ਪੰਜਾਬ ਵਿਚ ਕੋਹਿਨੂਰ ਦੀ ਵਾਪਸੀ ਲਈ ਲਾਮਬੰਦੀ ਸ਼ੁਰੂ

ਚੰਡੀਗੜ੍ਹ: ਨਰੇਂਦਰ ਮੋਦੀ ਸਰਕਾਰ ਵੱਲੋਂ ਕੋਹਿਨੂਰ ਹੀਰੇ ‘ਤੇ ਦਾਅਵਾ ਛੱਡਣ ਪਿੱਛੋਂ ਪੰਜਾਬ ਵਿਚ ਹੀਰੇ ਦੀ ਵਾਪਸੀ ਲਈ ਲਾਮਬੰਦੀ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਕਮੇਟੀ ਤੋਂ ਇਲਾਵਾ ਸਿਆਸੀ ਧਿਰਾਂ ਵੀ ਇਸ ਮੁਹਿੰਮ ਵਿਚ ਕੁੱਦ ਪਈਆਂ ਹਨ। ਸ਼੍ਰੋਮਣੀ ਕਮੇਟੀ ਨੇ ਤਾਂ ਇਸ ਮਸਲੇ ‘ਤੇ ਸੁਪਰੀਮ ਕੋਰਟ ਜਾਣ ਦੀ ਤਿਆਰੀ ਕਰ ਲਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ ਵਿਚੋਂ ਹੋਣ ਦਾ ਦਾਅਵਾ ਕਰਨ ਵਾਲੇ ਪਰਿਵਾਰਾਂ ਨੇ ਕੇਂਦਰ ਦੇ ਹਲਫਨਾਮੇ ਨੂੰ ਰੱਦ ਕਰ ਦਿੱਤਾ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਹ ਕੇਂਦਰ ਦੀ ਗਲਤ ਬਿਆਨਬਾਜ਼ੀ ਹੈ। ਇਤਿਹਾਸ ਗਵਾਹ ਹੈ ਕਿ ਉਸ ਸਮੇਂ ਲਾਹੌਰ ਦਰਬਾਰ ‘ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਸੀ ਅਤੇ 1849 ਈæ ਨੂੰ ਕੋਹਿਨੂਰ ਹੀਰਾ ਲਾਰਡ ਡਲਹੌਜ਼ੀ ਨੇ ਨਾਬਾਲਗ ਮਹਾਰਾਜਾ ਦਲੀਪ ਸਿੰਘ ਪਾਸੋਂ ਤੋਸ਼ੇਖਾਨੇ ਦੇ ਹੋਰ ਕੀਮਤੀ ਸਾਮਾਨ ਸਮੇਤ ਲੁੱਟ ਲਿਆ ਸੀ। ਮਹਾਰਾਜਾ ਦਲੀਪ ਸਿੰਘ ਉਸ ਸਮੇਂ ਬੱਚਾ ਸੀ ਅਤੇ ਉਸ ਪਾਸੋਂ ਹੀਰਾ ਤੋਹਫੇ ਦੇ ਰੂਪ ਵਿਚ ਹਾਸਲ ਕਰਨਾ ਲੁੱਟ ਤੋਂ ਘੱਟ ਨਹੀਂ। ਉਨ੍ਹਾਂ ਕਿਹਾ ਕਿ ਇਸ ਹੀਰੇ ‘ਤੇ ਸਿਰਫ ਸਿੱਖ ਕੌਮ ਦਾ ਹੀ ਹੱਕ ਹੈ ਅਤੇ ਇਸ ਨੂੰ ਵਾਪਸ ਪ੍ਰਾਪਤ ਕਰਨ ਦੇ ਰਾਹ ਵਿਚ ਕੇਂਦਰ ਨੂੰ ਅੜਿੱਕਾ ਨਹੀਂ ਬਣਨਾ ਚਾਹੀਦਾ। ਉਨ੍ਹਾਂ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਕੋਹਿਨੂਰ ਹੀਰੇ ਦੇ ਨਾਲ-ਨਾਲ ਮਹਾਰਾਜਾ ਰਣਜੀਤ ਸਿੰਘ ਦੀ ਤਖ਼ਤਨੁਮਾ ਸੋਨੇ ਦੀ ਕੁਰਸੀ ਅਤੇ ਕੀਮਤੀ ਸਾਮਾਨ ਨੂੰ ਵਾਪਸ ਲਿਆਉਣ ਲਈ ਯਤਨ ਕੀਤਾ ਜਾਵੇ।
ਇਸ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ ਵਿਚੋਂ ਹੋਣ ਦਾ ਦਾਅਵਾ ਕਰਦੇ ਸੰਧਾਵਾਲੀਆ ਪਰਿਵਾਰ ਦੇ ਸੁਖਦੇਵ ਸਿੰਘ ਸੰਧਾਵਾਲੀਆ ਨੇ ਆਖਿਆ ਕਿ ਮਹਾਰਾਜਾ ਦਲੀਪ ਸਿੰਘ ਨਾਬਾਲਗ ਸਨ ਅਤੇ ਕੋਹਿਨੂਰ ਹੀਰਾ ਉਨ੍ਹਾਂ ਕੋਲੋਂ ਜਬਰੀ ਲਿਆ ਗਿਆ ਸੀ। 1880 ਵਿਚ ਮਹਾਰਾਜਾ ਦਲੀਪ ਸਿੰਘ ਨੇ ਮਹਾਰਾਣੀ ਵਿਕਟੋਰੀਆ ਕੋਲੋਂ ਆਪਣਾ ਰਾਜ ਅਤੇ ਕੋਹਿਨੂਰ ਹੀਰਾ ਦੋਵੇਂ ਵਾਪਸ ਮੰਗੇ ਸਨ। ਮਹਾਰਾਜਾ ਰਣਜੀਤ ਸਿੰਘ ਦੀ ਇੱਛਾ ਸੀ ਕਿ ਕੋਹਿਨੂਰ ਹੀਰਾ ਹਰਿਮੰਦਰ ਸਾਹਿਬ ਨੂੰ ਸੌਂਪਿਆ ਜਾਵੇ ਅਤੇ ਇਸ ਇੱਛਾ ਦੀ ਪੂਰਤੀ ਲਈ ਯਤਨ ਕੀਤੇ ਜਾਣਗੇ। ਉਹ ਅੰਤਰਰਾਸ਼ਟਰੀ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ।
ਯਾਦ ਰਹੇ ਕਿ ਕੇਂਦਰ ਸਰਕਾਰ ਨੇ ਬ੍ਰਿਟਿਸ਼ ਸਰਕਾਰ ਤੋਂ ਕੋਹਿਨੂਰ ਹੀਰਾ ਵਾਪਸ ਲੈਣ ਲਈ ਸੁਪਰੀਮ ਕੋਰਟ ਵਿਚ ਦਾਇਰ ਪਟੀਸ਼ਨ ਦੇ ਜਵਾਬ ਵਿਚ ਚੌਂਕਾ ਦੇਣ ਵਾਲਾ ਹਲਫਨਾਮਾ ਦਾਇਰ ਕੀਤਾ ਸੀ। ਇਸ ਮੁਤਾਬਕ ਭਾਰਤ ਨੂੰ ਕੋਹਿਨੂਰ ਉਤੇ ਦਾਅਵਾ ਪੇਸ਼ ਨਹੀਂ ਕਰਨਾ ਚਾਹੀਦਾ। ਕੋਹਿਨੂਰ ਹੀਰਾ ਨਾ ਤਾਂ ਲੁੱਟਿਆ ਗਿਆ ਤੇ ਨਾ ਹੀ ਚੋਰੀ ਕੀਤਾ ਗਿਆ ਸੀ। ਇਸ ਉਤੇ ਅਦਾਲਤ ਨੇ ਕਿਹਾ ਸੀ ਕਿ ਜੇਕਰ ਅਜਿਹਾ ਹੈ ਤਾਂ ਕੋਹਿਨੂਰ ਉਤੇ ਦਾਅਵੇ ਦਾ ਹੱਕ ਹਮੇਸ਼ਾ ਲਈ ਖਤਮ ਹੋ ਜਾਏਗਾ। ਸਰਕਾਰ ਵੱਲੋਂ ਸੁਪਰੀਮ ਕੋਰਟ ਵਿਚ ਪੇਸ਼ ਕੀਤੇ ਹਲਫਨਾਮੇ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਦਲੀਪ ਸਿੰਘ ਨੇ ਖੁਦ ਕੋਹਿਨੂਰ ਹੀਰਾ ਈਸਟ ਇੰਡੀਆ ਕੰਪਨੀ ਨੂੰ ਦਿੱਤਾ ਸੀ। ਹਾਲਾਂਕਿ ਵਿਦੇਸ਼ ਮੰਤਰਾਲੇ ਨੇ ਇਸ ‘ਤੇ ਅਜੇ ਪੱਖ ਦੇਣਾ ਹੈ। ਇਸ ਲਈ ਸੁਪਰੀਮ ਕੋਰਟ ਨੇ ਛੇ ਹਫਤਿਆਂ ਵਿਚ ਜਵਾਬ ਦਾਇਰ ਕਰਨ ਲਈ ਕਿਹਾ ਹੈ।
ਕੋਹਿਨੂਰ ਹੀਰਾ ਇੰਗਲੈਂਡ ਦੀ ਮਹਾਰਾਣੀ ਐਲੀਜ਼ਾਬੇਥ-2 ਦੇ ਸਮੇਂ 1953 ਵਿਚ ਉਸ ਦੇ ਤਾਜ ਵਿਚ ਜੜਿਆ ਸੀ। ਜਦਕਿ ਰਾਣੀ ਐਲੀਜ਼ਾਬੇਥ ਕੋਲ ਇਸ ਦਾ ਕੋਈ ਅਧਿਕਾਰ ਨਹੀਂ ਸੀ। ਇਹ ਬੇਸ਼ਕੀਮਤੀ ਹੀਰਾ 105 ਕੈਰੇਟ ਦਾ ਹੈ ਜਿਸ ਦੀ ਕੀਮਤ ਖਰਬਾਂ ਰੁਪਏ ਆਂਕੀ ਜਾਂਦੀ ਹੈ। ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਹੈ ਕਿ ਕੋਹਿਨੂਰ ਐਸ਼ਜੀæਪੀæਸੀæ ਨੂੰ ਮਿਲਣ ਬਾਰੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖਲ ਕਰੇ।
_____________________________________________
ਕੋਹਿਨੂਰ ਹੀਰੇ ਦੀ ਪੂਰੀ ਕਹਾਣੀ
ਚੰਡੀਗੜ੍ਹ: ਕੋਹਿਨੂਰ ਦੁਨੀਆਂ ਦਾ ਸਭ ਤੋਂ ਪੁਰਾਣੇ ਤੇ ਮਸ਼ਹੂਰ ਹੀਰਿਆਂ ਵਿਚੋਂ ਇਕ ਹੈ। ਕੋਹੇ-ਏ-ਨੂਰ ਦਾ ਫਾਰਸੀ ਭਾਸ਼ਾ ਵਿਚ ਮਤਲਬ ਹੈ ‘ਰੌਸ਼ਨੀ ਦਾ ਪਹਾੜ’। ਅਜਿਹਾ ਕਿਹਾ ਜਾਂਦਾ ਹੈ ਕਿ ਕੋਹਿਨੂਰ ਦਾ ਜ਼ਿਕਰ ਅੱਜ ਤੋਂ ਤਕਰੀਬਨ 5000 ਸਾਲ ਪਹਿਲਾਂ ਇਕ ਸੰਸਕ੍ਰਿਤ ਲਿਖਤ ਵਿਚ ਆਉਂਦਾ ਹੈ ਜਿਸ ਵਿਚ ਇਸ ਨੂੰ ਸਿਆਮਤਕਾ ਕਿਹਾ ਗਿਆ। ਇਥੇ ਇਹ ਵੀ ਦੱਸਣਾ ਲਾਜ਼ਮੀ ਹੈ ਕਿ ਇਹ ਸਿਰਫ ਕਿਆਸਰਾਈਆਂ ਹਨ ਕਿ ਸਿਆਮਤਕਾ ਦਾ ਹੀ ਦੂਜਾ ਨਾਮ ਕੋਹਿਨੂਰ ਹੈ। ਇਸ ਤੋਂ ਬਾਅਦ ਇਤਿਹਾਸ ‘ਚ ਜ਼ਿਕਰ ਆਉਂਦਾ ਹੈ ਕਿ 1304 ਈਸਵੀ ਤੱਕ ਇਹ ਹੀਰਾ ਮਾਲਵਾ ਸਲਤਨਤ ਦੇ ਰਾਜਿਆਂ ਦੇ ਕਬਜ਼ੇ ‘ਚ ਰਿਹਾ। ਉਸੇ ਵੇਲੇ ਤੱਕ ਵੀ ਇਸ ਨੂੰ ਕੋਹਿਨੂਰ ਨਾਮ ਨਹੀਂ ਦਿੱਤਾ ਗਿਆ। ਇਨ੍ਹਾਂ ਸਮਿਆਂ ‘ਚ ਹੀ ਇਹ ਹੀਰਾ ਦਿੱਲੀ ਦੇ ਸਮਰਾਟ ਅਲਾਉਦਿਨ ਖਿਲਜੀ ਕੋਲ ਰਿਹਾ। ਇਸ ਹੀਰੇ ਸਬੰਧੀ ਕੁੱਝ ਮਿਥਕ ਇਹ ਵੀ ਹਨ ਕਿ ਜਿਸ ਕੋਲ ਇਹ ਹੀਰਾ ਹੋਵੇਗਾ, ਉਸ ਦਾ ਦੁਨੀਆਂ ਉਤੇ ਰਾਜ ਹੋਵੇਗਾ, ਪਰ ਇਕ ਮਿਥਕ ਹੋਰ ਜੁੜਿਆ ਹੈ ਕਿ ਇਸ ਹੀਰੇ ਨੂੰ ਸਿਰਫ ਰੱਬ ਰੱਖ ਸਕਦਾ ਹੈ ਜਾਂ ਕੋਈ ਔਰਤ। ਇਤਿਹਾਸ ਮੁਤਾਬਕ ਕੋਹਿਨੂਰ ਹੀਰਾ ਮੌਜੂਦਾ ਆਂਧਰਾ ਪ੍ਰਦੇਸ ਦੇ ਜ਼ਿਲ੍ਹੇ ਗੁੰਟੂਰ ਦੇ ਕੋਲੂਰ ਦੀਆਂ ਹੀਰੇ ਦੀਆਂ ਖਾਨਾਂ ‘ਚੋਂ ਮਿਲਿਆ ਸੀ। 1526 ਵਿਚ ਮੁਗਲ ਬਾਦਸ਼ਾਹ ਬਾਬਰ ਨੇ ਇਸ ਹੀਰੇ ਬਾਰੇ ਆਪਣੀ ਲਿਖਤ ਬਾਬਰਨਾਮਾ ਵਿਚ ਜ਼ਿਕਰ ਕੀਤਾ। ਉਸ ਨੂੰ ਇਹ ਹੀਰਾ ਸੁਲਤਾਨ ਇਬਰਾਹਿਮ ਵੱਲੋਂ ਭੇਂਟ ਕੀਤਾ ਗਿਆ ਸੀ। ਬਾਬਰ ਨੇ ਹੀ ਇਸ ਹੀਰੇ ਦੀ ਕੀਮਤ ਦੁਨੀਆਂ ਦੇ ਅੱਧੇ ਦਿਨ ਦੀ ਉਤਪਾਦਨ ਕੀਮਤ ਦੇ ਬਰਾਬਰ ਦੱਸੀ ਸੀ।
ਬਾਬਰ ਤੋਂ ਹੁੰਦਾ ਹੋਇਆ ਇਹ ਹੀਰਾ ਪੰਜਵੇਂ ਮੁਗਲ ਸਮਰਾਟ ਸ਼ਾਹਜਹਾਂ ਤੱਕ ਪਹੁੰਚਿਆ। ਸ਼ਾਹਜਹਾਂ ਦੇ ਮਯੂਰ ਸਿੰਘਾਸਨ ਵਿਚ ਇਹ ਹੀਰਾ ਜੜਿਆ ਗਿਆ। 1658 ਵਿਚ ਔਰੰਗਜ਼ੇਬ ਦੇ ਕਬਜ਼ੇ ‘ਚ ਪਹੁੰਚਿਆ ਕੋਹਿਨੂਰ ਹੀਰਾ ਹੀਰਾ 793 ਕੈਰੇਟ ਦਾ ਸੀ। ਔਰੰਗਜ਼ੇਬ ਤੋਂ ਬਾਅਦ ਹੀਰਾ ਉਸ ਦੇ ਪੋਤੇ ਮਹਿਮਦ ਕੋਲ ਪਹੁੰਚਿਆ, ਪਰ ਮਹਿਮਦ ਇਸ ਦੀ ਸੁਰੱਖਿਆ ਨਾ ਕਰ ਸਕਿਆ।ਇਸ ਤੋਂ ਬਾਅਦ ਭਾਰਤ ਵਿਚ ਕਮਜ਼ੋਰ ਹੋ ਚੁੱਕੇ ਮੁਗਲ ਸਾਮਰਾਜ ਨੂੰ ਢਹਿ ਢੇਰੀ ਕਰਨ ਤੇ ਭਾਰਤ ਨੂੰ ਜਿੱਤਣ ਲਈ ਸਾਲ 1739 ਵਿਚ ਫਾਰਸੀ ਲੜਾਕੇ ਨਾਦਰ ਸ਼ਾਹ ਨੇ ਭਾਰਤ ‘ਤੇ ਚੜ੍ਹਾਈ ਕਰ ਦਿੱਤੀ। ਔਰੰਗਜ਼ੇਬ ਦੇ ਵਾਰਸ ਸੁਲਤਾਨ ਮਹਿਮਦ ਨਾਦਰ ਸ਼ਾਹ ਦਾ ਮੁਕਾਬਲਾ ਨਾ ਕਰ ਸਕਿਆ ਅਤੇ ਰਾਜ ਭਾਗ ਦੇ ਨਾਲ-ਨਾਲ ਹੀਰਾ ਵੀ ਉਸ ਨੂੰ ਦੇ ਦਿੱਤਾ। ਪਰ ਸਮੇਂ ਨੂੰ ਇਹ ਵੀ ਮਨਜ਼ੂਰ ਨਹੀਂ ਸੀ। 1747 ਵਿਚ ਨਾਦਰ ਸ਼ਾਹ ਨੂੰ ਕਤਲ ਕਰ ਦਿੱਤਾ ਗਿਆ ਅਤੇ ਹੀਰਾ ਉਸ ਦੇ ਹੀ ਸੈਨਾਪਤੀ ਅਹਿਮਦ ਸ਼ਾਹ ਦੁਰਾਨੀ ਕੋਲ ਪਹੁੰਚ ਗਿਆ।ਅਹਿਮਦ ਸ਼ਾਹ ਦੁਰਾਨੀ ਦੇ ਕਤਲ ਤੋਂ ਬਾਅਦ ਅਫ਼ਗਾਨਿਸਤਾਨ ਵਿਚ ਦੁਰਾਨੀਆਂ ਦਾ ਰਾਜ ਕਮਜ਼ੋਰ ਪੈ ਗਿਆ।
