ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਸੰਪੂਰਨ ਸਿੰਘ ਪਾਠੀ ਨੂੰ ਸਾਰਾ ਪਿੰਡ ‘ਬਾਈ ਜੀ’ ਕਹਿ ਕੇ ਬੁਲਾਉਂਦਾ ਸੀ। ਉਸ ਨੇ ਦਮਦਮੀ ਟਕਸਾਲ ਤੋਂ ਵਿਦਿਆ ਪ੍ਰਾਪਤ ਕੀਤੀ ਸੀ। ਵੱਡੇ ਮਹਾਂ ਪੁਰਸ਼ਾਂ ਤੋਂ ਗੁਰਬਾਣੀ ਦੀ ਸੰਥਿਆ ਲਈ ਸੀ। ਉਹਦੇ ਵਰਗਾ ਪਾਠੀ ਇਲਾਕੇ ਵਿਚ ਨਹੀਂ ਸੀ। ਵਧੀਆ ਪਾਠੀ ਹੋਣ ਦੇ ਨਾਲ-ਨਾਲ ਉਸ ਵਿਚ ਸਮਾਜ ਸੁਧਾਰਕ ਦੇ ਬਹੁਤ ਗੁਣ ਸਨ। ਜੇ ਉਹਦੇ ਵਰਗਾ ਪਾਠੀ ਹਰ ਪਿੰਡ ਹੁੰਦਾ ਤਾਂ ਬਹੁਤੀਆਂ ਕੁਰੀਤੀਆਂ ਦਾ ਬੋਲਬਾਲਾ ਨਾ ਹੁੰਦਾ।
ਬਾਈ ਜੀ ਤਿੰਨ ਭਰਾਵਾਂ ਤੇ ਦੋ ਭੈਣਾਂ ਤੋਂ ਛੋਟਾ ਸੀ। ਨਿੱਕੇ ਹੁੰਦਿਆਂ ਹੀ ਗੁਰੂਘਰ ਸੇਵਾ ਕਰਨੀ,
ਪਿੰਡ ਦੇ ਹਰ ਸਾਂਝੇ ਕੰਮ ਵਿਚ ਹੱਥ ਵੰਡਾਉਣਾ ਉਸ ਦਾ ਸੁਭਾਅ ਸੀ। ਟਕਸਾਲ ਦੇ ਜਥੇ ਦੀ ਸੇਵਾ ਹੀ ਉਸ ਨੂੰ ਗੁਰਬਾਣੀ ਵੱਲ ਲੈ ਗਈ। ਜਦੋਂ ਉਹਨੇ ਗੁਰਬਾਣੀ ਦੀ ਸੰਥਿਆ ਪੂਰੀ ਕੀਤੀ ਤਾਂ ਆਪ ਅੰਮ੍ਰਿਤ ਛਕਿਆ ਤੇ ਸਾਰੇ ਭੈਣ ਭਰਾਵਾਂ ਨੂੰ ਵੀ ਛਕਾ ਲਿਆਂਦਾ। ਉਹਦੇ ਮਾਤਾ ਪਿਤਾ ਪਹਿਲਾਂ ਹੀ ਅੰਮ੍ਰਿਤਧਾਰੀ ਸਨ। ਬਾਈ ਜੀ ਦੇ ਜਵਾਨੀ ਵਾਲੇ ਦਿਨਾਂ ਵਿਚ ਲੋਕ ਅੱਜ ਵਾਂਗ ਅਖੰਡਪਾਠ ਜਾਂ ਸਹਿਜ ਪਾਠ ਨਹੀਂ ਸੀ ਕਰਵਾਉਂਦੇ। ਸਰਦੇ ਵਾਲਾ ਹੀ ਖੁਸ਼ੀ ਨੂੰ ਮੁੱਖ ਰੱਖ ਕੇ ਪਾਠ ਕਰਵਾਉਂਦਾ ਸੀ ਜਾਂ ਕਿਸੇ ਦੇ ਮਰਗ ਹੋ ਜਾਂਦੀ ਤਾਂ ਸਹਿਜ ਪਾਠ ਕਰਵਾਇਆ ਜਾਂਦਾ ਸੀ।
ਬਾਈ ਜੀ ਦੇ ਅੜਬ ਸੁਭਾਅ ਤੋਂ ਹਰ ਬੰਦਾ ਜਾਣੂ ਸੀ, ਫਿਰ ਵੀ ਲੋਕਾਂ ਦੀ ਸਹਿਮਤੀ ਨਾਲ ਬਾਈ ਜੀ ਨੂੰ ਗੁਰਦੁਆਰੇ ਦੇ ਗ੍ਰੰਥੀ ਦੀ ਸੇਵਾ ਸੰਭਾਲ ਦਿੱਤੀ ਗਈ। ਉਨ੍ਹਾਂ ਦਿਨਾਂ ਵਿਚ ਗੁਰਦੁਆਰੇ ਦੀ ਆਮਦਨ, ਲੋਕਾਂ ਵੱਲੋਂ ਆਪਣੀ ਹੱਡ-ਭੰਨਵੀਂ ਕਮਾਈ ਵਿਚੋਂ ਪੰਜੀ ਦਸੀ, ਜਾਂ ਹਾੜ੍ਹੀ ਸਾਉਣੀ ਕਣਕ ਪੱਕੀ ਤੋਂ ਹੁੰਦੀ ਸੀ। ਗੁਰਦੁਆਰੇ ਵਿਚ ਸੰਗਰਾਂਦ, ਪੁੰਨਿਆ ਤੇ ਮੱਸਿਆ ਦੇ ਦਿਨ ਮਨਾਏ ਜਾਂਦੇ; ਗੁਰੂਆਂ ਦੇ ਆਗਮਨ ਅਤੇ ਸ਼ਹੀਦੀ ਦਿਹਾੜੇ ਮਨਾਏ ਜਾਂਦੇ। ਇਨ੍ਹਾਂ ਦਿਹਾੜਿਆਂ ਦੀਆਂ ਤਰੀਕਾਂ ਲੋਕਾਂ ਦੇ ਦਿਲਾਂ ਵਿਚ ਲਿਖੀਆਂ ਹੋਈਆਂ ਸਨ। ਗੁਰਦੁਆਰੇ ਦੀ ਗੋਲਕ ਮਿੱਟੀ ਦੇ ਘੜੇ ਵਰਗੀ ਸੀ। ਬੰਦੇ ਸ਼ਰਧਾ ਮੁਤਾਬਕ ਪੈਸੇ ਦਾ ਮੱਥਾ ਟੇਕ ਦਿੰਦੇ ਤੇ ਬੀਬੀਆਂ ਆਟਾ, ਕਣਕ, ਮੱਕੀ ਆਦਿ ਲਿਆਉਂਦੀਆਂ ਜੋ ਬੂਹੇ ਅੱਗੇ ਰੱਖੀ ਬੋਰੀ ਵਿਚ ਪਾ ਦਿੰਦੀਆਂ। ਆਟਾ ਡਰੰਮੀ ਵਿਚ ਪਾਇਆ ਜਾਂਦਾ ਸੀ। ਸੰਗਰਾਂਦ ਵਾਲੇ ਦਿਨ ਲੋਕ ਤੜਕੇ ਹੀ ਗੁਰਦੁਆਰੇ ਵੱਲ ਚਾਲੇ ਪਾ ਦਿੰਦੇ। ਕਿਸੇ ਕੋਲ ਘੜੀ ਨਹੀਂ ਸੀ ਹੁੰਦੀ, ਨਾ ਕੋਈ ਟਾਈਮ ਪੁੱਛਦਾ ਸੀ ਤੇ ਨਾ ਹੀ ਲੋਕਾਂ ਨੂੰ ਕਾਹਲ ਹੁੰਦੀ ਸੀ। ਸਭ ਤੋਂ ਪਹਿਲਾਂ ਸਹਿਜ ਪਾਠ ਦਾ ਭੋਗ ਪੈਂਦਾ, ਫਿਰ ਬਾਰਾਂਮਾਹ ਦਾ ਪਾਠ ਕੀਤਾ ਜਾਂਦਾ। ਜਿਸ ਮਹੀਨੇ ਦੀ ਸੰਗਰਾਂਦ ਹੁੰਦੀ, ਉਸ ਮਹੀਨੇ ਦੀ ਕਥਾ ਬਾਰਾਂਮਾਹਾ ਵਿਚੋਂ ਕੀਤੀ ਜਾਂਦੀ। ਅਨੰਦ ਸਾਹਿਬ ਦੀ ਬਾਣੀ ਤੇ ਸਲੋਕ ਉਪਰੰਤ ਅਰਦਾਸ ਹੁੰਦੀ। ਬਾਈ ਜੀ ਦੀ ਅਰਦਾਸ ਸੁਣ ਕੇ ਦਿਲਾਂ ਵਿਚ ਹੰਝੂ ਕਿਰਨ ਲੱਗ ਜਾਂਦੇ। ਬੀਬੀਆਂ ਦਾ ਧਿਆਨ ਇਨਾ ਜੁੜ ਜਾਂਦਾ ਕਿ ਮੰਨੂੰ ਵਾਲਾ ਸਾਕਾ ਜਿਵੇਂ ਉਹ ਆਪਣੇ ਪਿੰਡੇ ‘ਤੇ ਹੰਢਾ ਰਹੀਆਂ ਹੋਣ। ਹੁਕਮਨਾਮੇ ਤੋਂ ਬਾਅਦ ਸੰਗਤ ਲਈ ਮੂੰਗੀ ਦੀ ਦਾਲ ਨਾਲ ਸੁੱਕਾ ਪ੍ਰਸ਼ਾਦਾ ਵਰਤਾਇਆ ਜਾਂਦਾ। ਸੰਗਰਾਂਦ ਦੇ ਦਿਹਾੜੇ ‘ਤੇ ਇਕੱਤਰ ਹੋਈ ਮਾਇਆ ਤੇ ਦਾਣੇ ਵੇਚ ਕੇ ਕਿਸੇ ਗਰੀਬ ਦੀ ਬਿਮਾਰੀ ਜਾਂ ਲੋੜਵੰਦ ਦੀ ਧੀ ਦੇ ਵਿਆਹ ਲਈ ਰੱਖ ਦਿੱਤੀ ਜਾਂਦੀ। ਬਾਈ ਜੀ ਸੇਵਾ ਸੰਭਾਲ ਦਾ ਇਕ ਵੀ ਪੈਸਾ ਨਹੀਂ ਸੀ ਲੈਂਦੇ।
ਜੇ ਕੋਈ ਸਰਦਾ-ਪੁੱਜਦਾ ਬਾਈ ਨੂੰ ਆਖਦਾ ਕਿ ਘਰ ਅਖੰਡਪਾਠ ਜਾਂ ਸਹਿਜ ਪਾਠ ਕਰਵਾਉਣਾ ਹੈ ਤਾਂ ਬਾਈ ਜੀ ਉਸ ਘਰ ਦੇ ਸਾਰੇ ਹਾਲਾਤ ਜਾਣਨ ਤੋਂ ਬਾਅਦ ਸਲਾਹ ਦਿੰਦਾ, ‘ਭਾਈ! ਮਾਂ-ਪਿਉ ਦੀ ਸੇਵਾ ਕਰ, ਉਨ੍ਹਾਂ ਨੂੰ ਗੁਰੂ ਘਰ ਲਿਆ ਕੇ ਮੱਥਾ ਟਿਕਾ ਲਿਜਾਇਆ ਕਰ ਤੇ ਅਖੰਡ ਪਾਠ ਵਾਲੀ ਮਾਇਆ ਕਿਸੇ ਗਰੀਬ ਦੀ ਕੰਧ ਜਾਂ ਛੱਤ ਉਤੇ ਲਾ ਦੇ, ਜਾਂ ਕਿਸੇ ਗਰੀਬ ਦੇ ਕਣਕ ਦੀ ਬੋਰੀ ਸੁੱਟ ਆ। ਕਿਸੇ ਗਰੀਬ ਨੂੰ ਚਾਰ ਭਰੀਆਂ ਪੱਠਿਆਂ ਦੀਆਂ ਵਢਾ ਦੇ, ਤੇਰਾ ਅਖੰਡ ਪਾਠ ਹੋ ਗਿਆ ਸਮਝੀਂ।’ ਜੇ ਅਗਲਾ ਬਹੁਤੀ ਜ਼ਿਦ ਕਰੇ ਕਿ ਸੁੱਖਣਾ ਸੁੱਖੀ ਸੀ, ਪੋਤਾ ਹੋਵੇ ਤਾਂ ਅਖੰਡਪਾਠ ਕਰਵਾਵਾਂਗੇ ਤਾਂ ਬਾਈ ਜੀ ਆਖ ਦਿੰਦੇ, ‘ਚਲੋ ਭਾਈ! ਅਖੰਡਪਾਠ ਅਸੀਂ ਕਰਾਂਗੇ, ਪਰ ਤੁਹਾਨੂੰ ਵੀ ਸਾਰੇ ਪਰਿਵਾਰ ਨੂੰ ਅੰਮ੍ਰਿਤ ਛਕ ਕੇ ਆਉਣਾ ਪਊ, ਫਿਰ ਹੀ ਗੁਰੂਆਂ ਦੇ ਚਰਨ ਤੁਹਾਡੇ ਘਰ ਵਿਚ ਪੈਣਗੇ।’ ਅਗਲਾ ਬੰਦਾ ‘ਹਾਂ’ ਦਾ ਜੈਕਾਰਾ ਛੱਡ ਦਿੰਦਾ। ਬੜੇ ਸਾਦੇ ਢੰਗ ਨਾਲ ਅਖੰਡਪਾਠ ਅਰੰਭ ਹੁੰਦਾ। ਪੰਜ ਪਾਠੀ ਤੇ ਪੰਜ ਜਪੁਜੀ ਸਾਹਿਬ ਪੜ੍ਹਨ ਵਾਲੇ ਹਾਜ਼ਰ ਹੁੰਦੇ। ਸਾਰੇ ਪਾਠੀ ਅੰਮ੍ਰਿਤਧਾਰੀ ਤੇ ਪੂਰੀ ਮਰਿਆਦਾ ਵਾਲੇ ਹੁੰਦੇ। ਅੱਜ ਵਾਂਗ ਅਖੰਡਪਾਠ ਅਮੀਰੀ ਦਾ ਸਟੇਟਸ ਬਣਾਉਣ ਲਈ ਨਹੀਂ ਸੀ ਕਰਵਾਇਆ ਜਾਂਦਾ, ਸਗੋਂ ਸਵਾਦੀ ਖਾਣਿਆਂ ਤੋਂ ਰਹਿਤ ਪਾਠ ਸੁਣਨ ਦਾ ਜ਼ਿਆਦਾ ਲਾਹਾ ਖੱਟਿਆ ਜਾਂਦਾ। ਬਾਈ ਜੀ ਅਰੰਭ ਵਾਲੇ ਦਿਨ ਤੋਂ ਚੁੱਲ੍ਹੇ ਬੀਬੀਆਂ ਨੂੰ ਆਖ ਦਿੰਦੇ, ‘ਇਕ ਵਾਰ ਪ੍ਰਸ਼ਾਦਾ ਛਕਾ ਦੇਵੋ, ਬਾਕੀ ਸਮਾਂ ਗੁਰਬਾਣੀ ਸੁਣੋ।’ ਅੱਜ ਕੱਲ੍ਹ ਇਕੱਲੇ ਪਾਠੀ ਹੀ ਪਾਠ ਪੜ੍ਹੀ ਜਾਂਦੇ ਹਨ, ਬਾਕੀ ਸਾਰਾ ਪਰਿਵਾਰ ਸ਼ਰੀਕੇ-ਭਾਈਚਾਰੇ ਨਾਲ ਰਸੋਈ ਵਿਚ ਪਕਵਾਨ ਤਿਆਰ ਕਰਨ ਵਿਚ ਰੁੱਝਿਆ ਰਹਿੰਦਾ ਹੈ। ਬੀਬੀਆਂ ਦੀਆਂ ਸਲਾਹਾਂ ਨਹੀਂ ਮੁੱਕਦੀਆਂ। ਭੋਗ ਵਾਲੇ ਦਿਨ ਲੋਕਾਂ ਅੱਗੇ ਹੱਥ ਜੋੜੇ ਜਾਂਦੇ ਹਨ ਕਿ ਲੰਗਰ ਛਕ ਕੇ ਜਾਇਓ, ਪਰ ਜੇ ਕੋਈ ਗਰੀਬ-ਗੁਰਬਾ ਬੂਹੇ ਅੱਗੇ ਲੰਗਰ ਦੀ ਮੰਗ ਕਰੇ, ਤਾਂ ਉਸ ਮਗਰ ਸੋਟੀ ਲੈ ਕੇ ਭੱਜਦੇ ਹਨ। ਬਹੁਤੇ ਘਰੀਂ ਤਾਂ ਭੋਗ ਤੋਂ ਤੁਰਤ ਬਾਅਦ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਜਲਦੀ-ਜਲਦੀ ਗੁਰਦੁਆਰੇ ਸੁੱਖ ਆਸਨ ਕਰਵਾਇਆ ਜਾਂਦਾ ਹੈ, ਕਿਉਂਕਿ ਘਰ ਵਾਲਿਆਂ ਨੇ ਪੋਤਰੇ ਦੀ ਖੁਸ਼ੀ ਵਿਚ ਬੋਤਲਾਂ ਦੇ ਡੱਟ ਪੁੱਟਣੇ ਹੁੰਦੇ ਹਨ।
ਬਾਈ ਜੀ ਦੇ ਸਮੇਂ ਇਸ ਤਰ੍ਹਾਂ ਨਹੀਂ ਸੀ ਹੁੰਦਾ। ਮੂੰਗੀ ਦੀ ਦਾਲ ਨਾਲ ਪ੍ਰਸ਼ਾਦੇ ਖੁਆਏ ਜਾਂਦੇ। ਮੱਧ ਵਾਲੇ ਦਿਨ ਸੂਜੀ ਦਾ ਪ੍ਰਸ਼ਾਦ ਵੰਡਿਆ ਜਾਂਦਾ। ਭੋਗ ਵਾਲੇ ਦਿਨ ਵੱਡਾ ਕੜਾਹਾ ਮਿੱਠੇ ਚੌਲਾਂ ਦਾ ਬਣਦਾ। ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਘਰੇ ਬੁਲਾ ਕੇ ਮਿੱਠੇ ਚੌਲ ਖਵਾਏ ਜਾਂਦੇ। ਬੜੇ ਸਾਦੇ ਢੰਗ ਨਾਲ ਅਖੰਡਪਾਠ ਦੀ ਸੰਪੂਰਨਤਾ ਹੁੰਦੀ। ਭੋਗ ਉਤੇ ਇਕੱਤਰ ਹੋਈ ਮਾਇਆ ਅਤੇ ਅਨਾਜ ਗੁਰਦੁਆਰੇ ਪਹੁੰਚਦਾ ਕੀਤਾ ਜਾਂਦਾ। ਨਾ ਕਦੇ ਮਾਇਆ ਪਿਛੇ ਲੜਾਈ ਹੁੰਦੀ, ਨਾ ਗੁਰਦੁਆਰੇ ਦੀ ਨਵੀਂ ਉਸਾਰੀ ਲਈ ਮਾਇਆ ਇਕੱਠੀ ਕਰ ਕੇ ਕੋਈ ਗਬਨ ਕੀਤਾ ਜਾਂਦਾ। ਬਾਈ ਜੀ ਵੱਲੋਂ ਗੁਰਦੁਆਰੇ ਦੀ ਨਵੀਂ ਬਿਲਡਿੰਗ ਨਾਲੋਂ ਪਿੰਡ ਵਿਚ ਨੌਜਵਾਨਾਂ ਨੂੰ ਸਿੱਖੀ ਲਈ ਪੱਕਿਆਂ ਕੀਤਾ ਜਾਂਦਾ ਸੀ। ਇਕ-ਦੋ ਵਾਰ ਬਾਈ ਜੀ ਦੀ ਸੇਵਾ ਸੰਭਾਲ ‘ਤੇ ਪ੍ਰਸ਼ਨ ਚਿੰਨ੍ਹ ਲੱਗੇ ਤਾਂ ਬਾਈ ਜੀ ਨੇ ਝੱਟ ਕੁੰਜੀਆਂ ਫੜਾ ਦਿੱਤੀਆਂ ਤੇ ਅਗਲਿਆਂ ਸਿਰ ਨੀਵਾਂ ਕਰ ਲਿਆ। ਉਹ ਅੱਜ ਦੇ ਪ੍ਰਧਾਨਾਂ ਵਾਂਗ ਗੋਲਕਾਂ ਦੀਆਂ ਕੁੰਜੀਆਂ ਨਾਲ ਨਹੀਂ ਚੰਬੜੇ ਰਹੇ। ਹਮੇਸ਼ਾ ਨਿਸ਼ਕਾਮ ਸੇਵਾ ਕਰਦੇ ਰਹੇ। ਅੱਜ ਗੁਰਦੁਆਰਿਆਂ ਵਿਚ ਸਿਰਫ ਇਹ ਧਿਆਨ ਦਿੱਤਾ ਜਾਂਦਾ ਹੈ ਕਿ ਸੰਗਤ ਨੂੰ ਚਾਹ ਪੀਣ ਜਾਂ ਲੰਗਰ ਛਕਣ ਵੇਲੇ ਕੋਈ ਮੁਸ਼ਕਿਲ ਨਾ ਆਵੇ। ਕੋਈ ਕੁਰਸੀਆਂ-ਮੇਜ਼ਾਂ ਪਿਛੇ ਲੜੀ ਜਾਂਦਾ ਹੈ। ਬਾਈ ਜੀ ਹਮੇਸ਼ਾ ਕਹਿੰਦੇ ਸਨ ਕਿ ਸੰਗਤ ਨੂੰ ਗੁਰੂ ਨਾਲ ਜੋੜਨਾ ਹੈ। ਸੰਗਰਾਂਦ ਉਤੇ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣਾ ਹੈ। ਉਦੋਂ ਗੁਰਦੁਆਰੇ ਬੇਸ਼ੱਕ ਕੱਚੇ ਸਨ, ਪਰ ਸਿੱਖ ਪੱਕੇ ਸਨ। ਅੱਜ ਵਾਂਗ ਦਿਖਾਵੇ ਦੀ ਸਿੱਖੀ ਨਹੀਂ ਸੀ। ਸਿੱਖ ਅੰਦਰੋਂ ‘ਮੈਂ’ ਭਾਰੂ ਨਹੀਂ ਸੀ; ਸਿਰਫ ‘ਤੂੰ’ ਹੀ ‘ਤੂੰ’ ਸੀ।
ਬਾਈ ਜੀ ਨੂੰ ਜੇ ਕੋਈ ਸਹਿਜ ਪਾਠ ਬਾਰੇ ਕਹਿੰਦਾ, ਤਾਂ ਆਖਦੇ, ‘ਸਵੇਰੇ ਗੁਰਦੁਆਰੇ ਆ ਕੇ ਸੰਥਿਆ ਲੈਣੀ ਸ਼ੁਰੂ ਕਰ ਦੇ, ਇਕ ਸਾਲ ਵਿਚ ਪਾਠੀ ਬਣ ਜਾਵੇਂਗਾ। ਫਿਰ ਘਰੇ ਆਪ ਆਪਣੇ ਸਹਿਜ ਪਾਠ ਅਰੰਭ ਕਰ ਲਈਂ। ਪਿੰਡ ਦਾ ਕੋਈ ਵੀ ਬੰਦਾ ਆਪਣੀ ਧੀ ਨੂੰ ਦਾਜ ਨਾ ਦਿੰਦਾ। ਜੇ ਕੋਈ ਦਾਜ ਮੰਗਦਾ ਤਾਂ ਬਾਈ ਜੀ ਮੁੰਡੇ ਵਾਲਿਆਂ ਦੀ ਦਹਿਲੀਜ਼ ਚੜ੍ਹ ਜਾਂਦੇ, ਬਾਣੀ ਵਿਚੋਂ ਸ਼ਬਦ ਪੜ੍ਹ ਕੇ ਉਨ੍ਹਾਂ ਦੇ ਕੰਨੀ ਪਾਉਂਦੇ ਤੇ ਅਗਲਿਆਂ ਦੇ ਅਕਲ ਦੇ ਦਰਵਾਜ਼ੇ ਖੁੱਲ੍ਹ ਜਾਂਦੇ। ਸਾਦੇ ਢੰਗ ਨਾਲ ਬਰਾਤ ਆਉਂਦੀ ਤੇ ਅਨੰਦ ਕਾਰਜ ਦੀ ਰਸਮ ਪੂਰੀ ਹੁੰਦੀ। ਵਿਆਹ ਚਾਰ ਦਿਨ ਚੱਲਦਾ ਤੇ ਸਾਰੇ ਖੁਸ਼ੀਆਂ ਵਿਚ ਝੂਮਦੇ ਜਸ਼ਨ ਮਨਾਉਂਦੇ। ਹਰ ਖੁਸ਼ੀ ਸਾਦੇ ਢੰਗ ਨਾਲ ਮਨਾਉਣ ਦਾ ਸੰਦੇਸ਼ ਦਿੰਦੇ। ਬਾਈ ਜੀ ਨੇ ਆਪ ਵਿਆਹ ਨਹੀਂ ਸੀ ਕਰਵਾਇਆ, ਪਰ ਉਨ੍ਹਾਂ ਦੇ ਵੱਡੇ ਭਰਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਭਾਬੀ ਨੂੰ ਉਨ੍ਹਾਂ ਦੇ ਸਿਰ ਬਿਠਾ ਦਿੱਤਾ। ਬਾਈ ਜੀ ਨੇ ਗ੍ਰਹਿਸਥੀ ਜੀਵਨ ਦੀ ਬੇੜੀ ਵੀ ਦੁਨਿਆਵੀ ਸਮੁੰਦਰ ਵਿਚ ਠੇਲ੍ਹ ਲਈ ਸੀ। ਦੁੱਖਾਂ ਦੇ ਕਈ ਝੱਖੜ ਆਏ, ਪਰ ਉਹ ਗੁਰਬਾਣੀ ਦੇ ਸਹਾਰੇ ਅਡੋਲ ਖੜ੍ਹੇ ਰਹੇ। ਬਾਈ ਜੀ ਦੇ ਦੋ ਪੁੱਤਰ ਹੋਏ। ਉਨ੍ਹਾਂ ਨੇ ਕਦੇ ਵੀ ਗੁਰਦੁਆਰੇ ਨਾਲੋਂ ਨਾਤਾ ਨਾ ਤੋੜਿਆ, ਸਗੋਂ ਪਿੰਡ ਦੇ ਚਾਰੇ ਰਾਹ ਪੱਕੇ ਕਰਵਾ ਦਿੱਤੇ। ਗੁਰਦੁਆਰੇ ਦੀ ਤਿਲ-ਫੁੱਲ ਭੇਟਾ ਨਾਲ ਬਾਈ ਜੀ ਨੇ ਕਈ ਗਰੀਬ ਘਰਾਂ ਦੀਆਂ ਛੱਤਾਂ ਪੁਆਈਆਂ। ਕਈਆਂ ਧੀਆਂ ਦੇ ਹੱਥ ਪੀਲੇ ਕੀਤੇ। ਕਈ ਨੌਜਵਾਨਾਂ ਨੂੰ ਸਿੱਖੀ ਨਾਲ ਜੋੜ ਕੇ ਪਾਠੀ ਬਣਾਇਆ। ਪਿੰਡ ਵਿਚ ਮਿਡਲ ਤੇ ਹਾਈ ਸਕੂਲ ਬਣਵਾਇਆ।
ਜਿੰਨਾ ਸਮਾਂ ਬਾਈ ਜੀ ਨੇ ਗੁਰਦੁਆਰੇ ਦੀ ਸੇਵਾ ਕੀਤੀ, ਪਿੰਡ ਵਿਚ ਦੂਜਾ ਗੁਰਦੁਆਰਾ ਨਹੀਂ ਬਣਿਆ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਚੌਧਰ ਦੇ ਭੁੱਖੇ ਲੋਕ ਸਾਹਮਣੇ ਆਉਣ ਲੱਗੇ। ਹੌਲੀ-ਹੌਲੀ ਪਿੰਡ ਦਾ ਏਕਾ ਖੇਰੂੰ-ਖੇਰੂੰ ਹੋਣ ਲੱਗਿਆ। ਪਿੰਡ ਨੂੰ ਵੀ ਨਵੇਂ ਜ਼ਮਾਨੇ ਦੀ ਜਾਗ ਲੱਗ ਪਈ। ਪੁਰਾਣਾ ਗੁਰਦੁਆਰਾ ਢਾਹ ਕੇ ਨਵੀਂ ਇਮਾਰਤ ਸ਼ੁਰੂ ਕਰ ਦਿੱਤੀ। ਫਿਰ ਚੜ੍ਹਾਵੇ ਦਾ ਰੌਲਾ ਪੈਣ ਲੱਗਿਆ। ਸੰਗਤ ਪਾੜੀ ਜਾਣ ਲੱਗੀ ਤਾਂ ਰਾਮਦਾਸੀਏ ਮੁਹੱਲੇ ਵਿਚ ਨਵਾਂ ਗੁਰਦੁਆਰਾ ਬਣ ਗਿਆ। ਬਾਈ ਜੀ ਤੋਂ ਬਾਅਦ ਗੋਲਕ ਸਾਂਭਣ ਵਾਲੇ ਤਾਂ ਬਹੁਤ ਆਏ, ਪਰ ਗੁਰਦੁਆਰਾ ਸਾਂਭਣ ਵਾਲਾ ਕੋਈ ਨਾ ਮਿਲਿਆ। ਜਿਸ ਪਿੰਡ ਵਿਚ ਕਦੇ ਬੀੜੀ ਨਹੀਂ ਸੀ ਮਿਲਦੀ, ਉਥੇ ਅੱਜ ‘ਚਿੱਟਾ’ ਮਿਲ ਰਿਹਾ ਹੈ। ਜਿਸ ਪਿੰਡ ਵਿਚ ਸਾਦੇ ਅਖੰਡਪਾਠ ਤੇ ਵਿਆਹ ਹੁੰਦੇ ਸੀ, ਉਸੇ ਪਿੰਡ ਵਿਚ ਵਿਆਹ ਜਿੰਨਾ ਖਰਚਾ ਅਖੰਡ ਪਾਠਾਂ ‘ਤੇ ਹੋਣ ਲੱਗ ਪਿਆ ਹੈ। ਜਿਸ ਪਿੰਡ ਵਿਚ ਕਿਸੇ ਦਾਜ ਨਾ ਲਿਆ ਸੀ ਤੇ ਨਾ ਦਿੱਤਾ ਸੀ, ਉਸ ਪਿੰਡ ਵਿਚ ਧੀਆਂ ਤੇ ਨੂੰਹਾਂ ਅੱਗ ਵਿਚ ਲਪੇਟੀਆਂ ਜਾਣ ਲੱਗੀਆਂ। ਸਤਯੁਗੀਏ ਜ਼ਮਾਨੇ ਵਿਚ ਹਰ ਪਿੰਡ ਵਿਚ ਹੀ ਬਾਈ ਜੀ ਵਰਗਾ ਜ਼ਰੂਰ ਹੋਵੇਗਾ, ਪਰ ਅੱਜ ਦੇ ਕਲਯੁਗੀਏ ਜ਼ਮਾਨੇ ਵਿਚ ਜੇ ਕੋਈ ਬਾਈ ਜੀ ਵਰਗਾ ਪੈਦਾ ਹੁੰਦਾ ਹੈ, ਉਸ ਨੂੰ ਜੰਮਦਿਆਂ ਹੀ ਨੱਪ ਲਿਆ ਜਾਂਦਾ ਹੈ। ਤਾਂਹੀਉਂ ਤਾਂ ਅਸੀਂ ਨਿੱਤ ਮਰਦੇ ਹਾਂ-ਕੁਦਰਤੀ ਮੌਤ ਨਾਲ ਨਹੀਂ, ਆਪ ਸਹੇੜੀ ਮੌਤ ਨਾਲ, ਸਮਾਜਿਕ ਕੁਰੀਤੀਆਂ ਦੀ ਮੌਤ ਨਾਲ।