ਚੰਡੀਗੜ੍ਹ: ਮਾਤਾ ਚੰਦ ਕੌਰ ਦੇ ਕਤਲ ਦੀ ਤਾਣੀ ਉਲਝਦੀ ਜਾ ਰਹੀ ਹੈ। ਵਿਸ਼ੇਸ਼ ਜਾਂਚ ਟੀਮ ਦੀ ਹੁਣ ਤੱਕ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਚੰਦ ਕੌਰ ਦੇ ਕਾਤਲਾਂ ਨੂੰ ਸਾਰੀ ਜਾਣਕਾਰੀ ਕਿਸੇ ਨੇ ਭੈਣੀ ਸਾਹਿਬ ਅੰਦਰੋਂ ਹੀ ਦਿੱਤੀ ਸੀ।
ਇਸ ਕਤਲ ਤੋਂ ਤਕਰੀਬਨ ਮਹੀਨੇ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਹਨ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ (ਐਸ਼ਆਈæਟੀæ) ਵੱਲੋਂ ਤਫ਼ਤੀਸ਼ ਲਈ ਅਪਣਾਈਆਂ ਗਈਆਂ ਤਕਨੀਕਾਂ ਅਜੇ ਤਾਈਂ ਰੰਗ ਨਹੀਂ ਲਿਆਈਆਂ ਹਨ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੇਸ਼ੇਵਰ ਮੁਜਰਮਾਂ ਦੀ ਸ਼ਮੂਲੀਅਤ ਕਾਰਨ ਪੁਲਿਸ ਨੂੰ ਕਾਤਲਾਂ ਦੀ ਸੂਹ ਲਾਉਣੀ ਔਖੀ ਹੋਈ ਪਈ ਹੈ। ਸੂਤਰਾਂ ਮੁਤਾਬਕ ਪੁਲਿਸ ਵੱਲੋਂ ਹੁਣ ਤੱਕ 70 ਤੋਂ ਵੱਧ ਸ਼ੱਕੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛ ਪੜਤਾਲ ਕੀਤੀ ਜਾ ਚੁੱਕੀ ਹੈ।
ਮੋਬਾਈਲ ਫੋਨ ਤੇ ਸੀæਸੀæਟੀæਵੀæ ਫੁਟੇਜ ਦੀ ਵੀ ਪੁਣਛਾਣ ਕੀਤੀ ਗਈ ਹੈ, ਪਰ ਪੁਲਿਸ ਦੇ ਹੱਥ ਪੱਲੇ ਅਜੇ ਤੱਕ ਕੁਝ ਨਹੀਂ ਪਿਆ ਹੈ। ਮਾਤਾ ਚੰਦ ਕੌਰ ਦਾ ਕਤਲ ਚਾਰ ਅਪਰੈਲ ਨੂੰ ਹੋਇਆ ਸੀ। ਜਾਂਚ ਨਾਲ ਜੁੜੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਕਤਲ ਦੀ ਗੁੱਥੀ ਸੁਲਝਾਉਣ ਵਿਚ ਅਜੇ ਸਮਾਂ ਲੱਗੇਗਾ। ਸੰਪਰਦਾ ਵਿਚ ਧੜੇਬੰਦੀ ਕਾਰਨ ਇਸ ਕਤਲ ਨੂੰ ਲੈ ਕੇ ਦੂਸ਼ਣਬਾਜ਼ੀ ਵੀ ਭਾਰੂ ਹੈ। ਪੁਲਿਸ ਨੇ ਧੜੇਬੰਦੀ ਨੂੰ ਵੀ ਜਾਂਚ ਦਾ ਆਧਾਰ ਤਾਂ ਬਣਾਇਆ ਹੈ ਪਰ ਚੋਣ ਵਰ੍ਹਾ ਹੋਣ ਕਾਰਨ ਪੁਲਿਸ ਵੱਲੋਂ ਜਾਂਚ ਸੰਭਲ ਕੇ ਕੀਤੀ ਜਾ ਰਹੀ ਹੈ।
