖਾਸ ਤੌਰ ‘ਤੇ ਗੋਆ ਵਿਚ ਪੁਰਤਗੀਜ਼ਾਂ ਦਾ ਰਾਜ ਰਿਹਾ ਹੈ। ਇਸ ਦੌਰਾਨ ਮੇਜ਼ ਸਹਿਤ ਇਸ ਭਾਸ਼ਾ ਦੇ ਅਨੇਕਾਂ ਸ਼ਬਦ ਸਾਡੀਆਂ ਭਾਸ਼ਾਵਾਂ ਵਿਚ ਆਏ। ਅਲਮਾਰੀ ਵੀ ਇਕ ਅਜਿਹਾ ਹੀ ਸ਼ਬਦ ਹੈ ਜਿਸ ਬਾਰੇ ਬਹੁਤ ਪਹਿਲਾਂ ਲਿਖਿਆ ਜਾ ਚੁੱਕਾ ਹੈ। ਕਈਆਂ ਦਾ ਅਨੁਮਾਨ ਹੈ ਕਿ ਪੁਰਤਗੀਜ਼ ਤੋਂ ਭਾਰਤ ਆਇਆ ਮੇਜ਼ ਸ਼ਬਦ ਅੱਗੇ ਇਰਾਨ ਗਿਆ ਹੋਵੇਗਾ ਤੇ ਹੋਰ ਅੱਗੇ ਅਰਬੀ ਬੋਲਦੇ ਦੇਸ਼ਾਂ ਵਿਚ। ਪੁਰਤਗੀਜ਼ਾਂ ਦਾ ਮਸਕਟ, ਉਮਾਨ ਅਤੇ ਸਊਦੀ ਅਰਬ ਵਿਚ ਕੋਈ ਡੇਢ ਸੌ ਸਾਲ ਤੱਕ ਰਾਜ ਵੀ ਰਿਹਾ। ਪਰਤਗੀਜ਼ ਬੋਲਬਾਲੇ ਵਾਲੇ ਹੋਰ ਦੇਸ਼ਾਂ ਵਿਚ ਸਰਸਰੀ ਨਜ਼ਰ ਮਾਰਿਆਂ ਪਤਾ ਲਗਦਾ ਹੈ ਕਿ ਇਨ੍ਹਾਂ ਵਿਚ ਮੇਜ਼ ਜਿਹੇ ਸ਼ਬਦ ਦੀ ਵਰਤੋਂ ਇਨ੍ਹਾਂ ਹੀ ਅਰਥਾਂ ਵਿਚ ਹੁੰਦੀ ਹੈ। ਮਿਸਾਲ ਵਜੋਂ ਮਲਾਏ ਵਿਚ ਮੇਜਾ, ਤਾਮਿਲ, ਤੈਲਗੂ ਅਤੇ ਮਲਿਆਲਮ ਵਿਚ ਮੇਜ਼, ਸਵਾਲੀ ਮੇਜ਼, ਸੁਮਾਲੀ ਮੀਜ਼ ਆਦਿ।
ਪਰ ਇਕ ਹੋਰ ਮੱਤ ਅਨੁਸਾਰ ਇਹ ਸ਼ਬਦ ਪੁਰਾਣੀ ਫਾਰਸੀ ਦਾ ਆਪਣਾ ਸ਼ਬਦ ਹੈ। ਮਧਕਾਲੀ ਫਾਰਸੀ ਵਿਚ ਇਕ ਸ਼ਬਦ ਮੈਜ਼ਦ ਮਿਲਦਾ ਹੈ ਜਿਸ ਦੇ ਅਰਥ ਭੋਜਨ, ਮਹਿਮਾਨਾਂ ਨੂੰ ਪਰੋਸਿਆ ਭੋਜਨ, ਪਰੋਸਾ, ਭੇਟਾ ਆਦਿ ਹਨ। ਇਸੇ ਤੋਂ ਮੇਜ਼ਦੋਬਾਨ ਅਤੇ ਫਿਰ ਵਿਚੋਂ ‘ਦੋ’ ਅਲੋਪ ਹੋਣ ਨਾਲ ਮੇਜ਼ਬਾਨ/ਮੇਜ਼ਮਾਨ ਸ਼ਬਦ ਬਣੇ। ਪਰ ਪਹਿਲਵੀ ਵਿਚ ਇਹ ਸ਼ਬਦ ਮੌਜੂਦ ਨਹੀਂ ਹੈ। ਇਸ ਦੋਗਲੀ ਵਿਉਤਪਤੀ ਦੇ ਮਸਲੇ ਦਾ ਸਮਾਧਾਨ ਕਿਵੇਂ ਹੋਵੇ? ਇਹ ਤਾਂ ਸਪੱਸ਼ਟ ਹੈ ਕਿ ਲਾਤੀਨੀ ਪਿਛੋਕੜ ਵਾਲੇ ਪੁਰਤਗੀਜ਼ ਸ਼ਬਦ ਵਿਚ ਮੁਢਲਾ ਭਾਵ ਟੇਬਲ ਜਾਂ ਵੇਦੀ ਦੀ ਉਪਰਲੀ ਸਿਲ ਹੈ ਜਦਕਿ ਫਾਰਸੀ ਮੇਜ਼ਦ ਵਿਚ ਪਰੋਸਾ, ਭੋਜਨ ਆਦਿ ਦੇ ਭਾਵ ਹਨ। ਇਸ ਤਰ੍ਹਾਂ ਮੇਜ਼ਦੋਬਾਨ ਅਤੇ ਫਿਰ ਮੇਜ਼ਬਾਨ ਦੇ ਅਰਥ ਭੋਜਨ ਕਰਨ ਵਾਲੇ ਅਤੇ ਫਿਰ ਭੋਜਨ ਛਕਾਉਣ ਵਾਲੇ ਲੋਕ ਬਣਦੇ ਹਨ ਭਾਵੇਂ ਇਹ ਲੋਕ ਭੁੰਜੇ ਬਹਿ ਕੇ ਹੀ ਅਜਿਹਾ ਕਰਨ। ਪਰ ਫਿਰ ਪੁਰਤਗੀਜ਼ ਵਲੋਂ ਟੇਬਲ ਦੇ ਅਰਥਾਂ ਵਾਲਾ ਮੇਜ਼ ਸ਼ਬਦ ਆਉਣ ਨਾਲ ਮੇਜ਼ਬਾਨ ਸ਼ਬਦ ਨੂੰ ਮੇਜ਼ ਤੇ ਬਹਾ ਕੇ ਖਾਣਾ ਖੁਆਉਣ ਵਾਲਾ ਬਣ ਗਿਆ। ਪਰ ਜਿਵੇਂ ਪਹਿਲਾਂ ਦੱਸਿਆ ਗਿਆ ਹੈ, ਲਾਤੀਨੀ ਸ਼ਬਦ ਮੈਨਸਾ ਵਿਚ ਵੀ ਭੋਜਨ ਦੇ ਅਰਥ ਹਨ। ਅਸਲ ਵਿਚ ਅਜਿਹੇ ਭੋਜਨ ਕਰਨ ਵਾਲੀ ਜਗ੍ਹਾ ਤੋਂ ਭੋਜਨ ਦੇ ਅਰਥ ਸਹਿਜ ਵਿਕਾਸ ਹੈ। ਢਾਬਿਆਂ, ਰੈਸਤੋਰਾਂ ਵਿਚ ਜਾਣ ਦੇ ਸ਼ੌਕੀਨਾਂ ਨੂੰ ਪਤਾ ਹੈ ਕਿ ਥਾਲੀ ਸ਼ਬਦ ਦਾ ਇਕ ਅਰਥ ਥਾਲੀ ਵਿਚ ਪਰੋਸਿਆ ਭੋਜਨ ਵੀ ਹੈ ਤੇ ਬਾਲਟੀ ਦਾ ਅਰਥ ਬਾਲਟੀਨੁਮਾ ਭਾਂਡੇ ਵਿਚ ਪਰੋਸਿਆ ਭੋਜਨ।
ਇਹ ਸਤਰਾਂ ਲਿਖਦਿਆਂ ਮੈਂ ਅਮਰੀਕਾ ਵਿਚ ਰਾਸ਼ਟਰਪਤੀ ਵਜੋਂ ਰਿਪਬਲੀਕਨ ਨਮਾਇੰਦਗੀ ਦੀ ਉਮੀਦਵਾਰੀ ਲਈ ਪ੍ਰਚਾਰ ਕਰ ਰਹੇ ਡੋਨਾਲਡ ਟਰੰਪ ਦੀ ਇਕ ਖਬਰ ਸੁਣ ਰਿਹਾ ਹਾਂ। ਕੈਲੀਫੋਰਨੀਆ ਦੇ ਇਕ ਸ਼ਹਿਰ ‘ਕੋਸਟਾ ਮੇਜਾ’ ਵਿਚ ਉਸ ਦੀ ਮੁਹਿੰਮ ਦੌਰਾਨ ਉਸ ਦੇ ਖਿਲਾਫ ਮੈਕਸੀਕਨ ਝੰਡੇ ਫੜ੍ਹੀਂ ਕਈ ਲੋਕਾਂ ਨੇ ਜ਼ਬਰਦਸਤ ਰੋਸ ਪ੍ਰਗਟ ਕੀਤੇ। ਕੈਲੀਫੋਰਨੀਆ ਪਹਿਲਾਂ ਮੈਕਸੀਕੋ ਦਾ ਹੀ ਹਿੱਸਾ ਹੁੰਦਾ ਸੀ ਜਦ ਕਿ ਟਰੰਪ ਅਮਰੀਕਾ ਵਿਚ ਮੈਕਸੀਕਨਾਂ ਦੀ ‘ਨਾਜਾਇਜ਼ ਘੁਸਪੈਠ’ ਦੇ ਖਿਲਾਫ ਹੈ। ਮੇਰਾ ਸਰੋਕਾਰ ਇਸ ਗੱਲ ਨਾਲ ਹੈ ਕਿ ‘ਕੋਸਟਾ ਮੇਸਾ’ ਦਾ ਇਹ ਨਾਂ 1920 ਵਿਚ ਰੱਖਿਆ ਗਿਆ, ਪਹਿਲਾਂ ਇਸ ਦਾ ਨਾਂ ਹਾਰਪਰ ਹੁੰਦਾ ਸੀ। ਕਸਬੇ ਦਾ ਵਧੀਆ ਨਵਾਂ ਨਾਂ ਸੁਝਾਉਣ ਵਾਲੇ ਲਈ ਸਪੈਨਿਸ਼ ਬੋਲਦੇ ਸ਼ਹਿਰੀਆਂ ਨੇ 25 ਡਾਲਰ ਦਾ ਇਨਾਮ ਰੱਖਿਆ ਸੀ। ਇਕ ਅਧਿਆਪਕਾ ਨੇ ਇਹ ਨਾਂ ਸੁਝਾਅ ਕਿ ਇਨਾਮ ਜਿੱਤਿਆ। ਸਪੈਨਿਸ਼ ਭਾਸ਼ਾ ਦੇ ਇਸ ਨਵੇਂ ਨਾਂ ਦਾ ਅਰਥ ਹੈ ਛੋਅਸਟਅਲ ਠਅਬਲeਲਅਨਦ ‘ਤਟਵਰਤੀ ਪਠਾਰ’, ਕੋਸਟਾ=ਤਟ, ਮੇਸਾ=ਪਠਾਰ। ਇਹ ਸ਼ਹਿਰ ਲਾਸ ਏਂਜਲਸ ਅਤੇ ਸੈਨ ਡਿਆਗੋ ਦੇ ਵਿਚਕਾਰ ਸਮੁੰਦਰ ਦੇ ਤਟ ‘ਤੇ ਸਥਿਤ ਹੈ। ਪਾਠਕ ‘ਕੋਸਟਾ ਰੀਕਾ’ ਬਾਰੇ ਮੇਰਾ ਲੇਖ ਪੜ੍ਹ ਹੀ ਚੁਕੇ ਹੋਣਗੇ।