ਉਰਿਣਤ ਹੋਇ ਭਾਰੁ ਉਤਾਰੇ

ਡਾæ ਗੁਰਨਾਮ ਕੌਰ, ਕੈਨੇਡਾ
ਇਹ ਪੰਕਤੀ ਭਾਈ ਗੁਰਦਾਸ ਦੀਆਂ ਵਾਰਾਂ ਵਿਚੋਂ 37ਵੀਂ ਵਾਰ ਦੀ ਦਸਵੀਂ ਪਉੜੀ ਦੀ ਆਖਰੀ ਪੰਕਤੀ ਹੈ। ਇਸ ਪੰਕਤੀ ਵਿਚ ਉਹ ਆਪਣੇ ਵੱਲੋਂ ਸਿੱਟਾ ਕੱਢਦੇ ਹਨ ਕਿ ਕਿਸ ਤਰ੍ਹਾਂ ਉਹ ਮਾਂ ਹੋਣ ਦਾ ਕਰਜ਼ਾ ਉਤਾਰ ਕੇ ਭਾਰ-ਮੁਕਤ ਹੋ ਜਾਂਦੀ ਹੈ। ਭਾਈ ਗੁਰਦਾਸ ਦੱਸਦੇ ਹਨ ਕਿ ਮਾਤਾ-ਪਿਤਾ ਦੇ ਸੰਜੋਗ ਤੋਂ ਮਾਤਾ ਦੇ ਗਰਭਵਤੀ ਹੋ ਜਾਣ ਦੀ ਘੜੀ ਤੋਂ ਹੀ ਆਪਣੇ ਬੱਚੇ ਪ੍ਰਤੀ ਕਈ ਤਰ੍ਹਾਂ ਦੀਆਂ ਆਸਾਂ-ਉਮੀਦਾਂ ਮਨ ‘ਚ ਜਾਗ ਪੈਂਦੀਆਂ ਹਨ ਅਤੇ ਉਹ ਬੱਚੇ ਨੂੰ ਆਪਣੇ ਪੇਟ ‘ਚ ਪਾਲਦੀ ਹੈ। ਇਸ ਸਾਰੇ ਸਮੇਂ ਵਿਚ ਉਹ ਕਈ ਤਰ੍ਹਾਂ ਦਾ ਸੁਆਦਲਾ ਅਤੇ ਬੇਸੁਆਦੀ ਭੋਜਨ ਕਰਕੇ ਅਨੰਦ ਮਾਣਦੀ ਹੈ।

ਉਸ ਨੂੰ ਕਿਸੇ ਕਿਸਮ ਦੀ ਕੋਈ ਹਿਚਕਚਾਹਟ ਨਹੀਂ ਹੁੰਦੀ ਅਤੇ ਉਹ ਧਰਤੀ ‘ਤੇ ਬੋਚ ਬੋਚ ਕੇ ਪੈਰ ਧਰਦੀ ਹੈ। ਸਰੀਰਕ ਤਕਲੀਫ ਸਹਿ ਕੇ ਬੱਚੇ ਨੂੰ ਪੇਟ ਵਿਚ ਪਾਲਦੀ ਹੈ। ਬੱਚਾ ਪੈਦਾ ਕਰਕੇ ਮਾਂ ਆਪ ਕਈ ਕਿਸਮ ਦੇ ਕਸ਼ਟ ਸਹਿ ਕੇ ਵੀ ਉਸ ਦੇ ਖਾਣ-ਪੀਣ ਦਾ, ਪਾਲਣ-ਪੋਸਣ ਦਾ ਪੂਰਾ ਧਿਆਨ ਰੱਖਦੀ ਹੈ ਅਤੇ ਕਈ ਵਾਰ ਬੱਚੇ ਲਈ ਉਸ ਨੂੰ ਆਪਣੇ ਖਾਣ-ਪੀਣ ਦਾ ਸੰਜਮ ਵੀ ਕਰਨਾ ਪੈ ਸਕਦਾ ਹੈ। ਕਹਾਵਤ ਹੈ, ਮਾਂ ਆਪ ਭੁੱਖੀ ਰਹਿ ਕੇ ਵੀ ਬੱਚੇ ਨੂੰ ਰੱਜਵੀਂ ਰੋਟੀ ਦਿੰਦੀ ਹੈ। ਮਾਂ ਆਪਣੇ ਬੱਚੇ ਨੂੰ ਗੁੜ੍ਹਤੀ ਦੇ ਕੇ, ਅਰਥਾਤ ਉਸ ਨੂੰ ਪਹਿਲਾ ਰਸਮੀ ਭੋਜਨ ਕਰਵਾ ਕੇ, ਦੁੱਧ ਪਿਆਉਂਦੀ ਹੈ ਅਤੇ ਉਸ ਨੂੰ ਪਿਆਰ ਨਾਲ ਦੇਖਦੀ ਸਦਕੇ ਜਾਂਦੀ ਹੈ। ਮਾਂ ਨੂੰ ਬੱਚੇ ਦਾ ਹਰ ਤਰ੍ਹਾਂ ਨਾਲ ਫਿਕਰ ਹੁੰਦਾ ਹੈ, ਉਸ ਨੇ ਕੀ ਖਾਣਾ ਤੇ ਕੀ ਪਹਿਨਣਾ ਹੈ, ਉਸ ਦੀਆਂ ਸੋਚਾਂ, ਸਾਰਾ ਸਮਾਂ ਆਪਣੇ ਬੱਚੇ ਦੁਆਲੇ ਹੀ ਘੁੰਮਦੀਆਂ ਰਹਿੰਦੀਆਂ ਹਨ; ਉਸ ਦੇ ਖਾਣ-ਪੀਣ ਤੋਂ ਲੈ ਕੇ ਉਸ ਦੀ ਕੁੜਮਾਈ, ਸ਼ਗਨ ਅਤੇ ਉਸ ਦੀ ਵਿੱਦਿਆ ਤੇ ਮੁੰਡਨ ਸੰਸਕਾਰ (ਹਿੰਦੂ ਰਸਮ) ਆਦਿ ਤੱਕ। (ਪਹਿਲਾਂ ਵਿੱਦਿਆ ਦੇਣ ਦਾ ਪ੍ਰਬੰਧ ਧਰਮਸਾਲ ਆਦਿ ਵਿਚ ਪੰਡਿਤ ਕਰਦੇ ਸਨ ਜਾਂ ਮਦਰਸੇ ‘ਚ ਮੌਲਵੀ। ਭਾਈ ਗੁਰਦਾਸ ਇਸੇ ਦੇ ਹਵਾਲੇ ਨਾਲ ਗੱਲ ਕਰਦੇ ਹਨ) ਉਸ ਨੂੰ ਇਸ਼ਨਾਨ ਕਰਾ ਕੇ, ਤਿਆਰ ਕਰ ਕੇ ਉਤੋਂ ਸਿੱਕੇ ਅਰਥਾਤ ਪੈਸੇ ਵਾਰ ਕੇ ਸੌ ਸ਼ਗਨਾਂ ਨਾਲ ਮਾਂ ਉਸ ਨੂੰ ਪੜ੍ਹਨ ਲਈ ਪੰਡਿਤ ਕੋਲ ਭੇਜਦੀ ਹੈ। ਇਸ ਤਰ੍ਹਾਂ ਉਹ ਮਾਂ ਹੋਣ ਦਾ ਫਰਜ਼ ਨਿਭਾਉਂਦੀ ਹੈ:
ਮਾਤ ਪਿਤਾ ਮਿਲਿ ਨਿੰਮਿਆ
ਆਸਾਵੰਤੀ ਉਦਰੁ ਮਝਾਰੇ।
ਰਸ ਕਸ ਖਾਇ ਨਿਲਜ ਹੋਇ
ਛੁਹ ਛੁਹ ਧਰਣਿ ਧਰੈ ਪਗ ਧਾਰੇ।
ਪੇਟ ਵਿਚਿ ਦਸ ਮਾਹ ਰਖਿ
ਪੀੜਾ ਖਾਇ ਜਣੈ ਪੁਤੁ ਪਿਆਰੇ।
ਜਣ ਕੈ ਪਾਲੈ ਕਸਟ ਕਰਿ
ਖਾਨ ਪਾਨ ਵਿਚਿ ਸੰਜਮ ਸਾਰੇ।
ਗੁੜ੍ਹਤੀ ਦੇਇ ਪਿਆਲਿ ਦੁਧੁ
ਘੁਟੀ ਵਟੀ ਦੇਇ ਨਿਹਾਰੇ।
ਛਾਦਨੁ ਭੋਜਨੁ ਪੋਖਿਆ
ਭਦਣਿ ਮੰਗਣਿ ਪੜ੍ਹਨਿ ਚਿਤਾਰੇ।
ਪਾਂਧੇ ਪਾਸਿ ਪੜ੍ਹਾਇਆ
ਖਟਿ ਲੁਟਾਇ ਹੋਇ ਸੁਚਿਆਰੇ।
ਉਰਿਣਤ ਹੋਇ ਭਾਰਿ ਉਤਾਰੇ॥੧੦॥
ਭਾਈ ਸਾਹਿਬ ਅਗਲੀ ਪਉੜੀ ਵਿਚ ਦੱਸਦੇ ਹਨ ਕਿ ਮਾਂ-ਬਾਪ ਇਸ ਗੱਲ ‘ਤੇ ਅਨੰਦ-ਪ੍ਰਸੰਨ ਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਵੱਡਾ ਹੋ ਗਿਆ ਹੈ ਅਤੇ ਉਸ ਦੇ ਸ਼ਗਨ ਦੀ ਰਸਮ ਕਰ ਦਿੱਤੀ ਹੈ। ਇਸ ਰਸਮ ‘ਤੇ ਸਭ ਤੋਂ ਵੱਧ ਖੁਸ਼ੀ ਮਾਂ ਨੂੰ ਹੁੰਦੀ ਹੈ ਜੋ ਆਪਣੇ ਮਾਂ ਹੋਣ ਦੇ ਕਰਜ਼ ਨੂੰ ਪੂਰਾ ਹੋ ਗਿਆ ਸਮਝਦੀ ਹੈ ਅਤੇ ਉਹ ਖੁਸ਼ੀ ਨਾਲ ਵਿਆਹ ਦੇ ਗੀਤ, ਘੋੜੀਆਂ ਗਾਉਂਦੀ, ਕਈ ਤਰ੍ਹਾਂ ਦੇ ਸ਼ਗਨ ਮਨਾਉਂਦੀ ਹੈ। ਇਸ ਤਰ੍ਹਾਂ ਖੁਸ਼ੀ ਨਾਲ ਲਾੜਾ ਬਣੇ ਪੁੱਤਰ ਲਈ ਸ਼ਗਨਾਂ ਦੇ ਗੀਤ ਗਾਉਂਦਿਆਂ, ਰਸਮਾਂ ਕਰਦਿਆਂ ਉਹ ਫੁੱਲੀ ਨਹੀਂ ਸਮਾਉਂਦੀ ਕਿ ਉਸ ਦੇ ਪੁੱਤਰ ਦਾ ਵਿਆਹ ਹੋ ਗਿਆ ਹੈ। ਫਿਰ ਆਪਣੇ ਪੁੱਤਰ ਤੇ ਨੂੰਹ ਦੇ ਖੁਸ਼ੀ ਖੁਸ਼ੀ ਇਕੱਠੇ, ਮੇਲ-ਮਿਲਾਪ, ਪ੍ਰੇਮ ਨਾਲ ਰਹਿਣ ਲਈ ਸੌ ਤਰ੍ਹਾਂ ਦੀਆਂ ਸੁੱਖਾਂ ਸੁੱਖਦੀ, ਰੱਬ ਅੱਗੇ ਅਰਦਾਸਾਂ ਕਰਦੀ, ਭੇਟਾ ਦਿੰਦੀ, ਦਾਨ-ਪੁੰਨ ਕਰਦੀ ਹੈ।
ਭਾਈ ਸਾਹਿਬ ਅਨੁਸਾਰ ਏਨਾ ਕੁਝ ਪੁੱਤਰ ਅਤੇ ਵਹੁਟੀ ਲਈ ਕਰਨ ਦੇ ਬਾਅਦ ਨੂੰਹ ਦੀ ਵਾਰੀ ਆ ਜਾਂਦੀ ਹੈ, ਉਹ ਆਪਣੇ ਪਤੀ ਯਾਨਿ ਪੁੱਤਰ ਦੇ ਉਸ ਦੀ ਮਾਂ ਦੇ ਖਿਲਾਫ ਕੰਨ ਭਰਨੇ ਸ਼ੁਰੂ ਕਰ ਦਿੰਦੀ ਹੈ। ਰਵਾਇਤੀ ਨੋਕ-ਝੋਕ ਸ਼ੁਰੂ ਹੋ ਜਾਂਦੀ ਹੈ, ਉਸ ਨੂੰ ਇਸ ਗੱਲ ਲਈ ਚੁੱਕਦੀ ਰਹਿੰਦੀ ਹੈ ਕਿ ਉਹ ਆਪਣੇ ਮਾਂ-ਬਾਪ ਤੋਂ ਅਲੱਗ ਹੋ ਜਾਵੇ; ਨਤੀਜਾ ਇਹ ਨਿਕਲਦਾ ਕਿ ਮਾਂ ਉਦਾਸ ਤੇ ਪ੍ਰੇਸ਼ਾਨ ਹੋ ਜਾਂਦੀ ਹੈ। ਪੁੱਤਰ ਇਹ ਗੱਲ ਭੁੱਲ ਜਾਂਦਾ ਹੈ ਕਿ ਉਸ ਦੀ ਮਾਂ ਨੇ ਉਸ ਲਈ ਕੀ ਕੁਝ ਕੀਤਾ ਹੈ, ਉਸ ਦੇ ਲੱਖਾਂ ਉਪਕਾਰਾਂ ਨੂੰ ਭੁਲਾ ਕੇ ਮਾਂ-ਬਾਪ ਨਾਲ ਬੇ-ਵਫਾਈ ਕਰਦਾ ਹੈ ਅਤੇ ਉਨ੍ਹਾਂ ਨਾਲ ਮੂਰਖਾਂ ਵਾਂਗ ਵਰਤਾਓ ਕਰਦਾ ਹੈ।
ਆਖਰੀ ਪੰਕਤੀ ‘ਚ ਭਾਈ ਗੁਰਦਾਸ ਸਿੱਟਾ ਕੱਢਦੇ ਹਨ ਕਿ ਆਪਣੇ ਮਾਂ-ਬਾਪ ਲਈ ਕੋਈ ਕੋਈ ਹੀ ‘ਸਰਵਣ’ ਪੁੱਤਰ ਸਾਬਤ ਹੁੰਦਾ ਹੈ। ਹਿੰਦੂ ਮਿਥਿਹਾਸ ਅਨੁਸਾਰ ਸਰਵਣ ਆਪਣੇ ਅੰਨ੍ਹੇ ਮਾਂ-ਬਾਪ ਦੀ ਇਕਲੌਤੀ ਔਲਾਦ ਸੀ। ਇੱਕ ਵਾਰ ਅੰਨ੍ਹੇ ਮਾਂ-ਬਾਪ ਨੇ ਤੀਰਥਾਂ ਦੀ ਯਾਤਰਾ ਕਰਨ ਦੀ ਇੱਛਾ ਪਰਗਟ ਕੀਤੀ। ਉਦੋਂ ਰਾਜੇ-ਮਹਾਰਾਜੇ ਜਾਂ ਅਮੀਰ ਤਾਂ ਰੱਥ-ਗੱਡੀਆਂ, ਘੋੜੇ ਆਦਿ ਸਵਾਰੀ ਲਈ ਵਰਤ ਲੈਂਦੇ ਸੀ ਪਰ ਆਮ ਲੋਕਾਂ ਕੋਲ ਸਾਧਨ ਨਾ ਹੋਣ ਕਾਰਨ ਉਹ ਇਸ ਕਿਸਮ ਦੀਆਂ ਯਾਤਰਾਵਾਂ ਪੈਦਲ ਹੀ ਕਰਦੇ ਸਨ। ਇਸ ਲਈ ਮਾਂ-ਬਾਪ ਦੀ ਇੱਛਾ ਨੂੰ ਪੂਰੀ ਕਰਨ ਲਈ ਸਰਵਣ ਅੰਨ੍ਹੇ ਮਾਂ-ਬਾਪ ਨੂੰ ਬਹਿੰਗੀ ਵਿਚ ਬਿਠਾ ਕੇ ਤੀਰਥਾਂ ਦੀ ਯਾਤਰਾ ‘ਤੇ ਲੈ ਤੁਰਿਆ। ਮਾਂ-ਪਿਓ ਨੂੰ ਪਿਆਸ ਲੱਗਣ ‘ਤੇ ਦਰੱਖਤ ਦੀ ਛਾਂਵੇਂ ਬਹਿੰਗੀ ਰੱਖ ਕੇ ਨੇੜੇ ਨਦੀ ਤੋਂ ਪਾਣੀ ਭਰਨ ਚਲਾ ਗਿਆ। ਰਾਜਾ ਦਸਰਥ ਨੇ, ਇਹ ਸਮਝ ਕੇ ਕਿ ਕੋਈ ਜਾਨਵਰ ਪਾਣੀ ਪੀਣ ਆਇਆ ਹੈ, ਸ਼ਿਕਾਰ ਕਰਨ ਲਈ ਤੀਰ ਚਲਾ ਦਿੱਤਾ। ਜਦੋਂ ਮਨੁੱਖੀ ਚੀਕ ਸੁਣ ਕੇ ਦਸਰਥ ਕੋਲ ਪਹੁੰਚਿਆ ਤਾਂ ਮਰਦੇ-ਮਰਦੇ ਸਰਵਣ ਨੇ ਇਹੀ ਬੇਨਤੀ ਕੀਤੀ ਕਿ ਉਸ ਦੇ ਪਿਆਸੇ ਮਾਂ-ਬਾਪ ਨੂੰ ਪਾਣੀ ਪਿਲਾ ਦੇਵੇ:
