ਸਿੱਖ ਧਰਮ ਵਿਚ ਹੋ ਰਹੀਆਂ ਅਨੋਖੀਆਂ ਤਬਦੀਲੀਆਂ

-ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536
ਸਿੱਖਾਂ ਦੇ ਧਾਰਮਿਕ ਅਸਥਾਨ ਗੁਰਦੁਆਰਿਆਂ ਦੇ ਵਿਹੜਿਆਂ ਵਿਚ ਜੋ ਪਰਚਮ ਲਹਿਰਾਉਂਦਾ ਹੈ, ਉਸ ਨੂੰ ਅਸੀਂ ਅਦਬ ਸਹਿਤ ਨਿਸ਼ਾਨ ਸਾਹਿਬ ਆਖਦੇ ਹਾਂ। ਇਸ ਨਿਸ਼ਾਨ ਸਾਹਿਬ ਦਾ ਪੁਸ਼ਾਕਾ ਕੇਸਰੀ ਰੰਗ ਦਾ ਹੁੰਦਾ ਹੈ। ਕਿਤੇ ਕਿਤੇ ਕਿਸੇ ਗੁਰੂ ਘਰ ਦੇ ਵਿਹੜੇ ਵਿਚ ਨਿਸ਼ਾਨ ਸਾਹਿਬ ‘ਤੇ ਨੀਲੇ ਰੰਗ ਦਾ ਪੁਸ਼ਾਕਾ ਵੀ ਹੁੰਦਾ ਹੈ, ਪਰ ਉਹ ਅਸਥਾਨ ਸ਼ਹੀਦ ਸਿੰਘਾਂ ਦੀ ਯਾਦ ਵਿਚ ਬਣੇ ਹੁੰਦੇ ਹਨ। ਅਕਾਲ ਤਖ਼ਤ ਅਤੇ ਹਰਿਮੰਦਰ ਸਾਹਿਬ ਤੋਂ ਲੈ ਕੇ ਸਾਰੇ ਇਤਿਹਾਸਕ ਗੁਰੂ ਅਸਥਾਨ, ਜਾਂ ਜਿੱਥੇ ਕਿਤੇ ਵੀ ਗੁਰੂ ਘਰ ਦੀ ਸਥਾਪਨਾ ਕੀਤੀ ਜਾਵੇ, ਕੇਸਰੀ ਰੰਗ ਦੇ ਹੀ ਨਿਸ਼ਾਨ ਸਾਹਿਬ ਝੂਲਦੇ ਹਨ।
ਕਿਸੇ ਵੀ ਧਰਮ ਜਾਂ ਮੁਲਕ ਦਾ ਆਪਣਾ ਝੰਡਾ ਹੁੰਦਾ ਹੈ ਅਤੇ ਹਰ ਝੰਡੇ ਦਾ ਵੱਖਰਾ ਰੰਗ ਤੇ ਚਿੰਨ੍ਹ ਹੁੰਦਾ ਹੈ ਜੋ ਉਸ ਧਰਮ ਜਾਂ ਮੁਲਕ ਦੀ ਪਛਾਣ ਕਰਵਾਉਂਦਾ ਹੈ। ਸਿੱਖ ਧਰਮ ਦਾ ਨਿਸ਼ਾਨ ਸਾਹਿਬ ਅੱਜ ਦੁਨੀਆਂ ਭਰ ਦੇ ਗੁਰ ਅਸਥਾਨਾਂ ਵਿਚ ਬੜੀ ਸ਼ਾਨ ਨਾਲ ਲਹਿਰਾ ਰਿਹਾ ਹੈ। ਸਿੱਖੀ ਵਿਚ ਇਕ ਹੋਰ ਪਿਰਤ ਹੈ ਕਿ ਨਿਸ਼ਕਾਮ ਅਤੇ ਅਣਥੱਕ ਸੇਵਾ ਕਰਨ ਵਾਲੇ ਗੁਰ ਸਿੱਖਾਂ ਨੂੰ ਗੁਰੂ ਘਰਾਂ ਵੱਲੋਂ ਸਿਰੋਪਾਉ ਦੇ ਕੇ ਸਤਿਕਾਰ ਦਿੱਤਾ ਜਾਂਦਾ ਹੈ ਅਤੇ ਉਸ ਸਿਰੋਪਾਉ ਵਾਲੇ ਸਵਾ ਦੋ ਜਾਂ ਢਾਈ ਗਜ਼ ਕੱਪੜੇ ਦਾ ਰੰਗ ਵੀ ਕੇਸਰੀ ਹੁੰਦਾ ਹੈ, ਪਰ ਹੁਣ ਸਿਰੋਪਾਉ, ਸੇਵਾ ਕਰਨ ਵਾਲਿਆਂ ਨੂੰ ਨਹੀਂ ਦਿੱਤੇ ਜਾਂਦੇ; ਹੁਣ ਬਹੁਤੀ ਵਾਰ ਕੁਰਸੀ ਜਾਂ ਪਾਰਟੀ ਵੇਖ ਕੇ, ਜਾਂ ਮਾਇਆ ਚੜ੍ਹਾਉਣ ਵਾਲਿਆਂ ਨੂੰ ਹੀ ਸਿਰਪਾਉ ਮਿਲਦੇ ਹਨ। ਇਸ ਤੋਂ ਬਗੈਰ ਮੈਂ ਕਦੀ ਗੁਰੂ ਘਰ ਵਿਚ ਕੋਈ ਐਸੀ ਚੀਜ਼ ਨਹੀਂ ਵੇਖੀ ਜੋ ਪੱਕੇ ਤੌਰ ‘ਤੇ ਕਿਸੇ ਰੰਗ ਨਾਲ ਜੁੜੀ ਹੋਈ ਹੋਵੇ।
ਅੱਜ ਵੀ ਹਰਿਮੰਦਰ ਸਾਹਿਬ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਸਮੇਂ ਸ਼ਬਦ ਗੁਰੂ ਉਪਰ ਜੋ ਰੁਮਾਲੇ ਦਿੱਤੇ ਜਾਂਦੇ ਹਨ, ਉਨ੍ਹਾਂ ਵਿਚ ਹਰ ਰੰਗ ਹੀ ਸ਼ਾਮਿਲ ਹੁੰਦਾ ਹੈ। ਇਸੇ ਤਰ੍ਹਾਂ ਹੀ ਪ੍ਰਕਾਸ਼ ਸਥਾਨ ‘ਤੇ ਲਾਈ ਜਾਣ ਚਾਂਦਨੀ ਦਾ ਵੀ ਕੋਈ ਇਕ ਰੰਗ ਨਿਸ਼ਚਿਤ ਨਹੀਂ। ਪਰ ਪਿਛਲੇ ਕੁਝ ਸਮੇਂ ਤੋਂ ਜੋ ਨਿਆਰਾਪਣ ਵੇਖਣ ਨੂੰ ਮਿਲ ਰਿਹਾ ਹੈ, ਉਹ ਇਹ ਹੈ ਕਿ ਚੌਰ ਦਾ ਰੰਗ ਚਿੱਟੇ ਤੋਂ ਕੇਸਰੀ ਰੰਗ ਹੋ ਗਿਆ ਹੈ।
ਕੋਈ ਦੋ ਕੁ ਸਾਲ ਪਹਿਲਾਂ ਇਕ ਗੁਰੂ ਘਰ ਵਿਚ ਕੀਰਤਨ ਕਰਨ ਲਈ ਗਏ ਤਾਂ ਜਦੋਂ ਸ਼ਬਦ ਗੁਰੂ ਦੀ ਤਾਬਿਆ ਬੈਠੇ ਸਿੰਘ ਨੂੰ ਕੇਸਰੀ ਰੰਗ ਦਾ ਚੌਰ ਕਰਦੇ ਵੇਖਿਆ ਤਾਂ ਹੈਰਾਨੀ ਦੀ ਹੱਦ ਨਾ ਰਹੀ। ਪਰ ਹੁਣ ਤਾਂ ਤਕਰੀਬਨ ਹਰ ਗੁਰੂ ਘਰ ਵਿਚ ਹੀ ਕੇਸਰੀ ਰੰਗ ਦੇ ਚੌਰ ਝੁਲਾਏ ਜਾ ਰਹੇ ਹਨ। ਸਮਝ ਨਹੀਂ ਆਈ ਕਿ ਇਸ ਦਾ ਪਿਛੋਕੜ ਕੀ ਹੈ? ਤੇ ਇਸ ਦੇ ਪਿੱਛੇ ਕੀ ਸਿਆਸਤ ਹੈ? ਉਂਜ, ਜਦ ਵੀ ਕਦੀ ਚਿੱਟੇ ਚੌਰ ਦੀ ਥਾਂ ਕੇਸਰੀ ਚੌਰ ਵੇਖਦੀ ਹਾਂ ਤਾਂ ਮਨ ਅੰਦਰ ਉਥਲ-ਪੁਥਲ ਮਚ ਜਾਂਦੀ ਹੈ। ਮੈਂ ਜਨਮ ਤੋਂ ਲੈ ਕੇ ਗੁਰੂ ਘਰ ਦੀ ਸੇਵਾ ਨਾਲ ਜੁੜੀ ਰਹੀ ਹਾਂ, ਆਪਣੇ ਜੀਵਨ ਵਿਚ ਸਦਾ ਚਿੱਟੇ ਚੌਰ ਹੀ ਵੇਖੇ ਹਨ। ਗੁਰੂ ਕਾਲ ਤੋਂ ਹੀ ਚਲੀਆਂ ਆ ਰਹੀਆਂ ਮਰਿਆਦਾਵਾਂ ਬਦਲ ਕੇ ਆਪਣੇ ਹਿੱਤਾਂ ਖਾਤਰ ਅਤੇ ਆਪਣੇ ਮਤ ਦੀ ਦੁਰਵਰਤੋਂ ਕਰ ਕੇ ਧਾਰਮਕ ਚੀਜ਼ਾਂ ਤੇ ਰੰਗਾਂ ਵਿਚ ਅਦਲਾ-ਬਦਲੀ ਕਰ ਦੇਣਾ; ਤੇ ਜਾਂ ਕਿਸੇ ਇਕ ਰੰਗ ਨੂੰ ਹੀ ਗੁਰੂ ਦਾ ਰੰਗ ਪ੍ਰਚਾਰ ਕੇ ਇਸ ਸਰਬ ਸਾਂਝੇ ਧਰਮ ਨੂੰ ਕੱਟੜਤਾ ਦੀਆਂ ਕੰਧਾਂ ਵਿਚ ਕੈਦ ਕਰਨ ਦੀਆਂ ਚਾਲਾਂ ਪਿਛੇ ਕੋਈ ਗਹਿਰੀ ਸਾਜ਼ਿਸ਼ ਹੀ ਕੰਮ ਕਰਦੀ ਹੈ ਜਾਂ ਇਹ ਸਿਰਫ ਸਾਡੀ ਮੂੜ ਮੱਤ ਹੈ, ਪਤਾ ਨਹੀਂ ਲੱਗਾ।
ਬਚਪਨ ਤੋਂ ਹੀ ਦੇਖਦੇ ਆ ਰਹੇ ਹਾਂ ਕਿ ਨੀਲਾ ਰੰਗ ਤੇ ਨੀਲੀਆਂ ਦਸਤਾਰਾਂ ਅਕਾਲੀ ਪਾਰਟੀ ਨਾਲ ਜੁੜੀਆਂ ਹੋਈਆਂ ਹਨ। ਪਿੰਡਾਂ ਵਿਚ ਤਾਂ ਨੀਲੀ ਦਸਤਾਰ ਸਜਾਉਣ ਵਾਲੇ ਨੂੰ ਜਥੇਦਾਰ ਜਾਂ ਅਕਾਲੀ ਸਿੰਘ ਆਖ ਕੇ ਹੀ ਸਾਰੇ ਬੁਲਾਉਂਦੇ ਸਨ। ਗ੍ਰੰਥੀ, ਕੀਰਤਨੀਏ, ਪ੍ਰਚਾਰਕ, ਢਾਡੀ ਅਤੇ ਪ੍ਰਬੰਧਕ ਚਿੱਟੀਆਂ ਜਾਂ ਨੀਲੀਆਂ ਦਸਤਾਰਾਂ ਸਜਾ ਲੈਂਦੇ ਸਨ, ਪਰ ਹੁਣ ਤਾਂ ਚਲ ਸੋ ਚਲ ਹੈ। ਜਥੇਦਾਰ ਸਾਹਿਬ ਤੋਂ ਲੈ ਕੇ ਮੰਤਰੀ-ਸੰਤਰੀ, ਗੁਰੂ ਘਰਾਂ ਦੇ ਗ੍ਰੰਥੀ ਕੀਰਤਨੀਏ, ਪ੍ਰਚਾਰਕ ਤੇ ਪ੍ਰਬੰਧਕ ਸਭ ਕੇਸਰੀ ਰੰਗ ਵਿਚ ਰੰਗੇ ਜਾ ਰਹੇ ਹਨ। ਹੁਣ ਤਾਂ ਨਗਰ ਕੀਰਤਨਾਂ ਤੋਂ ਪਹਿਲਾਂ ਟੈਲੀਵਿਜ਼ਨਾਂ ‘ਤੇ ਆਮ ਹੀ ਸੰਗਤਾਂ ਨੂੰ ਖਾਸ ਸੁਨੇਹੇ ਦਿੱਤੇ ਜਾਂਦੇ ਹਨ ਕਿ ਸਾਰੇ ਹੀ ਬਜ਼ੁਰਗ ਅਤੇ ਨੌਜਵਾਨ ਸਿੰਘ ਕੇਸਰੀ ਦਸਤਾਰਾਂ ਸਜਾ ਕੇ ਅਤੇ ਮਾਈਆ ਬੀਬੀਆਂ ਕੇਸਰੀ ਦੁਪੱਟੇ ਲੈ ਕੇ ਨਗਰ ਕੀਰਤਨ ਵਿਚ ਸ਼ਾਮਲ ਹੋਣ। ਇਸ ਦੇ ਬਾਵਜੂਦ ਬਹੁਤ ਥੋੜ੍ਹੇ ਲੋਕਾਂ ਨੂੰ ਛੱਡ ਕੇ ਸਭ ਸੰਗਤਾਂ ਆਪਣੀ ਮਰਜ਼ੀ ਦੇ ਰੰਗਾਂ ਦੀਆਂ ਦਸਤਾਰਾਂ ਅਤੇ ਦੁਪੱਟੇ ਲੈ ਕੇ ਨਗਰ ਕੀਰਤਨਾਂ ਵਿਚ ਪਹੁੰਚਦੀਆਂ ਹਨ।
ਇਕ ਗੱਲ ਹੋਰ। ਪਹਿਲਾਂ ਪੰਜ ਪਿਆਰਿਆਂ ਦੇ ਪੁਸ਼ਾਕੇ ਵੀ ਸਫੈਦ ਚੋਲੇ, ਨੀਲੀ ਦਸਤਾਰ ਅਤੇ ਨੀਲੇ ਕਮਰਕੱਸੇ ਹੀ ਹੁੰਦੇ ਸਨ, ਪਰ ਹੁਣ ਪੰਜ ਪਿਆਰਿਆਂ ਦੇ ਪੁਸ਼ਾਕੇ ਅਤੇ ਦਸਤਾਰਾਂ ਦਾ ਰੰਗ ਕੇਸਰੀ ਹੋ ਗਿਆ ਹੈ। ‘ਪੰਜਾਬ ਟਾਈਮਜ਼’ ਦੇ ਬਹੁਤ ਸਾਰੇ ਪਾਠਕ ਜਦ ਫੋਨ ਕਰ ਕੇ ਇਸ ਕਲਮ ਦੀ ਹੌਂਸਲਾ-ਅਫ਼ਜ਼ਾਈ ਕਰਦੇ ਹਨ ਤਾਂ ਇਹੋ ਜਿਹੇ ਮਸਲਿਆਂ ‘ਤੇ ਵਿਚਾਰ ਵੀ ਕਰ ਲੈਂਦੇ ਹਨ। ਬਹੁਤ ਪਾਠਕਾਂ ਨੇ ਇਹ ਸਵਾਲ ਵੀ ਕੀਤਾ ਹੈ ਕਿ ਸਿੱਖ ਧਰਮ ਅੰਦਰ ਇੰਨੀ ਵੱਡੀ ਤਬਦੀਲੀ ਕਿਵੇਂ ਤੇ ਕਿਸ ਕਰ ਕੇ ਕੀਤੀ ਜਾ ਰਹੀ ਹੈ ਕਿ ਸੰਗਤ ਕੇਸਰੀ ਪੁਸ਼ਾਕੇ ਪਾ ਲਵੇ! ਸਦੀਆਂ ਤੋਂ ਗੁਰੂ ਜੀ ਦੇ ਚੌਰ ਦਾ ਰੰਗ ਸਫੈਦ, ਚਿੱਟਾ ਨਿਰਮਲ ਅਤੇ ਉਜਲਾ ਸਹਿਜ ਸੁਹਜ ਅਤੇ ਸਾਦਗੀ ਦਾ ਪ੍ਰਤੀਕ ਰੰਗ ਕੇਸਰੀ ਵਿਚ ਕਿਵੇਂ ਤਬਦੀਲ ਹੋ ਗਿਆ ਹੈ? ਕੀ ਇਸ ਦੇ ਲਈ ਕੋਈ ਗੁਰਮਤਾ ਪਾਸ ਕੀਤਾ ਗਿਆ? ਜਾਂ ਇਸ ਬਾਰੇ ਤਖਤਾਂ ਦੇ ਜਥੇਦਾਰ ਸਾਹਿਬਾਨ ਵੱਲੋਂ ਕੋਈ ਫੈਸਲਾ ਕੀਤਾ ਗਿਆ ਹੈ? ਜਾਂ ਸਮੁੱਚੇ ਸਿੱਖ ਜਗਤ ਕੋਲੋਂ ਇਸ ਦੀ ਪ੍ਰਵਾਨਗੀ ਲਈ ਗਈ ਹੈ? ਜਾਂ ਇਸ ਦੇ ਪਿੱਛੇ ਵੀ ਆਰæਐਸ਼ਐਸ਼ ਦਾ ਦਿਮਾਗ ਹੀ ਕੰਮ ਕਰ ਰਿਹਾ ਹੈ?
ਜੋ ਵੀ ਹੈ, ਰੱਬ ਦਾ ਵਾਸਤਾ ਜੇ! ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿਚ ਮਨਮਤ ਦੀਆਂ ਸੰਨ੍ਹਾਂ ਨਾ ਲਾਵੋ ਅਤੇ ਡਰੋ ਰੱਬ ਤੋਂ; ਡਰੋ ਗੁਰੂ ਤੋਂ। ਪਹਿਲਾਂ ਗੁਰੂ ਦੀ ਸਿੱਖਿਆ ਲੈਣ ਵਾਲੇ ਤਾਂ ਬਣ ਜਾਈਏ, ਕਿਤੇ ਰਾਮ ਰਾਇ ਵਾਂਗ ਆਪਣੀ ਹੈਂਕੜ ਅਤੇ ਚੌਧਰ ਲਈ ‘ਮਿੱਟੀ ਬੇਈਮਾਨ ਕੀ’ ਵਾਲੇ ਧੀਰਮੱਲੀਏ ਹੀ ਨਾ ਬਣ ਬੈਠੀਏ! ਅੱਜ ਸਾਨੂੰ ਆਪਣੇ ਹਉਮੈ ਅਤੇ ਹੰਕਾਰ ਦੇ ਘੋੜੇ ਦੀਆਂ ਲਗਾਮਾਂ ਕੱਸ ਕੇ ਨਿਮਰਤਾ ਅਤੇ ਹਲੀਮੀ ਵਾਲੇ ਬਣਨਾ ਪਵੇਗਾ।

Be the first to comment

Leave a Reply

Your email address will not be published.