ਅਹਿਮਦ ਸ਼ਾਹ ਦੁਰਾਨੀ ਦੇ ਵਾਰਸ ਨੇ ਅਫ਼ਗਾਨਿਸਤਾਨ ਦੀ ਗੱਦੀ ‘ਤੇ ਮੁੜ ਕਾਬਜ਼ ਹੋਣ ਲਈ ਕੋਹਿਨੂਰ ਨੂੰ ਭਾਰਤ ਲਿਆਇਆ ਤੇ ਸਿੱਖ ਰਾਜ ਦੇ ਸੰਸਥਾਪਕ ਮਹਾਰਾਜਾ ਰਣਜੀਤ ਕੋਲ ਲੈ ਕੇ ਪਹੁੰਚਿਆ। ਇਥੇ ਹੀਰਾ ਦੇਣ ਬਦਲੇ ਅਫ਼ਗਾਨਿਸਤਾਨ ਵਿਚ ਮੁੜ ਰਾਜ ਹਾਸਲ ਕਰਵਾਉਣ ‘ਚ ਮਦਦ ਲਈ ਸਮਝੌਤਾ ਕੀਤਾ ਗਿਆ।
ਰਣਜੀਤ ਸਿੰਘ ਕੋਲ ਇਹ ਹੀਰਾ ਸਾਲ 1813 ਵਿਚ ਆਇਆ। ਮਹਾਰਾਜਾ ਰਣਜੀਤ ਸਿੰਘ ਇਸ ਹੀਰੇ ਨੂੰ ਉੜੀਸਾ ਦੇ ਜਗਨਨਾਥ ਪੁਰੀ ਦੇ ਮੰਦਰਾਂ ਵਿਚ ਦੇਣਾ ਚਾਹੁੰਦੇ ਸਨ। ਪਰ 1839 ਵਿਚ ਉਨ੍ਹਾਂ ਦੀ ਮੌਤ ਹੋਣ ਦੇ ਨਾਲ ਉਨ੍ਹਾਂ ਦੀ ਇੱਛਾ ਵੀ ਅਧੂਰੀ ਰਹਿ ਗਈ। 29 ਮਾਰਚ 1849 ਵਿਚ ਦੂਜੇ ਐਂਗਲੋ- ਸਿੱਖ ਲੜਾਈ ‘ਚ ਸਿੱਖਾਂ ਦੀ ਹਾਰ ਹੋਈ ਅਤੇ ਰਣਜੀਤ ਸਿੰਘ ਦੀ ਜਾਇਦਾਦ ਸਮੇਤ ਕੋਹਿਨੂਰ ਹੀਰਾ ਰਣਜੀਤ ਸਿੰਘ ਦੇ ਵਾਰਿਸ ਮਹਾਰਾਜਾ ਦਲੀਪ ਸਿੰਘ ਕੋਲੋਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਲਾਹੌਰ ਵਿਚ ਆਪਣੇ ਕਬਜ਼ੇ ‘ਚ ਕਰ ਲਿਆ।
ਇਸ ਤੋਂ ਬਾਅਦ ਇਹ ਹੀਰਾ 1850 ਵਿਚ ਰਾਣੀ ਵਿਕਟੋਰੀਆ ਨੂੰ ਦੇ ਦਿੱਤਾ ਗਿਆ। ਇਸ ਹੀਰੇ ਨੂੰ ਇਕ ਸਾਲ ਬਾਅਦ ਬ੍ਰਿਟੇਨ ਦੇ ਕ੍ਰਿਸਟਲ ਪੈਲੇਸ ਵਿਚ ਰਖਵਾ ਦਿੱਤਾ ਗਿਆ। ਪਰ ਉਨ੍ਹਾਂ ਸਮਿਆਂ ਦੇ ਹੀਰਿਆਂ ਦੇ ਮੁਕਾਬਲੇ ਰੌਸ਼ਨੀ ਦਾ ਪਹਾੜ ਜ਼ਿਆਦਾ ਚਮਕਦਾਰ ਨਹੀਂ ਸੀ। ਇਸ ਲਈ 1852 ਵਿਚ ਰਾਣੀ ਨੇ ਇਸ ਹੀਰੇ ਨੂੰ ਨਵੀਂ ਦਿੱਖ ਦੇਣ ਦਾ ਫੈਸਲਾ ਕੀਤਾ। ਇਸ ਹੀਰੇ ਨੂੰ 42 ਫੀਸਦੀ ਘਟਾ ਕੇ 105æ6 ਕੈਰੇਟ ਦਾ ਬਣਾ ਦਿੱਤਾ ਗਿਆ ਤੇ ਕੋਹਿਨੂਰ ਰਾਣੀ ਵਿਕਟੋਰੀਆ ਦੇ ਤਾਜ ‘ਚ ਜੜ੍ਹ ਦਿੱਤਾ ਗਿਆ।