ਮਾਤਾ ਪਿਤਾ ਅਨੰਦ ਵਿਚਿ
ਪੁਤੈ ਦੀ ਕੁੜਮਾਈ ਹੋਈ।
ਰਹਸੀ ਅੰਗ ਨ ਮਾਵਈ ਗਾਵੈ
ਸੋਹਿਲੜੇ ਸੁਖ ਸੋਈ।
ਵਿਗਸੀ ਪੁਤ ਵਿਆਹਿਐ
ਘੋੜੀ ਲਾਵਾਂ ਗਾਵ ਭਲੋਈ।
ਸੁਖਾਂ ਸੁਖੈ ਮਾਵੜੀ
ਪੁਤੁ ਨੂੰਹ ਦਾ ਮੇਲ ਅਲੋਈ।
ਨੁਹੁ ਨਿਤ ਕੰਤ ਕੁਮੰਤੁ ਦੇਹਿ
ਵਿਹਰੇ ਹੋਵਹੁ ਸਸੁ ਵਿਗੋਈ।
ਲਖ ਉਪਕਾਰੁ ਵਿਸਾਰਿ ਕੈ
ਪੁਤ ਕੁਪੁਤਿ ਚਕੀ ਉਟ ਝੋਈ।
ਹੋਵੈ ਸਰਵਣ ਵਿਰਲਾ ਕੋਈ॥੧੧॥
ਭਾਈ ਗੁਰਦਾਸ ਅੱਗੇ ਦੱਸਦੇ ਹਨ, ਇਸ ਤਰ੍ਹਾਂ ਮਾਂ-ਬਾਪ ਦੇ ਉਪਕਾਰ ਨੂੰ ਭੁਲਾ ਦੇਣਾ ਪਾਪ ਹੈ। ਭਾਈ ਗੁਰਦਾਸ ਰਵਾਇਤੀ ਮੁਹਾਵਰਾ ‘ਕਾਮਣਿ ਕਾਮਣਿਆਰੀਆ’ ਵਰਤਦੇ ਹਨ ਜਿਸ ਦਾ ਅਰਥ ਹੈ ਆਪਣੇ ਹੁਸਨ ਅਤੇ ਅਦਾਵਾਂ ਨਾਲ ਮੋਹ ਲੈਣ ਵਾਲੀ ਔਰਤ ਕਈ ਕਿਸਮ ਨਾਲ ਪਤੀ ਨੂੰ ਵੱਸ ਵਿਚ ਕਰ ਲੈਂਦੀ ਹੈ। ਇਥੇ ਭਾਈ ਗੁਰਦਾਸ ਵੀ ਇਹੀ ਕਹਿੰਦੇ ਹਨ ਕਿ ਟੂਣੇਹਾਰੀ ਇਸਤਰੀ ਨੇ ਪਿਆਰੇ ਕੰਤ ਨੂੰ ਟੂਣਾ ਕਰ ਦਿੱਤਾ ਹੈ। ਇਸ ਤੱਥ ਦਾ ਖੁਲਾਸਾ ਕਰਦੇ ਹਨ ਕਿ ਮਾਂ-ਬਾਪ ਨੇ ਉਸ ਲਈ ਕੀ ਕੁਝ ਕੀਤਾ ਹੈ, ਉਸ ਨੂੰ ਪਾਲਿਆ-ਪੋਸਿਆ ਅਤੇ ਉਸ ਦਾ ਵਿਆਹ ਕੀਤਾ ਅਤੇ ਪੁੱਤ ਉਨ੍ਹਾਂ ਦੇ ਕੀਤੇ ਸਾਰੇ ਪਰਉਪਕਾਰਾਂ ਨੂੰ ਭੁਲਾ ਦਿੰਦਾ ਹੈ। ਇਸੇ ਤਰ੍ਹਾਂ ਪੈਦਾ ਹੋਣ ‘ਤੇ ਬੰਦੇ ਨੇ ਰੱਬ ਨੂੰ ਵੀ ਭੁਲਾ ਦਿੱਤਾ ਹੈ, ਉਹ ਅਕਾਲ ਪੁਰਖ ਜੋ ਮਨੁੱਖ ਨੂੰ ਇਸ ਦੁਨੀਆਂ ‘ਤੇ ਭੇਜਦਾ ਹੈ, ਬੰਦਾ ਜੰਮਦਿਆਂ ਸਾਰ ਉਸ ਨੂੰ ਭੁੱਲ ਜਾਂਦਾ ਹੈ ਅਤੇ ਉਹ ਜਨਮ ਦੇਣ ਵਾਲੇ ਮਾਂ-ਬਾਪ ਨੂੰ ਵੀ ਭੁੱਲ ਜਾਂਦਾ ਹੈ। ਉਹ ਇਹ ਵੀ ਭੁੱਲ ਜਾਂਦਾ ਹੈ ਕਿ ਉਸ ਦੀ ਮਾਂ ਨੇ ਉਸ ਲਈ ਕਿੰਨੇ ਸ਼ਗਨ ਮਨਾਏ, ਕਿਵੇਂ ਬੁਰੀਆਂ ਬਲਾਵਾਂ ਨੂੰ ਦੂਰ ਰੱਖਣ ਲਈ ਸੌ ਯਤਨ ਕੀਤੇ ਅਤੇ ਸੌ ਸੌ ਸੁੱਖਾਂ ਸੁੱਖ ਕੇ ਉਸ ਦਾ ਵਿਆਹ ਕੀਤਾ, ਕਿਵੇਂ ਉਸ ਦਾ ਨੂੰਹ-ਪੁੱਤਰ ਦਾ ਮਿਲਾਪ, ਪ੍ਰੇਮ-ਪਿਆਰ ਦੇਖ ਕੇ ਮਾਂ-ਬਾਪ ਫੁੱਲੇ ਨਹੀਂ ਸਮਾਉਂਦੇ। ਵਹੁਟੀ ਉਸ ਨੂੰ ਹਰ ਰੋਜ਼ ਇਹ ਪੁੱਠੀ ਪੱਟੀ ਪੜ੍ਹਾਉਣ ਲੱਗ ਪੈਂਦੀ ਹੈ ਕਿ ਉਸ ਦੇ ਮਾਂ-ਬਾਪ ਉਸ ਨੂੰ ਤੰਗ ਕਰਦੇ ਹਨ, ਜ਼ਾਲਮ ਹਨ; ਇਸ ਲਈ ਉਨ੍ਹਾਂ ਨੂੰ ਛੱਡ ਦੇਵੇ। ਫਿਰ ਪੁੱਤਰ ਮਾਂ-ਬਾਪ ਦੇ ਸਾਰੇ ਉਪਕਾਰਾਂ ਨੂੰ ਭੁੱਲ ਕੇ ਉਨ੍ਹਾਂ ਨੂੰ ਛੱਡ ਦਿੰਦਾ ਹੈ ਅਤੇ ਆਪਣੀ ਪਤਨੀ ਨੂੰ ਲੈ ਕੇ ਵੱਖਰਾ ਹੋ ਜਾਂਦਾ ਹੈ। ਭਾਈ ਗੁਰਦਾਸ ਆਖਰੀ ਸਿੱਟਾ ਕੱਢਦੇ ਹਨ ਕਿ ਲੋਕਾਂ ਦਾ ਚਲਨ ਬਹੁਤ ਖੋਟੀ ਚਾਲ ਵਾਲਾ ਹੋ ਗਿਆ ਹੈ:
ਕਾਮਣਿ ਕਾਮਣਿਆਰੀਐ
ਕੀਤੋ ਕਾਮਣੁ ਕੰਤ ਪਿਆਰੇ।
ਜੰਮੇ ਸਾਈਂ ਵਿਸਾਰਿਆ
ਵੀਵਾਹਿਆ ਮਾਂ ਪਿਅ ਵਿਸਾਰੇ।
ਸੁਖਾਂ ਸੁਖਿ ਵਿਵਾਹਿਆ
ਸਉਣੁ ਸੰਜੋਗੁ ਵਿਚਾਰਿ ਵਿਚਾਰੇ।
ਪੁਤ ਨੂਹੈਂ ਦਾ ਮੇਲੁ ਵੇਖਿ
ਅੰਗ ਨਾ ਮਾਬਨਿ ਮਾਂ ਪਿਉ ਵਾਰੇ।
ਨੂੰਹ ਨਿਤ ਮੰਤ ਕੁਮੰਤ ਦੇਇ
ਮਾਂ ਪਿਉ ਛਡਿ ਵਡੇ ਹਤਿਆਰੇ।
ਵਖ ਹੋਵੈ ਪੁਤੁ ਰੰਨਿ ਲੈ
ਮਾਂ ਪਿਉ ਦੇ ਉਪਕਾਰੁ ਵਿਸਾਰੇ।
ਲੋਕਾਚਾਰਿ ਹੋਇ ਵਡੇ ਕੁਚਾਰੇ॥੧੨॥
ਭਾਈ ਗੁਰਦਾਸ ਨੇ ਅੱਗੇ ਬਿਆਨ ਕੀਤਾ ਹੈ ਕਿ ਮਾਂ-ਬਾਪ ਨੂੰ ਵਿਸਾਰ ਕੇ ਬੰਦਾ ਭਾਵੇਂ ਵੇਦਾਂ ਦਾ ਗਿਆਨ ਵੀ ਹਾਸਲ ਕਰ ਲਵੇ, ਉਨ੍ਹਾਂ ਦਾ ਸਾਰ, ਉਸ ਵਿੱਦਿਆ ਦਾ ਭੇਦ, ਉਸ ਨੂੰ ਸਮਝ ਨਹੀਂ ਲੱਗੇਗਾ। ਮਾਂ-ਬਾਪ ਨੂੰ ਭੁਲਾ ਕੇ ਜੇ ਬੰਦਾ ਤਪੱਸਿਆ/ਭਗਤੀ ਕਰੇ, ਉਸ ਦਾ ਵੀ ਕੋਈ ਲਾਭ ਨਹੀਂ ਹੈ। ਮਾਂ-ਬਾਪ ਦਾ ਤਿਆਗ ਕਰਕੇ ਜੇ ਉਹ ਦੇਵੀ-ਦੇਵਤਿਆ ਦੀ ਪੂਜਾ ਕਰੇ ਤਾਂ ਦੇਵੀ-ਦੇਵਤੇ ਵੀ ਉਸ ਸੇਵਾ ਨੂੰ ਕਬੂਲ ਨਹੀਂ ਕਰਦੇ। ਜੇ ਮਾਂ-ਬਾਪ ਦਾ ਤਿਆਗ ਕਰਕੇ ਬੰਦਾ ਅਠਾਹਠ ਤੀਰਥਾਂ ਦਾ ਇਸ਼ਨਾਨ ਕਰਨ ਜਾਂਦਾ ਹੈ ਤਾਂ ਉਹ ਤੀਰਥ-ਯਾਤਰਾ ਵੀ ਉਸ ਨੂੰ ਮੁਕਤੀ ਨਹੀਂ ਦੁਆਉਂਦੀ, ਉਹ ਜਨਮ-ਮਰਨ ਦੇ ਚੱਕਰ ਵਿਚ ਪਿਆ ਰਹੇਗਾ। ਮਾਂ-ਬਾਪ ਦਾ ਤਿਆਗ ਕਰਨ ਵਾਲਾ ਵਿਅਕਤੀ ਜੇ ਦਾਨ-ਪੁੰਨ ਦੇ ਕਾਰਜ ਵੀ ਕਰਦਾ ਹੈ ਤਾਂ ਉਹ ਬੇਈਮਾਨ ਅਤੇ ਅਗਿਆਨੀ ਪੁਰਸ਼ ਹੈ। ਮਾਂ-ਬਾਪ ਦਾ ਤਿਆਗੀ ਆਪਣਾ ਅਗਲਾ ਜੀਵਨ ਸਵਾਰਨ ਵਾਸਤੇ ਵਰਤ ਵਗੈਰਾ ਰੱਖਦਾ ਹੈ, ਉਹ ਵੀ ਉਸ ਨੂੰ ਮੁਕਤੀ ਨਹੀਂ ਦੁਆ ਸਕਦੇ, ਉਹ ਵਾਰ ਵਾਰ ਜਨਮ ਲੈਂਦਾ ਅਤੇ ਮਰਦਾ ਹੈ, ਭਰਮਾਂ ਵਿਚ ਪਿਆ ਰਹਿੰਦਾ ਹੈ। ਭਾਈ ਗੁਰਦਾਸ ਸਿੱਟਾ ਕੱਢਦੇ ਹਨ ਕਿ ਅਸਲ ਵਿਚ ਅਜਿਹੇ ਮਨੁੱਖ ਨੇ ਗੁਰੂ ਅਤੇ ਅਕਾਲ ਪੁਰਖ ਦੋਵਾਂ ਦੇ ਸਾਰ-ਤੱਤ ਨੂੰ ਨਹੀਂ ਸਮਝਿਆ; ਉਹ ਅਗਿਆਨੀ ਪੁਰਸ਼ ਹੈ:
ਮਾਂ ਪਿਉ ਪਰਹਰਿ ਸੁਣੈ
ਵੇਦੁ ਭੇਦੁ ਨ ਜਾਣੈ ਕਥਾ ਕਹਾਣੀ।
ਮਾਂ ਪਿਉ ਪਰਹਰਿ ਕਰੈ
ਤਪੁ ਵਣਖੰਡਿ ਭੁਲਾ ਫਿਰੈ ਬੇਬਾਣੀ।
ਮਾਂ ਪਿਉ ਪਰਹਰਿ ਕਰੈ
ਪੂਜੁ ਦੇਵੀ ਦੇਵ ਨ ਸੇਵ ਕਮਾਣੀ।
ਮਾਂ ਪਿਉ ਪਰਹਰਿ ਨ੍ਹਾਵਣਾ
ਅਠਸਠਿ ਤੀਰਥ ਘੁੰਮਣ ਵਾਣੀ।
ਮਾਂ ਪਿਉ ਪਰਹਰਿ ਕਰੈ
ਦਾਨ ਬੇਈਮਾਨ ਅਗਿਆਨ ਪਰਾਣੀ।
ਮਾਂ ਪਿਉ ਪਰਹਰਿ ਵਰਤ ਕਰਿ
ਮਰਿ ਮਰਿ ਜੰਮੈ ਭਰਮਿ ਭੁਲਾਣੀ।
ਗੁਰੁ ਪਰਮੇਸਰੁ ਸਾਰੁ ਨ ਜਾਣੀ॥੧੩॥
ਇੱਕ ਕਾਦਰ ਉਹ ਅਕਾਲ ਪੁਰਖ ਹੈ ਜਿਹੜਾ ਇਸ ਕੁਦਰਤਿ ਦੀ ਰਚਨਾ ਕਰਦਾ ਹੈ, ਇਸ ਨੂੰ ਸਾਜ ਕੇ ਆਪ ਇਸ ਵਿਚ ਵੱਸ ਗਿਆ ਹੈ। ਉਸ ਕਾਦਰ ਤੋਂ ਬਾਅਦ ਦੂਸਰੀ ਕਾਦਰ ਮਾਂ ਹੈ ਜੋ ਬੱਚੇ ਦੀ ਸਿਰਜਣਾ ਕਰਕੇ ਆਪਣੀ ਹਰ ਖਾਹਿਸ਼ ਨੂੰ ਬੱਚੇ ਰਾਹੀਂ ਦੇਖਦੀ ਹੈ। ਆਪਣੀ ਅਧੂਰੀਆਂ ਰਹਿ ਗਈਆਂ ਖਾਹਿਸ਼ਾਂ ਨੂੰ ਆਪਣੇ ਬੱਚੇ ਵਿਚ ਪਰਵਾਨ ਚੜ੍ਹਦੀਆਂ ਦੇਖਣਾ ਲੋਚਦੀ ਹੈ।
14ਵੀਂ ਪਉੜੀ ਵਿਚ ਭਾਈ ਗੁਰਦਾਸ ਉਸ ਸਿਰਜਣਹਾਰ ਕਾਦਰ ਦੀਆਂ ਦਿੱਤੀਆਂ ਨਿਹਮਤਾਂ ਦੀ ਗੱਲ ਕਰਦੇ ਹਨ ਕਿ ਉਸ ਕਾਦਰ ਨੇ ਆਪਣੀ ਕੁਦਰਤਿ ਸਾਜੀ ਅਤੇ ਆਪ ਉਹ ਇਸ ਕੁਦਰਤਿ ਵਿਚ ਬਿਰਾਜਮਾਨ ਹੈ, ਉਸ ਨੂੰ ਉਸ ਦੀ ਕੁਦਰਤਿ ਰਾਹੀਂ ਨਿਹਾਰਿਆ ਜਾ ਸਕਦਾ ਹੈ ਪਰ ਮਨੁੱਖ ਨੇ ਆਪਣੇ ਸਿਰਜਣਹਾਰ ਨੂੰ ਵਿਸਾਰ ਦਿੱਤਾ ਹੈ (ਵਰਤਮਾਨ ਯੁੱਗ ਵਿਚ ਤਾਂ ਮਨੁੱਖ ਜਿੰਨੀ ਕੁਦਰਤਿ ਨਾਲ ਛੇੜ-ਛਾੜ ਕਰ ਰਿਹਾ ਹੈ, ਉਪਰ ਦਿੱਤੇ ਪ੍ਰਸੰਗ ਨਾਲ ਜੋੜੀਏ ਤਾਂ ਉਹ ਆਪਣੇ ਸਿਰਜਣਹਾਰ ਨਾਲ ਬੇਵਫਾਈ ਕਰ ਰਿਹਾ ਹੈ)। ਉਸ ਅਕਾਲ ਪੁਰਖ ਨੇ ਮਨੁੱਖ ਨੂੰ ਸਰੀਰ ਦੇ ਕੇ ਫਿਰ ਉਸ ਵਿਚ ਆਤਮਾ ਰੱਖ ਕੇ ਉਸ ਨੂੰ ਸਾਜਿਆ ਹੈ (ਸਾਜਣ ਤੇ ਬਣਾਉਣ ਵਿਚ ਬਹੁਤ ਫਰਕ ਹੈ, ਸਾਜਣਾ ਦਾ ਅਰਥ ਚੰਗੀ ਤਰ੍ਹਾਂ ਸਵਾਰਨਾ ਹੈ), ਹਰ ਇੱਕ ਨੂੰ ਸਰੀਰ ਅਤੇ ਪ੍ਰਾਣ ਬਖਸ਼ਿਸ਼ ਕੀਤੇ ਹਨ। ਮਨੁੱਖ ਨੂੰ ਅੱਖਾਂ, ਮੂੰਹ, ਨੱਕ, ਕੰਨ ਹੱਥਾਂ ਅਤੇ ਪੈਰਾਂ ਦੀ ਦਾਤ ਦਿੱਤੀ ਹੈ। ਅੱਖਾਂ ਨਾਲ ਉਹ ਦੁਨੀਆਂ ਦੇ ਰੂਪ-ਰੰਗ, ਤਮਾਸ਼ਿਆਂ ਨੂੰ ਨਿਹਾਰਦਾ ਹੈ, ਮੂੰਹ ਨਾਲ ਬੋਲਦਾ ਅਤੇ ਕੰਨਾਂ ਨਾਲ ਸ਼ਬਦ ਸੁਣਦਾ ਅਤੇ ਫਿਰ ਸੁਰਤਿ ਵਿਚ ਵਸਾਉਂਦਾ ਹੈ। ਨੱਕ ਦੁਨੀਆਂ ਦੀਆਂ ਖੁਸ਼ਬੋਆਂ ਨੂੰ ਸੁੰਘਣ ਲਈ, ਹੱਥ ਕਿਰਤ ਕਰਨ ਲਈ ਅਤੇ ਪੈਰ ਚੱਲਣ ਲਈ ਦਿੱਤੇ ਹਨ ਜਿਸ ਨਾਲ ਮਨੁੱਖ ਹਰਕਤ ਵਿਚ ਆਉਂਦਾ ਹੈ। ਮਨੁੱਖ ਆਪਣੇ ਦੰਦਾਂ, ਵਾਲਾਂ, ਸਰੀਰ ਦੇ ਰੋਮ ਰੋਮ ਨੂੰ ਸੁਆਰ ਕੇ ਸੰਭਾਲ ਕੇ ਰੱਖਦਾ ਹੈ। ਦੱਸਿਆ ਗਿਆ ਹੈ ਕਿ ਹੇ ਜੀਵ! ਇਸ ਤਰ੍ਹਾਂ ਤੂੰ ਸੁਆਦਾਂ ਤੇ ਲਾਲਚ ਦੇ ਵੱਸ ਹੋਇਆ ਦੁਨਿਆਵੀ ਮਾਲਕਾਂ ਨੂੰ ਤਾਂ ਯਾਦ ਰੱਖਦਾ ਹੈਂ, ਉਸ ਵਹਿਗੁਰੂ ਨੂੰ ਇਸ ਤੋਂ ਸੌਵਾਂ ਹਿੱਸਾ ਹੀ ਯਾਦ ਕਰ ਲੈ ਜਿਸ ਨੇ ਤੈਨੂੰ ਏਨੀਆਂ ਦਾਤਾਂ ਦੇ ਕੇ ਨਿਵਾਜਿਆ ਹੈ। ਭਾਈ ਸਾਹਿਬ ਨਸੀਹਤ ਕਰਦੇ ਹਨ ਕਿ ਜਿਵੇਂ ਆਟੇ ‘ਚ ਲੂਣ ਪਾ ਉਸ ਨੂੰ ਮਿੱਸਾ ਕਰਕੇ ਸੁਆਦਲਾ ਬਣਾ ਲਈਦਾ ਹੈ; ਇਸ ਤਰ੍ਹਾਂ ਤੂੰ ਆਪਣੀ ਜ਼ਿੰਦਗੀ ਵਿਚ ਆਟੇ ਵਿਚ ਲੂਣ ਜਿੰਨਾ ਕੁ ਸਿਮਰਨ ਪਾ ਕੇ ਹੀ ਇਸ ਨੂੰ ਸੁਆਦਲੀ ਬਣਾ ਲੈ:
ਕਾਦਰੁ ਮਨਹੁਂ ਵਿਸਾਰਿਆ
ਕੁਦਰਤਿ ਅੰਦਰਿ ਕਾਦਰੁ ਦਿਸੈ।
ਜੀਉ ਪਿੰਡ ਦੇ ਸਾਜਿਆ
ਸਾਸ ਮਾਸ ਦੇ ਜਿਸੈ ਕਿਸੈ।
ਅਖੀ ਮੁਹੁਂ ਨਕੁ ਕੰਨੁ ਦੇਇ
ਹਥੁ ਪੈਰੁ ਸਭਿ ਦਾਤ ਸੁ ਤਿਸੈ।
ਨਕਿ ਵਾਸੁ ਹਥੀਂ ਕਿਰਤਿ
ਪੈਰੀ ਚਲਣ ਪਲ ਪਲ ਖਿਸੈ।
