ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਸਾਕਾ ਨੀਲਾ ਤਾਰਾ ਬਾਰੇ ਨਵੇਂ ਖੁਲਾਸਿਆਂ ਨੇ 32 ਸਾਲਾਂ ਬਾਅਦ ਇਹ ਮਸਲਾ ਮੁੜ ਭਖਾ ਦਿੱਤਾ ਹੈ। ਉਸ ਵੇਲੇ ਦੀ ਇੰਦਰਾ ਗਾਂਧੀ ਸਰਕਾਰ ਵੱਲੋਂ ਭਾਵੇਂ ਇਹ ਦਾਅਵਾ ਕੀਤਾ ਗਿਆ ਸੀ ਕਿ ਦਰਬਾਰ ਸਾਹਿਬ ‘ਤੇ ਹਮਲਾ ਅਣਸਰਦੇ ਵਿਚ ਕੀਤਾ ਗਿਆ ਸੀ, ਪਰ ਇਸ ਮਸਲੇ ‘ਤੇ ਲਿਖੀ ਕਿਤਾਬ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਨੇ ਇਸ ਦੀ ਵਿਉਂਤਬੰਦੀ ਕਾਫੀ ਲੰਬਾ ਸਮਾਂ ਪਹਿਲਾਂ ਕਰ ਲਈ ਸੀ।
ਭਾਰਤੀ ਖੁਫ਼ੀਆ ਏਜੰਸੀਆਂ ਨੇ ਦਰਬਾਰ ਸਾਹਿਬ ਵਿਚ ਮੋਰਚੇ ਮੱਲੀ ਬੈਠੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਨ੍ਹਾਂ ਦੇ ਸਾਥੀਆਂ ਵਿਚ ਵੱਡੇ ਪੱਧਰ ‘ਤੇ ਘੁਸਪੈਠ ਕਰ ਲਈ ਸੀ। ਏਜੰਸੀਆਂ ਨੇ ਆਪਣੇ ਬੰਦੇ ਖਾੜਕੂਆਂ ਵਿਚ ਸ਼ਾਮਲ ਕਰ ਕੇ ਦਰਬਾਰ ਸਾਹਿਬ ਅੰਦਰਲੀਆਂ ਕਾਰਵਾਈਆਂ ਦੀ ਸੂਹ ਕੱਢਣੀ ਸ਼ੁਰੂ ਕਰ ਦਿੱਤੀ ਸੀ। ਸੰਤ ਭਿੰਡਰਾਂਵਾਲੇ ਦੇ ਹਮਾਇਤੀਆਂ ਨੂੰ ਆਖਰੀ ਸਮੇਂ ਤੱਕ ਇਸ ਦੀ ਭਿਣਕ ਨਾ ਲੱਗੀ।
ਅੱਜ ਕੱਲ੍ਹ ਭਾਰਤ ਦਾ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਪਰੇਸ਼ਨ ਬਲੈਕ ਥੰਡਰ ਤੋਂ ਪਹਿਲਾਂ ਦਰਬਾਰ ਸਾਹਿਬ ਵਿਚ ਖਾਲਿਸਤਾਨੀ ਖਾੜਕੂਆਂ ਨਾਲ ਰਹਿੰਦਾ ਸੀ। ਉਹ ਦਰਬਾਰ ਸਾਹਿਬ ਵਿਚ ਖਾੜਕੂ ਲੀਡਰਸ਼ਿਪ ਨੂੰ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈæਐਸ਼ਆਈæ ਦੇ ਕਰਨਲ ਹੋਣ ਦਾ ਭਰੋਸਾ ਦਿਵਾ ਕੇ ਘੁਸਪੈਠ ਕਰਨ ਵਿਚ ਸਫਲ ਰਿਹਾ ਸੀ। ਵੱਖ-ਵੱਖ ਸੂਚਨਾਵਾਂ ਨੂੰ ਆਧਾਰ ਬਣਾਉਂਦਿਆਂ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਆਪਣੀ ਕਿਤਾਬ ‘ਸੰਤ ਭਿੰਡਰਾਂਵਾਲੇ ਦੇ ਰੂ-ਬਰੂ: ਜੂਨ 84 ਦੀ ਪੱਤਰਕਾਰੀ’ ਵਿਚ ਇਹ ਅਹਿਮ ਖੁਲਾਸੇ ਕੀਤੇ ਹਨ। ਪੁਸਤਕ ਵਿਚ ਦਾਅਵਾ ਕੀਤਾ ਗਿਆ ਹੈ ਕਿ ਆਈæਬੀæ ਦੇ ਅਫਸਰ ਅਜੀਤ ਡੋਵਾਲ ਦਾ ਦਰਬਾਰ ਸਾਹਿਬ ਕੰਪਲੈਕਸ ਵਿਚ ਖਾੜਕੂਆਂ ਨਾਲ ਰਹਿ ਕੇ ਸਾਰੀਆਂ ਸੂਚਨਾਵਾਂ ਬਾਹਰ ਭੇਜਣ ਅਤੇ ਬਲੈਕ ਥੰਡਰ ਦੀ ਸਫਲਤਾ ਬਦਲੇ ਕੀਰਤੀ ਚੱਕਰ ਨਾਲ ਸਨਮਾਨ ਕੀਤਾ ਗਿਆ ਸੀ।
ਅੰਮ੍ਰਿਤਸਰ ਦੇ ਤਤਕਾਲੀ ਡੀæਸੀæ ਸਰਬਜੀਤ ਸਿੰਘ ਅਤੇ ਦਿੱਲੀ ਦੇ ਸਾਬਕਾ ਪੁਲਿਸ ਕਮਿਸ਼ਨਰ ਵੇਦ ਮਰਵਾਹਾ ਦੀਆਂ ਪੁਸਤਕਾਂ ਦਾ ਵੀ ਇਸ ਵਿਚ ਹਵਾਲਾ ਦਿੱਤਾ ਗਿਆ ਹੈ। ਡੋਵਾਲ ਨੇ ਖਾੜਕੂਆਂ ਨੂੰ ਯਕੀਨ ਦਿਵਾਇਆ ਸੀ ਕਿ ਸਾਰੇ ਹਥਿਆਰ ਪਾਕਿਸਤਾਨ ਤੋਂ ਆ ਰਹੇ ਹਨ। ਭਾਰਤੀ ਖੁਫ਼ੀਆ ਏਜੰਸੀਆਂ ਵੱਲੋਂ ਭੇਜਿਆ ਇਹ ਜਾਅਲੀ ਅਸਲਾ ਖਾੜਕੂਆਂ ਦੇ ਕਿਸੇ ਕੰਮ ਨਹੀਂ ਸੀ ਆਇਆ। ਪੁਸਤਕ ਮੁਤਾਬਕ 26 ਜਨਵਰੀ 1986 ਦੇ ਸਰਬੱਤ ਖ਼ਾਲਸਾ ਮੌਕੇ ਖ਼ਾਲਿਸਤਾਨ ਦਾ ਐਲਾਨ ਕਰਨ ਜਾਂ ਨਾ ਕਰਨ ਨੂੰ ਲੈ ਕੇ ਸੀਨੀਅਰ ਪੱਤਰਕਾਰ ਦਲਬੀਰ ਸਿੰਘ ਅਤੇ ਪੰਜਾਬ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਡਾæ ਸੋਹਣ ਸਿੰਘ ਦਰਮਿਆਨ ਵੱਡੇ ਮਤਭੇਦ ਸਨ। ਡਾæ ਸੋਹਣ ਸਿੰਘ ਦਾ ਖਾੜਕੂਆਂ ਵਿਚ ਪ੍ਰਭਾਵ ਵਧ ਰਿਹਾ ਸੀ ਅਤੇ ਉਹ ਜਥੇਦਾਰ ਕਾਉਂਕੇ ਤੋਂ ਖ਼ਾਲਿਸਤਾਨ ਦਾ ਐਲਾਨ ਕਰਵਾਉਣਾ ਚਾਹੁੰਦੇ ਸਨ। ਭਾਈ ਕਾਉਂਕੇ ਨੇ ਅਕਾਲ ਤਖ਼ਤ ਤੋਂ ਖ਼ਾਲਿਸਤਾਨ ਦਾ ਐਲਾਨ ਕਰਨ ਤੋਂ ਇਨਕਾਰ ਕਰ ਦਿੱਤਾ। ਸ਼ਾਇਦ ਇਸੇ ਕਰ ਕੇ 13 ਅਪਰੈਲ 1986 ਦੇ ਸਰਬੱਤ ਖ਼ਾਲਸਾ ਮੌਕੇ ਖ਼ਾਲਿਸਤਾਨ ਦਾ ਐਲਾਨ ਨਹੀਂ ਹੋ ਸਕਿਆ।
ਪ੍ਰਤੱਖ ਦਰਸ਼ੀ ਵਜੋਂ ਜਸਪਾਲ ਸਿੰਘ ਸਿੱਧੂ ਨੇ ਲਿਖਿਆ ਹੈ ਕਿ 28 ਅਪਰੈਲ 1986 ਨੂੰ ਵੱਸਣ ਸਿੰਘ ਜ਼ਫਰਵਾਲ ਖ਼ਾਲਿਸਤਾਨ ਦਾ ਐਲਾਨ ਨਾ ਕਰਨ ਦੀ ਦਲਬੀਰ ਸਿੰਘ ਦੀ ਰਾਇ ਨਾਲ ਸਹਿਮਤ ਸੀ। ਗੁਰਬਚਨ ਸਿੰਘ ਮਾਨੋਚਾਹਲ ਨੇ ਹੋਰਨਾਂ ਦੇ ਨਾ ਮੰਨਣ ਦੀ ਦਲੀਲ ਦਿੱਤੀ। ਅਜਿਹੀ ਖਿੱਚੋਤਾਣ ਵਿਚ 29 ਅਪਰੈਲ 1986 ਨੂੰ ਖ਼ਾਲਿਸਤਾਨ ਦਾ ਐਲਾਨ ਕਰ ਦਿੱਤਾ ਗਿਆ ਸੀ। ਇਸ ਤੋਂ ਤੁਰਤ ਬਾਅਦ ਕੇਂਦਰ ਸਰਕਾਰ ਨੇ ਦਰਬਾਰ ਸਾਹਿਬ ਕੰਪਲੈਕਸ ਵਿਚਲੇ ਖਾੜਕੂਆਂ ਨੂੰ ਫੜਨ ਦੇ ਨਾਮ ‘ਤੇ ਬਰਨਾਲਾ ਸਰਕਾਰ ਰਾਹੀਂ ਪੁਲਿਸ ਭੇਜੀ ਸੀ।
ਤਤਕਾਲੀ ਪੁਲਿਸ ਮੁਖੀ ਰਿਬੇਰੋ ਨੇ ਰਿਪੋਰਟ ਦਿੱਤੀ ਸੀ ਕਿ ਖਾੜਕੂ ਨਿਕਲ ਚੁੱਕੇ ਹਨ ਤੇ ਹੁਣ ਪੁਲਿਸ ਭੇਜਣ ਦਾ ਲਾਭ ਨਹੀਂ ਹੈ। ਪੁਲਿਸ ਭੇਜਣ ਨਾਲ ਅਕਾਲੀ ਦਲ ਵੀ ਦੁਫਾੜ ਹੋ ਗਿਆ। ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਸਮੇਤ 27 ਵਿਧਾਇਕਾਂ ਨੇ ਸਰਕਾਰ ਤੋਂ ਹਮਾਇਤ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਪੁਸਤਕ ਵਿਚ ਪੱਤਰਕਾਰੀ ਅਤੇ ਪੱਤਰਕਾਰਾਂ ਦੀ ਭੂਮਿਕਾ, ਏਜੰਸੀਆਂ ਦੇ ਰੋਲ ਅਤੇ ਹੋਰ ਬਹੁਤ ਸਾਰੇ ਤਜਰਬੇ ਸਾਂਝੇ ਕੀਤੇ ਗਏ ਹਨ।