ਐਸ਼ਆਈæਟੀæ ਵੱਲੋਂ ਲੁਧਿਆਣਾ ਨੂੰ ਆਉਣ ਵਾਲੇ ਸਮੁੱਚੇ ਸ਼ਹਿਰਾਂ ਤੇ ਸੜਕਾਂ ਉਤੇ ਲੱਗੇ ਸੀæਸੀæਟੀæਵੀæ ਕੈਮਰਿਆਂ ਦੀਆਂ ਫੁਟੇਜ ਮੰਗਵਾਈਆਂ ਗਈਆਂ ਸਨ। ਲੁਧਿਆਣਾ ਦੇ ਆਸ ਪਾਸ ਟੋਲ ਬੈਰੀਅਰਾਂ ਦੇ ਕੈਮਰਿਆਂ ਦੀਆਂ ਫੁਟੇਜ ਵੀ ਘੋਖੀਆਂ ਗਈਆਂ ਪਰ ਕਾਤਲਾਂ ਦਾ ਕੋਈ ਸੁਰਾਗ ਨਹੀਂ ਲੱਗਾ। ਸੂਤਰਾਂ ਮੁਤਾਬਕ ਚਸ਼ਮਦੀਦਾਂ ਨੂੰ ਵੀਡੀਓ ਦਿਖਾਈਆਂ ਗਈਆਂ ਪਰ ਕਿਸੇ ਵੀ ਵਿਅਕਤੀ ਦੀ ਸ਼ਨਾਖ਼ਤ ਨਹੀਂ ਹੋ ਸਕੀ। ਪੁਲਿਸ ਵੱਲੋਂ ਪੰਜਾਬ ‘ਚ ਸੰਗੀਨ ਅਪਰਾਧਾਂ ਦੀਆਂ ਘਟਨਾਵਾਂ ਵਿਚ ਸ਼ਾਮਲ ਰਹੇ ਮਸ਼ਕੂਕਾਂ ਦੀਆਂ ਤਸਵੀਰਾਂ ਵੀ ਚਸ਼ਮਦੀਦਾਂ ਨੂੰ ਦਿਖਾਈਆਂ ਗਈਆਂ ਹਨ ਪਰ ਕਿਸੇ ਦੀ ਸ਼ਨਾਖ਼ਤ ਨਹੀਂ ਹੋਈ।
ਸੂਤਰਾਂ ਮੁਤਾਬਕ ਪੁਲਿਸ ਵੱਲੋਂ ਮੋਬਾਈਲ ਫੋਨ ਤਕਨੀਕ ਦਾ ਸਹਾਰਾ ਲੈਂਦਿਆਂ ਘਟਨਾ ਵਾਲੇ ਦਿਨ ਇਸ ਖੇਤਰ ਅੰਦਰ ਵਰਤੋਂ ਵਿਚ ਆਏ ਹਜ਼ਾਰਾਂ ਮੋਬਾਈਲ ਫੋਨਾਂ ਦੀਆਂ ਲੋਕੇਸ਼ਨਾਂ, ਫੋਨ ਕਾਲਾਂ ਦੀ ਪੜਤਾਲ ਵੀ ਕੀਤੀ ਗਈ ਹੈ ਪਰ ਕਿਸੇ ਵੀ ਮੋਬਾਈਲ ਫੋਨ ਦੀਆਂ ਤਾਰਾਂ ਕਤਲ ਨਾਲ ਸਬੰਧਤ ਸ਼ੱਕੀ ਵਿਅਕਤੀਆਂ ਨਾਲ ਨਹੀਂ ਜੁੜੀਆਂ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਕਾਤਲਾਂ ਨੂੰ ਪੁਲਿਸ ਤਫ਼ਤੀਸ਼ ਦੇ ਪਹਿਲੂਆਂ ਬਾਰੇ ਬਾਰੀਕੀ ਨਾਲ ਪਤਾ ਹੋਣ ਕਾਰਨ ਉਨ੍ਹਾਂ ਕਤਲ ਦਾ ਕੋਈ ਸੁਰਾਗ ਨਹੀਂ ਛੱਡਿਆ ਤੇ ਕਤਲ ਸਮੇਂ ਮੋਬਾਈਲ ਫੋਨ ਜਿਹਾ ਆਧੁਨਿਕ ਯੰਤਰ ਵੀ ਵਰਤੋਂ ਵਿਚ ਨਹੀਂ ਲਿਆਂਦਾ ਗਿਆ।
ਸਰਕਾਰ ਲਈ ਰਾਜਸੀ ਤੌਰ ਉਤੇ ਵੀ ਇਹ ਮਾਮਲਾ ਸਿਰਦਰਦੀ ਬਣਿਆ ਹੋਇਆ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਡੀæਜੀæਪੀæ ਸੁਰੇਸ਼ ਅਰੋੜਾ ਨੇ ਨਾਮਧਾਰੀ ਸੰਪਰਦਾ ਦੇ ਹੈੱਡਕੁਆਰਟਰ ਅਤੇ ਘਟਨਾ ਸਥਾਨ ਦਾ ਦੌਰਾ ਵੀ ਕੀਤਾ ਸੀ ਤੇ ਕਾਤਲਾਂ ਨੂੰ ਤੁਰਤ ਫੜਨ ਦਾ ਭਰੋਸਾ ਦਿਵਾਇਆ ਸੀ। ਸ੍ਰੀ ਬਾਦਲ ਤੇ ਡੀæਜੀæਪੀæ ਦੇ ਐਲਾਨ ਤੋਂ ਬਾਅਦ ਪੁਲਿਸ ਨੇ ਜਾਂਚ ਤਾਂ ਤੇਜ਼ ਕੀਤੀ ਪਰ ਪੱਲੇ ਨਿਰਾਸ਼ਾ ਹੀ ਪਈ।
___________________________________________
ਉਦੈ ਸਿੰਘ ਨੂੰ ਜ਼ੈੱਡ ਪਲੱਸ ਸੁਰੱਖਿਆ
ਸਮਰਾਲਾ: ਮਾਤਾ ਚੰਦ ਕੌਰ ਦੀ ਹੱਤਿਆ ਤੋਂ ਬਾਅਦ ਕਾਤਲਾਂ ਤੱਕ ਨਾ ਪਹੁੰਚਣ ਤੋਂ ਚਿੰਤਤ ਗ੍ਰਹਿ ਵਿਭਾਗ ਵੱਲੋਂ ਅਚਾਨਕ ਸਤਿਗੁਰੂ ਉਦੈ ਸਿੰਘ ਨੂੰ ਜ਼ੈੱਡ ਪਲੱਸ ਸੁਰੱਖਿਆ ਮੁਹੱਈਆ ਕਰਵਾ ਦੇਣ ਦੇ ਨਾਲ-ਨਾਲ ਡੇਰਾ ਭੈਣੀ ਸਾਹਿਬ ਦੇ ਚਹੁੰ ਪਾਸਾ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰ ਦੇਣ ਦੇ ਫੈਸਲਿਆਂ ਨੇ ਇਥੇ ਖੌਫ਼ਜ਼ਦਾ ਮਾਹੌਲ ਹੋਣ ਨੂੰ ਤਸਦੀਕ ਕਰ ਦਿੱਤਾ ਹੈ। ਇਸ ਕਾਰਵਾਈ ਤੋਂ ਬਾਅਦ ਇਸ ਰੂਹਾਨੀ ਕੇਂਦਰ ਨਾਲ ਜੁੜੀਆਂ ਸੰਗਤਾਂ ਵਿਚ ਹੋਰ ਵੀ ਸਹਿਮ ਪੈਦਾ ਹੋ ਗਿਆ ਹੈ। ਸਤਿਗੁਰੂ ਉਦੈ ਸਿੰਘ ਦੇ ਸੁਰੱਖਿਆ ਦਸਤੇ ਵਿਚ ਪਹਿਲਾਂ ਪੰਜਾਬ ਪੁਲਿਸ ਦੇ 17 ਕਾਂਸਟੇਬਲ ਤਾਇਨਾਤ ਸਨ
______________________
ਪੰਜ ਸਾਲਾਂ ‘ਚ ਵੀ ਨਹੀਂ ਮਿਲੇ ਅਵਤਾਰ ਸਿੰਘ ਦੇ ਕਾਤਲ
ਚੰਡੀਗੜ੍ਹ: ਮਰਹੂਮ ਸਤਿਗੁਰੂ ਜਗਜੀਤ ਸਿੰਘ ਦੇ ਬੇਹੱਦ ਨਜ਼ਦੀਕੀ ਅਵਤਾਰ ਸਿੰਘ ਤਾਰੀ ਦੇ ਪੰਜ ਸਾਲ ਪਹਿਲਾਂ ਕੀਤੇ ਗਏ ਕਤਲ ਬਾਰੇ ਪੁਲਿਸ ਅੱਜ ਤੱਕ ਕੋਈ ਥਹੁ-ਪਤਾ ਨਹੀਂ ਲੱਗ ਸਕੀ। 12 ਅਪਰੈਲ, 2011 ਵਾਲ਼ੇ ਦਿਨ ਅਵਤਾਰ ਸਿੰਘ ਤਾਰੀ (57) ਵਾਸੀ ਮੁਹਾਲੀ ਦਾ ਕਤਲ ਵੀ ਭੈਣੀ ਸਾਹਿਬ ਦੇ ਬਿਲਕੁੱਲ ਨਜ਼ਦੀਕ ਹੋਇਆ ਸੀ। ਕਾਤਲਾਂ ਵੱਲੋਂ ਅਵਤਾਰ ਸਿੰਘ ਨੂੰ ਬੜੀ ਬੇਰਹਿਮੀ ਨਾਲ ਗੋਲ਼ੀਆਂ ਨਾਲ ਛਲਨੀ ਕਰ ਦਿੱਤਾ ਗਿਆ ਸੀ, ਉਸ ਦੀ ਲਾਸ਼ ਪਾਸੋਂ 11 ਖਾਲੀ ਕਾਰਤੂਸ ਬਰਾਮਦ ਹੋਏ ਸਨ। ਇਹ ਗੋਲ਼ੀਆਂ ਹਮਲਾਵਰਾਂ ਵੱਲੋਂ ਏæਕੇæ47 ਰਾਈਫਲ ਨਾਲ ਚਲਾਈਆਂ ਗਈਆਂ ਸਨ।