ਵਾਲ ਦੰਦ ਨਹੁਂ ਰੋਮ ਰੋਮ
ਸਾਸਿ ਗਿਰਾਸਿ ਸਮਾਲਿ ਸਲਿਸੈ।
ਸਾਦੀ ਲਬੈ ਸਾਹਿਬੋ
ਤਿਸ ਤੂੰ ਸੰਮਲ ਸੈਵੈਂ ਹਿਸੈ।
ਲੂਣੁ ਪਾਇ ਕਰਿ ਆਟੈ ਮਿਸੈ॥੧੪॥
ਮਾਂ ਦੀਆਂ ਕੀਤੀਆਂ ਨੂੰ ਯਾਦ ਕਰੀਏ ਤਾਂ ਰੱਬ ਤੋਂ ਬਾਅਦ ਪੂਜਣਯੋਗ ਹਸਤੀ ਮਾਂ ਦੀ ਹੈ। ਮੇਰੀ ਮਾਂ ਸਾਡੇ ਸੁੱਤੇ ਉਠਣ ਤੋਂ ਪਹਿਲਾਂ ਨਲਕੇ ਤੋਂ ਪਾਣੀ ਦੀਆਂ ਬਾਲਟੀਆਂ ਭਰ ਕੇ ਰੱਖ ਦਿੰਦੀ ਸੀ ਤਾਂ ਕਿ ਅਸੀਂ ਸਕੂਲ ਲਈ ਲੇਟ ਨਾ ਹੋ ਜਾਈਏ। ਘਰ ਦੇ ਵੱਧ ਤੋਂ ਵੱਧ ਕੰਮ ਆਪ ਕਰਦੀ ਤਾਂ ਕਿ ਸਾਡੀ ਪੜ੍ਹਾਈ ਵਿਚ ਕੋਈ ਖਲਲ ਨਾ ਪਵੇ। ਛੁੱਟੀਆਂ ਵਿਚ ਸੁੱਤੀਆਂ ਪਈਆਂ ਨੂੰ ਜਗਾਉਂਦੀ ਨਾ ਤੇ ਸਾਡੀ ਤਾਈ ਦੇ ਪੁੱਛਣ ‘ਤੇ ਇਹੋ ਕਹਿੰਦੀ, “ਧੀਆਂ ਸਿਰਫ ਪੇਕੇ ਮਾਂਵਾਂ ਦੇ ਸਿਰ ‘ਤੇ ਸੌਂਦੀਆਂ ਹਨ। ਸਹੁਰੇ ਘਰ ਵਿਚ ਕਿਸ ਨੇ ਸੌਣ ਦੇਣਾ ਹੈ?” ਹਰ ਦੁੱਖ-ਸੁੱਖ ਵਿਚ ਮਾਂ ਨਾਲ ਖੜ੍ਹੀ ਨਜ਼ਰ ਆਉਂਦੀ ਸੀ। ਸਦਾ ਇੱਕੋ ਅਰਦਾਸ ਕਰਦੀ ਸੀ ਕਿ ਉਸ ਦੇ ਜਿਉਂਦੇ ਜੀਅ ਉਸ ਦੇ ਬੱਚਿਆਂ ਨੂੰ ਕੁਝ ਨਹੀਂ ਹੋਣਾ ਚਾਹੀਦਾ। ਮੈਂ ਆਪ ਵੀ ਹਮੇਸ਼ਾ ਆਪਣੀ ਮਾਂ ਵਰਗੀ ਮਾਂ ਬਣਨ ਦੀ ਕੋਸ਼ਿਸ਼ ਕੀਤੀ ਹੈ ਪਰ ਰੱਬ ਨੇ ਮਾਂ ਵਾਂਗ ਮੇਰੀ ਅਰਦਾਸ ਸ਼ਾਇਦ ਨਹੀਂ ਸੁਣੀ। ਇਸੇ ਲਈ ਬਾਰਾਂ ਸਾਲ ਦੀ ਉਮਰ ਵਿਚ ਧੀ ਤੁਰ ਗਈ ਜਿਸ ਰਾਹੀਂ ਮੈਂ ਆਪਣੀਆਂ ਅਧੂਰੀਆਂ ਰਹਿ ਗਈਆਂ ਰੀਝਾਂ ਪੂਰੀਆਂ ਕਰਨੀਆਂ ਲੋਚਦੀ ਸੀ ਅਤੇ 34 ਸਾਲ ਦੀ ਉਮਰ ਵਿਚ ਵੱਡਾ ਪੁੱਤਰ ਤੁਰ ਗਿਆ ਜਿਸ ਨੂੰ ਮੈਂ ਕਹਿੰਦੀ ਹੁੰਦੀ ਸੀ, “ਮਨਵੀਰ ਜਿਵੇਂ ਕਹਾਣੀਆਂ ਵਿਚ ਦਿਉ ਦੀ ਜਾਨ ਤੋਤੇ ਵਿਚ ਦੱਸਦੇ ਹੁੰਦੇ ਸੀ, ਮੇਰੀ ਜਾਨ ਤੇਰੇ ਵਿਚ ਵਸਦੀ ਹੈ।” ਤੇ ਮਨਵੀਰ ਦੇ ਤੁਰ ਜਾਣ ‘ਤੇ ਵੀ ਮੈਂ ਤੁਰੀ ਫਿਰਦੀ ਹਾਂ। ਬੱਚਿਆਂ ਦੇ ਸੁਖ ਤੋਂ ਵੱਡਾ ਮਾਂ ਲਈ ਸੁੱਖ ਵੀ ਕੋਈ ਨਹੀਂ ਹੈ ਅਤੇ ਬੱਚਿਆਂ ਦੇ ਦੁੱਖ ਤੋਂ ਵੱਡਾ ਕਿਸੇ ਬਦਕਿਸਮਤ ਮਾਂ ਲਈ ਦੁੱਖ ਵੀ ਕੋਈ ਨਹੀਂ ਹੈ।